ਆਖ਼ਰ "ਕੱਖ ਨਾ ਰਹੇ" ਦੀ ਅਰਦਾਸ ਇੰਨ ਬਿੰਨ  ਪ੍ਰਵਾਨ ਹੋਈ

ਆਖ਼ਰ

 "ਜਰਨੈਲੀ ਚੇਤਨਾ" ਨੇ ਹੇਠਲੀ-ਉੱਤੇ ਕੀਤੀ?

 ਵੱਡੇ ਵੱਡੇ ਬੰਦੇ ਵੀ ਜ਼ਮੀਰਾਂ ਦੇ  ਸਾਹਮਣੇ ਹੁਣ ਸ਼ਰਮਸਾਰ ਹਨ 

ਭਾਵੇਂ ਇਸ ਨੂੰ ਸੁਨਾਮੀ ਕਹੋ,ਭਾਵੇਂ ਭੁਚਾਲ ਆਖੋ,ਭਾਵੇਂ ਕਿਆਮਤ,ਭਾਵੇਂ ਕਹਿਰ,ਪਰ ਹੋਈ ਜੱਗੋਂ ਤੇਰਵੀਂ।ਇਸ ਦੀ ਫੋਲਾ ਫਰੋਲੀ ਫੇਰ ਕਦੇ ਕਰਾਂਗੇ। ਪਰ ਅੱਜ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ "ਵਧਾਈ" ਦੇਣੀ ਬਣਦੀ ਹੈ ਕਿਉਂਕਿ ਉਨ੍ਹਾਂ ਦੀ ਅਰਦਾਸ ਅਕਾਲ ਪੁਰਖ ਨੇ ਨੇੜਿਓਂ ਹੋ ਕੇ ਸੁਣੀ ਹੈ। ਬੀਬੀ ਜੀ ਨੇ ਕੁਝ ਚਿਰ ਪਹਿਲਾਂ ਅਰਦਾਸ ਕੀਤੀ ਸੀ  ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਨ੍ਹਾਂ ਦਾ "ਕੱਖ ਨਾ ਰਹੇ" ਅਤੇ ਜਿਹੜੇ ਬੇਅਦਬੀ ਦੇ ਮੁੱਦੇ ਤੇ "ਸਿਆਸਤ ਖੇਡ ਰਹੇ ਹਨ" ਉਨ੍ਹਾਂ ਦਾ ਵੀ ਕੱਖ ਨਾ ਰਹੇ।ਬੀਬੀ ਜੀ ਦੀਆਂ ਦੋਵੇਂ ਅਰਦਾਸਾਂ ਰੱਬ ਦੇ  ਦਰਬਾਰ ਵਿੱਚ ਇੰਨ ਬਿੰਨ ਪ੍ਰਵਾਨ ਹੋਈਆਂ।ਰਬ ਦੇ ਘਰ ਵਿੱਚ ਦੇਰ ਤਾਂ ਹੈ ਪਰ ਅੰਧੇਰ ਨਹੀਂ। 

 

ਸਹੁਰਾ ਸਾਹਿਬ ਦਾ ਵੀ ਬੁੱਢੇ ਵਾਰੇ "ਕੱਖ ਨਹੀਂ ਰਿਹਾ",ਪਤੀ ਦਾ ਵੀ "ਕੱਖ ਨਹੀਂ ਰਿਹਾ",ਭਰਾ ਦਾ ਵੀ "ਕੱਖ ਨਹੀਂ ਰਿਹਾ" ਤੇ ਜਵਾਈ ਦਾ ਵੀ "ਕੱਖ ਨਹੀਂ ਰਿਹਾ"।ਦੂਜੇ  ਸ਼ਬਦਾਂ ਵਿਚ ਰੱਬ ਨੇ ਕੁਝ ਇਸ ਤਰ੍ਹਾਂ ਧੋਬੀ ਪਟਕਾ ਮਾਰਿਆ ਜਾਂ ਇਸ ਤਰ੍ਹਾਂ ਮੂਧੜੇ ਮੂੰਹ ਸੁੱਟਿਆ ਕਿ ਹੁਣ ਸਾਰੀ ਉਮਰ ਉੱਠ ਨਹੀਂ ਸਕਣਗੇ ਅਤੇ ਅਤੇ ਜੇਕਰ ਉੱਠ ਵੀ ਪਏ ਤਾਂ ਰਾਜਨੀਤਕ ਰੂਪ ਵਿੱਚ  ਕੁੱਬੇ ਹੋ ਕੇ ਚੱਲਿਆ ਕਰਨਗੇ।

 ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਸਾਥੀਆਂ ਨੇ ਵੀ ਬੇਅਦਬੀ ਦੇ ਮੁੱਦੇ ਤੇ ਸਿਆਸਤ ਖੇਡੀ ਹੈ, ਉਨ੍ਹਾਂ ਦਾ ਵੀ ਕੱਖ ਨਹੀਂ ਰਿਹਾ।ਗੁਟਕਾ ਸਾਹਮਣੇ ਰਖ ਕੇ ਸਹੁੰ ਖਾਣ ਵਾਲੇ ਦਾ ਵੀ ਬੁਰਾ ਹਸ਼ਰ ਹੋਇਆ। ਹੁਣ ਇਹ ਦੋਵੇਂ ਖਾਲੀ ਡਰੰਮ ਹਨ ਜਿਨ੍ਹਾਂ ਨੂੰ  ਹਰ ਕਿਸੇ ਲਈ ਰੇੜਨਾ ਸੌਖਾ ਹੋਵੇਗਾ। ਅਸਲ ਵਿੱਚ ਜਿਹੜੀ ਅਰਦਾਸ  ਹਰਸਿਮਰਤ ਕੌਰ ਨੇ ਕੀਤੀ,ਉਹ ਅਰਦਾਸ ਕਿਸੇ ਵੱਖਰੀ ਸ਼ਕਲ ਵਿੱਚ ਖ਼ਾਲਸਾ ਪੰਥ ਦੀ ਰੂਹ ਵਿੱਚ ਭਿੱਜੀ ਅਰਦਾਸ ਵੀ ਸੀ। ਅੱਜ ਉਹ ਸਾਰੇ ਲੋਕ ਖੁਸ਼ੀ ਵਿੱਚ ਬਾਵਲੇ ਹੋਏ ਹਨ,ਕਿਉਂਕਿ ਟੱਬਰ ਪਾਲ ਸਿਆਸਤ ਦਾ ਭੋਗ ਪੈ ਗਿਆ ਹੈ।ਅੱਜ ਉਨ੍ਹਾਂ "ਵੱਡੇ ਵੱਡੇ ਬੰਦਿਆਂ"ਨੂੰ ਵੀ ਆਪਣੀ ਜ਼ਮੀਰ ਦੇ ਸਾਹਮਣੇ ਸ਼ਰਮਸਾਰ ਹੋਣਾ ਪੈ ਰਿਹਾ ਹੈ, ਜਿਨ੍ਹਾਂ ਨੇ ਬਾਦਲਾਂ ਦੀ ਹਮਾਇਤ ਲਈ ਪੰਥ ਨੂੰ ਆਵਾਜ਼ ਦਿੱਤੀ।ਪਰ ਪੰਥ ਨੇ ਅਣਸੁਣੀ ਕਰ ਦਿੱਤੀ। ਉਸ "ਉੱਚੀ ਸੁੱਚੀ ਸੰਸਥਾ" ਦਾ ਸੇਵਾਦਾਰ ਅਤੇ ਉਸ ਦੀ "ਦੁਨਿਆਵੀ ਵਿਦਵਤਾ"ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਜੋ ਗਾਹੇ-ਬਗਾਹੇ,ਸਿੱਧੇ-ਅਸਿੱਧੇ ਰੂਪ ਵਿੱਚ ਬਾਦਲਾਂ ਦੇ ਹੱਕ ਵਿੱਚ ਖਲੋਤਾ ਰਿਹਾ।

 ਵੈਸੇ ਇੱਕ ਗੱਲ ਬਹੁਤ ਹੀ ਚੰਗੀ ਹੋਈ। ਜੇ ਆਮ ਆਦਮੀ ਪਾਰਟੀ ਨੂੰ ਏਨੀਆਂ ਸੀਟਾਂ ਨਾ ਮਿਲਦੀਆਂ ਅਤੇ ਬਾਦਲ ਪਰਿਵਾਰ ਵੀ ਜਿੱਤ ਜਾਂਦਾ ਤਾਂ ਅਕਾਲੀ ਦਲ ਦੇ ਖੇਮੇ ਵਿੱਚ ਹੇਠਲੀ ਉੱਤੇ ਨਹੀਂ ਸੀ ਹੋਣੀ; ਕਿਉਂਕਿ ਬਾਦਲਾਂ ਨੇ ਹੋਣ ਹੀ ਨਹੀਂ ਸੀ ਦੇਣੀ। ਆਪਣੇ ਟੱਬਰ ਦੀ ਜਿੱਤ ਉਨ੍ਹਾਂ ਨੇ ਸਾਹਮਣੇ ਰੱਖਣੀ ਸੀ ਅਤੇ "ਕੱਖ ਨਾ ਰਹੇ" ਦੀ ਅਰਦਾਸ ਨੂੰ ਉਨ੍ਹਾਂ ਨੇ ਆਪਣੇ ਹੱਕ ਵਿੱਚ ਭੁਗਤਾ ਲੈਣਾ ਸੀ।ਪਰ ਹੁਣ ਦੋਸਤੋ, ਕੁਝ ਨਾ ਕੁਝ ਉਥਲ ਪੁਥਲ ਜ਼ਰੂਰ  ਹੋਵੇਗੀ।ਇਹ ਉਥਲ ਪੁਥਲ ਕਿਸ ਤਰ੍ਹਾਂ ਦੀ ਹੋਵੇਗੀ,ਇਸ ਬਾਰੇ ਅਜੇ ਕਿਆਸ ਅਰਾਈਆਂ ਹੀ ਲਾਈਆਂ ਜਾ ਸਕਦੀਆਂ ਹਨ।

 ਆਮ ਆਦਮੀ ਪਾਰਟੀ ਦੀ "ਭਿਆਨਕ ਜਿੱਤ" ਉਤੇ ਇਕ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਨੇ ਟਿੱਪਣੀ ਕੀਤੀ ਕਿ ਇਹ "ਪੰਜਾਬੀ ਚੇਤਨਾ ਦੀ ਜ਼ਬਰਦਸਤ ਹਾਰ" ਹੈ। ਦੂਜੇ ਸ਼ਬਦਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਧੁਰ ਅੰਦਰ ਪੰਜਾਬੀ ਚੇਤਨਾ ਦੀ ਰੂਹ ਨਹੀਂ ਹੈ,ਪੰਜਾਬੀ ਚੇਤਨਾ ਦੀ ਖੁਸ਼ਬੂ ਗ਼ੈਰਹਾਜ਼ਰ ਹੈ,ਜਾਂ ਪੰਜਾਬੀ ਚੇਤਨਾ ਦਾ ਪ੍ਰਕਾਸ਼ ਧੁੰਦਲਾ ਹੈ। ਇਹ ਉਹ ਚੇਤਨਾ ਨਹੀਂ ਜਿਸ ਦਾ ਪ੍ਰੋ.ਪੂਰਨ ਸਿੰਘ ਨੇ "ਪੰਜਾਬ ਵਸਦਾ ਗੁਰਾਂ ਦੇ ਨਾਂ ਤੇ" ਕਹਿ ਕੇ ਪੰਜਾਬੀ ਚੇਤਨਾ ਦੀ ਪਰਿਭਾਸ਼ਾ ਦਿੱਤੀ  ਸੀ। ਜਾਂ ਇਉਂ ਕਹਿ ਲਓ ਕਿ ਹੁਣ ਪੰਜਾਬ ਵਿੱਚ ਗ਼ੈਰ ਪੰਜਾਬੀ ਚੇਤਨਾ ਦਾ ਉਦਘਾਟਨ ਹੋ ਗਿਆ ਹੈ? ਕੀ ਪੰਜਾਬ ਦੀ ਧਰਤੀ ਤੇ "ਦਰਦਨਾਕ ਉਦਾਸੀ" ਦਾ ਨਵਾਂ ਸੂਰਜ ਚੜ੍ਹਿਆ ਹੈ?ਆਉਣ ਵਾਲੇ ਦਿਨਾਂ ਵਿੱਚ ਇਸ ਚੜਤਲ ਦੀ ਨਵੀਂ ਨਵੀਂ ਵਿਆਖਿਆ ਹੋਵੇਗੀ। ਉਡੀਕ ਕਰੋ ਅਤੇ ਜਾਗਦੇ ਰਹੋ।  ਇਕ ਹੋਰ ਵਿਦਵਾਨ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਪੰਜਾਬ ਦੀ "ਜਰਨੈਲੀ ਚੇਤਨਾ" ਜਾਂ "ਜਰਨੈਲੀ ਸੁਰਤ" ਦਾ ਨਾਂ ਦਿੱਤਾ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਲੋਕ ਨਾ ਤਾਂ ਜ਼ੁਲਮ ਨੂੰ ਬਰਦਾਸ਼ਤ ਕਰਦੇ ਹਨ ਅਤੇ ਨਾ ਹੀ ਜ਼ੁਲਮ ਕਰਨ ਵਾਲੇ ਨੂੰ ਸਹਿਣ ਕਰਦੇ ਹਨ।ਬਸ ਉਹ ਸਬਕ ਸਿਖਾਉਣ ਦੀ ਉਡੀਕ ਕਰਦੇ ਹਨ। ਅਕਾਲੀ ਦਲ ਨੇ ਲੰਮੇ ਅਰਸੇ ਤੋਂ ਸਿੱਖ ਕੌਮ ਨੂੰ ਆਪਣੀ ਜੇਬ੍ਹ ਵਿੱਚ ਪਾ ਰੱਖਿਆ ਸੀ ਅਤੇ ਮਨ ਮਰਜ਼ੀਆਂ ਕਰ ਰਹੇ ਸਨ ਜਦ ਕਿ ਰਾਜੇ( ਕੈਪਟਨ ਅਮਰਿੰਦਰ ਸਿੰਘ)ਨੇ ਵੀ ਇਹੋ ਕੰਮ ਕੀਤਾ। ਪੰਜਾਬੀਆਂ ਦੀ ਜਰਨੈਲੀ ਚੇਤਨਾ ਨੇ ਇਨ੍ਹਾਂ ਦੋਵਾਂ ਧਿਰਾਂ ਨੂੰ ਸਿਆਸਤ ਦੇ ਪਿੜ ਵਿੱਚੋਂ ਬਾਹਰ ਕੱਢ ਕੇ ਇਕ ਤਰ੍ਹਾਂ ਨਾਲ ਨੇਸਤੋ ਨਾਬੂਦ ਕਰ ਦਿੱਤਾ ਹੈ ਤੇ ਨਵੇਂ ਰਾਜਸੀ ਬਦਲ ਦਾ ਪੈਗ਼ਾਮ ਦਿੱਤਾ ਹੈ।

 

   ਕਰਮਜੀਤ ਸਿੰਘ ਚੰਡੀਗੜ੍ਹ 

          9915091063