ਆਪਣੀ ਜ਼ਿੰਦਗੀ ਨੂੰ ਆਨੰਦਮਈ  ਬਣਾਉ        

ਆਪਣੀ ਜ਼ਿੰਦਗੀ ਨੂੰ ਆਨੰਦਮਈ  ਬਣਾਉ        

ਮਨੋਵਿਗਿਆਨ

ਅਜੋਕੇ ਸਮੇਂ ਵਿੱਚ ਲਗਭਗ ਹਰ ਚਿਹਰਾ ਉਦਾਸ, ਗਮਗੀਨ ਅਤੇ ਚਿੰਤਤ ਦਿਖਾਈ ਦਿੰਦਾ ਹੈ ਕਿਉਂਕਿ ਮਨੁੱਖ ਕਾਹਲ ਨਾਲ ਦੌੜ ਰਿਹਾ ਹੈ, ਕਦੇ ਸਫਲਤਾ ਪਿੱਛੇ ਤੇ ਕਦੇ ਆਪਣੀਆਂ ਲਾਲਸਾਵਾਂ ਪਿੱਛੇ। ਰੁਪਏ-ਪੈਸੇ, ਜ਼ਮੀਨ-ਜਾਇਦਾਦ ਅਤੇ ਹੋਰ ਪਦਾਰਥਵਾਦੀ ਵਸਤਾਂ ਲਈ ਮਨੁੱਖ ਪਾਗਲ ਹੋਇਆ ਫਿਰਦਾ ਹੈ। ਇਨਸਾਨ ਦੇ ਚਰਿੱਤਰ ਦਾ ਭੂਗੋਲ ਹੀ ਵਿਗੜ ਗਿਆ ਹੈ। ਦੂਸ਼ਿਤ ਵਿਚਾਰਾਂ ਨੇ ਜੀਵਨ ਨੂੰ ਇੰਨਾ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਰਿਵਾਇਤਾਂ ਚਰਮਰਾ ਰਹੀਆਂ ਹਨ ਅਤੇ ਆਦਰਸ਼ਾਂ ਦੇ ਮਾਨਕ ਬਦਲਣ ਲੱਗੇ ਹਨ, ਜਿਸ ਕਾਰਨ ਵਰਤਮਾਨ ਤੇ ਭਵਿੱਖ, ਦੋਵੇਂ ਵਿਗੜਦੇ ਜਾ ਰਹੇ ਹਨ। ਮਨੁੱਖ ਦਾ ਸਕੂਨ ਖਤਮ ਹੁੰਦਾ ਜਾ ਰਿਹਾ ਹੈ ਜਿਸ ਨਾਲ ਸਮਾਜ ਦਾ ਵਿਹੜਾ ਹਫੜਾ-ਦਫੜੀ ਦਾ ਸ਼ਿਕਾਰ ਹੋ ਗਿਆ ਹੈ। ਇਸਦੇ ਸਿੱਟੇ ਵਜੋਂ ਲੋਕ ਬੇਚੈਨੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇੱਥੋਂ ਤਕ ਕਿ ਕਈ ਆਪਣਾ ਮਾਨਸਿਕ ਸੰਤੁਲਨ ਹੀ ਗੁਆ ਬੈਠਦੇ ਹਨ। ਕਈ ਲੋਕ ਤਣਾਅ ਕਾਰਨ ਮਾਮੂਲੀ ਪਰੇਸ਼ਾਨ ਰਹਿੰਦੇ ਹਨ ਜਦੋਂ ਕਿ ਕਈ ਇਸ ਸਦਕਾ ਹੁੱਸੜੇ ਨੀਂਦ ਹੀ ਗੁਆ ਬੈਠਦੇ ਹਨ ਅਤੇ ਲਹੂ ਦੇ ਵਧਦੇ ਦਬਾਅ ਦਾ ਰੋਗ ਸਹੇੜ ਲੈਂਦੇ ਹਨ।

ਇਸ ਭੱਜ-ਦੌੜ ਦੀ ਜ਼ਿੰਦਗੀ ਕਾਰਨ ਸੁਖ ਮਿਲਣ ਦੀ ਥਾਂ ਦੁੱਖ ਜ਼ਿਆਦਾ ਮਿਲ ਰਹੇ ਹਨ। ਅਸੀਂ ਜ਼ਿੰਦਗੀ ਦੇ ਅਸਲੀ ਰਸ ਦੇ ਸਵਾਦ ਤੋਂ ਵਾਂਝੇ ਹੋ ਰਹੇ ਹਾਂ। ਮਨੁੱਖ ਤਮਾਮ ਦੁੱਖ-ਤਕਲੀਫਾਂ ਨੂੰ ਆਪਣੇ ਸਿਰ ਲਈ ਬੈਠਾ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜ਼ਿੰਦਗੀ ਵਿੱਚ ਰਚ ਚੁੱਕੇ ਦੁੱਖ ਆਸਾਨੀ ਨਾਲ ਉਸ ਦਾ ਖਹਿੜਾ ਨਹੀਂ ਛੱਡਦੇ, ਜਿਸ ਕਾਰਨ ਉਸ ਦੀ ਮੁਸਕਰਾਹਟ ਕਿਤੇ ਗੁੰਮ ਹੋ ਗਈ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਬਿਹਤਰ ਹੁੰਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ ਅਤੇ ਬਿਹਤਰੀਨ ਉਸ ਵੇਲੇ ਹੁੰਦੀ ਹੈ ਜਦੋਂ ਲੋਕ ਸਾਡੇ ਕਾਰਨ ਖੁਸ਼ ਹੁੰਦੇ ਹਨ। ਜ਼ਿੰਦਗੀ ਵਿੱਚ ਆਏ ਤਮਾਮ ਦੁੱਖਾਂ ਦੀਆਂ ਕੰਡਿਆਲੀਆਂ ਝਾੜੀਆਂ ਤੋਂ ਛੁਟਕਾਰਾ ਪਾਉਣ ਅਤੇ ਜ਼ਿੰਦਗੀ ਨੂੰ ਬਹਾਰਾਂ ਨਾਲ ਗੁਜ਼ਾਰਨ ਦੀ ਇੱਕੋ-ਇੱਕ ਅਨਮੋਲ ਦਵਾਈ ਹੈ ਸਹਿਜਤਾ।ਜੀਵਨ ਦੀ ਮਾਣ-ਮਰਿਆਦਾ ਅਤੇ ਸਿਹਤਮੰਦ ਜੀਵਨ ਲਈ ਸਹਿਜਤਾ ਹਰ ਕਿਸੇ ਲਈ ਬੇਹੱਦ ਜ਼ਰੂਰੀ ਹੈ। ਜੀਵਨ ਵਿੱਚ ਆਏ ਸੰਕਟਾਂ ਵੇਲੇ ਸਹਿਜਤਾ ਹੀ ਵੱਡਾ ਸਹਾਰਾ ਹੁੰਦੀ ਹੈ। ਇਸਦਾ ਪੱਲਾ ਫੜ ਕੇ ਹੀ ਮੁਸੀਬਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸਹਿਜਤਾ ਨਾਲ ਕੀਤੇ ਕੰਮਾਂ ਵਿੱਚੋਂ ਕੇਵਲ ਸਫਲਤਾਵਾਂ ਹੀ ਉਪਜਦੀਆਂ ਹਨ। ਸਹਿਜਤਾ ਕਦੇ ਵੀ ਜ਼ਿੰਦਗੀ ਵਿੱਚ ਕਾਹਲ ਪੈਦਾ ਨਹੀਂ ਹੋਣ ਦਿੰਦੀ। ਕਾਹਲ ਨਾਲ ਚੱਲਣ ਵਾਲੇ ਲੋਕ ਅਕਸਰ ਡਿਗਦੇ-ਢਹਿੰਦੇ ਰਹਿੰਦੇ ਹਨ ਪਰ ਸਹਿਜ ਵਿੱਚ ਰਹਿ ਕੇ ਬਹੁਤੇ ਲੋਕ ਸਮੱਸਿਆਵਾਂ ਦਾ ਹੱਲ ਆਸਾਨੀ ਨਾਲ ਕੱਢ ਲੈਂਦੇ ਹਨ, ਜਿਸਦੇ ਸਿੱਟੇ ਵਜੋਂ ਉਨ੍ਹਾਂ ਦੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ। ਸਹਿਜ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਵਿਅਕਤੀ ਦੀ ਚੇਤਨਾ ਵਿੱਚੋਂ ਸਿਧਾਂਤਾਂ ਦੀ ਉਤਪਤੀ ਹੁੰਦੀ ਹੈ ਅਤੇ ਅਸੀਂ ਜ਼ਿੰਦਗੀ ਦੇ ਹਰ ਪਲ ਦੀ ਇੱਜ਼ਤ ਕਰਨ ਲੱਗਦੇ ਹਾਂ, ਭਾਵੇਂ ਉਹ ਸੁਖ ਭਰੇ ਹੋਣ ਜਾਂ ਦੁੱਖ ਭਰੇ। ਇਸ ਨਾਲ ਜੀਵਨ ਵਿੱਚ ਆਨੰਦ ਦੀ ਨਵੀਂ ਕਿਰਨ ਚਮਕਣ ਲਗਦੀ ਹੈ। ਬਦਕਿਸਮਤੀ ਇਹ ਹੈ ਕਿ ਅਜੋਕੇ ਮਨੁੱਖ ਨੇ ਸਹਿਜਤਾ ਨੂੰ ਆਪਣੇ ਤੋਂ ਕੋਹਾਂ ਦੂਰ ਕਰ ਲਿਆ ਹੈ, ਜਿਸ ਕਾਰਨ ਸਮਾਜ ਬੇਹੂਦੇ ਮੁਕਾਮ ਹਾਸਲ ਕਰਨ ਦੀ ਰਾਹ ਤੇ ਤੁਰ ਪਿਆ ਹੈ। ਵਿਅਕਤੀ ਕੇਵਲ ਜ਼ਿੰਦਗੀ ਬਤੀਤ ਕਰ ਰਹੇ ਹਨ, ਇਸਦਾ ਆਨੰਦ ਨਹੀਂ ਮਾਣ ਰਹੇ। ਸਹਿਜਤਾ ਵਿੱਚ ਰਹਿਣ ਨਾਲ ਚਰਿੱਤਰ ਵਿੱਚ ਨਿਖਾਰ ਆਉਂਦਾ ਹੈ। ਜਿਨ੍ਹਾਂ ਵਿੱਚ ਸਹਿਜਤਾ ਦੀ ਤਪੱਸਿਆ ਹੁੰਦੀ ਹੈ, ਉਹ ਸਦਾ ਸੰਸਾਰ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਸਹਿਜਤਾ ਦੀ ਤੋਰ ਤੁਰਦਿਆਂ ਕਿਸੇ ਨਾਲ ਵੀ ਨਫਰਤ ਦੇ ਬੋਲ ਨਹੀਂ ਬੋਲੇ ਜਾਂਦੇ ਪਰ ਅਜੋਕੇ ਦੌਰ ਦੀ ਜ਼ਿੰਦਗੀ ਵਿੱਚੋਂ ਸਹਿਜਤਾ ਕਿਰਦੀ ਜਾ ਰਹੀ ਹੈ।

ਅੱਜ-ਕੱਲ੍ਹ ਮਨੁੱਖ ਨਿਰਾਸ਼ਾ ਦੀ ਘੁਟਨ ਤੋਂ ਬਹੁਤ ਜ਼ਿਆਦਾ ਪੀੜਿਤ ਹੈ। ਜੋ ਵਿਅਕਤੀ ਇਸ ਘੁਟਨ ਨੂੰ ਸਹਿਣ ਨਹੀਂ ਕਰ ਸਕਦੇ ਉਹ ਅੰਦਰੋਂ-ਅੰਦਰੀਂ ਸੜਦੇ ਰਹਿੰਦੇ ਹਨ। ਇਸ ਤੋਂ ਛੁਟਕਾਰੇ ਦਾ ਸੁੰਦਰ ਉਪਾਅ ਵੀ ਸਹਿਜਤਾ ਅਤੇ ਸਰਲਤਾ ਹੀ ਹੈ। ਜਿਹੜੇ ਇਨਸਾਨ ਨਿਰਾਸ਼ਾ ਦਾ ਪੱਲਾ ਫੜੀ ਰੱਖਦੇ ਹਨ, ਉਹ ਇੱਕ ਦਿਨ ਅਜਿਹੀ ਉਦਾਸੀ ਕਾਰਨ ਹੀ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਹਨ ਅਤੇ ਪਰਿਵਾਰ ਲਈ ਲਾਹਨਤ ਹੀ ਖੱਟਦੇ ਹਨ। ਇਸ ਲਈ ਆਪਣੇ ਆਲੇ-ਦੁਆਲੇ ਦੇ ਲੋਕਾਂ ਪ੍ਰਤੀ ਸਹਿਜਤਾ ਅਤੇ ਸਰਲਤਾ ਦਾ ਵਿਵਹਾਰ ਰੱਖੋ। ਜੋ ਵਿਅਕਤੀ ਸਹਿਜਤਾ ਦੇ ਮਹੱਤਵ ਨੂੰ ਸਮਝ ਜਾਂਦੇ ਹਨ, ਉਨ੍ਹਾਂ ਨੂੰ ਕਦੇ ਵੀ ਘੁਟਨ ਨਹੀਂ ਹੁੰਦੀ।ਜਜ਼ਬਾਤ ਹਰ ਬੰਦੇ ਕੋਲ ਹੁੰਦੇ ਹਨ ਪਰ ਉਨ੍ਹਾਂ ਨੂੰ ਦਰਸਾਉਣ ਦਾ ਤਰੀਕਾ ਹਰ ਕਿਸੇ ਦਾ ਵੱਖੋ-ਵੱਖਰਾ ਹੁੰਦਾ ਹੈ। ਕਈਆਂ ਦਾ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਹੁੰਦਾ ਅਤੇ ਕਈ ਉਨ੍ਹਾਂ ਨੂੰ ਲੁਕਾਉਣਾ ਬਾਖੂਬੀ ਜਾਣਦੇ ਹਨ। ਸਹਿਜਤਾ ਦੀ ਜ਼ਿੰਦਗੀ ਜਿਊਣ ਵਾਲੇ ਬਾਖੂਬੀ ਸਿੱਖ ਜਾਂਦੇ ਹਨ ਕਿ ਕਿਹੜੀ ਗੱਲ ਕਿਸ ਵਕਤ ਕਰਨੀ ਹੈ। ਇਸ ਤਰ੍ਹਾਂ ਉਹ ਵਾਧੂ ਦੀਆਂ ਪ੍ਰੇਸ਼ਾਨੀਆਂ ਤੋਂ ਬਚ ਜਾਂਦੇ ਹਨ। ਸਹਿਜਤਾ ਇੱਕ ਹਾਂ-ਪੱਖੀ ਦ੍ਰਿਸ਼ਟੀਕੋਣ ਹੈ। ਇਸਦੇ ਅਭਿਆਸ ਨਾਲ ਤੁਸੀਂ ਕਿਰਿਆ-ਪ੍ਰਤੀਕਿਰਿਆ ਦੇ ਮਾੜੇ ਚੱਕਰ ਵਿੱਚ ਫਸਣ ਤੋਂ ਬਚੇ ਰਹਿ ਸਕਦੇ ਹੋ। ਅਮਨਪਸੰਦ ਅਤੇ ਭਾਈਚਾਰੇ ਲਈ ਜੀਵਨ ਵਿੱਚ ਸਹਿਜਤਾ ਦਾ ਹੋਣਾ ਬਹੁਤ ਜ਼ਰੁਰੀ ਹੈ। ਇਹ ਸਹਿਜਤਾ ਹੀ ਹੈ ਜੋ ਸਾਨੂੰ ਤਣਾਅ ਅਤੇ ਕ੍ਰੋਧ ਤੋਂ ਬਚਾਉਂਦੀ ਹੈ, ਹੰਕਾਰ ਦੇ ਸ਼ਿਕੰਜੇ ਤੋਂ ਮੁਕਤ ਰੱਖਦੀ ਹੈ।

ਇਨਸਾਨ ਨੂੰ ਜ਼ਿੰਦਗੀ ਸਹਿਜਤਾ ਨਾਲ ਹੀ ਗੁਜ਼ਾਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਿਹਤਮੰਦ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਰਹਿਣ ਨਾਲ ਸਰੀਰ ਵਿੱਚ ਬਲਬੁੱਧੀ ਦਾ ਵਿਕਾਸ ਹੁੰਦਾ ਹੈ, ਮਨ ਪ੍ਰਸੰਨ ਹੁੰਦਾ ਹੈ ਅਤੇ ਸ਼ਾਂਤ ਬਣਿਆ ਰਹਿੰਦਾ ਹੈ। ਸਹਿਜ ਵਿਅਕਤੀ ਦੀ ਆਤਮ-ਸ਼ਕਤੀ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਉਹ ਕਿਸੇ ਵੀ ਸੰਕਟ ਤੋਂ ਨਹੀਂ ਡਰਦਾ। ਉਸ ਦਾ ਜੀਵਨ ਸੁਗੰਧੀਆਂ ਨਾਲ ਭਰ ਜਾਂਦਾ ਹੈ। ਕ੍ਰੋਧ, ਹੰਕਾਰ ਅਤੇ ਕਾਮ ਦੀ ਥਾਂ ਧੀਰਜ, ਖਿਮਾ ਤੇ ਮਰਿਆਦਾ ਬੰਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ, ਜਿਸ ਨਾਲ ਜੀਵਨ ਆਨੰਦ ਅਤੇ ਸੁਗੰਧ ਨਾਲ ਭਰ ਜਾਂਦਾ ਹੈ। ਜੋ ਵਿਅਕਤੀ ਸਹਿਜ-ਰਹਿਤ ਜੀਵਨ ਗੁਜ਼ਾਰਦੇ ਹਨ, ਉਨ੍ਹਾਂ ਦੇ ਸਰੀਰ ਵਿੱਚੋਂ ਸ਼ਕਤੀ ਬਾਹਰ ਹੋ ਜਾਂਦੀ ਹੈ ਅਤੇ ਉਹ ਉਥਲ-ਪੁਥਲ ਵਾਲਾ ਜੀਵਨ ਹੀ ਗੁਜ਼ਾਰਦੇ ਹਨ। ਨਿਰੋਗੀ ਕਾਇਆ ਦਾ ਸੁਪਨਾ ਅਜਿਹੇ ਲੋਕਾਂ ਲਈ ਕੇਵਲ ਸੁਪਨਾ ਹੀ ਬਣ ਕੇ ਰਹਿ ਜਾਂਦਾ ਹੈ।ਸਹਿਜਤਾ ਮਨੁੱਖੀ ਜੀਵਨ ਦਾ ਸ਼ਿੰਗਾਰ ਹੈ। ਇਸ ਲਈ ਆਓ, ਦੁੱਖਾਂ ਨਾਲ ਆਢਾ ਲਾ ਕੇ ਵੀ ਜ਼ਿੰਦਗੀ ਨੂੰ ਸਹਿਜਤਾ ਦੀ ਪਗਡੰਡੀ ਤੇ ਤੋਰਦਿਆਂ, ਬਹਾਰਾਂ ਵਰਗਾ ਜੀਵਨ ਗੁਜ਼ਾਰੀਏ ਅਤੇ ਨਿਰੰਤਰ ਚਿੰਤਨ ਦੁਆਰਾ ਆਪਣੇ ਮਨ ਦੀਆਂ ਸੁੰਦਰ ਪਰਤਾਂ ਵਿੱਚੋਂ ਮਨੋਰੰਜਨ ਦੇ ਸੁਰੀਲੇ ਕਣ ਲੱਭ ਕੇ ਆਪਣੀ ਜ਼ਿੰਦਗੀ ਨੂੰ ਆਨੰਦਮਈ ਬਣਾਈਏ।

 

ਕੈਲਾਸ਼ ਚੰਦਰ ਸ਼ਰਮਾ