ਕਾਂਗਰਸ ਦਾ ਸਿਆਸੀ ਭਵਿੱਖ  ਧੁੰਦਲਾ

 ਕਾਂਗਰਸ ਦਾ ਸਿਆਸੀ ਭਵਿੱਖ  ਧੁੰਦਲਾ

ਸਿਆਸਤ

ਰਾਹੁਲ ਗਾਂਧੀ ਬਾਰੇ ਜਦੋਂ ਵੀ ਤੁਸੀਂ ਸੋਚਦੇ ਹੋ ਕਿ ਹੁਣ ਉਨ੍ਹਾਂ ’ਚ ਕੁਝ ਸੁਧਾਰ ਹੁੰਦਾ ਦਿਸ ਰਿਹਾ ਹੈ, ਉਸੇ ਸਮੇਂ ਉਹ ਕੁਝ ਅਜਿਹਾ ਕਰਦੇ ਜਾਂ ਕਹਿੰਦੇ ਹਨ ਕਿ ਤੁਹਾਨੂੰ ਲੱਗੇਗਾ ਕਿ ਕਿੱਥੇ ਮੂੰਹ ਲੁਕੋਈਏ। ਹਾਲ ਹੀ ’ਚ ਉਨ੍ਹਾਂ ਨੂੰ ਇੰਗਲੈਂਡ ਦਾ ਦੌਰਾ ਕਰਵਾਇਆ ਗਿਆ ਉਨ੍ਹਾਂ ਦਾ ਅਕਸ ਸੁਧਾਰਨ ਲਈ ਪਰ ਨਤੀਜਾ ਹੋਇਆ ਬਿਲਕੁਲ ਉਲਟ। ਉਨ੍ਹਾਂ ਦਾ ਜੋ ਬਚਿਆ-ਖੁਚਿਆ ਅਕਸ ਸੀ, ਉਸ ’ਤੇ ਵੀ ਧੱਬਾ ਲੱਗ ਗਿਆ।ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਜੋ ਵਿਅਕਤੀ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਉਹ ਕਹਿ ਰਿਹਾ ਹੈ ਕਿ ਰਾਸ਼ਟਰ ਦਾ ਮਤਲਬ ਕਿੰਗਡਮ ਯਾਨੀ ਸਾਮਰਾਜ ਹੁੰਦਾ ਹੈ। ਰਾਹੁਲ ਗਾਂਧੀ ਇਕ ਅਰਸੇ ਤੋਂ ਆਪਣੀ ਇਸ ਜ਼ਿੱਦ ’ਤੇ ਅੜੇ ਹੋਏ ਹਨ ਕਿ ਭਾਰਤ ਇਕ ਰਾਸ਼ਟਰ ਨਹੀਂ ਹੈ। ਇਸ ਅਗਿਆਨਤਾ ’ਚ ਉਹ ਭਾਰਤ ਵਿਰੋਧੀਆਂ ਦੇ ਏਜੰਡੇ ਨੂੰ ਲਗਾਤਾਰ ਅੱਗੇ ਵਧਾਉਂਦੇ ਰਹਿੰਦੇ ਹਨ। ਹਾਲਤ ਇਹ ਹੋ ਗਈ ਹੈ ਕਿ ਸੈਕੂਲਰਵਾਦੀਆਂ ਨੇ ਵੀ ਉਮੀਦ ਛੱਡ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਮੰਨ ਲਿਆ ਹੈ ਕਿ ਰਾਹੁਲ ਗਾਂਧੀ ਤੋਂ ਕੋਈ ਉਮੀਦ ਕਰਨਾ ਹੀ ਬੇਕਾਰ ਹੈ।

ਰਾਹੁਲ ਗਾਂਧੀ ਦਾ ਅਕਸ ਬਿਹਤਰ ਬਣਾਉਣ ਵਾਲਿਆਂ ਦੇ ਸਬਰ ਦੀ ਪ੍ਰਸ਼ੰਸਾ ਕਰਨੀ ਪਵੇਗੀ। ਕੋਈ ਪ੍ਰੋਡਕਟ ਵਾਰ-ਵਾਰ ਫੇਲ੍ਹ ਹੋ ਜਾਵੇ ਤਾਂ ਨਿਰਮਾਤਾ ਉਸ ਨੂੰ ਬੰਦ ਕਰ ਕੇ ਨਵਾਂ ਉਤਪਾਦ ਬਾਜ਼ਾਰ ਵਿਚ ਲੈ ਕੇ ਆਉਂਦਾ ਹੈ। ਕਾਂਗਰਸ ਦੀ ਸਮੱਸਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। ਕੰਪਨੀ ਯਾਨੀ ਕਾਂਗਰਸ ਜਾਂ ਸੋਨੀਆ ਗਾਂਧੀ ਦੀ ਜ਼ਿੱਦ ਹੈ ਕਿ ਪ੍ਰੋਡਕਟ ਤਾਂ ਉਹੋ ਹੀ ਰਹੇਗਾ, ਉਸ ਦੀ ਪੈਕੇਜਿੰਗ ਬਦਲਦੇ ਰਹੋ। ਦੂਜੀ ਸਮੱਸਿਆ ਇਹ ਹੈ ਕਿ ਪੈਕੇਜਿੰਗ ਖੋਲ੍ਹਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ ਹੋ ਗਿਆ ਹੈ।ਇਸ ਤੋਂ ਬਾਅਦ ਵੀ ਗਜ਼ਬ ਦਾ ਵਿਸ਼ਵਾਸ ਹੈ ਸੋਨੀਆ ਗਾਂਧੀ ਦਾ ਕਿ ਉਨ੍ਹਾਂ ਨੂੰ ਕੋਈ ਖ਼ਰਾਬੀ ਦਿਸਦੀ ਹੀ ਨਹੀਂ। ਕਹਾਵਤ ਹੈ ਕਿ 12 ਸਾਲ ’ਚ ਰੂੜੀ ਦੇ ਦਿਨ ਵੀ ਫਿਰਦੇ ਹਨ। ਇੱਥੇ ਤਾਂ 18 ਸਾਲ ਹੋ ਗਏ ਤੇ ਅੱਗੇ ਕੋਈ ਉਮੀਦ ਦਿਸਦੀ ਨਹੀਂ। ਪੁੱਤਰ ਪ੍ਰਤੀ ਮਾਂ ਦਾ ਮੋਹ ਜੱਗ ਜ਼ਾਹਿਰ ਹੈ ਪਰ ਕਾਂਗਰਸੀਆਂ ਨੂੰ ਕੀ ਕਹੀਏ? ਸਭ ਜਾਣਦੇ ਹੋਏ ਵੀ ਗੁੂੰਗੇ-ਬੋਲੇ ਬਣੇ ਹੋਏ ਹਨ। ਆਸ-ਪਾਸ ਜੋ ਵਾਪਰ ਰਿਹਾ ਹੈ, ਉਸ ਨੂੰ ਵੀ ਉਹ ਨਿਰਪੱਖ ਭਾਵ ਨਾਲ ਦੇਖਦੇ ਹਨ।

ਪਿਛਲੇ ਕੁਝ ਸਮੇਂ ਵਿਚ ਜਯੋਤੀਰਾਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ, ਸੁਨੀਲ ਜਾਖੜ, ਹਾਰਦਿਕ ਪਟੇਲ ਤੇ ਕਪਿਲ ਸਿੱਬਲ ਪਾਰਟੀ ਛੱਡ ਗਏ। ਕਾਂਗਰਸ ’ਚੋਂ ਨਿਕਲ ਕੇ ਇਹ ਸਭ ਸੁਖੀ ਹਨ ਤੇ ਉਨ੍ਹਾਂ ਨੂੰ ਆਪਣਾ ਭਵਿੱਖ ਉੱਜਲ ਵੀ ਦਿਸ ਰਿਹਾ ਹੈ। ਇਨ੍ਹਾਂ ਵਿਚੋਂ ਦੋ ਮੰਤਰੀ ਬਣ ਗਏ। ਇਕ ਰਾਜ ਸਭਾ ’ਚ ਜਾ ਰਿਹਾ ਹੈ। ਇਸ ’ਚ ਕੋਈ ਸ਼ੰਕਾ ਨਹੀਂ ਕਿ ਬਾਕੀ ਦੋ ਛੇਤੀ ਹੀ ਕਿਸੇ ਨਾ ਕਿਸੇ ਮਹੱਤਵਪੂਰਨ ਅਹੁਦੇ ’ਤੇ ਹੋਣਗੇ।ਨਹਿਰੂ-ਗਾਂਧੀ ਪਰਿਵਾਰ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦੀ ਨਾ ਤਾਂ ਸਮਝ ਹੈ ਤੇ ਨਾ ਹੀ ਇਸ ਵਿਚ ਕੋਈ ਰੁਚੀ। ਜਿਸ ਪੌਦੇ ਦੀ ਜੜ੍ਹ ਜ਼ਮੀਨ ਦੇ ਅੰਦਰ ਨਾ ਹੋਵੇ, ਉਸ ਨੇ ਸੁੱਕ ਜਾਣਾ ਹੀ ਹੈ। ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿਸੇ ਪ੍ਰੀਖਣ ਦੀ ਜ਼ਰੂਰਤ ਨਹੀਂ ਹੈ। ਰਾਹੁਲ ਗਾਂਧੀ ਦੇ ਬਿਆਨਾਂ ਨਾਲ ਭਾਰਤੀ ਸੱਭਿਆਚਾਰ ਨਾਲ ਜੁੜੇ ਮੁੱਦਿਆਂ ’ਤੇ ਉਨ੍ਹਾਂ ਦੇ ਉਥਲੇ ਚਿੰਤਨ ਦਾ ਹੀ ਪਤਾ ਲੱਗਦਾ ਹੈ। ਰਾਹੁਲ ਗਾਂਧੀ ਨੇ ਕਦੇ ਚਾਣਕਿਆ ਨੂੰ ਪੜ੍ਹਿਆ ਹੁੰਦਾ ਜਾਂ ਕਿਸੇ ਤੋਂ ਸੁਣਿਆ ਵੀ ਹੁੰਦਾ ਤਾਂ ਉਨ੍ਹਾਂ ਦੇ ਮੂੰਹ ਤੋਂ ਇਹ ਨਿਕਲਦਾ ਹੀ ਨਾ ਕਿ ਭਾਰਤ ਇਕ ਰਾਸ਼ਟਰ ਨਹੀਂ ਹੈ। ਚਾਣਕਿਆ ਨੂੰ ਛੱਡੋ ਜੇ ਉਨ੍ਹਾਂ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਨਾਨਾ ਜਵਾਹਰਲਾਲ ਨਹਿਰੂ ਨੂੰ ਹੀ ਪੜਿ੍ਹਆ ਹੁੰਦਾ ਤਾਂ ਉਨ੍ਹਾਂ ਨੂੰ ਭਾਰਤ ਦੇ ਜਨਪਦਾਂ ਦਾ ਇਤਿਹਾਸ ਪਤਾ ਹੁੰਦਾ।

ਕਾਂਗਰਸ ਦੇ ਲੋਕ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਕਹਿੰਦੇ ਨਹੀਂ ਥੱਕਦੇ। ਕੋਈ ਰਾਹੁਲ ਗਾਂਧੀ ਤੋਂ ਪੁੱਛੇ ਕਿ ਜਦੋਂ ਭਾਰਤ ਰਾਸ਼ਟਰ ਹੀ ਨਹੀਂ ਤਾਂ ਗਾਂਧੀ ਰਾਸ਼ਟਰਪਿਤਾ ਕਿਵੇਂ? ਭਾਰਤ ਹੀ ਨਹੀਂ ਪੂਰੀ ਦੁਨੀਆ ਲਈ ਇਕ ਗੱਲ ਕਹੀ ਜਾ ਸਕਦੀ ਹੈ ਕਿ ਰਾਜਨੀਤੀ ’ਚ ਜੋ ਵੀ ਹੈ, ਜੇ ਉਹ ਧਰਮ ਤੇ ਰਾਜਨੀਤੀ ਦੇ ਆਪਸੀ ਸਬੰਧਾਂ ਨੂੰ ਨਹੀਂ ਸਮਝਦਾ ਤਾਂ ਉਸ ਦਾ ਰਾਜਨੀਤੀ ’ਚ ਸਫ਼ਲ ਹੋਣਾ ਲਗਭਗ ਅਸੰਭਵ ਹੁੰਦਾ ਹੈ ਬਸ਼ਰਤੇ ਛਲ ਕਪਟ ਉਸ ਦਾ ਮੂਲ ਸੁਭਾਅ ਹੋਵੇ।ਸੋਨੀਆ ਗਾਂਧੀ ਤੇ ਕਾਂਗਰਸ ਦੇ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਰਾਹੁਲ ਗਾਂਧੀ ਰਾਜਨੀਤੀ ਲਈ ਨਹੀਂ ਬਣੇ। ਰਾਜਨੀਤੀ ਉਨ੍ਹਾਂ ਲਈ ਉਸੇ ਤਰ੍ਹਾਂ ਹੀ ਹੈ ਜਿਵੇਂ ਇਸ ਦੇਸ਼ ਦੇ ਤਮਾਮ ਬੱਚਿਆਂ ਲਈ ਗਣਿਤ ਦਾ ਵਿਸ਼ਾ। ਦੋ ਮਾਮਲਿਆਂ ਵਿਚ ਸੋਨੀਆ ਗਾਂਧੀ ਭਾਰਤੀ ਹਨ। ਪਹਿਲਾ ਹੈ ਪੁੱਤਰ ਮੋਹ। ਦੂਜਾ ਹੈ ਭਾਰਤੀ ਮਾਪਿਆਂ ਦੀ ਤਰ੍ਹਾਂ ਇਹ ਜ਼ਿੱਦ ਕਿ ਉਨ੍ਹਾਂ ਦੀ ਸੰਤਾਨ ਉਹੋ ਪੜ੍ਹੇ ਜਾਂ ਕਰੇ, ਜੋ ਉਹ ਚਾਹੁੰਦੇ ਹਨ। ਜ਼ਾਹਿਰ ਹੈ ਕਿ ਇਸ ਚੱਕਰ ਵਿਚ ਬੱਚੇ ਦੀ ਅਸਲ ਪ੍ਰਤਿਭਾ ਗੁਆਚ ਜਾਂਦੀ ਹੈ। ਉਹ ਜੋ ਬਣਨਾ ਚਾਹੁੰਦਾ ਹੈ, ਬਣਦਾ ਨਹੀਂ ਤੇ ਜੋ ਮਾਂ-ਬਾਪ ਚਾਹੁੰਦੇ ਹਨ, ਉਹ ਬਣਨ ਦੀ ਉਸ ’ਚ ਸਮਰੱਥਾ ਨਹੀਂ ਹੁੰਦੀ।

ਕਾਂਗਰਸ ਦੇ ਚਿੰਤਨ ਕੈਂਪ ਦੇ ਦੋ ਨਤੀਜੇ ਨਿਕਲੇ। ਇਕ ਅਸੰਤੁਸ਼ਟਾਂ ਦਾ ਅਪਮਾਨ ਹੋ ਗਿਆ ਤੇ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਦੀ ਪੁਨਰ ਸਥਾਪਨਾ ਹੋ ਗਈ। ਦੂਜੀ ਗੱਲ ਇਹ ਹੋਈ ਕਿ ਤਿੰਨ ਨੇਤਾ ਪਾਰਟੀ ਛੱਡ ਕੇ ਚਲੇ ਗਏ। ਅਸੰਤੁਸ਼ਟਾਂ ਦੀ ਮੰਗ ਸੀ ਸਮੂਹਿਕ ਅਗਵਾਈ ਦੀ, ਇਸ ਲਈ ਸੰਸਦੀ ਬੋਰਡ ਬਣੇ, ਕਾਂਗਰਸ ਵਰਕਿੰਗ ਕਮੇਟੀ ਅਤੇ ਦੂਜੀਆਂ ਕਮੇਟੀਆਂ ਦੀ ਚੋਣ ਹੋਵੇ। ਇਸ ’ਤੇ ਨਾ ਕੁਝ ਹੋਣਾ ਸੀ ਤੇ ਨਾ ਹੋਇਆ। ਜਿੱਥੋਂ ਤਕ ਜੀ-23 ਦੀ ਗੱਲ ਹੈ ਤਾਂ ਉਹ ਅਜਿਹੀ ਫ਼ੌਜ ਹੈ, ਜਿਸ ਦੇ ਹੱਥਾਂ ’ਚ ਤਲਵਾਰ ਚੁੱਕਣ ਦੀ ਤਾਕਤ ਨਹੀਂ। ਅਜਿਹੀ ਫ਼ੌਜ ਦੇ ਯੁੱਧ ’ਚ ਉਤਰਨ ਤੋਂ ਪਹਿਲਾਂ ਹੀ ਨਤੀਜਾ ਪਤਾ ਹੁੰਦਾ ਹੈ।

ਸਿਆਸੀ ਪਾਰਟੀਆਂ ਵਿਚਾਰਧਾਰਾ ਤੋਂ ਸ਼ੁਰੂ ਹੁੰਦੀਆਂ ਹਨ ਤੇ ਆਖ਼ਰ ’ਚ ਚੋਣ ਲੜਨ ਦੀ ਮਸ਼ੀਨਰੀ ’ਚ ਬਦਲ ਜਾਂਦੀਆਂ ਹਨ। ਵਿਚਾਰਧਾਰਾ ਨਾਲ ਕਾਂਗਰਸ ਦਾ ਨਾਤਾ 24 ਸਾਲ ਪਹਿਲਾਂ ਸੋਨੀਆ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਨਾਲ ਹੀ ਟੁੱਟ ਗਿਆ। ਉਨ੍ਹਾਂ ਨੇ ਪਾਰਟੀ ਨੂੰ ਐੱਨਜੀਓ ’ਚ ਬਦਲ ਦਿੱਤਾ।ਕਾਂਗਰਸ ਦੀ ਬਦਕਿਸਮਤੀ ਇਹ ਹੈ ਕਿ ਉਹ ਹੁਣ ਚੋਣ ਲੜਨ ਦੀ ਮਸ਼ੀਨਰੀ ਵੀ ਨਹੀਂ ਰਹਿ ਗਈ। ਚੋਣ ’ਚ ਜਿੱਤ ਕਾਂਗਰਸ ਲਈ ਨਿਯਮ ਤੋਂ ਅਪਵਾਦ ਬਣ ਚੁੱਕਿਆ ਹੈ। ਨਿਯਮ ਦੇ ਅਪਵਾਦ ਹੁੰਦੇ ਹੀ ਹਨ, ਇਸ ਲਈ ਕਾਂਗਰਸ ਕਦੇ-ਕਦੇ ਕਿਤੇ ਚੋਣ ਜਿੱਤ ਵੀ ਜਾਂਦੀ ਹੈ। ਪਾਰਟੀ ਦੇ ਅਤੀਤ ਦੇ ਨਸ਼ੇ ’ਚ ਡੁੱਬੇ ਕਾਂਗਰਸੀਆਂ ਨੂੰ ਇਹ ਅਪਵਾਦ ਹੀ ਨਿਯਮ ਲੱਗਣ ਲੱਗਿਆ ਹੈ। ਸਭ ਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਚਿੰਤਾ ਹੈ। ਪਾਰਟੀ ਦੀ ਚਿੰਤਾ ਕਰਨਾ ਉਨ੍ਹਾਂ ਲਈ ਸਮਾਂ ਤੇ ਵਸੀਲਾ ਨਸ਼ਟ ਕਰਨ ਜਿਹਾ ਹੈ। ਅਸਲ ’ਚ ਕਾਂਗਰਸ ਦੀ ਹਾਲਤ ਇਹ ਹੈ ਕਿ ਕਾਂਗਰਸੀ ਰਾਹੁਲ ਗਾਂਧੀ ਤੋਂ ਬਚਣਾ ਚਾਹੁੰਦੇ ਹਨ ਪਰ ਕੋਈ ਉਪਾਅ ਸੁੱਝ ਨਹੀਂ ਰਿਹਾ। ਦੂਜੇ ਪਾਸੇ ਰਾਹੁਲ ਗਾਂਧੀ ਵੀ ਕਾਂਗਰਸ ਤੋਂ ਬਚਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕੋਈ ਰਸਤਾ ਦਿਖਾਉਣ ਵਾਲਾ ਨਹੀਂ ਹੈ। ਜਿਸ ਦਿਨ ਦੋਵਾਂ ’ਚੋਂ ਕਿਸੇ ਨੂੰ ਆਪਣੀ ਸਮੱਸਿਆ ਦਾ ਹੱਲ ਮਿਲ ਜਾਵੇਗਾ, ਕਾਂਗਰਸ ਤਰ ਜਾਵੇਗੀ। ਅਹਿੱਲਿਆ ਨੂੰ ਇੰਤਜ਼ਾਰ ਸੀ ਭਗਵਾਨ ਰਾਮ ਦਾ ਕਿ ਇਕ ਦਿਨ ਉਹ ਆਉਣਗੇ ਤੇ ਮੁਕਤੀ ਕਰਨਗੇ ਪਰ ਸੈਲ ਬਣੀ ਕਾਂਗਰਸ ਦਾ ਪਾਰ ਉਤਾਰਾ ਕਰਨ ਲਈ ਭਗਵਾਨ ਰਾਮ ਕਦੇ ਨਹੀਂ ਆਉਣ ਵਾਲੇ ਕਿਉਂਕਿ ਕਾਂਗਰਸ ਤੇ ਕਾਂਗਰਸੀਆਂ ਨੂੰ ਤਾਂ ਭਗਵਾਨ ਰਾਮ ਦੀ ਹੋਂਦ ’ਤੇ ਹੀ ਵਿਸ਼ਵਾਸ ਨਹੀਂ ਹੈ। ਜਿਸ ਦੀ ਹੋਂਦ ’ਤੇ ਭਰੋਸਾ ਨਹੀਂ, ਉਹ ਪਾਰ ਉਤਾਰਾ ਕਰਨ ਲਈ ਕਿਉਂ ਆਵੇਗਾ?

ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਾਹੁਲ ਗਾਂਧੀ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੂੰ ਭਾਰਤੀ ਸਮਾਜ ਤੇ ਇਸ ਦੇ ਮਾਣਮੱਤੇ ਪਿਛੋਕੜ ਬਾਰੇ ਡੂੰਘਾਈ ਨਾਲ ਅਧਿਐਨ ਕਰਨ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੀ ਸੋਚ ਅਤੇ ਸਮਝ ਬਿਹਤਰ ਹੋ ਸਕੇ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ‘ਵਾਰਸ’ ਪਰਿਵਾਰ ਦੀ ਅਜਿਹੀ ਜਾਣਕਾਰੀ ਮਜ਼ਾਕ ਦਾ ਪਾਤਰ ਬਣਦੀ ਹੈ।

 

ਪ੍ਰਦੀਪ ਸਿੰਘ

-(ਲੇਖਕ ਉੱਘਾ ਸਿਆਸੀ ਵਿਸ਼ਲੇਸ਼ਣਕਾਰ