ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਸਾਂਝ

ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਸਾਂਝ

ਇਤਿਹਾਸ
ਪੁਸਤਕ 'ਗੁਰੂ ਦਾ ਬੰਦਾ' ਵਿਚੋਂ
ਹੁਕਮਨਾਮਾ ਪਾਤਸ਼ਾਹੀ 10
ਕਤਕ 1, ਸੰਮਤ 1764 ਬਿ.
2 ਅਕਤੂਬਰ 1707 ਈਸਵੀ

ਸਿਰੀ ਗੁਰੂ ਜੀ ਕੀ ਆਗਿਆ ਹੈ ਸਰਬਤਿ ਸੰਗਤਿ ਖਾਰਾ ਦੀ ਗੁਰੂ ਰਖੈਗਾ ਸਭ ਮੇਰਾ ਖਾਲਸਾ ਹੈ ਗੁਰੂ ਗੁਰੂ ਜਪਣਾ ਜਨਮ ਸਉਰੈਗਾ ਸਰਬ ਸੁਖ ਨਾਲ ਪਾਤਸਾਹ ਪਾਸ ਆਏ ਸਿਰੋਪਾਉ ਅਰ ਸਠ ਹਜਾਰ ਰੁਪਯੇ ਕੀ ਧੁਖਧੁਖੀ ਇਨਾਮ ਪਾਈ ਹੋਰ ਭੀ ਸਭ ਕੰਮ ਗੁਰੂ ਕਾ ਸਦਕਾ ਹੋਤਾ ਹੈ ਅਸੀ ਭੀ ਥੋੜਿਆ ਦਿਨਾ ਮੋ ਆਵਤੇ ਹਾ ਸਰਬਤਿ ਸੰਗਤਿ ਖਾਲਸੇ ਨੋ ਮੇਰਾ ਹੁਕਮ ਹੈ ਜੋ ਵਿਸੋਏ ਮੇਲ ਕਰਣਾ ਜਦ ਅਸੀ ਕਹਲੂਰ ਆਵਹ ਤਦ ਹਥਿਆਰ ਬੰਨ੍ਹਿ ਕੈ ਹਜੂਰ ਆਵਣਾ ਜੋ ਆਵੈਗਾ ਸੋ ਨਿਹਾਲ ਹੋਵੇਗਾ। ਤੋਲਾ ਇਕ ਸੋਨਾ ਫੁਰਮਾਇਸ ਤਿਸ ਕੇ ਰੁਪਯੇ ਬੀਸ ਛਿਮਾਹੀ ਖਾਲਸੇ ਨੋ ਬਖਸੇ ਹਨਿ ਹੁਕਮ ਦੇਖਦੇ ਹੁੰਡੀ ਕਰ ਭੇਜਣੀ ਮੇਵੜੇ ਨੋ ਰਖਣਾ ਨਾਹੀ ਜੇ ਮੇਵੜਾ ਰਹੈ ਤਾ ਖਰਚ ਦੇ ਕੇ ਹੋਰ ਕਿਸੇ ਕੋ ਆਪ ਹੀ ਭੇਜਣੇ ਹੁੰਡੀ ਕਰਾਇ ਕੇ।
......     .......    .......
ਜੇ ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਦਾ ਦੱਖਣ ਜਾਣ ਦਾ ਮਨੋਰਥ ਪੰਜਾਬ ਦੇ ਸਿੱਖਾਂ ਤੋਂ ਨਿਰਾਸ਼ਤਾ ਜਾਂ ਰਾਜਿਸਥਾਨ ਅਤੇ ਮਹਾਂਰਾਸ਼ਟਰ ਵਿੱਚ ਰਾਜਪੂਤਾਂ ਜਾਂ ਮਰਾਠਿਆਂ ਨੂੰ ਰਾਜ ਵਿਦਰੋਹ ਲਈ ਭੜਕਾਉਣਾ ਅਤੇ ਖੜਾ ਕਰਨਾ ਹੁੰਦਾ ਤਾਂ ਉਹ ਬਾਦਸ਼ਾਹ ਨਾਲ ਗੱਲਬਾਤ ਮੁਕਣ 'ਤੇ ਛੇਤੀ ਥੋੜ੍ਹੇ ਦਿਨਾਂ ਨੂੰ ਵਾਪਸ ਆਉਣ ਦਾ ਖਿਆਲ ਜ਼ਾਹਿਰ ਨਾ ਕਰਦੇ ਅਤੇ ਨਾ ਹੀ ਆਪਣੇ ਕਹਿਲੂਰ ਦੇ ਇਲਾਕੇ ਵਿੱਚ (ਜਿਵੇਂ ਕਿ ਅਨੰਦਪੁਰ ਸੀ) ਪਹੁੰਚਣ 'ਤੇ ਸਰਬੱਤ ਖਾਲਸੇ ਨੂੰ ਹਥਿਆਰ ਬੰਨ੍ਹ ਕੇ ਆਉਣ ਲਈ ਹੁਕਮ ਦਿੰਦੇ। ਉਹਨਾਂ ਨੂੰ ਅਨੰਦਪੁਰ ਵਾਪਸ ਆਉਣ ਦਾ ਪੱਕਾ ਖਿਆਲ ਸੀ ਅਤੇ ਉਹਨਾਂ ਨੂੰ ਸ਼ੱਕ ਸੀ ਕਿ ਕਹਿਲੂਰ ਪਹੁੰਚਣ 'ਤੇ ਸ਼ਾਇਦ ਪਹਾੜੀ ਰਾਜਿਆਂ ਅਤੇ ਸਰਹੰਦ ਦੇ ਨਵਾਬ ਵੱਲੋਂ ਕੋਈ ਰੋਕ ਪਾਈ ਜਾਵੇ ਜਿਸ ਦਾ ਨਿਬੇੜਾ ਕਰਨ ਲਈ ਉਹਨਾਂ ਨੂੰ ਹਥਿਆਰਬੰਦ ਖਾਲਸਿਆਂ ਦੀ ਲੋੜ ਪਵੇ।
ਅਨੰਦਪੁਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਆਪਣੇ ਪੁਰਖਿਆਂ ਦੀ ਦੇਣ ਅਤੇ ਆਪਣਾ ਘਰ ਮੰਨਦੇ ਰਹੇ ਹਨ। ਅਨੰਦਪੁਰ ਸਾਹਿਬ ਹੀ ਭੀਮ ਚੰਦ ਅਤੇ ਗੁਰੂ ਗੋਬਿੰਦ ਸਿੰਘ ਵਿਚਾਲੇ ਲੰਮੇ ਟਕਰਾਅ ਦਾ ਕਾਰਨ ਬਣਿਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਲੂਰ ਦੇ ਮੁਖੀ ਨੂੰ ਕੋਈ ਟੈਕਸ ਦੇਣ ਨੂੰ ਤਿਆਰ ਨਹੀਂ ਸਨ, ਕਿਉਂਕਿ ਭੂਤ ਕਾਲ ਵਿੱਚ ਵੀ ਕਦੇ ਕੋਈ ਟੈਕਸ ਨਹੀਂ ਸੀ ਦਿੱਤਾ ਗਿਆ। ਗੁਰੂ ਗੋਬਿੰਦ  ਸਿੰਘ ਦੀ ਮੁਗਲ ਸ਼ਹਿਨਸ਼ਾਹ ਬਹਾਦਰ ਸ਼ਾਹ ਨਾਲ ਇਹੀ ਬੁਨਿਆਦੀ ਦਲੀਲ ਸੀ ਕਿ ਵਜ਼ੀਰ ਖਾਨ ਨੇ ਗੁਰੂ ਸਾਹਿਬ ਨਾਲ ਬੇਇਨਸਾਫੀ ਕੀਤੀ ਸੀ। ਜਦ ਕਿ ਇਹ ਸਿਰਫ ਅਨੰਦਪੁਰ ਸਾਹਿਬ ਦੀ ਮਾਲਕੀ ਦਾ ਮੱਸਲਾ ਹੀ ਨਹੀਂ ਸੀ, ਸਗੋਂ ਪਹਾੜੀ ਰਾਜਿਆਂ ਨਾਲ ਵਿਚਾਰਧਾਰਕ ਟਕਰਾਅ ਦਾ ਵੀ ਮੱਸਲਾ ਸੀ। ਪਹਾੜੀ ਰਾਜੇ ਗੁਰੂ ਸਾਹਿਬ ਦੇ ਇਸ ਲਈ ਵਿਰੁਧ ਸਨ, ਕਿਉਂਕਿ ਗੁਰੂ ਸਾਹਿਬ ਨੇ ਦੱਬੇ ਕੁਚਲੇ, ਕਿਰਤੀ ਭਾਈਚਾਰੇ ਨੂੰ ਹਥਿਆਰਾਂ ਨਾਲ ਲੈਸ ਕਰਕੇ ਤੇ ਟਰੇਨਿੰਗ ਦੇ ਕੇ ਆਪਣੀ ਸੰਗਤ ਵਿੱਚ ਬਰਾਬਰੀ ਦੇ ਅਧਿਕਾਰ ਦੇ ਕੇ ਯੋਧੇ ਬਣਾਇਆ ਸੀ ਤੇ ਉਹਨਾਂ ਨੂੰ ਪਹਾੜੀ ਰਾਜਿਆਂ ਦੇ ਬਰਾਬਰ ਖੜਾ ਕਰ ਦਿੱਤਾ ਸੀ। ਪਹਾੜੀ ਰਾਜੇ ਸਮਝਦੇ ਸਨ ਕਿ ਗੁਰੂ ਨੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਨੇ ਬਰਾਬਰ ਖੜਾ ਕਰਕੇ ਪਹਾੜੀ ਰਾਜਿਆਂ ਦਾ ਅਪਮਾਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਾਤਿਸ਼ਾਹੀ ਦਾ ਸੁਪਨਾ ਦੱਬੇ ਕੁਚਲੇ ਕਿਰਤੀਆਂ ਤੇ ਕਿਸਾਨਾਂ ਦੀਆਂ ਅੱਖਾਂ ਵਿੱਚ ਲਟਕਾ ਦਿੱਤਾ ਸੀ, ਜਿਸ ਨੂੰ ਰਾਜਪੂਤ ਰਾਜੇ ਘਰ ਵਿੱਚ ਪਾਣੀ ਭਰਨ ਦੇ ਯੋਗ ਵੀ ਨਹੀਂ ਸਮਝਦੇ ਸਨ। ਉਸ ਸਮੇਂ ਬ੍ਰਾਹਮਣਵਾਦੀ ਸਿਸਟਮ ਅਨੁਸਾਰ ਸੱਤਾ ਤੇ ਸ਼ਸ਼ਤਰ ਉੱਪਰ ਅਧਿਕਾਰ ਕਸ਼ਤਰੀ ਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਰੀਆਂ ਹੱਦਬੰਦੀਆਂ ਤੋੜ ਦਿੱਤੀਆਂ ਸਨ। ਗੁਰੂ ਦੇ ਪੰਥ ਵਿੱਚ ਬ੍ਰਾਹਮਣਵਾਦ ਵੱਲੋਂ ਗੁਲਾਮ ਬਣਾਈਆਂ ਸ਼ੂਦਰ ਜਾਤਾਂ ਦੇ ਨਾਲ ਸਵਰਨ ਹਿੰਦੂ ਜਾਤਾਂ ਵੀ ਸ਼ਾਮਲ ਹੋ ਗਈਆਂ ਸਨ। ਗੁਰੂ ਸਾਹਿਬ ਦੇ ਮੁਸਲਮਾਨ ਵੀ ਮੁਰੀਦ ਬਣ ਚੁੱਕੇ ਸਨ। ਗੁਰੂ ਜੀ ਦੇ ਲੰਗਰ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਤੇ ਮੁਸਲਮਾਨ ਇਕੱਠੇ ਬੈਠ ਕੇ ਪ੍ਰਸ਼ਾਦਾ ਛੱਕਦੇ ਸਨ ਤੇ ਗੁਰੂ ਜੀ ਦੇ ਬਚਨ ਸੁਣਦੇ ਸਨ। ਇਹ ਉਸ ਵੇਲੇ ਸਮਾਜ ਦਾ ਵੱਡਾ ਇਨਕਲਾਬ ਸੀ।
ਦਸਮ ਗ੍ਰੰਥ ਵਿੱਚ ਪੰਡਤ ਕੇਸ਼ੋਦਾਸ ਦਾ ਜ਼ਿਕਰ ਆਉਂਦਾ ਹੈ, ਜਿਸ ਨੂੰ ਇਕ ਗੱਲ ਤੋਂ ਬਹੁਤ ਔਖਿਆਈ ਸੀ ਕਿ ਗੁਰੂ ਸਾਹਿਬ ਨੇ ਸ਼ੂਦਰ ਸਮਝੀਆਂ ਜਾਣ ਵਾਲੀਆਂ ਸ਼੍ਰ੍ਰੇਣੀਆਂ ਨੂੰ ਆਪਣੇ ਪੰਥ ਵਿੱਚ ਬਰਾਬਰੀ ਕਿਉਂ ਦਿੱਤੀ ਹੈ?
ਪਹਾੜੀ ਰਾਜੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਏ। ਕਹਿਲੂਰ ਦੇ ਭੀਮ ਚੰਦ ਦੀ ਅਗਵਾਈ ਵਿੱਚ ਪਹਾੜੀ ਰਾਜਿਆਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਗੁਰੂ ਜੀ ਸਢੌਰੇ ਦੇ ਸੱਯਦ ਬੁੱਧੂ ਸ਼ਾਹ ਦੀ ਸਿਫਾਰਸ਼ 'ਤੇ ਭਰਤੀ ਕੀਤੇ 500 ਪਠਾਣ ਪਹਾੜੀ ਰਾਜਿਆਂ ਨਾਲ ਜਾ ਮਿਲੇ। ਇੰਨੇ ਕੁ ਉਦਾਸੀ ਵੀ ਗੁਰੂ ਜੀ ਦਾ ਸਾਥ ਛੱਡ ਗਏ। ਕੇਵਲ ਉਹਨਾਂ ਦਾ ਮਹੰਤ ਕ੍ਰਿਪਾਲ ਦਾਸ ਹੀ ਗੁਰੂ ਜੀ ਦੀ ਸ਼ਰਨ ਵਿੱਚ ਰਿਹਾ। ਜਦੋਂ ਪੀਰ ਬੁੱਧੂ ਸ਼ਾਹ ਨੂੰ ਪਠਾਣਾਂ ਦੀ ਧੋਖੇਬਾਜ਼ੀ ਦਾ ਪਤਾ ਲੱਗਾ ਤਾਂ ਉਹ ਗੁਰੂ ਸਾਹਿਬ ਦਾ ਸਹਿਯੋਗ ਕਰਨ ਲਈ ਆਪਣੇ ਚਾਰ ਪੁੱਤਰਾਂ ਅਤੇ 700 ਚੇਲਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਫੌਜ ਵਿੱਚ ਆ ਸ਼ਾਮਲ ਹੋਇਆ। ਪਾਉਂਟੇ ਤੋਂ ਛੇ ਮੀਲ ਦੀ ਵਿਥ 'ਤੇ ਭੰਗਾਣੀ ਦੇ ਮੈਦਾਨ ਵਿੱਚ ਬੜਾ ਭਿਅੰਕਰ ਯੁੱਧ ਹੋਇਆ। ਇਹ ਯੁੱਧ ਫਰਵਰੀ 1686 ਈਸਵੀ ਦੇ ਅਖੀਰ ਵਿੱਚ ਹੋਇਆ ਸੀ। ਗੁਰੂ ਜੀ ਨੇ ਜਿੱਤ ਦੇ ਬਾਵਜੂਦ ਪਹਾੜੀ ਰਾਜਿਆਂ ਦੇ ਇਲਾਕਿਆਂ ਉੱਪਰ ਕਬਜ਼ਾ ਨਾ ਕੀਤਾ ਅਤੇ ਅਨੰਦਪੁਰ ਨੂੰ ਵਾਪਸ ਮੁੜ ਕੇ ਉਹਨਾਂ ਨੇ ਚਾਰ ਕਿਲ੍ਹੇ ਅਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ ਅਤੇ ਫਤਹਿਗੜ੍ਹ ਬਣਵਾਏ ਤਾਂ ਜੋ ਪਹਾੜੀ ਰਾਜਿਆਂ ਨੂੰ ਠੱਲ ਪਾਈ ਜਾ ਸਕੇ।
ਪਹਾੜੀ ਰਾਜਿਆਂ ਪਾਸੋਂ ਦਿੱਲੀ ਸਰਕਾਰ ਦੇ ਕਰ ਵਸੂਲ ਕਰਨ ਦੇ ਯਤਨਾਂ ਕਾਰਣ ਉਹਨਾਂ ਵਿੱਚੋਂ ਕੁਝ ਰਾਜਿਆਂ ਨੇ ਕਰ ਦੀ ਅਦਾਇਗੀ ਦਾ ਵਿਰੋਧ ਕਰਨ ਲਈ ਗੁਰੂ ਜੀ ਦੀ ਸਹਾਇਤਾ ਮੰਗੀ। ਜੰਮੂ ਦੇ ਗਵਰਨਰ ਮੀਆਂ ਖਾਂ ਨੇ ਇਕ ਫੌਜੀ ਕਮਾਂਡਰ ਅਲਫ਼ ਖਾਂ ਨੂੰ ਪਹਾੜੀ ਰਾਜਿਆਂ ਤੋਂ ਕਰ ਉਗਰਾਉਣ ਲਈ ਪੰਜਾਬ ਭੇਜਿਆ। ਰਾਜਾ ਭੀਮ ਚੰਦ ਕਰ ਦੇਣ ਤੋਂ ਇਨਕਾਰੀ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਲੂਰ ਰਾਜ ਵਿੱਚ ਰਹਿੰਦੇ ਸਨ। ਇਸ ਲਈ ਉਹਨਾਂ ਨੂੰ ਪਹਾੜੀ ਰਾਜਿਆਂ ਨੇ ਕਿਹਾ ਕਿ ਰਾਜ ਦੇ ਹਿੱਤ ਵਿੱਚ ਗੁਰੂ ਸਾਹਿਬ ਨੂੰ ਆਪਣੇ ਰਾਜੇ ਸਾਥੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਇਸ ਕਰ ਉਗਰਾਉਣ ਨੂੰ ਬੇਇਨਸਾਫ਼ੀ ਸਮਝਦੇ ਸਨ ਤੇ ਅਜ਼ਾਦੀ ਦੇ ਹੱਕ ਵਿੱਚ ਸਨ। ਇਸ ਲਈ ਉਹਨਾਂ ਨੇ ਸੰਘਰਸ਼ ਦੀ ਅਗਵਾਈ ਕਰਨ ਦਾ ਫੈਸਲਾ ਕਰ ਲਿਆ। ਭਾਵੇਂ ਭੰਗਾਣੀ ਯੁੱਧ ਕਰਵਾਉਣ ਪਿੱਛੇ ਰਾਜਾ ਭੀਮ ਚੰਦ ਮੁੱਖ ਜ਼ਿੰਮੇਵਾਰ ਸੀ, ਪਰ ਗੁਰੂ ਸਾਹਿਬ ਨੇ ਫਿਰ ਵੀ ਅਜ਼ਾਦੀ ਨੂੰ ਪ੍ਰਮੁਖ ਰੱਖ ਕੇ ਮੁਗਲ ਸਾਮਰਾਜ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਪਹਾੜੀ ਰਾਜਿਆਂ ਵਲੋਂ ਨਿਭਾਈ ਦੁਸ਼ਮਣੀ ਦੀ ਇਹ ਘਟਨਾ ਭੁਲਾ ਦਿੱਤੀ। ਇਹ ਜੰਗ ਮੌਜੂਦਾ ਹਿਮਾਚਲ ਪ੍ਰਦੇਸ਼ ਵਿੱਚ ਨਦੌਣ ਦੇ ਸਥਾਨ 'ਤੇ ਹੋਈ, ਜਿਸ ਵਿੱਚ ਆਲਿਫ ਬੇਗ ਨੂੰ ਹਾਰ ਹੋਈ।
ਸੰਨ 1696 ਈਸਵੀ ਵਿੱਚ ਇਕ ਉੱਚ ਫੌਜੀ ਅਫ਼ਸਰ ਦਿਲਾਵਰ ਖਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਫੌਜ ਦੇ ਕੇ ਗੁਰੂ ਸਾਹਿਬ ਵਿਰੁਧ ਅਨੰਦਪੁਰ ਵਿਖੇ ਹਮਲਾ ਕਰਨ ਲਈ ਭੇਜਿਆ। ਗੁਰੂ ਸਾਹਿਬ ਨੇ 'ਬਚਿੱਤਰ ਨਾਟਕ' ਵਿੱਚ ਰੁਸਤਮ ਖਾਨ ਨੂੰ 'ਖਾਨਜ਼ਾਦਾ' ਕਰਕੇ ਲਿਖਿਆ ਹੈ। ਖਾਨਜ਼ਾਦਾ ਦੀ ਇਹ ਯੋਜਨਾ ਸੀ ਕਿ ਰਾਤ ਸਮੇਂ ਅਚਾਨਕ ਹਮਲਾ ਕਰਕੇ ਅਨੰਦਪੁਰ ਸਾਹਿਬ ਉੱਪਰ ਕਬਜ਼ਾ ਕਰ ਲਿਆ ਜਾਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਇਸ ਦਾ ਕਾਰਣ ਸੀ ਕਿ ਮੁਗਲ ਸਾਮਰਾਜ ਗੁਰੂ ਸਾਹਿਬ ਨੂੰ ਪਹਾੜੀ ਰਾਜਿਆਂ ਦੀ ਬਗਾਵਤ ਭੜਕਾਉਣ ਦਾ ਮੋਢੀ ਸਮਝਦਾ ਸੀ।
ਇਸ ਸਮੇਂ ਦੌਰਾਨ ਭਾਈ ਆਲਮ ਸਿੰਘ ਨੇ ਗੁਰੂ ਸਾਹਿਬ ਨੂੰ ਹਮਲੇ ਦੀ ਖਬਰ ਦੇ ਦਿੱਤੀ। ਦੋਵਾਂ ਪਾਸਿਉਂ ਗੋਲਾਬਾਰੀ ਹੋਈ, ਪਰ ਗੁਰੂ ਜੀ ਫੌਜ ਮੁਗਲਾਂ ਉੱਪਰ ਭਾਰੂ ਪੈ ਗਈ ਅਤੇ ਰੁਸਤਮ ਖਾਨ ਨੂੰ ਵਾਪਸ ਮੁੜਨਾ ਪਿਆ। ਪਰ ਉਹ ਮੁੜਦੇ ਹੋਏ ਪਹਾੜੀ ਰਾਜਿਆਂ ਦੇ ਇਕ ਪਿੰਡ 'ਬਰਵਾ' ਨੂੰ ਉਜਾੜ ਗਿਆ ਜੋ ਕਿ ਹਿੰਦੂ ਰਾਜਪੂਤਾਂ ਦੀ ਅਬਾਦੀ ਵਾਲਾ ਪਿੰਡ ਸੀ।ਦਿਲਾਵਰ ਖਾਨ ਦੇ ਪੁੱਤਰ ਦੀ ਮੁਹਿੰਮ ਦੇ ਅਸਫਲ ਹੋ ਜਾਣ ਬਾਅਦ ਦਿਲਾਵਰ ਖਾਨ ਦੇ ਹੀ ਇਕ ਹੋਰ ਜਰਨੈਲ ਹੁਸੈਨ ਖਾਨ ਨੇ ਅਨੰਦਪੁਰ ਸਾਹਿਬ ਉੱਪਰ ਹਮਲਾ ਕਰ ਦਿੱਤਾ। ਪਰ ਉਹ ਰਾਹ ਵਿੱਚ ਗੁਲੇਰ ਦੇ ਰਾਜੇ ਰਾਜ ਸਿੰਘ ਗੋਪਾਲ ਨਾਲ ਉਲਝ ਗਿਆ। ਰਾਜਾ ਗੋਪਾਲ ਸਿੰਘ ਦੀ ਬੇਨਤੀ 'ਤੇ ਗੁਰੂ ਜੀ ਨੇ ਭਾਈ ਸੰਗਤ ਰਾਏ ਦੀ ਕਮਾਨ ਹੇਠ ਸਿੰਘਾਂ ਦੇ ਜਥੇ ਭੇਜੇ। ਇਸ ਜੰਗ ਵਿੱਚ ਭਾਈ ਸੰਗਤ ਰਾਇ ਨੇ ਤੀਰ ਨਾਲ ਫੌਜਦਾਰ ਹੁਸੈਨ ਖਾਨ ਮਾਰ ਮੁਕਾਇਆ ਤੇ ਗੁਲੇਰ ਦੇ ਰਾਜੇ ਗੋਪਾਲ ਦੀ ਫਤਹਿ ਹੋਈ। ਇਹ ਜਿੱਤ ਗੁਰੂ ਸਾਹਿਬ ਦੀ ਸਹਾਇਤਾ ਕਾਰਣ ਸੰਭਵ ਹੋਈ। ਗੁਰੂ ਸਾਹਿਬ ਦੀ ਨੀਤੀ ਪਹਾੜੀ ਰਾਜਿਆਂ ਨਾਲ ਸਾਂਝਾ ਫਰੰਟ ਕਾਇਮ ਕਰਕੇ ਮੁਗਲ ਸਾਮਰਾਜ ਨੂੰ ਟੱਕਰ ਦੇਣ ਦੀ ਸੀ ਤਾਂ ਜੋ ਪੰਜਾਬ ਰਾਜ ਨੂੰ ਅਜ਼ਾਦ ਕਰਵਾਇਆ ਜਾ ਸਕੇ। ਗੁਲੇਰ ਦੀ ਇਸ ਜੰਗ ਨੂੰ ਹੁਸੈਨ ਖਾਨ ਦੇ ਨਾਂ 'ਤੇ ਹੁਸੈਨੀ ਯੁਧ ਵੀ ਕਿਹਾ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਸਫਲਤਾ ਤੋਂ ਮੁਗਲ ਸਾਮਰਾਜ ਨੂੰ ਚਿੰਤਾ ਹੋਣ ਲੱਗੀ। ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਅਖਬਾਰਾਤ-ਇ-ਦਰਬਾਰ-ਇ-ਮੁਅੱਲਾ, ਜਿਲਦ ਪਹਿਲੀ, 1677-1695; 1693, ਨਵੰਬਰ 20, ਸਰਹਿੰਦ ਤੋਂ ਮਿਲੀ ਖਬਰ-ਗੋਬਿੰਦ ਨੇ ਗੁਰੂ ਨਾਨਕ ਹੋਣ ਦਾ ਐਲਾਨ ਕੀਤਾ ਹੈ। ਫੌਜਦਾਰਾਂ ਨੂੰ ਹੁਕਮ ਦਿੱਤਾ ਗਿਆ ਕਿ ਗੁਰੂ ਦੇ ਸਿੱਖਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾਵੇ।
(ਚਲਦਾ...)

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ