ਦੁਨੀਆ ਦੇ ਸਭ ਤੋਂ ਵਡੇ ਨਿਆਂ ਪ੍ਰਬੰਧ ਦੀ ਉੱਘੀ ਮਿਸਾਲ ਸੀ ਸਰਕਾਰ-ਏ-ਖ਼ਾਲਸਾ

ਦੁਨੀਆ ਦੇ ਸਭ ਤੋਂ ਵਡੇ ਨਿਆਂ ਪ੍ਰਬੰਧ ਦੀ ਉੱਘੀ ਮਿਸਾਲ ਸੀ ਸਰਕਾਰ-ਏ-ਖ਼ਾਲਸਾ

ਇਤਿਹਾਸ

ਜੇਕਰ ਸਰਕਾਰ-ਏ-ਖ਼ਾਲਸਾ ਦੇ ਬਾਨੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਜਾਵੇ, ਤਾਂ ਉਸ ਬਾਰੇ ਬੀ.ਬੀ.ਸੀ. ਵਰਲਡ ਹਿਸਟਰੀਜ਼ ਮੈਗਜ਼ੀਨ ਦੇ ਸੰਪਾਦਕ ਮੈਟ ਐਲਟਨ ਲਿਖਦੇ ਹਨ ਕਿ 'ਸਾਡੇ ਪੋਲ ਵਿਚ ਰਣਜੀਤ ਸਿੰਘ ਦੀ ਸ਼ਾਨਦਾਰ ਸਫਲਤਾ ਇਹ ਦਰਸਾਉਂਦੀ ਹੈ ਕਿ ਉਸ ਦੀ ਲੀਡਰਸ਼ਿਪ ਦੇ ਗੁਣ 21ਵੀਂ ਸਦੀ ਵਿਚ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।

ਇਸ ਪੋਲ ਵਿਚ ਦੁਨੀਆ ਭਰ ਦੇ ਪੰਜ ਹਜ਼ਾਰ ਵਿਦਵਾਨਾਂ ਨੇ ਹਿੱਸਾ ਲਿਆ, ਜਿਸ ਵਿਚ ਮੈਥਿਊਲਾਕਵੁੱਡ, ਮਾਰਗਰੇਟ ਮੈਕਮਿਲਨ ਅਤੇ ਗੁਸਕੈਸਲੀ-ਹੇਫੋਰਡ ਵਰਗੇ ਉੱਘੇ ਇਤਿਹਾਸਕਾਰ ਸ਼ਾਮਿਲ ਸਨ। ਰਣਜੀਤ ਸਿੰਘ ਨੂੰ 38 ਫੀਸਦੀ ਵੋਟਾਂ ਮਿਲੀਆਂ, ਜਦੋਂ ਕਿ ਦੂਜੇ ਨੰਬਰ 'ਤੇ ਰਹਿਣ ਵਾਲੇ ਨੂੰ ਸਿਰਫ਼ 25 ਫ਼ੀਸਦੀ ਵੋਟਾਂ ਮਿਲੀਆਂ। ਸਿਖਰਲੇ 20 ਵਿਚ, ਜੋਨ ਆਫ਼ ਆਰਕ, ਮੁਗ਼ਲ ਸਮਰਾਟ ਅਕਬਰ, ਰੂਸੀ ਮਹਾਰਾਣੀ ਕੈਥਰੀਨ ਦ ਗ੍ਰੇਟ ਅਤੇ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ ਸ਼ਾਮਿਲ ਸਨ।

ਬੀ.ਬੀ.ਸੀ. ਬ੍ਰਿਟਿਸ਼ ਦੀ ਰਿਪੋਰਟ ਮੁਤਾਬਕ ਉਹੋ ਜਿਹਾ ਰਾਜ ਪ੍ਰਬੰਧ ਧਰਤੀ ਦੇ ਕਿਸੇ ਵੀ ਖਿੱਤੇ 'ਚ ਕਿਸੇ ਵੀ ਰਾਜੇ ਨੇ ਨਹੀਂ ਕੀਤਾ। ਆਦਮੀ ਭਾਵੇਂ ਕਿਸੇ ਵੀ ਧਰਮ ਦਾ ਸੀ, ਉਸ ਨੂੰ ਸ਼ੇਰ-ਏ-ਪੰਜਾਬ ਦੇ ਨਾਲ ਕੋਈ ਨਰਾਜ਼ਗੀ ਨਹੀਂ ਸੀ।

ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ 'ਤੇ ਆਧਾਰਿਤ ਸੀ। ਉਨ੍ਹਾਂ ਨੇ ਆਪਣੇ ਰਾਜ ਪ੍ਰਬੰਧ ਵਿਚ ਧਰਮ ਨੂੰ ਰੋੜਾ ਨਹੀਂ ਬਣਨ ਦਿੱਤਾ। ਸਿੱਖ ਰਾਜ ਦਾ ਸਭ ਤੋਂ ਮੁੱਖ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਸੀ। ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਰਾਜਾ ਹੋਣ ਦੇ ਬਾਵਜੂਦ ਸਭ ਤੋਂ ਨਿਮਰ ਸੁਭਾਅ ਦੇ ਮਾਲਕ ਵੀ ਸਨ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖ ਭਾਵੇਂ ਬਹੁ-ਗਿਣਤੀ ਵਿਚ ਸਨ, ਪਰ ਫਿਰ ਵੀ ਉੱਥੇ ਦੂਜੇ ਧਰਮਾਂ ਨਾਲ ਕੋਈ ਜ਼ਬਰਦਸਤੀ, ਕੋਈ ਜਬਰੀ ਧਰਮ ਪਰਿਵਰਤਨ ਨਹੀਂ ਕੀਤਾ ਗਿਆ। ਸ਼ੇਰ-ਏ-ਪੰਜਾਬ ਦੀ ਪਛਾਣ ਦੂਜੇ ਧਰਮਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਨੂੰ ਬਰਾਬਰ ਦਾ ਸਤਿਕਾਰ ਦੇਣ ਵਾਲੇ ਰਾਜੇ ਦੇ ਰੂਪ 'ਚ ਕੀਤੀ ਜਾਂਦੀ ਹੈ।

ਵਾਰਾਣਸੀ ਦੇ ਵਿਚ ਇਕ ਮਸ਼ਹੂਰ ਵਿਸ਼ਵਨਾਥ ਕਾਸ਼ੀ ਮੰਦਰ ਵਿਚ ਰਣਜੀਤ ਸਿੰਘ ਨੇ ਲਗਭਗ ਇਕ ਟਨ ਸੋਨਾ ਦਾਨ ਕੀਤਾ ਸੀ, ਜੋ ਕਿ ਵੀ.ਟੀ. ਦੇ ਦੋ ਗੁੰਬਦਾਂ ਨੂੰ ਢਕਣ ਲਈ ਵਰਤਿਆ ਗਿਆ ਸੀ।

ਰਣਜੀਤ ਸਿੰਘ ਨੇ ਹੋਰ ਮੰਦਰਾਂ ਨੂੰ ਵੀ ਜਾਗੀਰਾਂ ਦਿੱਤੀਆਂ। ਜਵਾਲਾਦੇਵੀ ਮੰਦਰ ਦਾ ਛਤਰ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਨੇ ਚੜ੍ਹਾਇਆ ਸੀ। ਪਿਤਾ ਤੋਂ ਬਾਅਦ ਰਣਜੀਤ ਸਿੰਘ ਨੇ ਵੀ ਮੰਦਰ ਨੂੰ ਹੋਰ ਗਰਾਂਟਾਂ ਦਿੱਤੀਆਂ ਸਨ।

ਇਸ ਤੋਂ ਇਲਾਵਾ ਮੁਸਲਮਾਨਾਂ ਦੀਆਂ ਖ਼ਾਨਗਾਹਾਂ, ਪੀਰਾਂ ਦੀਆਂ ਦਰਗਾਹਾਂ ਅਤੇ ਸੂਫ਼ੀ ਸ਼ੇਖਾਂ ਨੂੰ ਗਰਾਂਟਾਂ ਵੀ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਜਿਸ ਵੀ ਖੇਤਰ 'ਵਿਚ ਜਾਂਦੇ ਤਾਂ ਉਸ ਇਲਾਕੇ ਦੇ ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਦੇ ਨਾਲ-ਨਾਲ ਦਾਨ ਵੀ ਕਰਦੇ ਸਨ ।

ਅਜਿਹੇ ਦਾਨ ਦੀਆਂ ਕਈ ਉਦਾਹਰਨਾਂ ਹਨ, ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਰਾਜ ਦੇ ਖ਼ਰਚੇ 'ਤੇ ਬਹੁਤ ਸਾਰੇ ਮੰਦਰ ਅਤੇ ਮਸਜਿਦਾਂ ਬਣਵਾਈਆਂ ਗਈਆਂ। ਲਾਹੌਰ 'ਚ ਮਾਈ ਮੋਰਾ ਦੀ ਮਸਜਿਦ ਇਸ ਦੀ ਇਕ ਮਿਸਾਲ ਹੈ।

ਸ਼ੇਰ-ਏ-ਪੰਜਾਬ ਨੂੰ ਜਿੱਥੇ ਕਿਤੇ ਵੀ ਪ੍ਰਤਿਭਾਵਾਨ ਵਿਅਕਤੀ ਲੱਭਦਾ ਸੀ,ਉਸ ਨੂੰ ਆਪਣੀ ਖ਼ਾਲਸਾ ਫ਼ੌਜ 'ਚ ਭਰਤੀ ਕਰ ਲਿਆ ਜਾਂਦਾ । ਉਹ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਇਹ ਕੋਈ ਮਾਇਨੇ ਨਹੀਂ ਸੀ ਰੱਖਦਾ। ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਭਰੋਸੇਮੰਦ ਵਜ਼ੀਰ ਫ਼ਕੀਰ ਅਜ਼ੀਜ਼-ਉਦ-ਦੀਨ ਇਕ ਮੁਸਲਮਾਨ ਸੀ।

ਸਿੱਖ ਰਾਜ ਵਿਚ ਸਾਰੀ ਖ਼ਾਲਸਾ ਫੌਜ ਨੂੰ ਫਰਾਂਸੀਸੀ ਅਤੇ ਇਤਾਲਵੀ ਜਰਨੈਲਾਂ ਦੁਆਰਾ ਸਿਖਲਾਈ ਦਿੱਤੀ ਗਈ ਸੀ। ਵੱਖ-ਵੱਖ ਧਰਮਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਕਲਾਕਾਰ, ਆਰਕੀਟੈਕਟ ਵਿਦਵਾਨ ਸਨ। ਲਾਹੌਰ ਦਰਬਾਰ ਵਿਚ ਹਿੰਦੂ, ਮੁਸਲਮਾਨ, ਸਈਦ ਤੇ ਪਠਾਣ ਵਿਦੇਸ਼ੀ ਅਫ਼ਸਰ ਵੀ ਸਨ। ਸਿੱਖ ਰਾਜ 'ਚ ਵੱਖ-ਵੱਖ ਸਮੇਂ 'ਤੇ ਤਕਰੀਬਨ 60 ਯੂਰਪੀਅਨ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

ਲੇਖਕ ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ਮਹਾਰਾਜਾ 'ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼' ਵਿਚ ਲਿਖਦੇ ਹਨ ਕਿ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, 'ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇਕ ਹੀ ਅੱਖ ਦਿੱਤੀ ਹੈ।'

ਫ਼ਕੀਰ ਅਜ਼ੀਜ਼-ਉਦ-ਦੀਨ ਅਤੇ ਹੋਰ ਦੂਜੇ ਧਰਮਾਂ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਉੱਚੇ ਅਹੁਦਿਆਂ 'ਤੇ ਸਨ, ਜਿਨ੍ਹਾਂ ਨੂੰ ਲਾਹੌਰ ਦਰਬਾਰ ਵਿਚ ਥਾਂ ਮਿਲੀ ਸੀ। ਦੁੱਗਲ ਅੱਗੇ ਲਿਖਦੇ ਹਨ ਕਿ

'ਮਹਾਰਾਜਾ ਰਣਜੀਤ ਸਿੰਘ ਖ਼ੁਦ ਇਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦੀ ਸ਼ਰਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੀ। ਜੰਗ ਦੇ ਮੈਦਾਨ ਵਿਚ ਵੀ ਹਾਥੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਾਲ ਲਿਜਾਇਆ ਜਾਂਦਾ ਸੀ।

ਭਾਵੇਂ ਮਹਾਰਾਜਾ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਿਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਝੁਕਾਅ ਇਕ ਧਰਮ ਵਾਸਤੇ ਨਹੀਂ ਦੇਖਿਆ ਗਿਆ, ਉਹ ਆਦਰਸ਼ਵਾਦੀ ਸਨ ਅਤੇ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ।

ਇਕ ਵਾਰ ਮੌਲਵੀ ਨੇ ਆਪਣੀ ਧੀ ਦੇ ਵਿਆਹ ਲਈ ਪੈਸੇ ਨਾ ਹੋਣ ਕਰਕੇ ਹੱਥ ਲਿਖਤ ਕੁਰਾਨ ਜਦੋਂ ਲਾਹੌਰ ਦੀਆਂ ਗਲੀਆਂ 'ਚ ਵੇਚਣ ਦਾ ਹੋਕਾ ਦਿੱਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅਦਬ ਸਤਿਕਾਰ ਨਾਲ ਕੁਰਾਨ ਉਸ ਮੌਲਵੀ ਕੋਲੋਂ ਲੈ ਲਿਆ ਅਤੇ ਖ਼ਜ਼ਾਨੇ 'ਚੋਂ ਮੂੰਹ ਮੰਗੀ ਮਾਇਆ ਦੇਣ ਲਈ ਆਪਣੇ ਵਜ਼ੀਰ ਨੂੰ ਕਿਹਾ ਸੀ।

ਦੁੱਗਲ ਆਪਣੀ ਕਿਤਾਬ 'ਦ ਲਾਸਟ ਟੂ ਲੇਅ ਆਰਮਜ਼' ਵਿਚ ਲਿਖਦੇ ਹਨ ਕਿ ਫ਼ਕੀਰ ਇਮਾਮ-ਉਦ-ਦੀਨ ਨੂੰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜ਼ਿੰਮਵਾਰੀ ਦਿੱਤੀ ਹੋਈ ਸੀ। ਇਸ ਦੇ ਨਾਲ ਇਮਾਮ-ਉਦ-ਦੀਨ ਅੰਮ੍ਰਿਤਸਰ ਵਿਚ ਮੈਗਜ਼ੀਨਜ਼, ਹਥਿਆਰ ਅਤੇ ਸ਼ਾਹੀ ਅਸਤਬਲ ਦਾ ਵੀ ਇੰਚਾਰਜ ਸੀ। ਕਈ ਜੰਗੀ ਮੁਹਿੰਮਾਂ 'ਤੇ ਵੀ ਇਮਾਮ-ਉਦ-ਦੀਨ ਨੂੰ ਭੇਜਿਆ ਗਿਆ ਸੀ। ਅੰਮ੍ਰਿਤਸਰ ਵਰਗੇ ਸਿੱਖ ਧਰਮ ਨਾਲ ਜੁੜੇ ਸ਼ਹਿਰ ਦੇ ਅਹਿਮ ਕਿਲ੍ਹੇ ਦੀ ਜ਼ਿੰਮੇਵਾਰੀ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਧਰਮ ਜਾਂ ਅਕੀਦੇ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਕਰਦੇ ਹਨ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਵਿਚ ਸ਼ਰੀਅਤ ਅਤੇ ਸ਼ਾਸਤਰ ਦੋਵਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਸੀ। ਜੇ ਕੋਈ ਮੁਸਲਮਾਨ ਹੁੰਦਾ ਸੀ ਤਾਂ ਉਸ ਨੂੰ ਇਨਸਾਫ਼ ਦੇਣ ਲਈ ਸ਼ਰੀਅਤ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਹਿੰਦੂਆਂ ਲਈ ਧਰਮ ਸ਼ਾਸਤਰ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਮਹਾਰਾਜਾ ਰਣਜੀਤ ਸਿੰਘ ਆਮ ਤੌਰ 'ਤੇ ਰੁਜ਼ਗਾਰ ਕਰਦੇ ਜਾਂ ਨੌਕਰੀ ਕਰਦੇ ਵਸਨੀਕਾਂ ਨੂੰ ਸਿੱਖ ਧਰਮ ਵਿਚ ਬਦਲਣ ਲਈ ਮਜਬੂਰ ਨਹੀਂ ਕਰਦੇ ਸਨ। ਸਾਰੇ ਧਰਮਾਂ ਦੇ ਧਰਮੀ ਪੁਰਸ਼ਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਸੀ। ਹਿੰਦੂ ਸਾਧੂ, ਯੋਗੀ, ਸੰਤ ਅਤੇ ਵੈਰਾਗੀ, ਮੁਸਲਮਾਨ ਫ਼ਕੀਰ ਅਤੇ ਪੀਰ, ਪੁਜਾਰੀ ਸਾਰੇ ਸਿੱਖ ਰਾਜ ਵਿਚ ਪ੍ਰਸੰਨਤਾ ਭਰਪੂਰ ਜੀਵਨ ਬਤੀਤ ਕਰਦੇ ਰਹੇ ਹਨ। ਇਸੇ ਕਰਕੇ ਸਰਕਾਰ-ਏ -ਖ਼ਾਲਸਾ ਦੇ ਬਾਨੀ ਨੂੰ ਦੁਨੀਆ ਦੇ ਮਹਾਨ ਰਾਜਿਆਂ 'ਵਿਚੋਂ ਇਕ ਚੁਣਿਆ ਗਿਆ ਹੈ। ਜਦੋਂ ਤੱਕ ਇਸ ਧਰਤੀ 'ਤੇ ਦੁਨੀਆ ਵਸਦੀ ਰਹੇਗੀ, ਉਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਸੂਰਜ ਵਾਂਗੂ ਚਮਕਦਾ ਰਹੇਗਾ।

 

ਅਵਤਾਰ ਸਿੰਘ ਅਨੰਦ