ਔਨਲਾਈਨ ਪੜ੍ਹਾਈ
ਬੱਚਿਆ ਨੇ ਔਨਲਾਈਨ ਪੜ੍ਹਨਾ ਨਹੀਂ
ਪਿਛਲੇ ਮਹੀਨੇ ਪੰਜਾਬ ਰਹਿੰਦੇ ਮੇਰੇ ਰਵਿੰਦਰ ਵੀਰੇ ਨਾਲ਼ ਮੇਰੀ ਗੱਲ ਹੋਈ । ਵੀਰੇ ਦਾ ਸਵੇਰੇ ਸੱਤ ਵਜੇ ਹੀ ਫ਼ੋਨ ਆ ਗਿਆ । ਬਹੁਤ ਜਿਆਦਾ ਬੁਲੰਦ ਹੌਸਲੇ ਵਾਲੀ ਅਤੇ ਖੁਸ਼ੀ ਦੇ ਅੰਦਾਜ਼ ਵਾਲੀ ਆਵਾਜ਼ ਵਿੱਚ ਬੋਲ ਰਹੇ ਸੀ ।
ਵੀਰੇ ਨੇ ਆਖਿਆ ਵੱਡੀ ਭੂਆ ਨੂੰ ਬਹੁਤ ਬਹੁਤ ਵਧਾਈਆਂ ਹੋਵਣ । ਮੈਂ ਪੁੱਛਿਆ ਵੀਰੇ ਕਾਹਦੀ ਵਧਾਈ ਦੇ ਰਹੇ ਤੁਸੀਂ ? ਕੀ ਮੇਰੀ ਭਤੀਜੀ ਸਿੱਮੀ ਦਾ ਰਿਸ਼ਤਾ ਹੋ ਗਿਆ ? ਵੀਰਾ ਕਹਿੰਦਾ ਸਿੱਮੀ ਦਾ ਰਿਸ਼ਤਾ ਨਹੀਂ, ਤੇਰਾ ਭਤੀਜਾ ਬੀ ਏ ਪਾਸ ਕਰ ਗਿਆ ਉਹ ਵੀ 96% ਨੰਬਰ ਲੈਕੇ । ਮੈਂ ਕਿਹਾ ਫ਼ੇਰ ਤਾਂ ਰਿਸ਼ਤਾ ਹੋਣ ਤੋਂ ਵੀ ਵੱਡੀ ਵਧਾਈ ਵਾਲੀ ਗੱਲ ਹੈ ਵੀਰ ਜੀ । ਸਾਰੇ ਪਰਿਵਾਰ ਨੂੰ ਵੱਡੀ ਭੂਆ ਵਲੋਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ। ਮੈਂ ਆਪਣੇ ਪਤੀ ਅਤੇ ਬੱਚਿਆਂ ਨੂੰ ਦੱਸਿਆ ਕੀ ਤੁਹਾਡੇ ਮਾਮੇ ਦਾ ਬੇਟਾ ਤੁਹਾਡਾ ਪ੍ਰੀਤ ਵੀਰ ਬੀ ਏ ਪਾਸ ਕਰ ਗਿਆ ਉਹ ਵੀ 96% ਨੰਬਰ ਲੈਕੇ । ਤਿੰਨ ਚਾਰ ਦਿਨ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਸੀ ।
ਤਿੰਨ ਦਿਨ ਪਹਿਲਾ ਮੇਰਾ ਭਤੀਜਾ ਕੋਰਟ ਵਿੱਚ ਨੌਕਰੀ ਲਈ ਇੰਟਰਵਿਊ ਦੇਣ ਗਿਆ । ਉਥੇ ਅੰਗਰੇਜ਼ੀ ਵਿੱਚ ਇੱਕ ਫ਼ਾਰਮ ਭਰਨਾ ਸੀ ਤੇ ਪੰਜਾਬੀ ਵਿੱਚ ਇੱਕ ਪੇਪਰ ਤੇ ਦਿੱਤੇ ਗਏ ਸਵਾਲਾਂ ਵਿੱਚੋਂ ਸਹੀ ਗਲਤ ਜਵਾਬਾਂ ਵਿੱਚੋਂ ਸਹੀ ਜਵਾਬ ਦੀ ਚੋਣ ਕਰਨੀ ਸੀ । ਮੁਸ਼ਕਿਲ ਕੁਝ ਵੀ ਨਹੀਂ ਸੀ, ਬਹੁਤ ਹੀ ਸਰਲ ਸਵਾਲ ਸਨ । ਮੇਰਾ ਭਤੀਜਾ ਪੰਜਾਬੀ ਵਿੱਚ ਵੀ ਇਹਨਾਂ ਸਵਾਲਾਂ ਦੇ ਸਹੀ ਜਵਾਬ ਦੀ ਚੋਣ ਨਾ ਕਰ ਸਕਿਆ । ਅੱਜ ਵੀਰੇ ਦਾ ਫ਼ੋਨ ਆਇਆ ਤਾਂ ਵੀਰਾ ਗੁਸੇ ਤੇ ਉਦਾਸੀ ਭਰੇ ਮਨ ਨਾਲ਼ ਫ਼ਤਹਿ ਬੁਲਾਉਣ ਮਗਰੋਂ ਰੋਣ ਹੀ ਲੱਗ ਪਿਆ ਤੇ ਕਹਿੰਦਾ ਨੌਕਰੀ ਮਿਲੀ ਨਹੀਂ ਤੇਰੇ ਭਤੀਜੇ ਨੂੰ । ਬਹੁਤ ਅਨਰਥ ਹੋ ਗਿਆ । ਮੈਂ ਘਬਰਾ ਗਈ ਮੈਂ ਕਿਹਾ ਕੀਤੇ ਨੌਕਰੀ ਲਈ ਚੋਣ ਨਾ ਹੋਣ ਕਰਕੇ ਭਤੀਜੇ ਨੇ ਕੁਝ ਕਰ ਹੀ ਨਾ ਲਿਆ ਹੋਵੇ । ਮੈਂ ਵੀਰੇ ਨੂੰ ਕਿਹਾ ਵੀਰੇ ਜਲਦੀ ਦੱਸੋ ਹੋਇਆਂ ਕੀ ਹੈ ? ਮੇਰੇ ਦਿਲ ਨੂੰ ਕੁਝ ਹੋ ਰਿਹਾ ਹੈ ਦੱਸੋ ਵੀ ਹੁਣ ਜਲ਼ਦੀ। ਵੀਰਾ ਕਹਿੰਦਾ ਦੋਸ਼ ਮੇਰਾ ਹੀ ਹੈ, ਮੈਂ ਆਪਣੀ ਸਰਕਾਰੀ ਨੌਕਰੀ ਦਾ ਗਲਤ ਫ਼ਾਇਦਾ ਚੁੱਕਦਾ ਰਿਹਾ । ਹਰ ਵਾਰ ਜਦੋ ਵੀ ਬੋਰਡ ਦੇ ਪੇਪਰ ਹੋਏ ਮੈਂ ਮੁੰਡੇ ਨੂੰ ਸ਼ਪਾਰਿਸ਼ ਪਾ-ਪਾ ਕੇ ਪਾਸ ਕਰਵਾਉਂਦਾ ਰਿਹਾ । ਤੇ ਆ ਹੁਣ ਔਨਲਾਈਨ ਇਮਤਿਹਾਨਾਂ ਨੇ ਹੋਰ ਵੀ ਭੱਠਾ ਬਿਠਾਂ ਦਿੱਤਾ । ਭੈਣੇ ਮੈਂ ਤੈਨੂੰ ਸੱਚ ਦੱਸਾਂ ਅਸਲ ਵਿੱਚ ਹਰ ਪੇਪਰ ਵਾਲੇ ਦਿਨ ਪ੍ਰੀਤ ਦੇ ਸਾਰੇ ਮਿੱਤਰ ਰਲ਼ਕੇ ਮੋਟਰ ਤੇ ਕਿਤਾਬ ਖੋਲ੍ਹ ਲੈਂਦੇ ਸਨ, ਜੋ ਪੇਪਰ ਵਿੱਚ ਆਇਆ ਹੁੰਦਾ ਸੀ ਸਾਰੇ ਦਾ ਸਾਰਾ ਕਿਤਾਬ ਵਿੱਚੋ ਦੇਖ ਕੇ ਲਿਖ ਦਿੰਦੇ ਸਨ । ਨੰਬਰ ਤਾ 96% ਆ ਗਏ ਪਰ ਆਉਦਾ ਜਾਂਦਾ ਕੁਝ ਵੀ ਨਹੀਂ ਮੇਰੇ ਮੁੰਡੇ ਨੂੰ । ਹੁਣ ਮੈਨੂੰ ਤੂੰ ਦੱਸ ਨਿਕੀਏ ਭੈਣੇ ਮੈਂ ਦੋਸ਼ ਕਿਸ ਨੂੰ ਦੇਵਾ ? ਸਰਕਾਰ ਨੂੰ? ਅਧਿਆਪਕਾ ਨੂੰ ? ਆਪਣੇ ਆਪ ਨੂੰ ? ਜਾਂ ਆਪਣੇ ਬੱਚੇ ਨੂੰ?
ਮੈਂ ਆਖਿਆ ਵੀਰੇ ਮੇਰਾ ਜਵਾਬ ਥੋੜਾ ਕੜਵਾ ਲੱਗਣਾ। ਵੀਰੇ ਮੇਰੀ ਨਜ਼ਰ ਵਿੱਚ ਸਭ ਤੋਂ ਵੱਡੇ ਦੋਸ਼ੀ ਤੁਸੀਂ ਆਪ ਹੀ ਹੋ । ਪਹਿਲਾ ਤੁਸੀਂ ਇਸਨੂੰ ਗ਼ਲਤ ਤੇ ਸਰਲ ਰਸਤਾ ਦਿਖਾਇਆ । ਸਹੀ ਰਸਤਾ ਕਠਿਨ ਤਾਂ ਬਹੁਤ ਹੁੰਦਾ ਹੈ ਪਰ ਜੇ ਬੱਚਾ ਚੱਲਣਾ ਸਿਖ ਜਾਵੇ ਤਾਂ ਇਹ ਬਹੁਤ ਸਕੂਨ ਭਰਿਆ ਤੇ ਡੂੰਘਾਈ ਵਾਲ਼ੀਆਂ ਜੜਾ ਵਾਲਾ ਵੀ ਹੁੰਦਾ ਹੈ । ਉਸਨੇ ਸਹੀ ਰਸਤੇ ਦੀ ਚੋਣ ਕਰਨੀ ਸੀ ਪਰ ਤੁਸੀਂ ਉਸ ਅੱਗੇ ਚੋਣ ਹੀ ਗ਼ਲਤ ਰਸਤੇ ਵਾਲੀ ਰੱਖੀ ਸੀ । ਹੁਣ ਉਹ ਉਥੇ ਖੜਾ ਹੈ ਜਿੱਥੋਂ ਉਹ ਪਿੱਛੇ ਨਹੀਂ ਮੁੜ ਸਕਦਾ ਕਿਉਂਕਿ ਉਸਦੇ ਬਿਲਕੁਲ ਪਿੱਛੇ ਅਜਿਹਾ ਖਾਲੀ ਖੂਹ ਹੈ ਜਿਸ ਵਿੱਚ ਡਿੱਗ ਜਾਣ ਦਾ ਡਰ ਹੈ ਤੇ ਡਿੱਗ ਕੇ ਕਦੇ ਵੀ ਬਾਹਰ ਨਾ ਨਿਕਲਣ ਦਾ ਵਿਸ਼ਵਾਸ ਵੀ ਹੈ । ਵੀਰ ਜੀ ਚੰਗਾ ਹੋਵੇਗਾ ਜੇ ਤੁਸੀਂ ਹੁਣ ਆਪਣੇ ਪੁੱਤਰ ਦੇ ਇਸ ਬੁਰੇ ਵਕਤ ਵਿੱਚ ਉਸ ਦਾ ਪਿਆਰ ਨਾਲ ਸਾਥ ਦਿਉ । ਪ੍ਰੀਤ ਨੂੰ ਪੜਾਈ ਦੇ ਬਲ ਪਰ ਹੁਣ ਨੌਕਰੀ ਦੀ ਭਾਲ ਨਾ ਕਰਕੇ ਕੋਈ ਅਜਿਹਾ ਕੰਮ ਸਿਖਾਓ ਜੋ ਚੰਗੀ ਜ਼ਿੰਦਗੀ ਪ੍ਰਵਾਹ ਕਰਨ ਵਿੱਚ ਸਹਾਈ ਹੋਵੇ ।
ਹੁਣ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕੀ ਅਸਲੀ ਦੋਸ਼ ਕਿਸ ਦਾ ਸੀ ? ਜਾ ਫ਼ੇਰ ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਗ਼ਲਤ ਰਸਤੇ ਤੇ ਪਾਉਣ ਵਿੱਚ ਅਸਲੀ ਦੋਸ਼ੀ ਕੌਣ ਹੁੰਦਾ ਹੈ ? ਅਧਿਆਪਕ ?
ਮਾਤਾ ਪਿਤਾ ?
ਸਰਕਾਰ ?
ਜਾ ਬੱਚਾ ਆਪ ?
ਔਨਲਾਈਨ ਪੜ੍ਹਨਾ
ਬੱਚਿਆ ਨੇ ਔਨਲਾਈਨ ਪੜ੍ਹਨਾ ਨਹੀਂ
ਔਨਲਾਈਨ ਤੇ ਹੜ੍ਹਨਾ ਏ !
ਕਰ ਦਿਖਾਵਾ ਔਨਲਾਈਨ ਦਾ
ਕਿਸੇ ਹੋਰ ਹੀ ਸੂਲੀ ਚੜ੍ਹਨਾ ਏ !
ਅਣਜਾਣ ਨੇ ਮਾਪੇ ਔਨਲਾਈਨ ਤੋਂ
ਤਾਹੀਓਂ ਬੱਚੇ ਹੋਏ ਔਨਲਾਈਨ ਏ !
ਪਾਉਣ ਸਿਆਪੇ ਔਨਲਾਈਨ ਤੇ
ਖਾਣਾ -ਪੀਣਾ, ਸੌਣਾਂ ਜਾਗਣਾ
ਸਭ ਹੋ ਗਿਆ ਔਨਲਾਈਨ ਏ !
ਸਭ ਹੋ ਗਿਆ ਔਨਲਾਈਨ ਏ !
ਉੱਠ ਪਓ, ਜਾਗ ਪਓ
ਛੱਡੋ ਔਨਲਾਈਨ ਨੂੰ
ਨਹੀਂ ਤਾਂ ਲੱਬਣੇ ਨਹੀਂ
ਡਾਕਟਰ , ਅਧਿਆਪਕ
ਜਾਂ ਫ਼ੇਰ ਹੋਰ ਕ੍ਰਾਂਤੀਕਾਰੀ ਲੋਕ !
ਇਹ ਔਨਲਾਈਨ ਚੰਦਰੀ ਬਿਮਾਰੀ ਏ
ਪਤਾ ਨਹੀ ਕਿਉਂ ਮੱਤ ਸਾਡੀ ਗਈ ਮਾਰੀ ਏ?
ਪਤਾ ਨਹੀ ਕਿਉਂ ਮੱਤ ਸਾਡੀ ਗਈ ਮਾਰੀ ਏ?
ਸਰਬਜੀਤ ਲੌਂਗੀਆਂ
Comments (0)