ਅਮਲਾਂ ਦੀ ਪੈੜ …
ਸ਼ਬਦਾਂ ਤੋਂ ਸੰਘਰਸ਼ ਤੀਕ ਹਰ ਕੰਮ ਵਿੱਚ ਚੜ੍ਹਦੀਕਲਾ ਦੀਆਂ ਲਿਸ਼ਕੋਰਾਂ ਸਨ
ਜਿਸ ਤਰ੍ਹਾਂ ਤੁਰਦਾ ਬੰਦਾ ਆਪਣੇ ਪੈਰਾਂ ਦੇ ਨਿਸ਼ਾਨ ਧਰਤ ਤੇ ਵਾਹੁੰਦਾ ਜਾਂਦਾ ਹੈ ਠੀਕ ਉਸੇ ਤਰ੍ਹਾਂ ਉਸ ਦੇ ਅਮਲ ਵੀ ਆਪਣੀਆਂ ਪੈੜਾਂ ਵਾਹ ਰਹੇ ਹੁੰਦੇ ਹਨ, ਜਿੰਨ੍ਹਾਂ ਸਦਕਾ ਇਤਿਹਾਸ ਆਪਣੇ ਸ਼ੀਸ਼ੇ ਵਿੱਚ ਉਸ ਦਾ ਅਕਸ ਘੜਦਾ ਹੈ ਜਾ ਕਹਿ ਲਈਏ ਕਿ ਬਣ ਰਹੇ ਇਤਿਹਾਸ ਦੀ ਡੋਰ ਇਹਨਾਂ ਅਮਲਾਂ ਦੇ ਹੱਥ ਹੀ ਹੁੰਦੀ ਹੈ। ਅਸਲ ਵਿੱਚ ਬੰਦੇ ਦੀ ਪਹਿਚਾਣ ਉਸ ਦੇ ਆਪ ਤੋਂ ਹੁੰਦੀ ਹੈ, ਉਸਦਾ ਆਪਣਾ ਆਪ ਉਸ ਦੀ ਬੋਲ ਚਾਲ ਤੋਂ, ਕੰਮ ਕਾਰ ਤੋਂ, ਪਹਿਰਾਵੇ ਤੋਂ, ਯਕੀਨ ਤੋਂ ਅਤੇ ਉਸ ਦੇ ਖਾਣ ਪੀਣ ਤੋਂ ਝਲਕਦਾ ਰਹਿੰਦਾ ਹੈ। ਜੇਕਰ ਅੰਦਰੋਂ ਬਾਹਰੋਂ ਇੱਕ ਚਿਹਰਾ ਨਹੀਂ ਤਾਂ ਡਾਢੀ ਮੁਸ਼ੱਕਤ ਬਾਅਦ ਵੀ ਇਹ ਪਰਦਾ ਹਲਕੀ ਜਿਹੀ ਹਵਾ ਨਾਲ ਹੀ ਪਾਸੇ ਹੋ ਜਾਦਾਂ ਹੈ। ਬੰਦਾ ਚਾਹ ਕੇ ਵੀ ਇਹ ਪਰਦਾ ਬਹੁਤੀ ਦੇਰ ਤੱਕ ਨਹੀਂ ਰੱਖ ਸਕਦਾ, ਵਕਤੀ ਤੌਰ ਤੇ ਇਸ ਦਾ ਲਾਹਾ ਜਰੂਰ ਲੈ ਸਕਦਾ ਹੈ। ਮਨ ਤੋਂ ਹਾਰਿਆ ਮਨੁੱਖ ਇਹ ਪਰਦੇ ਨਾਲ ਹੀ ਉਮਰਾਂ ਬਿਤਾਉਣ ਲੱਗ ਪੈਂਦਾ ਹੈ, ਇਹ ਵਰਤਾਰਾ ਉਹਦਾ ਆਪਣਾ ਆਪ ਖਤਮ ਕਰਨ ਲੱਗ ਜਾਂਦਾ ਹੈ ਤੇ ਉਹਨੂੰ ਉਹਦੇ ਤੋਂ ਕੋਹਾਂ ਦੂਰ ਲੈ ਜਾਂਦਾ ਹੈ ਜਿੱਥੇ ਜਾ ਕੇ ਉਹਦੀ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਦੀ ਪਹੁੰਚ ਵਿੱਚ ਵੱਡਾ ਪਾੜਾ ਪੈ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਸ ਹਲਕੀ ਜਿਹੀ ਹਵਾ ਨੇ ਇਹ ਪਰਦਾ ਪਾਸੇ ਕਰਨਾ ਹੁੰਦਾ ਹੈ ਫਿਰ ਬੰਦੇ ਨੂੰ ਉਸਦਾ ਵੀ ਅਹਿਸਾਸ ਨਹੀਂ ਰਹਿੰਦਾ। ਕਿਉਂ ਜੋ ਉਹਦੇ ਅਮਲ ਜਿੰਨੀ ਦੂਰੀ ਤੈਅ ਕਰ ਜਾਂਦੇ ਹਨ ਉਹ ਵਧੇਰੀ ਹੁੰਦੀ ਹੈ ਇਸ ਭੁਲੇਖੇ ਅਤੇ ਬਿਨਾ ਅਹਿਸਾਸ ਦੇ ਜਿੰਦਗੀ ਬਤੀਤ ਕਰਨ ਦੇ। ਜਦੋਂ ਬੰਦੇ ਭੁਲੇਖੇ ਅਤੇ ਬਿਨਾ ਅਹਿਸਾਸ ਤੋਂ ਆਪਣੇ ਅਮਲ ਜਾਰੀ ਰੱਖਣ, ਤਾਂ ਉਹਨਾਂ ਦੇ ਰਸਤੇ ਅਤੇ ਅਕੀਦੇ ਬਦਲਣੇ ਬਹੁਤ ਸੌਖੇ ਹੁੰਦੇ ਹਨ। ਰਸਤਾ ਅਤੇ ਅਕੀਦਾ ਜਦੋਂ ਬਦਲ ਜਾਏ ਤਾਂ ਮੰਜ਼ਿਲ ਨੂੰ ਪਾਉਣ ਦਾ ਸਿਰਫ ਭੁਲੇਖਾ ਹੀ ਰਹਿ ਜਾਂਦਾ ਹੈ, ਇਹੀ ਭੁਲੇਖਾ ਉਸ ਦੇ ਨਿਸ਼ਾਨਿਆਂ ਤੋਂ ਉਹਨੂੰ ਜਿੰਨੀ ਦੂਰ ਰੱਖਦਾ ਹੈ ਓਨਾ ਹੀ ਉਹਨੂੰ ਲੱਗਦਾ ਹੈ ਕਿ ਉਹ ਆਪਣੇ ਨਿਸ਼ਾਨੇ ਦੇ ਨੇੜੇ ਹੈ।
ਪਾਤਸ਼ਾਹ ਨੇ ਜੋ ਸਿਰਜਿਆ, ਜੋ ਜੀਵਿਆ, ਜੋ ਜੀਵਣ ਦਾ ਢੰਗ ਦਿੱਤਾ ਉਹ ਕੋਈ ਸਮੇਂ ਦੇ ਵਹਿਣ ਵਿੱਚ ਵਹਿ ਜਾਣ ਵਾਲਾ ਨਹੀਂ ਸੀ, ਉਹ ਸਦੀਵੀ ਹੈ। ਉਹ ਸਭ ਕੌਤਕ ਪਾਤਸ਼ਾਹ ਦੇ ਸਿੱਖਾਂ ਨੇ ਵੱਖ ਵੱਖ ਸਮਿਆਂ ਤੇ ਦੁਹਰਾਏ ਅਤੇ ਦੁਹਰਾਉਂਦੇ ਰਹਿਣਗੇ। ਜਦੋਂ ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰੇਗਾ, ਉਦੋਂ ਉਦੋਂ ਇਤਿਹਾਸ ਸੁਨਿਹਰੀ ਹੁੰਦਾ ਜਾਵੇਗਾ, ਜਦੋਂ ਜਦੋਂ ਇਹ ਦੂਰੀ ਵਧੇਗੀ ਉਦੋਂ ਉਦੋਂ ਅਕੀਦਾ ਅਤੇ ਰਸਤਾ ਬਦਲਦਾ ਜਾਏਗਾ। ਸਾਡੇ ਪੁਰਖਿਆਂ ਦਾ ਅਕਾਲ ਪੁਰਖ ਨੂੰ ਆਪਣਾ ਜਰਨੈਲ ਕਹਿਣਾ ਕੋਈ ਦਿਮਾਗੀ ਤਲ ਤੋਂ ਆਇਆ ਉੱਤਰ ਨਹੀਂ ਸੀ ਹੁੰਦਾ, ਜਾ ਕੋਈ ਰਟੀ ਰਟਾਈ ਗੱਲ ਨਹੀਂ ਸੀ ਹੁੰਦੀ, ਇਹ ਉਹਨਾਂ ਦੀਆਂ ਅਕਾਲ ਪੁਰਖ ਨੂੰ ਮਹਿਸੂਸ ਕਰਨ ਦੀਆਂ ਗਵਾਹੀਆਂ ਹਨ। ਉਹਨਾਂ ਦਾ ਅਕਾਲ ਪੁਰਖ ਨੂੰ ਆਪਣਾ ਜਰਨੈਲ ਕਹਿਣਾ ਅਤੇ ਹੁਣ ਦੇ ਸਮੇਂ ਸਾਡਾ ਅਕਾਲ ਪੁਰਖ ਨੂੰ ਮਹਿਸੂਸ ਕਰਨਾ ਇਹਦਾ ਅੰਤਰ ਆਪਾਂ ਸਾਰੇ ਆਪਣੇ ਅੰਦਰ ਝਾਤ ਮਾਰ ਕੇ ਸਹਿਜੇ ਵੇਖ ਸਕਦੇ ਹਾਂ।
ਇਹ ਅੰਤਰ ਸਾਡੇ ਅਮਲਾਂ ਵਿੱਚੋਂ ਹਰ ਰੋਜ਼ ਝਲਕਦਾ ਹੈ, ਕਿਸੇ ਨੂੰ ਅਹਿਸਾਸ ਹੈ ਤੇ ਕਿਸੇ ਨੂੰ ਨਹੀਂ। ਸਾਡੇ ਚੌਂਕੜੇ ਤੋਂ ਲੈ ਕੇ ਸਾਡੇ ਸੰਘਰਸ਼ ਕਰਨ ਦੇ ਤਰੀਕਿਆਂ ਅਤੇ ਮਨਸੂਬਿਆਂ ਵਿੱਚ ਜੋ ਪਾੜਾ ਆਇਆ ਹੈ ਇਹ ਕੋਈ ਛੋਟਾ ਨਹੀਂ, ਇਹੀ ਪਾੜੇ ਦੇ ਨਤੀਜੇ ਹਨ ਕਿ ਸਾਡੀ ਸ਼ਬਦਾਵਲੀ ਤੋਂ ਲੈ ਕੇ ਸਾਡੇ ਹੋਰ ਅਮਲਾਂ ਤੀਕ ਕਿਤੇ ਵੀ ਅਸੀਂ ਅਸੀਂ ਨਹੀ ਹਾਂ। ਪੰਗਤ, ਸੰਗਤ, ਅਤੇ ਸੰਘਰਸ਼ ਹਰ ਗੱਲ ਵਿੱਚ ਸੌਖ ਲੱਭਣਾ ਜਾ ਹਰ ਗੱਲ ਸੌਖੇ ਤਰੀਕੇ ਕਰਨ ਨੂੰ ਪਹਿਲ ਦੇਣੀ, ਇਹ ਦਿਨ ਪਰ ਦਿਨ ਵਧ ਫੁਲ ਰਿਹਾ ਹੈ। ਸੌਖ ਅਤੇ ਧਰਮ ਦਾ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੁੰਦਾ, ਇਹ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਸਮਝ ਕੇ ਆਪਣੇ ਅਮਲਾਂ ਦੀ ਤੋਰ ਵੇਖਣੀ ਪਵੇਗੀ।ਪਾਤਸ਼ਾਹ ਤੋਂ ਬਣੀ ਦੂਰੀ ਦਾ ਅਹਿਸਾਸ ਹੋਏ ਬਿਨਾਂ, ਛੋਲਿਆਂ ਨੂੰ ਬਦਾਮ ਕਹਿਣ ਦੀ ਜਾਂਚ ਆਉਣੀ ਸੰਭਵ ਨਹੀਂ। ਉਹ ਵੀ ਸਾਡੇ ਕਿਰਦਾਰ ਹੀ ਸਨ ਜੋ ਪਾਤਸ਼ਾਹ ਦੇ ਇਕ ਬੋਲ ਉੱਤੇ ਹਾਥੀ ਤੱਕ ਨੂੰ ਕਾਬੂ ਕਰਨ ਲਈ ਤੁਰ ਪੈਂਦੇ ਸਨ, ਸ਼ਬਦਾਂ ਤੋਂ ਸੰਘਰਸ਼ ਤੀਕ ਹਰ ਕੰਮ ਵਿੱਚ ਚੜ੍ਹਦੀਕਲਾ ਦੀਆਂ ਲਿਸ਼ਕੋਰਾਂ ਸਨ। ਅਮੀਰ ਚੌਂਕੜਿਆਂ ਦੇ ਮਾਲਕ, ਬਿਨਾਂ ਸੀਸ ਆਪਣੀ ਪੱਤ ਲਈ ਜੂਝਣ ਵਾਲੇ, ਪਾਤਸ਼ਾਹ ਦੇ ਪਿਆਰ ਵਿੱਚ ਸਰਹਿੰਦ ਦੀਆਂ ਇੱਟਾਂ ਖੜਕਾਉਣ ਵਾਲੇ, ਅਕਾਲ ਦੇ ਤਖਤ ਲਈ ਮੁੱਠੀ ਭਰ ਬੰਦੇ ਕਿਵੇਂ ਆਪਣੇ ਕਿਰਦਾਰਾਂ ਦੀਆਂ ਲਿਸ਼ਕੋਰਾਂ ਪਾ ਗਏ? ਇਹ ਗੱਲਾਂ ਦੀ ਮਹਿਕ ਸਾਨੂੰ ਸੌਖ ਵਾਲੇ ਅਮਲਾਂ ਚੋਂ ਨਹੀਂ ਮਿਲ ਸਕਦੀ ਅਤੇ ਮਹਿਕ ਮਿਲੇ ਬਿਨਾਂ ਇਤਿਹਾਸ ਨਹੀਂ ਦੁਹਰਾਏ ਜਾਣੇ। ਸਾਡੀ ਪੰਗਤ ਸਮੇਂ ਦੇ ਵਹਿਣ ਚ ਬੜੀ ਤੇਜੀ ਨਾਲ ਵਹਿ ਰਹੀ ਹੈ, ਸਾਡੀ ਸੰਗਤ ਵੀ ਹੁਣ ਲੱਗਭੱਗ ਕਈ ਸੌਖਾਂ ਚੋਂ ਹੋ ਕੇ ਲੰਘ ਰਹੀ ਹੈ, ਸਾਡੇ ਸ਼ਬਦ ਜੰਗ ਦੇ ਮੈਦਾਨ ਵਿੱਚ ਤਕਰੀਬਨ ਹਾਰ ਚੁੱਕੇ ਸਿਪਾਹੀਆਂ ਦੇ ਚਿਹਰੇ ਵਾਂਙੂ ਹੋ ਗਏ ਹਨ, ਸਾਡਾ ਸੰਘਰਸ਼ ਬਿਨਾਂ ਤਿਆਗ ਦੇ ਜੰਗਾਂ ਵਿੱਚ ਹਾਜਰੀਆਂ ਲਵਾ ਰਿਹਾ ਹੈ। ਬਿਨਾਂ ਸ਼ੱਕ ਇਹ ਅਮਲਾਂ ਦਾ ਅਹਿਸਾਸ ਬੰਦੇ ਨੂੰ ਨਿਰਾਸ਼ਾ ਵੱਲ ਲੈ ਕੇ ਵੀ ਜਾ ਸਕਦਾ ਹੈ, ਪਰ ਉਹ ਸਾਡਾ ਰਾਹ ਨਹੀਂ, ਇਹ ਗੱਲ ਹਰ ਵਕਤ ਸਾਡੇ ਖੋਪੜ ਵਿੱਚ ਗੂੰਜਦੀ ਰਹਿਣੀ ਚਾਹੀਦੀ ਹੈ।
ਸਭ ਕੁਝ ਸਦਾ ਹੀ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ, ਇਹ ਅਟੱਲ ਸਚਾਈ ਹੈ। ਇਹ ਗੱਲ ਇੰਨ ਬਿੰਨ ਸਾਡੇ ਤੇ ਵੀ ਲਾਗੂ ਹੁੰਦੀ ਹੈ, ਅਸੀਂ ਜੋ ਪਾਤਸ਼ਾਹ ਦੇ ਵਕਤ ਸਾਂ, ਉਹ ਹੁਣ ਨਹੀਂ, ਅਤੇ ਜੋ ਹੁਣ ਹਾਂ ਉਹ ਭਵਿੱਖ ਵਿੱਚ ਨਹੀਂ ਹੋਵਾਂਗੇ। ਪਰ ਭਵਿੱਖ ਵਿੱਚ ਹੋਰ ਹੇਠਾਂ ਨੂੰ ਜਾਵਾਂਗੇ ਜਾ ਕੇਸਰੀ ਨਿਸ਼ਾਨ ਵਾਂਙ ਸਾਡੇ ਕਿਰਦਾਰਾਂ ਦੇ ਝੰਡੇ ਅਸਮਾਨੀਂ ਲਹਿਰਾਉਣਗੇ, ਇਸ ਗੱਲ ਦੀ ਪੂਰਾ ਪੂਰਾ ਅਹਿਸਾਸ ਕਰਨਾ ਸਿਰਫ ਸਾਡਾ ਫਰਜ ਹੈ। ਸਿਰਫ ਅਹਿਸਾਸ ਹੀ ਨਹੀਂ ਸਗੋਂ ਚੌਂਕੜੇ ਤੋਂ ਜੰਗ ਦੇ ਮੈਦਾਨਾਂ ਤੀਕ ਹਰ ਰਾਹ ਤੇ ਚੜ੍ਹਦੀਕਲਾ ਦੇ ਨਿਸ਼ਾਨ ਛੱਡਣੇ ਪੈਣਗੇ, ਉਹ ਨਿਸ਼ਾਨ ਜਿਹੜੇ ਪਾਤਸ਼ਾਹ ਦੀ ਬੁੱਕਲ ਦਾ ਨਿੱਘ ਮਾਣ ਕੇ ਸਾਡੇ ਪੁਰਖਿਆਂ ਨੇ ਛੱਡੇ। ਕੌਮਾਂ ਦੀ ਪਰਖ ਸੰਕਟ ਵਕਤ ਹੀ ਹੁੰਦੀ ਹੈ, ਜੇਕਰ ਹੁਣ ਸਾਨੂੰ ਹਰ ਪਾਸੇ ਸੰਕਟ ਦਿਖਾਈ ਦੇ ਰਹੇ ਹਨ ਤਾਂ ਚੜ੍ਹਦੀਕਲਾ ਦੇ ਗੀਤ ਸਾਡੇ ਬੁੱਲ੍ਹਾਂ ਤੇ ਹੋਣੇ ਚਾਹੀਦੇ ਹਨ, ਕਿਉਂਕਿ ਇਹ ਸਾਡੀ ਪਰਖ ਦਾ ਵੇਲਾ ਹੈ। ਇਹ ਗੀਤ ਸੋਚ ਸਮਝ ਕੇ ਨਹੀਂ ਗਾ ਹੋਣੇ , ਇਹ ਤੇ ਆਪ ਮੁਹਾਰੇ ਸਾਡੇ ਅੰਦਰੋਂ ਪੈਦਾ ਹੋਣਗੇ। ਜੇਕਰ ਨਹੀਂ ਹੋ ਰਹੇ ਤਾਂ ਇਬਾਦਤ ਦੀ ਨੀਂਹ ਹਜੇ ਪੱਕੀ ਨਹੀਂ, ਹਜੇ ਇਹਦੇ ਤੇ ਚੜ੍ਹਦੀਕਲਾ ਦਾ ਮਹਿਲ ਨਹੀਂ ਉੱਸਰ ਸਕਦਾ। ਜੇਕਰ ਉਸਰਿਆ ਤਾਂ ਵਕਤੀ ਹੋਵੇਗਾ, ਜੋ ਸਵੈ ਸੰਤੁਸ਼ਟ ਜਰੂਰ ਕਰ ਸਕਦਾ ਹੈ ਪਰ ਸਰਬੱਤ ਦਾ ਭਲਾ ਨਹੀਂ। ਅਸੀਂ ਸਰਬੱਤ ਦੇ ਭਲੇ ਲਈ ਬਣੇ ਹਾਂ, ਆਪਣੇ ਲਈ ਨਹੀਂ। ਸਰਬੱਤ ਦੇ ਫਿਕਰ ਤੋਂ ਆਪਣੇ ਫਿਕਰ ਤੱਕ ਲੰਬਾ ਪੈਂਡਾ ਜੇਕਰ ਤੁਰੇ ਹਾਂ, ਤਾਂ ਵਾਪਸੀ ਲਈ ਲੰਬੇ ਚੌਂਕੜੇ ਸਹਾਈ ਹੋਣਗੇ। ਜੋ ਵਕਤੀ ਲਾਹੇ ਲੈਣ ਦੀ ਬਿਰਤੀ ਨੂੰ ਆਪਾ ਵਾਰ ਦੇਣ ‘ਚ ਤਬਦੀਲ ਕਰਨਗੇ। ਜੋ ਸਾਡੇ ਸ਼ਬਦਾਂ ਤੋਂ ਸੰਘਰਸ਼ ਤੀਕ ਹਰ ਘਾਟ ਨੂੰ ਪੂਰਾ ਕਰਨਗੇ। ਪਹਿਲ ਕਦਮੀ ਚ ਸਾਨੂੰ ਆਪਣੇ ਅਮਲਾਂ ਨੂੰ ਵੇਖਣਾ ਪਵੇਗਾ ਕਿ ਇਹਨਾਂ ਵਿੱਚ ਸਰਬੱਤ ਦੇ ਭਲੇ ਦੀ ਮਹਿਕ ਕਿੰਨੀ ਕੁ ਹੈ, ਵੱਡੇ ਜਿਗਰੇ ਨਾਲ ਦਿਸ ਰਹੀ ਸੱਚਾਈ ਨੂੰ ਕਬੂਲਣਾ ਪਵੇਗਾ।
ਜੇਕਰ ਅਸੀਂ ਆਪਣੇ ਸ਼ਬਦਾਂ ਤੋਂ ਸੰਘਰਸ਼ ਤੀਕ ਦੇ ਅਮਲਾਂ ਉੱਤੇ ਇਮਾਨਦਾਰੀ ਦੀ ਝਾਤ ਪਾਉਣ ਵਿੱਚ ਸਫਲ ਨਹੀਂ ਹੋ ਰਹੇ ਤਾਂ ਸਾਡੀ ਸੇਵਾ ਵਿੱਚ ਹਜੇ ਘਾਟ ਹੈ, ਸਾਡੇ ਚੌਂਕੜੇ ਹਜੇ ਉਸ ਅਮੀਰੀ ਦੇ ਰਾਹ ਨਹੀਂ ਪਏ, ਸਾਡਾ ਤਿਆਗ ਹਜੇ ਵਧਿਆ ਨਹੀਂ, ਸਾਡੀਆਂ ਗੱਲਾਂ ਅਤੇ ਆਚਾਰ ਇੱਕ ਦੂਜੇ ਤੋਂ ਵੱਖਰੀਆਂ ਦਿਸ਼ਾਵਾਂ ਵਿੱਚ ਖਲੋਤੇ ਹਨ ,ਸਾਨੂੰ ਹਜੇ ਬੰਦਗੀ ਦੀ ਖੈਰ ਨਹੀਂ ਮੰਗਣੀ ਆਈ ਅਤੇ ਇਹ ਜਨਮ ਕਿਸ ਦੇ ਲੇਖੇ ਲਾਉਣਾ ਹੈ ਇਹ ਸਵਾਲ ਦਾ ਜਵਾਬ ਸਾਡੇ ਲਈ ਹਜੇ ਧੁੰਦਲਾ ਹੈ। ਇਹ ਵਕਤੀ ਧੁੰਦ ਸਦੀਵੀ ਨਾ ਬਣੇ ਇਹਦੇ ਲਈ ਸਾਨੂੰ ਅਰਦਾਸ ਕਰਨੀ ਪਵੇਗੀ ਅਤੇ ਇਹੀ ਅਰਦਾਸ ਸਾਡੇ ਪੈਰਾਂ ਨੂੰ ਉਹ ਭੁੱਲੇ ਰਾਹ ਉੱਤੇ ਮੁੜ ਲੈ ਕੇ ਜਾਵੇਗੀ। ਫਿਰ ਉਹਨਾਂ ਪੈੜਾਂ ਦੀਆਂ ਮਹਿਕਾਂ ਬਣ ਰਹੇ ਇਤਿਹਾਸ ਨੂੰ ਸੁਨਹਿਰੀ ਕਰਨ ਵਿੱਚ ਸਹਾਈ ਹੋਣਗੀਆਂ। ਫਿਰ ਅੰਦਰ ਬਾਹਰ ਇੱਕੋ ਅਮੀਰੀ ਹੋਵੇਗੀ, ਸਾਡੇ ਅਮਲਾਂ ਦੀਆਂ ਪੈੜਾਂ ਦੇ ਮੂੰਹ ਵੀ ਫਿਰ ਸੁੱਚੇ ਘਰ ਵੱਲ ਨੂੰ ਹੋਣਗੇ। ਸ਼ਬਦਾਂ ਤੋਂ ਸੰਘਰਸ਼ ਤੀਕ ਫਿਰ ਕੇਸਰੀ ਲਹਿਰਾਊਗਾ ਅਤੇ ਆਪਾ ਮੇਟਣ ਦੀਆਂ ਰੀਤਾਂ ਸੁਰਜੀਤ ਹੋਣਗੀਆਂ।
ਮਲਕੀਤ ਸਿੰਘ ਭਵਾਨੀਗੜ੍ਹ
Comments (0)