ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -7)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -7)

ਇਤਿਹਾਸ ਦਾ ਇਹ ਪਲ ਵੀ ਭਵਿੱਖ ਦੀਆਂ ਨਸਲਾਂ ਲਈ ਚਾਨਣ ਮੁਨਾਰਾ ਬਣਕੇ  ਅਮਰ ਹੋ ਜਾਂਦਾ ਹੈ

ਅਸੀਂ ਪੜ੍ਹ ਚੁੱਕੇ ਹਾਂ ਕਿ 6 ਜੂਨ ਨੂੰ ਸਵੇਰੇ ਜਦ ਭਾਰਤੀ ਫੌਜ ਹਾਰ ਦਾ ਮੂੰਹ ਵੇਖ ਚੁੱਕੀ ਸੀ ਤਾਂ ਅਜੰਤਾ ਟੈਂਕਾਂ ਦੇ ਸਹਾਰੇ ਲੜਾਈ ਨੂੰ ਖ਼ਤਮ ਕਰਨ ਦੇ ਰਾਹ ਪੈ ਗਈ , ਜੰਗ ਤਾਂ ਪਹਿਲਾਂ ਹੀ ਬਹੁਤ ਅਸਾਵੀਂ ਸੀ ਭਾਰਤੀ ਫੌਜ ਦੀਆਂ ਪੰਜ ਤਰਾਂ ਦੀਆਂ ਹਜਾਰਾਂ ਫੌਜਾਂ ਦੇ ਮੁਕਾਬਲੇ ਕੌਮੀਂ ਜਜਬਾਤਾਂ ਦੇ ਆਸਰੇ ਲੜਨ ਵਾਲੇ 200 ਸਿੰਘ , ਅੱਤਵਾਦੀ ,ਬਾਗੀ ਅਤੇ ਗਾਜ਼ੀ ਵਿਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ ,ਇਹ ਸਿਰਫ ਅੱਖਰਾਂ ਦਾ ਹੇਰਫੇਰ ਨਹੀਂ ਹੁੰਦਾ , ਗਾਜ਼ੀ ਜ਼ੁਲਮ ਦੇ ਖਿਲਾਫ ਧਰਮ ਯੁੱਧ ਵਿਚ ਸਵੈਇੱਛਾ ਅਨੁਸਾਰ ਜਾਨ ਵਾਰਦਾ ਹੈ ,ਬਾਗੀ  ਸਮਾਜ ਵਿਚ ਇਨਕਲਾਬ ਖਾਤਰ ਹਕੂਮਤ ਖਿਲਾਫ ਜਾਨ ਦੇਂਦਾ ਹੈ ,ਅੱਤਵਾਦੀ ਹਰ ਮਸਲੇ ਦਾ ਹੱਲ ਹਿੰਸਾ ਵਿਚੋਂ ਕੱਢਣਾ ਲੋਚਦਾ ਹੈ, 1981 ਤੋਂ ਸ਼ਾਂਤਮਈ ਸੰਘਰਸ਼ ਕਰ ਰਿਹਾ ਸੰਤ ਜਰਨੈਲ ਸਿੰਘ ਮੰਗਾਂ ਮੰਨਣ ਤੋਂ ਇਨਕਾਰੀ ਜਾਲਮ  ਹਕੂਮਤ ਖਿਲਾਫ ਬਾਗੀ ਬਣਦਾ ਹੈ ਤੇ ਜ਼ੁਲਮ ਦੀ ਅੱਤ ਹੋਣ ਤੇ ਗਾਜ਼ੀ ਹੋ ਨਿਬੜ ਦਾ ਹੈ ਪਰ ਉਹ ਕਦੀ ਵੀ ਅੱਤਵਾਦੀ ਨਹੀਂ ਸੀ ,ਅੱਤਵਾਦੀ ਹੱਕੀ ਮੰਗਾਂ ਲਿਖ ਕੇ ਸਰਕਾਰ ਦੀ 3 ਸਾਲ ਉਡੀਕ ਨਹੀਂ ਕਰਦੇ ,ਪਰ ਸਰਕਾਰ ਦਾ ਨਿਸ਼ਾਨਾ ਸੰਤ ਜਰਨੈਲ ਸਿੰਘ ਨਹੀਂ ਬਲਕਿ ਪੂਰੀ ਕੌਮ ਨੂੰ ਬਲ਼ਦੇ ਭੱਠ ਵਿਚ ਝੋਕ ਕੇ ਮੁਕਾਉਣ ਦਾ ਨਿਸ਼ਾਨਾ ਸੀ , ਇਸ ਸਾਜਿਸ਼ ਨੂੰ ਨੰਗਾ ਕਰਨ ਲਈ ਤੇ ਕੌਮੀ ਵਜੂਦ ਜਿੰਦਾ ਰੱਖਣ ਲਈ ਜੰਗ ਤੇ ਸ਼ਹਾਦਤ ਦੋਵੇਂ ਜਰੂਰੀ ਬਣ ਗਏ ਸਨ  ਇਸ ਲਈ ਅਸਾਵੀਂ ਜੰਗ ਦਾ ਜੇਤੂ ਜਰਨੈਲ ਮੁਕਦੀ ਲੜਾਈ ਵਿਚ ਸ਼ਹਾਦਤ ਦਾ ਮਰਕਜ਼ ਪ੍ਰਾਪਤ ਕਰਨ ਦਾ ਫੈਸਲਾ ਕਰ ਚੁੱਕਾ ਸੀ ,ਬੱਸ ਕੁਝ ਕਦਮਾਂ ਦੀ ਵਿੱਥ ਤੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਮੀਰੀ ਪੀਰੀ ਦੇ ਦੋਵਾਂ ਨਿਸ਼ਾਨ ਸਾਹਿਬਾਨ ਦੇ ਸਾਹਮਣੇ ਦਾ ਸਥਾਨ ਚੁਣਿਆਂ ਗਿਆ ,ਸ਼ਹੀਦੀ ਸਥਾਨ ਵੱਲ ਤੁਰਨ ਵੇਲੇ 47 ਜੰਗਜੂਆਂ ਵਿੱਚੋਂ 30 ਉਸ ਦੇ ਮਗਰ ਤੁਰ ਪਏ , ਜਦੋਂ ਪਤਾ ਹੋਵੇ ਕਿ 15 ਸਕਿੰਟਾਂ ਮਗਰੋਂ ਮੌਤ ਦੇ ਗਲ ਲੱਗ ਜਾਣਾ ਵੱਡਿਆਂ ਵੱਡਿਆਂ ਦੇ ਕਦਮ ਡੋਲ ਜਾਂਦੇ ਹਨ, ਖਾਸ ਕਰ ਜਦੋਂ ਇਕ ਪਾਸੇ ਜਿੰਦਗੀ ਬੱਚ ਜਾਣ ਦਾ ਵੀ ਰਾਹ ਮੌਜੂਦ ਹੋਵੇ, ਪਰ ਇਹ ਯੋਧੇ ਤਾਂ ਧਰਮ ਯੁੱਧ ਦੇ ਜੰਗਜੂ ਸਨ,ਕੀੜਾ ਵੀ ਆਖਰੀ ਸਾਹ ਤੱਕ ਜਿਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿੰਦਗੀ ਦਾ ਰਾਹ ਖੁੱਲਾ ਹੋਣ ਦੇ ਬਾਵਜੂਦ ਵੀ ਹੱਸਕੇ ਮੌਤ ਨੂੰ ਆਪ ਗਲ ਲਾਉਣਾ ਇਹ ਸ਼ਹੀਦ ਦੇ ਹਿੱਸੇ ਆਉਂਦਾ ਹੈ ,ਕਿਉਂਕਿ ਸੱਚ ਦਾ ਮਾਰਗ ਛੱਡ ਕੇ ,ਸਿਧਾਂਤਾਂ ਨਾਲ ਸਮਝੌਤਾ ਕਰਕੇ ਜਿਉਣ ਨਾਲੋਂ ਮੌਤ ਦੀ ਅੱਖ ਵਿਚ ਅੱਖ ਪਾ ਕੇ ਜਾਬਰ ਦੇ ਸਾਹਮਣੇ ਧੌਣ ਉੱਚੀ ਕਰ ਕੇ ਕੁਝ ਪਲਾਂ ਦੀ ਜਿੰਦਗੀ ਆਉਣ ਵਾਲਿਆਂ ਨਸਲਾਂ ਨੂੰ ਅਣਖ ,ਗੈਰਤ ,ਸਵੈਮਾਣ,ਸ਼ਹਾਦਤ ਦਾ ਰਾਹ ਦਰਸਾਉਂਦੀ ਹੈ . ਇਸੇ ਗੁਰੂ ਆਸ਼ੇ ਤੇ ਚਲਦਿਆਂ ਕੌਮ ਦੇ ਜੰਗਜੂਆਂ ਦਾ ਕਾਫਲਾ ਆਪਣੇ ਜਰਨੈਲ ਦੀ ਅਗਵਾਈ ਵਿਚ ਟੈਂਕਾਂ ਦੇ ਮੁਕਾਬਲੇ ਵਿਚ ਹਿੱਕਾਂ ਤਾਣ ਕੇ ਖਲੋ ਜਾਂਦਾ ਹੈ,ਸਿੱਖ ਕੌਮ ਦੇ ਇਤਿਹਾਸ ਦਾ ਇਹ ਪਲ ਵੀ ਭਵਿੱਖ ਦੀਆਂ ਨਸਲਾਂ ਲਈ ਚਾਨਣ ਮੁਨਾਰਾ ਬਣਕੇ  ਅਮਰ ਹੋ ਜਾਂਦਾ ਹੈ.


ਬਰਾੜ ਆਪਣੀ ਕਿਤਾਬ ਵਿਚ ਇਸ ਬਾਰੇ ਕੁਝ ਨਹੀਂ ਲਿਖਦਾ ਕਿਉਂਕਿ ਜਿਸ ਯੋਧੇ ਖਾਤਰ ਟੈਂਕ ਲੈਕੇ ਦਿੱਲੀਓਂ ਫੌਜਾਂ ਚਾੜ੍ਹਕੇ ਆਏ ਸੀ ਉਹ ਜਦ ਆਪ ਸਾਹਮਣੇ ਹਿੱਕ ਤਾਣ ਖਲੋ ਗਿਆ ਤਾਂ ਇਹ ਸ਼ਹਾਦਤ ਵਾਲੀ ਮੌਤ ਮਾਨਸਿਕ ਤੋਰ ਤੇ  ਬਰਾੜ ਨੂੰ ਇਕਵਾਰ ਫੇਰ ਹਰਾ ਦੇਂਦੀ ਹੈ, ਕੌਮ ਦਾ ਜਰਨੈਲ ਸ਼ਹੀਦੀ ਪਾ ਗਿਆ,ਜਿਵੇਂ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਪੰਜਾਬ ਦੀ ਤਕਦੀਰ ਨੂੰ ਰੰਡੀ ਕਰ ਗਈ ਸੀ , ਸੰਤ ਜਰਨੈਲ ਸਿੰਘ ਦੀ ਸ਼ਹਾਦਤ ਸਿੱਖ ਕੌਮ ਨੂੰ ਇਕ ਵਾਰ ਫੇਰ ਆਗੂ ਵਿਹੂਣੀ ਕਰ ਗਈ. 6 ਜੂਨ 11 ਵਜੇ ਤੋਂ ਰਾਤ ਤੱਕ ਜੰਗ ਨੂੰ ਵਿਸ਼ਰਾਮ ਮਿਲਿਆ ਰਿਹਾ ਇਕਾ ਦੁੱਕਾ ਗੋਲੀਬਾਰੀ ਹੀ ਰਹੀ ਕਿਉਂਕਿ ਬੀਤੀ ਰਾਤ ਦੇ ਹੋਏ ਜਾਨੀ ਨੁਕਸਾਨ ਨੇ ਭਾਰਤੀ ਫੌਜ ਨੂੰ ਬੁਰੀ ਤ੍ਰਾਹ ਲਤਾੜ ਦਿੱਤਾ ਸੀ ਇਸ ਲਈ ਬਰਾੜ ਅਗਲੇ ਹਮਲੇ ਲਈ ਦਿਨ ਦੇ ਚਾਨਣ ਤੋਂ ਡਰਦਾ ਰਾਤ ਹੋਣ ਦਾ ਇੰਤਜਾਰ ਕਰਦਾ ਰਿਹਾ , ਰਾਤ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਜੰਗੀ ਵਿਰੋਧ ਨਹੀਂ ਹੋ ਪਾਇਆ ਪਰ ਬਰਾੜ ਫਿਰ ਸਵੇਰ ਦਾ ਇੰਤਜਾਰ ਕਰਨ ਲੱਗਾ ,7 ਜੂਨ ਦਿਨ ਦੇ ਚਾਨਣ ਵਿਚ ਫੌਜ ਤਖ਼ਤ ਸਾਹਿਬ ਦੀ ਖੰਡਰ ਇਮਾਰਤ ਦੇ ਅੰਦਰ ਗਈ , ਹੇਠਲੀ ਮੰਜਲ ਤੇ ਕੌਮੀਂ ਜੰਗਜੂਆਂ ਦੇ ਕਮਾਂਡਰ ਜਰਨਲ ਸੁਬੇਗ ਸਿੰਘ ਦਾ ਸ਼ਹੀਦੀ ਸਰੂਪ ਪਿਆ ਸੀ ਇਕ ਹੱਥ ਵਿਚ ਅਜੇ ਵੀ ਵਾਕੀ ਟਾਕੀ ਸੀ , ਸੰਤ ਜੀ ਤੇ ਜਰਨਲ ਸ਼ੁਬੇਗ ਸਿੰਘ ,ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਜੀ  ਦੇ ਸ਼ਹੀਦੀ ਸਰੂਪ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖ ਕੇ ਸ਼ਨਾਖਤ ਕੀਤੀ ਗਈ , ਹਿੰਦ ਹਕੂਮਤ ਦੀ ਧਿਰ ਨੇ ਜਸ਼ਨ ਮਨਾਏ ,ਫੌਜੀਆਂ ਨੂੰ ਵਧਾਈਆਂ ਮਿਲ ਰਹੀਆਂ ਸੀ ,ਇੰਦਰਾ ਨੂੰ ਦੁਰਗਾ ਦਾ ਖਿਤਾਬ ਮਿਲ ਰਿਹਾ ਸੀ ,ਇੰਦਰਾ ਗਾਂਧੀ ਨੂੰ ਲੱਗ ਰਿਹਾ ਸੀ ਕਿ ਮੇਰਾ ਨਿਸ਼ਾਨਾ ਸਹੀ ਲੱਗ ਗਿਆ ਸਿੱਖਾਂ ਨੂੰ ਕੁਚਲ ਕੇ ਹਿੰਦੂ ਬਹੁਗਿਣਤੀ ਨੂੰ ਖੁਸ਼ ਕਰਨ ਦਾ ,ਉਹ ਨਹੀਂ ਜਾਣਦੀ ਸੀ ਕਿ ਜੰਗ ਰੁਕੀ ਹੈ ਮੁੱਕੀ ਨਹੀਂ ਸੀ ,ਮੁੱਕਣੀ ਤਾਂ ਸ਼ਾਇਦ ਉਸ ਦੀ ਮੌਤ ਤੋਂ ਮਗਰੋਂ ਵੀ ਨਹੀਂ ਸੀ . ਇਸ ਦੌਰਾਨ ਇਕ ਹੋਰ ਹੌਲਨਾਕ ਜ਼ੁਲਮ ਕੀਤਾ ਗਿਆ ਹਕੂਮਤ ਦੀ ਮਾੜੀ ਨੀਤ ਤੇ ਨੀਤੀ ਦੇ ਤਹਿਤ ਨਾਲੰਦਾ ,ਤਕਸ਼ਿਲਾ ,ਜਾਫ਼ਨਾ  ਦੀ ਤਰਜ ਤੇ ਸਿੱਖ ਕੌਮ ਦੇ ਅਨਮੋਲ ਖ਼ਜਾਨੇ ਸਿੱਖ ਰੈਫਰੈਂਸ ਲਾਈਬ੍ਰੇਰੀ ਨੂੰ ਲੁੱਟ ਕੇ  ਅੱਗ ਦੇ ਹਵਾਲੇ ਕਰ ਦਿੱਤਾ ਗਿਆ , ਭਾਵੇਂ  ਜੰਗ ਦਾ ਖਾਤਮਾਂ  6 ਜੂਨ ਨੂੰ ਹੋ ਚੁੱਕਾ ਸੀ ਰਾਤ ਨੂੰ ਵੀ ਕੋਈ ਖਾਸ ਵਿਰੋਧ ਨਹੀਂ ਹੋਇਆ ਫਿਰ ਵੀ 7 ਜੂਨ ਨੂੰ  ਇਹ ਇਤਿਹਾਸਕ ਗੁਨਾਹ ਕਰ ਕੇ ਭਾਰਤੀ ਹਕੂਮਤ ਨੇ ਕਲੰਕ ਖੱਟ ਲਿਆ ਜਿਸ ਦਾ ਅੱਜ ਤੱਕ ਕੋਈ ਜਵਾਬ ਨਹੀਂ . ਇਹ ਕਾਰਾ ਜੂਨ 1984 ਦੇ ਤੀਜਾ ਘੱਲੂਘਾਰਾ ਰੂਪ ਹੋਣ ਦਾ ਸੱਭ ਤੋਂ ਵੱਡਾ ਸਬੂਤ ਹੈ . 
ਦਰਬਾਰ ਸਾਹਿਬ ਦੇ ਅੰਦਰੋਂ ਤਾਂ ਕੌਮੀਂ ਜੰਗਜੂਆਂ ਨੇ ਹਿੰਦ ਹਕੂਮਤ ਨੂੰ ਬੁਰੀ ਤਰਾਂ ਹਾਰ ਦਿੱਤੀ ਸੀ ਪਰ ਸਰਾਂ ਵਾਲੇ ਪਾਸੇ ਦਾ ਇਤਿਹਾਸ ਬਹੁਤ ਹੌਲਨਾਕ ਹੈ , ਇਸ ਪਾਸੇ ਤੋਂ ਭਾਵੇਂ ਫੌਜ ਨੂੰ ਬਹੁਤੇ ਵੱਡੇ ਵਿਰੋਧ ਦਾ ਸਾਹਮਣਾ ਵੀ ਨਹੀਂ ਕਰਨਾ ਪਿਆ ਪਰ ਉਹਨਾਂ ਨੇ ਦਰਬਾਰ ਸਾਹਿਬ ਵਾਲੇ ਪਾਸੇ ਹੋਈ ਹਾਰ ਦਾ ਬਦਲਾ ਨਿਰਦੋਸ਼ ਸ਼ਰਧਾਲੂਆਂ ਤੋਂ ਲਿਆ ਜੋ ਸ਼ਹੀਦੀ ਗੁਰਪੁਰਬ ਕਰਕੇ ਸਰਾਂ ਵਿਚ ਠਹਿਰੇ ਸਨ ,ਬੀਬੀਆਂ ,ਬੱਚੇ, ਬਜ਼ੁਰਗ ,ਸੱਭ ਨਾਲ ਜ਼ੁਲਮ ਦੀ ਹੱਦ ਮੁਕਾ ਦਿੱਤੀ , ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੌਲਨਾਕ ਕਾਰੇ ਕੀਤੇ ਗਏ ਜਿਨ੍ਹਾਂ ਨੂੰ ਬਿਆਨ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ , ਨਿਰਦੋਸ਼ਾਂ ਨੂੰ ਕੰਧ ਨਾਲ ਖੜਾ ਕਰ ਕੇ ਗੋਲੀਆਂ ਦਾ ਮੀਂਹ ਵਰ੍ਹਾਉਣਾ, ਪਿਆਸੇ ਮਜਲੂਮਾਂ ਨੂੰ ਪਿਸ਼ਾਪ ਪੀ ਕੇ ਜਿੰਦਗੀ ਬਚਾਉਣ ਲਈ ਮਜਬੂਰ ਕਰਨਾ ,ਨਿੱਕੇ ਨਿਆਣਿਆਂ ਨੂੰ ਲੱਤਾਂ ਤੋਂ ਫੜ ਕੇ ਵਿਚਾਲਿਓਂ ਪਾੜ ਦੇਣਾ , ......ਜ਼ਕਰੀਏ ,ਮੀਰ ਮੰਨੂ ਚੰਗੇਜ ਖਾਨ ,ਤੇ ਹਿਟਲਰ ਦੇ ਜ਼ੁਲਮਾਂ ਨੂੰ ਮਾਤ ਪਾ ਦਿੱਤੀ ਗਈ . ਲੱਜ ਲੱਥੇ ਅਕਾਲੀ ਆਗੂ, ਸੰਘਰਸ਼ ਦੌਰਾਨ ਸਿੱਖੀ ਭੇਖ ਵਿਚ ਸਰਕਾਰੀ ਏਜੰਟ ਤੇ ਸੰਤ ਜਰਨੈਲ ਸਿੰਘ ਦੇ ਗੱਦਾਰ ਸਾਥੀ ਚੁੱਪ ਚਾਪ ਸਰਕਾਰ ਦੀ ਛਤਰਸ਼ਾਇਆ ਹੇਠ ਗੱਡੀਆਂ ਤੇ ਚੜ੍ਹਕੇ ਸੁਰੱਖਿਅਤ ਜੇਹਲਾਂ ਵਿਚ ਪਹੁੰਚਾ ਦਿੱਤੇ ਗਏ ......ਚਲਦਾ 
ਆਗੂ ਵਿਹੂਣੀ ਕੌਮ ਦਾ ਮਗਰੋਂ ਕੀ ਬਣਿਆਂ ,37 ਸਾਲਾਂ ਮਗਰੋਂ ਇਸ ਦੇ ਨਤੀਜੇ ਅਤੇ ਹੁਣ ਭਵਿੱਖ ਵਿਚ ਕੀ ਕਰੀਏ ਇਸ ਬਾਰੇ ਇਸ ਲੜੀ ਦਾ ਆਖਰੀ ਲੇਖ ਕੱਲ ਪ੍ਰਕਾਸ਼ਿਤ ਹੋਵੇਗਾ 

ਪਰਮਪਾਲ ਸਿੰਘ ਸਭਰਾਅ
981499 1699