ਆਧੁਨਿਕਤਾ ਨੇ ਤਬਾਹ ਕੀਤੀ ਪੰਜਾਬੀਆਂ ਦੀ ਖੁਰਾਕ

ਆਧੁਨਿਕਤਾ ਨੇ ਤਬਾਹ ਕੀਤੀ ਪੰਜਾਬੀਆਂ ਦੀ ਖੁਰਾਕ

ਪੱਛਮੀ ਰਹਿਣ-ਸਹਿਣ ਦਾ ਪੰਜਾਬੀਆਂ 'ਤੇ ਪ੍ਰਭਾਵ

ਪੰਜਾਬ ਵਿਚ 'ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ' ਵਾਂਗ ਅੱਧਰਿੜਕੇ, ਤਿਓੜਾਂ, ਯਖਣੀਆਂ ਤੇ ਸਰਦਾਈਆਂ ਵੀ ਨਹੀਂ ਰਹੀਆਂ। ਚਾਟੀਆਂ ਦੀ ਲੱਸੀ, ਮੱਖਣੀ, ਜੌਆਂ ਦੇ ਸੱਤੂ ਤੇ ਸ਼ਰਬਤਾਂ ਦੀ ਥਾਂ ਕੋਕ, ਪੈਪਸੀ, ਜੂਸ, ਸ਼ੇਕ, ਕਰੀਮਾਂ ਤੇ ਹੋਰ ਠੰਢਿਆਂ ਮਿੱਠਿਆਂ ਨੇ ਆ ਮੱਲੀ ਹੈ। ਸ਼ੱਕਰ-ਘਿਉ, ਬੂਰਾ ਖੰਡ, ਖੀਰਾਂ, ਖੋਏ ਪੰਜੀਰੀਆਂ ਤੇ ਗੁੜ ਦੇ ਕੜਾਹ ਨੂੰ ਸਵੀਟ ਡਿਸ਼ਾਂ, ਆਈਸ ਕਰੀਮਾਂ, ਮਫ਼ਨ ਤੇ ਪੀਜ਼ੇ-ਬਰਗਰ ਖੂੰਜੇ ਲਾਈ ਜਾ ਰਹੇ ਹਨ। ਵੜੀਆਂ ਤੇ ਹੱਥੀਂ ਵੱਟੀਆਂ ਸੇਵੀਆਂ ਨੂਡਲਾਂ ਵਿਚ ਬਦਲ ਗਈਆਂ ਹਨ। ਦੇਸੀ ਖੁਰਾਕਾਂ ਨੂੰ ਪਰ੍ਹੇ ਧੱਕਦਿਆਂ ਪਰਦੇਸੀ ਮੈਕਡੋਨਲਾਂ ਨੇ ਪੈਰ ਪਸਾਰਨੇ ਸ਼ੁਰੂ ਕਰ ਲਏ ਹਨ।

ਪੱਛਮੀ ਰਹਿਣ-ਸਹਿਣ ਦਾ ਪੰਜਾਬੀਆਂ 'ਤੇ ਏਨਾ ਪ੍ਰਭਾਵ ਹੈ ਕਿ ਉਹ ਦਿਨ ਦੂਰ ਨਹੀਂ ਜਾਪਦੇ ਜਦੋਂ ਪੱਛਮੀ ਮੁਲਕਾਂ ਦੇ ਪਹਿਰਾਵੇ ਵਾਂਗ ਪੱਛਮ ਦਾ ਖਾਣ-ਪੀਣ ਵੱਡੀ ਪੱਧਰ 'ਤੇ ਪੰਜਾਬੀਆਂ ਦੀ ਖਾਧ ਖੁਰਾਕ ਹੋਵੇਗਾ। ਘਰੇਲੂ ਖਾਣ ਵਾਲੇ ਪਦਾਰਥਾਂ ਦੀ ਥਾਂ ਜੰਕ ਫੂਡ ਦਾ ਬੋਲਬਾਲਾ ਹੋ ਜਾਵੇਗਾ। ਦੇਸੀ ਖੁਰਾਕਾਂ ਦੇ ਤਾਂ ਬਾਗ਼ਾਂ, ਫੁਲਕਾਰੀਆਂ, ਚਰਖਿਆਂ ਤੇ ਤ੍ਰਿੰਜਣਾਂ ਵਾਂਗ ਗੀਤ ਹੀ ਗਾਏ ਜਾਣਗੇ! ਮੱਖਣ ਬਰਾੜ ਦੇ ਲਿਖੇ-ਆਪਣਾ ਪੰਜਾਬ ਹੋਵੇ, ਮੂਲੀ ਨਾਲ ਗੰਢਾ ਹੋਵੇ ਤੇ ਕੂੰਡੇ ਵਿਚ ਰਗੜੇ ਮਸਾਲੇ ਦਾ ਸੁਆਦ ਹੋਵੇ, ਦਾ ਗੀਤ ਤਾਂ ਗੁਰਦਾਸ ਮਾਨ ਨੇ ਵੀ ਗਾ ਹੀ ਦਿੱਤੈ। ਵੇਖਦੇ ਰਹਿਓ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ... ਵਾਂਗ ਗੁਲਗੁਲਿਆਂ, ਮੱਠੀਆਂ ਤੇ ਮਾਹਲ ਪੂੜਿਆਂ ਦੀ ਯਾਦ ਵੀ ਲੋਕਾਂ ਨੂੰ ਸਤਾਵੇਗੀ ਤੇ ਉਨ੍ਹਾਂ ਦੇ ਵੀ ਗੀਤ ਹੀ ਗਾਏ ਜਾਣਗੇ!

ਅਸੀਂ ਆਪਣੀ ਸੁਰਤ ਦੀਆਂ ਗੱਲਾਂ ਹੀ ਕਰੀਏ ਤਾਂ ਨਵੀਂ ਪੀੜ੍ਹੀ ਨੂੰ ਹੈਰਾਨੀ ਹੋਵੇਗੀ ਕਿ ਸਾਥੋਂ ਵਡੇਰੇ ਕੀ ਖਾਂਦੇ-ਪੀਂਦੇ ਸਨ ਤੇ ਉਹ ਅੱਜਕਲ੍ਹ ਕੀ ਖਾ ਪੀ ਰਹੇ ਹਨ? ਸਾਡੇ ਬਚਪਨ ਦੇ ਸਮੇਂ ਚੱਕੀ ਹਰ ਘਰ 'ਚ ਹੁੰਦੀ ਸੀ ਜਿਸ ਵਿਚ ਸੁਆਣੀਆਂ ਆਟਾ ਪੀਂਹਦੀਆਂ ਸਨ। ਉਹ ਆਟਾ ਕੁਝ ਮੋਟਾ ਹੁੰਦਾ ਸੀ ਜੋ ਜਲਦ ਪਚਦਾ ਸੀ। ਸਮੇਂ ਨਾਲ ਖਰਾਸ ਚੱਲੇ ਜਿਨ੍ਹਾਂ ਨੂੰ ਚਲਾਉਣ ਲਈ ਬਲਦ ਤੇ ਬੋਤੇ ਜੋੜੇ ਜਾਂਦੇ। ਉਨ੍ਹਾਂ ਦੇ ਪੁੜ ਚੱਕੀ ਦੇ ਪੁੜ ਨਾਲੋਂ ਵੱਡੇ ਤੇ ਭਾਰੇ ਹੁੰਦੇ। ਜੁਆਨਾਂ ਦੀਆਂ ਛਾਤੀਆਂ ਦੀ ਖਰਾਸ ਦੇ ਪੁੜਾਂ ਨਾਲ ਤੁਲਨਾ ਕੀਤੀ ਜਾਂਦੀ ਜਿਵੇਂ ਕਬੱਡੀ ਦੇ ਕੁਮੈਂਟੇਟਰ ਅੱਜ ਵੀ ਕਰਦੇ ਹਨ। ਨਹਿਰਾਂ 'ਤੇ ਘਰਾਟ ਚਲਦੇ ਜਿਨ੍ਹਾਂ ਦਾ ਆਟਾ ਬਹੁਤ ਬਰੀਕ ਹੁੰਦਾ ਹੈ। ਘਰਾਟਾਂ ਦੇ ਪੀਠੇ ਮੱਕੀ ਦੇ ਆਟੇ ਦੀਆਂ ਰੋਟੀਆਂ ਵਧੇਰੇ ਸੁਆਦੀ ਲੱਗਦੀਆਂ।

ਕਿਸਾਨਾਂ ਦੇ ਘਰਾਂ 'ਵਿਚ ਲਵੇਰਾ ਆਮ ਹੁੰਦਾ ਸੀ। ਗੱਭਰੂ ਹੋ ਰਹੇ ਮੁੰਡੇ ਦੁੱਧ ਚੋਂਦਿਆਂ ਧਾਰਾਂ ਚੁੰਘ ਜਾਂਦੇ। ਥਣਾਂ 'ਚੋਂ ਨਿਕਲਦਾ ਕੋਸਾ ਦੁੱਧ ਲੱਗਦਾ ਵੀ ਬਹੁਤ ਸੁਆਦ ਸੀ। ਧਾਰਾਂ ਚੋ ਕੇ ਦੁੱਧ ਦੀ ਗੜਵੀ ਚਾਹ ਬਣਾਉਣ ਲਈ ਰੱਖ ਲਈ ਜਾਂਦੀ ਤੇ ਬਾਕੀ ਸਾਰਾ ਕਾੜ੍ਹਨੀ 'ਚ ਪਾ ਕੇ ਪਾਥੀਆਂ ਦੀ ਅੱਗ 'ਤੇ ਹਾਰੇ 'ਚ ਧਰ ਦਿੱਤਾ ਜਾਂਦਾ। ਉਤੇ ਚਾਪੜ ਮੂਧਾ ਮਾਰਿਆ ਜਾਂਦਾ ਤਾਂ ਕਿ ਕੁੱਤਾ ਬਿੱਲਾ ਨਾ ਮੂੰਹ ਮਾਰ ਸਕੇ। ਪਾਥੀਆਂ ਦੀ ਮੱਠੀ ਅੱਗ 'ਤੇ ਕੜ੍ਹਨੇ ਧਰੇ ਦੁੱਧ ਉਤੇ ਮਲਾਈ ਦੀ ਮੋਟੀ ਤਹਿ ਜੰਮ ਜਾਂਦੀ। ਉਸ ਮਲਾਈ ਨੂੰ ਕੁੱਤਾ ਬਿੱਲਾ ਤਾਂ ਨਹੀਂ ਸੀ ਮੂੰਹ ਮਾਰ ਸਕਦਾ ਪਰ ਕਦੇ-ਕਦੇ ਘਰ ਦਾ ਹੀ ਕੋਈ ਨਿਆਣਾ-ਸਿਆਣਾ ਓਹਲਾ ਕਰ ਕੇ ਦਾਅ ਲਾ ਜਾਂਦਾ। ਅਸੀਂ ਅਜਿਹੇ ਦਾਅ ਲਾਉਂਦੇ ਹੀ ਵੱਡੇ ਹੋਏ ਹਾਂ। ਮਲਾਈ ਦੇ ਹਲਕੀ ਗੁਲਾਬੀ ਭਾਅ ਮਾਰਦਾ ਕਾੜ੍ਹਨੀ ਦਾ ਦੁੱਧ ਹੁੰਦਾ ਜੀਹਦੇ ਛੰਨੇ ਭਰ-ਭਰ ਪੀਤੇ ਜਾਂਦੇ। ਉਸ ਦੁੱਧ ਵਿਚ ਫੈਟ ਨਹੀਂ ਸੀ ਹੁੰਦੀ।

ਰਾਤ ਨੂੰ ਚਟੂਰਿਆਂ ਵਿਚ ਜਾਗ ਲਾ ਕੇ ਦੁੱਧ ਜਮਾਇਆ ਜਾਂਦਾ ਤੇ ਸਵੇਰਸਾਰ ਮਧਾਣੀਆਂ ਨਾਲ ਰਿੜਕਿਆ ਜਾਂਦਾ। ਵਸਦੇ ਘਰਾਂ ਵਿਚ ਦੁੱਧ ਰਿੜਕਣ ਦੀਆਂ ਧੁਨਾਂ ਉੱਠਦੀਆਂ। ਸਵਾਣੀਆਂ ਦੀ ਸੋਹਣੀ ਵਰਜਿਸ਼ ਹੁੰਦੀ। ਸੱਜ ਵਿਆਹੀਆਂ ਦੇ ਚੂੜੇ ਛਣਕਦੇ। ਰਿੜਕਣੇ ਦੇ ਗਲਾਵੇਂ ਉਤੇ ਮੱਖਣ ਤਰ ਆਉਂਦਾ ਤੇ ਹੇਠਾਂ ਲੱਸੀ ਰਹਿ ਜਾਂਦੀ ਜੋ ਪਿਆਸ ਬੁਝਾਉਣ ਲਈ ਅੰਮ੍ਰਿਤ ਦਾ ਕੰਮ ਕਰਦੀ। ਵਾਰਿਸ ਸ਼ਾਹ ਨੇ ਹੀਰ ਦੇ ਕਿੱਸੇ ਵਿਚ ਪਿੰਡ ਦੀ ਸਵੇਰ ਦਾ ਨਜ਼ਾਰਾ ਇੰਜ ਪੇਸ਼ ਕੀਤਾ ਹੈ:

ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ,

ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ।

ਹੋਈ ਸੁਬਹਾ ਸਾਦਿਕ ਜਦੋਂ ਆਣ ਰੋਸ਼ਨ,

ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ।

ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ,

ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।

ਘਰਬਾਰਨਾਂ ਚੱਕੀਆਂ ਝੋਤੀਆਂ ਨੀ,

ਜਿਨ੍ਹਾਂ ਤਾਉਣਾਂ ਗੁੰਨ੍ਹ ਪਕਾਣੀਆਂ ਨੀ।

ਕਾਰੋਬਾਰ ਵਿਚ ਹੋਇਆ ਜਹਾਨ ਸਾਰਾ,

ਚਰਖੇ ਕੱਤਦੀਆਂ ਉੱਠ ਸਵਾਣੀਆਂ ਨੀ...।

ਇਹ ਨਜ਼ਾਰੇ ਅਸੀਂ ਆਪਣੀ ਅੱਖੀਂ ਵੇਖੇ ਹਨ। ਹਾਲੀ ਅੱਧਰਿੜਕੇ ਪੀ ਕੇ ਤੜਕੇ ਈ ਖੇਤਾਂ ਨੂੰ ਤੁਰ ਜਾਂਦੇ। ਚਟੂਰੇ 'ਚੋਂ ਉਤਲੇ ਦਹੀਂ ਦਾ ਅੱਧਾ ਕੁ ਛੰਨਾ ਭਰ ਕੇ ਤੇ ਉਸ ਵਿਚ ਧਾਰਾਂ ਮਾਰ ਕੇ ਤਿਓੜ ਬਣਾ ਲਈ ਜਾਂਦੀ। ਅਧਰਿੜਕੇ ਤੇ ਤਿਓੜਾਂ ਨਾਲ ਨਿਹਾਲ ਹੋਏ ਹਾਲੀ ਬੋਲੀਆਂ ਪਾਉਂਦੇ ਹਲ ਵਾਹੀ ਜਾਂਦੇ। ਉਹ ਹਲਾਂ ਮਗਰ ਮੀਲਾਂ ਬੱਧੀ ਤੁਰਦੇ ਰਹਿੰਦੇ। ਧੁੱਪਾਂ ਚੜ੍ਹਨ ਤੱਕ ਉਨ੍ਹਾਂ ਨੂੰ ਨਾ ਭੁੱਖ ਲੱਗਦੀ ਤੇ ਨਾ ਪਿਆਸ ਸਤਾਉਂਦੀ। ਬਹੁਲੀਆਂ, ਦੁੱਧ, ਦਹੀਂ, ਅਧਰਿੜਕੇ, ਤਿਓੜਾਂ, ਖੋਏ, ਖੀਰਾਂ, ਪੰਜੀਰੀਆਂ, ਘਿਓ, ਮੱਖਣ, ਲੱਸੀ ਤੇ ਯਖਣੀਆਂ ਪੰਜਾਬੀਆਂ ਦੀਆਂ ਮੁੱਖ ਖੁਰਾਕਾਂ ਰਹੀਆਂ ਹਨ।

ਇਨ੍ਹਾਂ ਦੇਸੀ ਖੁਰਾਕਾਂ ਨੂੰ ਮਿੱਟੀ ਦੇ ਪਕਾਏ ਮੁਸਾਮਦਾਰ ਭਾਂਡਿਆਂ ਕਾੜ੍ਹਨੀਆਂ, ਕੁੱਜਿਆਂ, ਚਾਟੀਆਂ, ਚਟੂਰਿਆਂ, ਬੱਲ੍ਹਣੀਆਂ, ਬੱਠਲੀਆਂ, ਡੂੰਨਿਆਂ, ਘੜਿਆਂ, ਮੱਟਾਂ, ਤੌੜੇ, ਤੌੜੀਆਂ ਤੇ ਹਾਂਡੀਆਂ ਵਿਚ ਸੰਭਾਲਿਆ ਜਾਂਦਾ ਰਿਹਾ ਹੈ। ਡਾਕਟਰੀ ਨੁਕਤੇ ਤੋਂ ਕਾੜ੍ਹਨੀ ਦਾ ਫੈਟਲੈੱਸ ਦੁੱਧ ਤੇ ਚਾਟੀ ਦੀ ਖੱਟੀ ਲੱਸੀ ਸਿਹਤ ਲਈ ਬਹੁਤ ਗੁਣਕਾਰੀ ਖੁਰਾਕਾਂ ਹਨ। ਅਜੋਕੀ ਪੀੜ੍ਹੀ ਅਜਿਹੀਆਂ ਖੁਰਾਕਾਂ ਤੋਂ ਕਿਨਾਰਾ ਕਰਦੀ ਜਾ ਰਹੀ ਹੈ। ਉਸ ਨੂੰ ਬੋਤਲਬੰਦ ਠੰਢੇ ਮਿੱਠੇ ਤੇ ਲਿਫਾਫ਼ੇਬੰਦ ਸਲੂਣੇ ਬਿਸਕੁਟ, ਚਾਕਲੇਟ, ਚਿਪਸ, ਕੁਰਕੁਰੇ ਤੇ ਡੱਬੇਬੰਦ ਸੀਰੀਅਲਜ਼ ਚੰਗੇ ਲੱਗਣ ਲੱਗ ਪਏ ਹਨ। ਅਜਿਹੀਆਂ ਖੁਰਾਕਾਂ ਉਨ੍ਹਾਂ ਨੂੰ ਮੋਟੇ ਤੇ ਦਲਿਦਰੀ ਬਣਾ ਰਹੀਆਂ ਹਨ। ਉਹ ਤਵੇ ਤੇ ਤੰਦੂਰ ਦੀ ਰੋਟੀ ਨਾਲੋਂ ਬਰੈੱਡ ਵਧੇਰੇ ਚਾਹ ਕੇ ਖਾਣ ਲੱਗੇ ਹਨ। ਉਹ ਹੱਥੀਂ ਬਣਾਏ ਖਾਧ ਪਦਾਰਥਾਂ ਦੀ ਥਾਂ ਮਸ਼ੀਨਾਂ ਨਾਲ ਤਿਆਰ ਕੀਤੇ ਖਾਣੇ ਪੀਣਿਆਂ ਨੂੰ ਪਹਿਲ ਦੇਣ ਲੱਗੇ ਹਨ।

ਸਾਡੇ ਬਚਪਨ 'ਵਿਚ ਅਨਾਜ ਸਾਬਤਾ ਜਾਂ ਦਰੜਿਆ ਖਾਣ ਦਾ ਕਾਫੀ ਰਿਵਾਜ ਸੀ। ਮੱਕੀ ਤੇ ਛੋਲਿਆਂ ਦੇ ਦਾਣੇ ਆਮ ਭੁਨਾਏ ਤੇ ਚੱਬੇ ਜਾਂਦੇ। ਇਕ-ਇਕ ਪਿੰਡ 'ਚ ਕਈ-ਕਈ ਭੱਠੀਆਂ ਤਪਦੀਆਂ। ਭੱਠੀਆਂ 'ਤੇ ਰੌਣਕਾਂ ਲੱਗਦੀਆਂ। ਭੁੰਨੇ ਜਾਂਦੇ ਦਾਣਿਆਂ ਦੀ ਖੁਸ਼ਬੋ ਖਿੱਲਰਦੀ। ਮੱਕੀ ਦੀਆਂ ਖਿੱਲਾਂ ਤੇ ਮੁਰਮੁਰਿਆਂ ਦਾ ਆਪਣਾ ਆਨੰਦ ਹੁੰਦਾ। ਦੋਧੇ ਦਾਣਿਆਂ 'ਚੋਂ ਕੱਚੇ ਦੁੱਧ ਦਾ ਸੁਆਦ ਆਉਂਦਾ। ਕਣਕ ਭੁਨਾ ਕੇ ਮਰੂੰਡੇ ਬਣਾਏ ਜਾਂਦੇ। ਦਲੀਏ, ਖਿਚੜੀਆਂ ਤੇ ਨਮਕੀਨ ਬੱਕਲੀਆਂ ਖਾਧੀਆਂ ਜਾਂਦੀਆਂ। ਸਵੇਰ ਵੇਲੇ ਮੱਕੀ ਦੀਆਂ ਰੋਟੀਆਂ ਦਹੀਂ 'ਚ ਚੂਰ ਕੇ ਨਾਸ਼ਤਾ ਕੀਤਾ ਜਾਂਦਾ। ਘਿਓ ਗੱਚ ਦੋੜਾਂ ਪੱਕਦੀਆਂ। ਸਕੂਲੀ ਵਿਦਿਆਰਥੀਆਂ ਦੇ ਝੋਲਿਆਂ 'ਵਿਚ ਆਮ ਕਰ ਕੇ ਚੂਰੀ ਜਾਂ ਅਚਾਰ ਨਾਲ ਪਰੌਂਠਿਆਂ ਦਾ ਲੰਚ ਹੁੰਦਾ। ਸਕੂਲੋਂ ਮੁੜਦਿਆਂ ਅਸੀਂ ਰਾਹ ਛੱਡ ਕੇ ਖੇਤਾਂ ਵੱਲ ਨਿਕਲ ਤੁਰਦੇ ਤੇ ਕਮਾਦਾਂ ਦੇ ਗੰਨੇ ਚੂਪਦੇ। ਮੱਕੀ ਦੀਆਂ ਛੱਲੀਆਂ ਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਚੱਬਦੇ। ਕਣਕਾਂ ਦੀਆਂ ਬੱਲੀਆਂ ਭੁੰਨੀਆਂ ਜਾਂਦੀਆਂ। ਮਲ੍ਹਿਆਂ ਤੇ ਬੇਰੀਆਂ ਦੇ ਬੇਰ, ਤੂਤੀਆਂ, ਲਸੂੜੀਆਂ, ਪੱਕੀਆਂ ਨਮੋਲੀਆਂ, ਪੀਲੂ ਗੱਲ ਕੀ ਜਿਹੜੇ ਵੀ ਰੁੱਖ ਦਾ ਫਲ ਮਿਲਦਾ, ਕੱਚਾ-ਪੱਕਾ ਖਾ ਕੇ ਖਟਮਿੱਠਾ ਸੁਆਦ ਮਾਣਿਆ ਜਾਂਦਾ।

ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਪੰਜਾਬ ਦੇ ਖੇਤਾਂ ਵਿਚ ਨਾ ਮਸਨੂਈ ਖਾਦਾਂ ਆਈਆਂ ਸਨ ਤੇ ਨਾ ਕੀੜੇਮਾਰ ਜਾਂ ਨਦੀਨਨਾਸ਼ਕ ਦਵਾਈਆਂ ਚੱਲੀਆਂ ਸਨ। ਅਨਾਜ, ਦਾਲਾਂ, ਸਬਜ਼ੀਆਂ ਤੇ ਫਲ-ਫੁੱਲ ਸਭ ਕੁਝ ਆਰਗੈਨਿਕ ਸੀ। ਮੱਝਾਂ ਨੂੰ ਦੁੱਧ ਦੇ ਟੀਕੇ ਨਹੀਂ ਸਨ ਲੱਗਣ ਲੱਗੇ ਤੇ ਨਾ ਹੀ ਦੁੱਧ 'ਚ ਕਿਸੇ ਕਿਸਮ ਦੀ ਮਿਲਾਵਟ ਹੁੰਦੀ ਸੀ। ਉਦੋਂ ਕਿਸਾਨ ਦੁੱਧ ਵੀ ਨਹੀਂ ਸੀ ਵੇਚਦੇ ਕਿਉਂਕਿ ਦੁੱਧ ਵੇਚਣਾ ਉਹ ਪੁੱਤ ਵੇਚਣ ਦੇ ਬਰਾਬਰ ਸਮਝਦੇ ਸਨ। ਪਿੰਡਾਂ ਵਿਚ ਸ਼ਰਾਬ ਪੀਣ ਵਾਲੇ ਬੰਦੇ ਉਂਗਲਾਂ 'ਤੇ ਗਿਣਨ ਜੋਗੇ ਹੀ ਹੁੰਦੇ ਸਨ ਜਿਨ੍ਹਾਂ ਨੂੰ 'ਐਬੀ-ਕਬਾਬੀ' ਕਿਹਾ ਜਾਂਦਾ ਸੀ। ਸਾਊ ਬੰਦੇ ਉਨ੍ਹਾਂ ਤੋਂ ਪਰ੍ਹੇ ਹੀ ਰਹਿੰਦੇ। ਹੁਣ ਸੋਫੀ ਬੰਦੇ ਉਂਗਲਾਂ 'ਤੇ ਗਿਣਨ ਜੋਗੇ ਰਹਿ ਗਏ ਹਨ ਜਿਨ੍ਹਾਂ ਨੂੰ ਐਬੀ ਕਬਾਬੀ ਟਿੱਚਰਾਂ ਕਰਨੋ ਨਹੀਂ ਹਟਦੇ। ਹੁਣ ਤਾਂ ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਈ ਆਇਆ ਪਿਐ। ਨਵੀਂ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਧਸਦੀ ਜਾ ਰਹੀ ਹੈ।

ਤਾਜ਼ੀਆਂ ਸ਼ੁੱਧ ਦੇਸੀ ਖੁਰਾਕਾਂ ਦੀ ਥਾਂ ਡੱਬੇਬੰਦ ਖਾਣੇ ਤੇ ਪੀਣੇ ਨਵੀਂ ਪੀੜ੍ਹੀ ਦੇ ਮਨਭਾਉਂਦੇ ਖਾਣ ਵਾਲੇ ਪਥਾਰਥ ਬਣ ਰਹੇ ਹਨ। ਪੰਜਾਬੀਆਂ ਦੀ ਈਲੀਟ ਜਮਾਤ ਯਾਨੀ ਸਰਦੇ ਪੁੱਜਦੇ ਲੋਕ ਕੁਝ ਵਧੇਰੇ ਹੀ ਪੈਕਡ ਫੂਡ ਦੇ ਦੀਵਾਨੇ ਹਨ। ਹਾਲਾਂਕਿ ਡਾਕਟਰ ਦੱਸਦੇ ਹਨ ਕਿ ਰਸਾਇਣਕ ਤੱਤਾਂ ਨਾਲ ਸੁਰੱਖਿਅਤ ਕੀਤੀ ਖਾਣ ਵਾਲੀ ਸਮੱਗਰੀ 'ਚੋਂ ਖੁਰਾਕ ਦੇ ਸਿਹਤ ਲਈ ਚੰਗੇਰੇ ਤੱਤ ਨਸ਼ਟ ਹੋ ਚੁੱਕੇ ਹੁੰਦੇ ਹਨ। ਪਰ ਬਹੁਤ ਸਾਰੇ ਲੋਕ ਇਸ ਨੂੰ ਮਾਡਰਨ ਕਹਾਉਣ ਦੀ ਖ਼ਾਤਰ ਹੀ ਵਰਤੀ ਜਾ ਰਹੇ ਹਨ। ਪੇਂਡੂਆਂ ਦੇ ਮੁਕਾਬਲੇ ਫੈਸ਼ਨਾਂ ਦੇ ਪੱਟੇ ਸ਼ਹਿਰੀ ਲੋਕ ਇਸ ਦੀ ਲਪੇਟ ਵਿਚ ਵਧੇਰੇ ਆਏ ਹਨ। ਅਸਲ ਵਿਚ ਡੱਬੇਬੰਦ ਖਾਣੇ ਤੇ ਬੋਤਲਬੰਦ ਪੀਣੇ ਬਹੁਤ ਵੱਡਾ ਬਿਜ਼ਨੈੱਸ ਬਣ ਚੁੱਕੇ ਹਨ। ਇਨ੍ਹਾਂ ਦੀ ਵੱਡੀ ਪੱਧਰ 'ਤੇ ਇਸ਼ਤਿਹਾਰਬਾਜ਼ੀ ਹੁੰਦੀ ਹੈ। ਟੀ.ਵੀ. ਦੀ ਸਕਰੀਨ ਉਤੇ ਜੋ ਕੁਝ ਵਿਖਾਇਆ ਜਾਂਦਾ ਹੈ, ਉਹੀ ਘਰਾਂ ਵਿਚ ਆ ਵੜਦਾ ਹੈ। ਖਾਣ ਵਾਲੇ ਪਦਾਰਥਾਂ ਵਿਚ ਮੁਨਾਫ਼ਾ ਵੀ ਬਹੁਤ ਹੈ। ਪੰਦਰਾਂ-ਵੀਹਾਂ ਰੁਪਿਆਂ ਦੇ ਆਲੂਆਂ ਦੇ ਨਮਕੀਨ ਚਿਪਸ ਬਣਾ ਕੇ ਹਜ਼ਾਰ ਰੁਪਿਆ ਵੱਟ ਲਿਆ ਜਾਂਦਾ ਹੈ। 100 ਰੁਪਏ ਦੀ ਮੱਕੀ ਨਾਲ ਦੋ-ਤਿੰਨ ਹਜ਼ਾਰ ਦੇ ਕੁਰਕੁਰੇ ਬਣ ਜਾਂਦੇ ਹਨ। ਕੌਣ ਪੁੱਛਦੈ ਕਿ ਇਹਦੇ 'ਵਿਚ ਆਲੂਆਂ ਤੇ ਮੱਕੀ ਦੇ ਦਾਣਿਆਂ ਦਾ ਖੁਰਾਕੀ ਤੱਤ ਬਚਿਆ ਵੀ ਹੈ ਜਾਂ ਨਹੀਂ?     

 

ਪ੍ਰਿੰਸੀਪਲ ਸਰਵਣ ਸਿੰਘ