ਅਕਾਲੀ ਦਲ ਦੀ ਸਲਾਮਤੀ  ਸਿੱਖ ਪੰਥ ਦੀ ਉੱਨਤੀ  ਲਈ  ਜ਼ਰੂਰੀ

ਅਕਾਲੀ ਦਲ ਦੀ ਸਲਾਮਤੀ  ਸਿੱਖ ਪੰਥ ਦੀ ਉੱਨਤੀ  ਲਈ  ਜ਼ਰੂਰੀ

ਪਿ੍ੰਸੀਪਲ ਪਿ੍ਥੀਪਾਲ ਸਿੰਘ ਕਪੂਰ

ਗੁਰੂ ਨਾਨਕ ਸਾਹਿਬ ਦੁਆਰਾ ਸੰਚਾਲਿਤ ਸਿੱਖ ਪੰਥ/ਧਰਮ ਨੇ ਪਿਛਲੇ 550 ਸਾਲ ਦੀ ਆਪਣੀ ਹਯਾਤੀ ਵਿਚ ਕਈ ਉਤਾਰ ਚੜ੍ਹਾਅ ਦੇਖੇ ਹਨ। ਗੁਰੂ ਨਾਨਕ ਅਧਿਆਤਮਿਕਤਾ ਨੂੰ ਸਮਰਪਿਤ, ਵਰਤਮਾਨ ਯੁਗ ਦੇ ਮੋਹਰੀ ਚਿੰਤਕ ਹੋਏ ਹਨ ਜਿਨ੍ਹਾਂ ਨੇ 'ਨਾ ਹਮ ਹਿੰਦੂ, ਨਾ ਮੁਸਲਮਾਨ' ਦਾ ਠੋਕਵਾਂ ਐਲਾਨ ਕਰਕੇ 'ਨਿਰਮਲ ਪੰਥ' (ਸਿੱਖ ਧਰਮ) ਚਲਾਇਆ ਸੀ। ਗੁਰੂ ਨਾਨਕ ਮੁੱਢ ਤੋਂ ਹੀ ਆਪਣੇ ਪੰਥ ਦੀ ਨਿਵੇਕਲੀ ਪਛਾਣ ਦ੍ਰਿੜ੍ਹਾਉਣ ਬਾਰੇ ਗੰਭੀਰ ਸਨ। ਉਨ੍ਹਾਂ ਦਾ ਸੰਕਲਪਿਆ ਅਕਾਲ ਪੁਰਖ (ਦੇਵੀ ਦੇਵਤਿਆਂ ਅਤੇ ਨਬੀ-ਰਸੂਲ ਤੋਂ ਵੀ ਸਰਬ ਉੱਚ ਸ਼ਕਤੀ ਸੰਪੰਨ, ਕਾਲ ਤੋਂ ਪਰੇ, ਅਕਾਲ ਹੈ। ਸਭ ਤੋਂ ਪਹਿਲਾਂ ਹਿੰਦੂ ਚਿੰਤਕਾਂ ਨੇ ਗੁਰੂ ਨਾਨਕ ਦੀ ਇਸ ਨਰੋਈ ਵਿਚਾਰ ਧਾਰਾ ਨੂੰ ਆਪਣੇ ਪ੍ਰਾਚੀਨ ਧਰਮ ਵਿਚ ਹੀ ਸਮਿਲਤ ਰੱਖਣ ਦਾ ਯਤਨ ਕੀਤਾ। ਪਰ ਗੁਰੂ ਨਾਨਕ ਸਾਹਿਬ ਨੇ ਜੰਝੂ ਪਹਿਨਣ ਤੋਂ ਇਨਕਾਰ ਕਰਕੇ ਹਿੰਦੂ ਚਿੰਨ੍ਹਵਾਦ ਨੂੰ ਪਹਿਲਾਂ ਹੀ ਨਕਾਰ ਦਿੱਤਾ।ਕਰਤਾਰਪੁਰ (ਪਾਕਿਸਤਾਨ) ਵਿਖੇ ਉਨ੍ਹਾਂ ਸਿੱਖੀ ਪਛਾਣ ਸੁਨਿਸਚਿਤ ਕਰਨ ਲਈ ਮੁੱਢਲੀਆਂ ਸਿੱਖ ਸੰਸਥਾਵਾਂ/ਪਰੰਪਰਾਵਾਂ ਦਾ ਨਿਰਮਾਣ ਵੀ ਕਰ ਦਿੱਤਾ। ਇਸ ਤੋਂ ਉਪਰੰਤ ਹਿੰਦੂ ਵਿਦਵਾਨਾਂ ਨੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਰਚਨਾ ਦੇ ਅਦੁੱਤੀ ਕਾਰਨਾਮੇ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀਆਂ ਗਈਆਂ ਕਰਬਾਨੀਆਂ ਦਰਸਾ ਕੇ ਖ਼ਾਲਸਾ ਦੀ ਪ੍ਰਤਿਭਾ ਉਪਰ ਆਪਣਾ ਹੱਕ ਜਮਾਉਣ ਦਾ ਯਤਨ ਕੀਤਾ। ਹਿੰਦੂ ਗਾਥਾ/ਪੁਰਾਣ ਕਥਾਵਾਂ ਵਿਚ ਸਿੱਖ ਗੁਰੂ ਸਾਹਿਬਾਨ ਨੂੰ (ਵਿਸ਼ੇਸ਼ ਕਰਕੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ) ਨੂੰ ਪਰਮੇਸ਼ਰ ਦੇ ਅਵਤਾਰ ਵਜੋਂ ਵੀ ਪੇਸ਼ ਕੀਤਾ ਗਿਆ। ਪਰ ਗੁਰੂ ਨਾਨਕ ਦਾ ਉਪਦੇਸ਼ ਅਵਤਾਰਵਾਦ ਤੋਂ ਪੂਰਾ ਇਨਕਾਰੀ ਹੈ। ਸਿੱਖ ਵਿਦਵਾਨਾਂ/ਚਿੰਤਕਾਂ ਲਈ ਇਹ ਧਾਰਨਾਵਾਂ ਲੰਮਾਂ ਸਮਾਂ ਵੱਡੀ ਚੁਣੌਤੀ ਬਣੀਆਂ ਰਹੀਆਂ ਪਰ ਪੰਡਤਾਈ ਵਿਦਵਤਾ ਦੇ ਪ੍ਰਭਾਵਾਂ ਦੇ ਬਾਵਜੂਦ ਸਿੱਖ ਵਿਦਵਾਨ ਅਤੇ ਲੇਖਕ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦੇ ਅਸਲੀ ਸੰਕਲਪ ਨੂੰ ਵਰਤਮਾਨ ਤੱਕ ਸਫਲਤਾ ਸਹਿਤ ਪਹੁੰਚਾ ਸਕੇ।

ਅਜੋਕੇ ਯੁੱਗ ਵਿਚ ਭਾਰਤੀ ਸੰਵਿਧਾਨ ਅਧੀਨ ਪਹਿਲੀ ਵਾਰ ਹਿੰਦੂ ਬਹੁਗਿਣਤੀ ਦੀ ਪਾਰਟੀ ਹੋਣ ਦਾ ਦਾਅਵਾ ਕਰਕੇ ਭਾਰਤੀ ਜਨਤਾ ਪਾਰਟੀ 2014 ਈ. ਵਿਚ ਰਾਜ ਸੱਤਾ ਦੀ ਪੌੜੀ ਚੜ੍ਹੀ। ਇਹ ਪਾਰਟੀ ਧਾਰਮਿਕ ਸਹਿਹੋਂਦ ਦੇ ਸਿਧਾਂਤ ਤੋਂ ਇਨਕਾਰੀ ਹੈ, ਕਿਉਂਕਿ ਮੁਸਲਮਾਨਾਂ ਪ੍ਰਤੀ ਇਸ ਦਾ ਰਵੱਈਆ ਇੰਤਕਾਮੀ ਹੈ। ਈਸਾਈਆਂ ਦੇ ਧਰਮ ਪ੍ਰਚਾਰ ਉੱਪਰ ਇਹ ਰੋਕ ਲਗਾਉਣ ਲਈ ਉਤਸੁਕ ਹੈ। ਸਿੱਖਾਂ ਨੂੰ ਵਿਸ਼ਾਲ ਪ੍ਰਾਚੀਨ ਹਿੰਦੂ ਧਾਰਮਕ ਸਮਾਜੀ ਗੱਠਬੰਧਨ  ਦਾ ਭਾਗ ਮੰਨ ਕੇ ਮਾਰੂ ਜੱਫੀ ਵਿਚ ਲੈ ਕੇ ਹਿੰਦੂਆਂ ਵਿਚ ਹੀ ਸਮੋ ਲੈਣਾ ਚਾਹੁੰਦੀ ਹੈ। ਇਸੇ ਨੀਤੀ ਅਧੀਨ ਅਟਲ ਬਿਹਾਰੀ ਭਾਜਪਾਈ ਨੇ 1993 ਈ. ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਸਮਝੌਤਾ ਕਰ ਲਿਆ। ਅਕਾਲੀ ਦਲ ਪੰਜਾਬੀ ਸੂਬੇ ਦੇ ਗਠਨ ਪਿਛੋਂ ਹੀ ਰਾਜ ਸੱਤਾ ਵਿਚ ਆਇਆ। ਇਸ ਲਈ ਭਾਰਤੀ ਜਨਤਾ ਪਾਰਟੀ, ਪੰਜਾਬੀ ਹਿੰਦੂਆਂ ਦੇ ਪ੍ਰਤੀਨਿਧ ਵਜੋਂ, ਜੂਨੀਅਰ ਹਿੱਸੇਦਾਰ ਬਣ ਕੇ ਗੱਠਜੋੜ ਵਿਚ ਸ਼ਾਮਿਲ ਹੋਈ। ਪੰਜਾਬੀ ਹਿੰਦੂਆਂ ਨੂੰ ਇਹ ਸਥਿਤੀ ਮਨਜ਼ੂਰ ਨਹੀਂ। ਉਨ੍ਹਾਂ ਦਾ ਇਹ ਦੁਖਾਂਤ ਹੈ ਕਿ ਉਨ੍ਹਾਂ ਨੇ ਆਪਣੀ ਪੰਜਾਬੀ ਪਛਾਣ ਸਰਬ ਭਾਰਤੀ ਹਿੰਦੂ ਪਹਿਚਾਣ ਵਿਚ ਰਲਾ ਰੱਖੀ ਹੈ। ਆਰ.ਐਸ.ਐਸ. ਵਾਲੀ ਧਾਰਨਾ ਅਨੁਸਾਰ ਭਾਰਤ ਵਿਚ ਕੇਵਲ ਹਿੰਦੂ ਹੀ ਪਹਿਲੇ ਦਰਜੇ ਦਾ ਸ਼ਹਿਰੀ ਹੈ। ਜਿਸ ਪੀੜ੍ਹੀ ਨੇ ਹੁਣ ਅਕਾਲੀ ਦਲ ਦੀ ਅਗਵਾਈ ਸੰਭਾਲੀ ਹੈ, ਉਨ੍ਹਾਂ ਨੂੰ ਸ਼ਾਇਦ ਇਨ੍ਹਾਂ ਪੇਚੀਦਗੀਆਂ ਦਾ ਗਿਆਨ ਹੀ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਅਤੇ ਸਿੱਖਾਂ ਵਿਚਕਾਰ ਵਿਸ਼ੇਸ਼ ਰਿਸ਼ਤੇ ਬਾਰੇ ਵੀ ਪੂਰੀ ਚੇਤੰਨਤਾ ਨਹੀਂ ਹੈ। ਪੰਜਾਬ ਨੂੰ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਸਿੱਖ ਧਰਮ ਨੇ ਹੀ ਵਿਭਿੰਨ ਪਛਾਣ ਦਿੱਤੀ। ਅਜੋਕਾ ਪੰਜਾਬ/ਪੰਜਾਬੀ ਸੂਬਾ ਸਿੱਖਾਂ ਦੀ ਹੀ ਭਾਰਤ ਨੂੰ ਦੇਣ ਹੈ। ਹੁਣ ਹਿੰਦੂ ਮਨੋਕਲਪਨਾ ਦੀ ਦੁਬਿਧਾ ਸਿੱਖ ਪੰਜਾਬ ਨੂੰ ਆਪਣੀ ਨਵੀਂ ਹਿੰਦੂ ਰਾਸ਼ਟਰੀਅਤਾ (ਹਿੰਦੂਤਵ) ਦੇ ਸੰਕਲਪ ਵਿਚ ਸਮੋਣ ਦੀ ਹੈ। ਸਿੱਖ ਪੰਥ ਦਾ ਹਿੰਦੂਆਂ ਨਾਲ ਉਚੇਚਾ ਰਿਸ਼ਤਾ ਤਾਂ ਹੈ ਹੀ, ਕਿਉਂਕਿ ਇਹ ਦੋਵੇਂ ਪੂਰਬੀ ਖ਼ਿੱਤੇ ਦੇ ਧਰਮ ਹਨ। ਪਰ ਸਮੁੱਚੇ ਪੰਜਾਬ ਵਿਚ ਗੁਰੂ ਨਾਨਕ ਅਤੇ ਉਨ੍ਹਾਂ ਦੇ ਨੌਂ ਉਤਰਾਧਕਾਰੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਪ੍ਰਬਲ ਰਹੀ ਅਤੇ ਸਮਾਜਿਕ ਬਣਤਰ ਵਿਚ ਜੱਟ (ਜਿਨ੍ਹਾਂ ਨੂੰ ਹਿੰਦੂ ਸੋਚਣੀ ਵਿਚ ਵੈਸ਼ ਸਮਝਦਾ ਹੈ) ਭਾਰੂ ਰਹੇ। ਪੰਜਾਬੀ ਸੂਬੇ ਦੀ ਰਾਜ ਬਣਤਰ ਵਿਚ ਸਮੁੱਚੇ ਤੌਰ 'ਤੇ ਸਿੱਖ ਪ੍ਰਭਾਵੀ ਹੋ ਗਏ ਅਤੇ ਹਿੰਦੂ ਹਾਸ਼ੀਏ ਵੱਲ ਧੱਕੇ ਗਏ ਹਨ। ਅਜਿਹੀ ਰਾਜਨੀਤਕ ਸਥਿਤੀ ਵਿਚ ਅੱਜ ਦੇ ਅਖੌਤੀ ਅਕਾਲੀ ਨੇਤਾਵਾਂ ਦਾ ਲਗਾਓ ਰਾਜ ਸੱਤਾ ਵਿਚ ਬਣੇ ਰਹਿਣ ਨਾਲ ਹੀ ਹੈ। ਉਨ੍ਹਾਂ ਲਈ ਅੱਜ ਦੇ ਖੰਡਿਤ ਅਕਾਲੀ ਦਲ ਦੇ ਰਾਜਨੀਤੀ ਪ੍ਰੋਗਰਾਮ ਵਿਚੋਂ ਸਿੱਖ ਘੱਟ ਗਿਣਤੀ ਦੇ ਸਰੋਕਾਰ ਮਨਫ਼ੀ ਹਨ। ਸਰਕਾਰ ਦਾ ਮੁਹਾਂਦਰਾ ਭਾਵੇਂ ਅਕਾਲੀ/ਜੱਟ ਹੀ ਰਹੇ ਪਰ ਰਾਜਸੀ ਮਸਲਹਤਾਂ ਦੇ ਦਾਅ-ਪੇਚਾਂ ਕਾਰਨ, ਇਸੇ ਸ਼ਾਸਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਹੋਈ ਜਿਸ ਨੂੰ ਇਤਫ਼ਾਕੀਆ ਘਟਨਾ ਮੰਨ ਲਿਆ ਗਿਆ। ਅਕਾਲ ਤਖ਼ਤ ਨੇ ਗੁਰ ਨਿੰਦਕਾਂ (ਸੱਚੇ ਸੌਦੇ) ਨੂੰ ਰਾਜਸੀ ਹਿਤਾਂ ਦੀ ਪੂਰਤੀ ਲਈ ਬਖ਼ਸ਼ ਦਿੱਤਾ ਸੀ। ਇਨ੍ਹਾਂ ਦੋਸ਼ਾਂ ਦੇ 'ਪ੍ਰਾਸਚਿਤ' ਅਤੇ ਸੰਗਤਾਂ ਦੇ ਦਿਖਾਵੇ ਲਈ ਪੰਥ ਦੇ ਨੇਤਾ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਹਰਿਮੰਦਰ ਸਾਹਿਬ ਜਾ ਕੇ ਭਾਂਡੇ ਮਾਂਜਣ ਜਾਂ ਜੋੜੇ ਸਾਫ਼ ਕਰਕੇ; ਸਿੱਖ ਸਮਾਜ ਵਿਚ ਪਵਿੱਤਰ ਜਾਣੀ ਜਾਂਦੀ ਸੇਵਾ ਭਾਵਨਾ ਦਾ ਮੌਜੂ ਉਡਾਇਆ। ਪਰ ਉਨ੍ਹਾਂ ਵਲੋਂ ਆਪਣੇ ਹਿਰਦੇ 'ਪਵਿੱਤਰ' ਕਰਨ ਦਾ ਕੋਈ ਉਪਬੰਧ ਨਾ ਕੀਤਾ ਜਾ ਸਕਿਆ। ਖੈਰ! ਗੁਰ-ਸੰਗਤ ਆਪ ਹੀ ਬਖ਼ਸ਼ਿਦ ਹੈ।

ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਸੌ ਸਾਲ ਤੋਂ ਵਧੀਕ ਸਮਾਂ ਹੋ ਚੁੱਕਾ ਹੈ। ਅਕਾਲੀ ਦਲ ਦੇ ਗਠਨ ਸਮੇਂ ਪੰਥ ਦੀ ਸੇਵਾ ਲਈ ਕੇਵਲ ਅੰਮ੍ਰਿਤਧਾਰੀ ਸਿੱਖ ਜਾਂ ਘੱਟੋ-ਘੱਟ ਸਾਬਤ ਸੂਰਤ ਸਿੱਖ ਅਕਾਲੀ ਦਲ ਵਿਚ ਸ਼ਾਮਿਲ ਹੁੰਦੇ ਸਨ। ਉਨ੍ਹਾਂ ਨੂੰ ਪੰਥ ਦੀ ਸਲਾਮਤੀ ਲਈ ਬੀ ਟੀ ਦੀਆਂ ਡਾਂਗਾਂ ਦੀ ਕੁੱਟ-ਮਾਰ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਦਿਨ ਕੱਟਣ ਦਾ ਕੋਈ ਹਿਰਖ ਨਹੀਂ ਸੀ। ਅੱਜ ਦਾ ਨੌਜਵਾਨ/ਹਰੇਕ ਵਿਅਕਤੀ ਰਾਜਨੀਤੀ ਵਿਚ ਆਪਣੀ ਭੱਲ ਬਣਾਉਣ ਲਈ ਅਕਾਲੀ ਦਲ ਵਿਚ ਬਤੌਰ ਰਾਜਸੀ ਪਾਰਟੀ ਦੇ ਸਾਧਾਰਨ ਮੈਂਬਰ ਵਜੋਂ ਸ਼ਾਮਿਲ ਹੁੰਦਾ ਹੈ, ਜਿਥੇ ਉਹ ਰਾਜਨੀਤੀ ਵਿਚ ਆਪਣੀ ਪੇਸ਼ਾਵਰ ਉੱਨਤੀ ਲਈ ਥਾਂ ਬਣਾ ਸਕੇ। ਉਸ ਦੀ ਸਿੱਖ ਪੰਥ ਪ੍ਰਤੀ ਨਿਸ਼ਠਾ ਜ਼ਰੂਰੀ ਨਹੀਂ ਹੈ। ਇਹ ਹੈ ਅਸਲੀ ਚੁਣੌਤੀ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਖੜ੍ਹੀ ਹੈ। ਕੀ ਸਿੱਖ ਪੰਥ ਜਾਂ ਪੰਜਾਬ ਅਤੇ ਪੰਜਾਬੀ ਦੀ ਸਲਾਮਤੀ/ਸੁਰਖਿਆ ਸੁਨਿਸਚਿਤ ਕਰਨਾ ਅਕਾਲੀ ਦਲ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੈ ਜਾਂ ਨਹੀਂ? ਮੁਢਲਾ ਨਿਸ਼ਾਨਾ ਕੇਵਲ ਰਾਜ ਸੱਤਾ ਹਥਿਆਉਣਾ ਹੀ ਹੈ। ਉਸ ਨਾਲ ਧਨ, ਸ਼ਕਤੀ ਅਤੇ ਇਕਤਦਾਰ ਸਭ ਕੁਝ ਆਪੇ ਪਿੱਛੇ ਲੱਗ ਤੁਰਦੇ ਹਨ। ਪੰਜਾਬੀ ਸੂਬੇ ਦੇ ਬਣਨ ਨਾਲ ਅਕਾਲੀ/ਸਿੱਖ ਪੰਜਾਬ ਦੀ ਰਾਜਨੀਤੀ ਵਿਚ ਪ੍ਰਭਾਵੀ ਹੋ ਗਏ। ਪਰ ਕੀ ਸਿੱਖ ਧਾਰਮਿਕ ਘੱਟ-ਗਿਣਤੀ ਗੁੱਟ ਵਜੋਂ ਸਲਾਮਤ ਰਹਿ ਸਕਣਗੇ ਅਤੇ ਸਰਬ-ਭਾਰਤੀ ਰਾਜਨੀਤੀ ਵਿਚ ਸਿੱਖਾਂ ਨੂੰ ਲੋੜੀਂਦਾ ਮਹੱਤਵ ਅਤੇ ਸਤਿਕਾਰ ਮਿਲ ਸਕੇਗਾ? ਇਹੀ ਅਕਾਲੀ ਦਲ ਦੇ ਨੇਤਾਵਾਂ ਨੇ ਗੰਭੀਰਤਾ ਸਹਿਤ ਵਿਚਾਰ ਕਰਨੀ ਹੈ ਕਿ ਸਿੱਖ ਕੌਮ ਦੀ ਪ੍ਰਸੰਗਿਕਤਾ ਅਕਾਲੀ ਰਾਜਨੀਤੀ ਦਾ ਕਿਸ ਪ੍ਰਕਾਰ ਅਨਿੱਖੜਵਾਂ ਭਾਗ ਬਣੀ ਰਹਿ ਸਕੇਗੀ। ਇਹੀ ਉਨ੍ਹਾਂ ਦੀ ਰਾਜਸੀ ਸ਼ਕਤੀ ਦਾ ਆਧਾਰ ਹੈ। ਸਿੱਖ ਨੌਜਵਾਨ ਨੂੰ ਅਜੋਕਾ ਅਕਾਲੀ ਦਲ ਗੁਰਸਿੱਖ ਬਣਨ ਲਈ ਪ੍ਰੇਰਿਤ ਨਹੀਂ ਕਰ ਸਕੇਗਾ। ਸਿੱਖ ਪੰਥ ਤਾਈਂ ਨਿਸ਼ਠਾ ਹੁਣ ਜ਼ਰੂਰੀ ਨਹੀਂ। ਪਤਿਤ ਸਿੱਖ ਨੌਜਵਾਨ ਸਿੱਖੀ ਸਰੂਪ ਤੋਂ ਥਿੜਕ ਚੁੱਕੇ, ਬਿਨਾਂ ਦਸਤਾਰ 'ਯੂਥ ਵਿੰਗ ਅਕਾਲੀ ਦਲ' ਦੇ ਅਹੁਦੇਦਾਰ ਬਣ ਜਾਂਦੇ ਹਨ। ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਅਕਾਲੀ ਦਲ ਵੱਲ ਸਿੱਖ ਨੌਜਵਾਨਾਂ ਨੂੰ ਪ੍ਰੇਰਦੀ ਰਹੀ ਹੁਣ ਉਹ ਪਿਛਲਗ. ਬਣ ਚੁੱਕੀ ਹੈ। ਚੌਧਰ ਪ੍ਰਧਾਨ ਰਾਜਨੀਤੀ ਵਿਚ ਹੁਣ ਅਕਾਲੀ ਦਲ ਵੀ ਕਈ ਵਿੰਗਾਂ ਵਿਚ ਅੰਦਰ ਅੰਦਰ ਹੀ ਵੰਡਿਆ ਪਿਆ ਹੈ। ਇਸ ਪ੍ਰਕਾਰ ਅਕਾਲੀ ਰਾਜਨੀਤੀ ਦੇ ਪ੍ਰੇਰਨਾ ਸਰੋਤ/ਧਿਆਨ ਯੋਗ ਸਿੱਖ ਸਰੋਕਾਰ ਨਹੀਂ ਰਹੇ। ਅਕਾਲੀ ਦਲ ਦੇ ਇਤਿਹਾਸ ਵੱਲ ਝਾਤ ਮਾਰ ਕੇ ਜਿਨ੍ਹਾਂ ਕੁਰਬਾਨੀਆਂ ਦਾ ਅਕਾਲੀ ਨੇਤਾ ਰੋਜ਼ ਜ਼ੋਰਦਾਰ ਹਵਾਲੇ ਦਿੰਦੇ ਹਨ, ਉਹ ਨਿਸ਼ਠਵਾਨ ਸਿੱਖਾਂ ਦੀਆਂ ਕੁਰਬਾਨੀਆਂ ਸਨ। ਮੈਨੂੰ ਜਾਪਦਾ ਹੈ ਕਿ ਸਿਧਾਂਤਕ ਪ੍ਰਤੀਬੱਧਤਾ ਤੋਂ ਵਿਹੂਣੇ ਅਕਾਲੀ ਦਲ ਦਾ ਪਤਨ ਸਾਹਮਣੇ ਹੈ।ਗੁਰਦੁਆਰਾ ਸੁਧਾਰ ਲਹਿਰ ਦੇ ਇਕ ਪ੍ਰਮੁੱਖ ਸਤਿਕਾਰ ਯੋਗ ਵਿਦਵਾਨ, ਬਾਵਾ ਹਰਿਕ੍ਰਿਸ਼ਨ ਸਿੰਘ ਨੇ ਇਕ ਵਾਰ ਅਕਾਲ ਤਖ਼ਤ ਸਾਹਿਬ ਤੋਂ ਕੌਮ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ: ਅਕਾਲੀ ਦਲ ਦੀ ਸਲਾਮਤੀ ਅਤੇ ਹੋਂਦ ਸਿੱਖ ਪੰਥ ਦੀ ਉੱਨਤੀ ਸੁਨਿਸਚਿਤ ਕਰਨ ਲਈ ਬਹੁਤ ਜ਼ਰੂਰੀ ਹੈ।