ਖਾਲੀ ਹੱਥੀਂ  ਤੁਰ ਗਿਆ ਮਹਾਨ ਸਿਕੰਦਰ

ਖਾਲੀ ਹੱਥੀਂ  ਤੁਰ ਗਿਆ ਮਹਾਨ ਸਿਕੰਦਰ

ਇਤਿਹਾਸ

ਨਵਜੋਤ ਸਿੰਘ

ਰਾਜਾ ਸਿੰਕਦਰ ਦਾ ਨਾਂਅ ਲੈਂਦਿਆਂ ਹੀ ਜ਼ਿਹਨ ਵਿਚ ਦੋ ਦ੍ਰਿਸ਼ ਆ ਵਸਦੇ ਹਨ। ਇਕ ਉਹਦੇ ਵਲੋਂ ਤਾਕਤ ਦੀ ਹਉਮੈ ਨਾਲ ਦੁਨੀਆ ਜਿੱਤਣ ਦਾ ਯਤਨ ਤੇ ਦੂਜਾ ਉਸ ਦੀ ਮੌਤ ਤੋਂ ਬਾਅਦ ਖਾਲੀ ਹੱਥ ਤੁਰ ਜਾਣ ਦਾ। ਪੂਰੀ ਦੁਨੀਆ ਨੂੰ ਸਰ ਕਰਨ ਘਰੋਂ ਨਿਕਲਿਆ ਸਿਕੰਦਰ ਅੰਤਾਂ ਦੇ ਧਨ-ਦੌਲਤ ਦਾ ਮਾਲਕ ਤਾਂ ਬਣ ਗਿਆ ਪਰ ਅੰਤਿਮ ਵਿਦਾਇਗੀ ਵੇਲੇ ਕੱਫਣ ਤੋਂ ਬਾਹਰ ਕੱਢੇ ਖਾਲੀ ਹੱਥ ਅੱਜ ਵੀ ਜ਼ਿੰਦਗੀ ਦੇ ਸਹੀ ਅਰਥ ਦਰਸਾਉਂਦੇ ਨਜ਼ਰ ਆ ਰਹੇ ਹਨ। ਸਿਕੰਦਰ ਯੂਨਾਨੀ ਸਮਰਾਟ ਸੀ, ਜਿਸ ਨੂੰ ਇਕ ਤਰ੍ਹਾਂ ਨਾਲ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਇਦ 'ਮੁਕੱਦਰ ਕਾ ਸਿਕੰਦਰ', 'ਜੋ ਜੀਤਾ ਵਹੀ ਸਿਕੰਦਰ' ਵਾਲੀਆਂ ਇਬਾਰਤਾਂ ਰਾਜਾ ਸਿਕੰਦਰ ਦੀ ਸ਼ਖ਼ਸੀਅਤ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਗਈਆਂ ਹਨ। ਉਹ ਇਕ ਸ਼ਕਤੀਸ਼ਾਲੀ, ਬੇਮਿਸਾਲ ਦਲੇਰ, ਖਾਹਿਸ਼ਵਾਦੀ, ਮਿਹਨਤੀ, ਦ੍ਰਿੜ੍ਹ ਇਰਾਦੇ ਵਾਲਾ, ਬਹਾਦਰ ਯੋਧਾ ਸੀ। ਸਿਕੰਦਰ ਦਾ ਜਨਮ ਜੁਲਾਈ 356 ਈਸਾ ਪੂਰਵ ਪੁਰਾਤਨ ਯੂਨਾਨ ਦੇ ਸ਼ਹਿਰ ਪੇਲਾ ਵਿਚ ਹੋਇਆ। ਸਿਕੰਦਰ ਮਕਦੂਨੀਆ ਦੇ ਰਾਜਾ ਅਲੈਗਜ਼ੈਂਡਰ ਫਿਲਿਪ ਦਾ ਪੁੱਤਰ ਸੀ। ਉਸ ਦੀ ਮਾਤਾ ਦਾ ਨਾਂਅ ਓਲੰਪੀਆ ਸੀ। ਸਿਕੰਦਰ ਦੇ ਜਨਮ ਸਮੇਂ ਨਜੂਮੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਇਕ ਵਿਸ਼ਵ ਪ੍ਰਸਿੱਧ ਹਸਤੀ ਵਜੋਂ ਜਾਣਿਆ ਜਾਵੇਗਾ। ਸਿਕੰਦਰ ਦੇ ਪਿਤਾ ਨੇ ਇਸ ਹੋਣਹਾਰ ਪੁੱਤਰ ਲਈ ਕਈ ਯੋਗ ਅਧਿਆਪਕ ਨਿਯੁਕਤ ਕੀਤੇ ਸਨ, ਜਿਨ੍ਹਾਂ ਤੋਂ ਸਿਕੰਦਰ ਨੇ ਧਰਮ, ਦਰਸ਼ਨ, ਮਾਰਸ਼ਲ ਆਰਟਸ ਦੇ ਹੁਨਰ ਸਿੱਖੇ।ਸਿਕੰਦਰ ਦੇ ਪ੍ਰਮੁੱਖ ਅਧਿਆਪਕ ਪ੍ਰਸਿੱਧ ਦਾਰਸ਼ਨਿਕ ਅਰਸਤੂ ਸਨ ਜਿਨ੍ਹਾਂ ਤੋਂ ਸਿਕੰਦਰ ਨੇ 13 ਤੋਂ 16 ਸਾਲ ਦੀ ਉਮਰ ਵਿਚ ਸਿੱਖਿਆ ਪ੍ਰਾਪਤ ਕੀਤੀ। ਸਿਕੰਦਰ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਅਰਸਤੂ ਦੀ ਭੂਮਿਕਾ ਬਿਨਾਂ ਸ਼ੱਕ ਮਹੱਤਵਪੂਰਨ ਸੀ। ਇਹ ਵੱਖਰੀ ਗੱਲ ਹੈ ਕਿ ਸਿਕੰਦਰ ਬਾਅਦ ਵਿਚ ਆਦਰਸ਼ਾਂ ਤੋਂ ਭਟਕ ਗਿਆ।ਸਿਕੰਦਰ ਦੀਆਂ ਇਨ੍ਹਾਂ ਖੂਬੀਆਂ ਤੋਂ ਬਿਨਾਂ ਉਸ ਦੀ ਘੋੜ ਸਵਾਰੀ ਦੀਆਂ ਵੀ ਧੁੰਮਾਂ ਪਈਆਂ ਹੋਈਆਂ ਸਨ। ਬੇਲਗਾਮ ਹੋਏ ਘੋੜਿਆਂ ਨੂੰ ਉਹ ਅੱਖ ਦੇ ਫੌਰ ਵਿਚ ਹੀ ਕਾਬੂ ਕਰ ਲੈਂਦਾ ਸੀ। ਦੁਨੀਆ 'ਚ ਆਪਣੀ ਤਾਕਤ ਦਿਖਾਉਣ ਲਈ ਸਿਕੰਦਰ ਇਨ੍ਹਾਂ ਘੋੜਿਆਂ ਦੀ ਫ਼ੌਜ ਨਾਲ ਹੀ ਘਰੋਂ ਨਿਕਲਿਆ ਸੀ। ਸਿਕੰਦਰ ਨੇ 20 ਸਾਲ ਦੀ ਉਮਰ ਵਿਚ ਫਰਾਂਸ ਨੂੰ ਜਿੱਤ ਕੇ ਆਪਣੇ ਸਾਮਰਾਜ ਨੂੰ ਚੋਖਾ ਵੱਡਾ ਕਰ ਲਿਆ ਸੀ।ਸਿਕੰਦਰ ਦਾ ਪਿਤਾ ਵੀ ਇਕ ਬਹਾਦਰ ਅਤੇ ਦਲੇਰ ਪ੍ਰਸ਼ਾਸਕ ਸੀ। ਉਸ ਨੇ ਸਿਕੰਦਰ ਦੀ ਮਾਂ ਓਲੰਪੀਆ ਦਾ ਅਪਮਾਨ ਕਰਦਿਆਂ ਅਤੇ ਕਲੀਓਪੈਟਰਾ ਨਾਲ ਵਿਆਹ ਕਰਵਾ ਲਿਆ। ਕਲੀਓਪੈਟਰਾ ਦੇ ਨਸ਼ਾ ਕਰਨ ਵਾਲੇ ਚਾਚੇ ਨੇ ਕਿਹਾ ਸੀ ਕਿ ਅਲੈਗਜ਼ੈਂਡਰ ਤੋਂ ਬਿਨਾਂ ਸਿਰਫ਼ ਕਲੀਓਪੈਟਰਾ ਦਾ ਪੁੱਤਰ ਹੀ ਅਗਲਾ ਵਾਰਿਸ ਹੋਵੇਗਾ। ਇਹ ਜੁਗਤ ਸਿਕੰਦਰ ਦੇ ਰਾਸ ਨਾ ਆਈ ਤੇ ਵਿਰੋਧ ਕਰਨ 'ਤੇ ਉਸ ਦੇ ਪਿਤਾ ਫਿਲਿਪ ਨੇ ਗੁੱਸੇ ਵਿਚ ਆ ਕੇ ਸਿਕੰਦਰ ਉੱਤੇ ਤਲਵਾਰ ਤਾਣ ਦਿੱਤੀ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ, ਉਸ ਦੇ ਪਿਤਾ ਫਿਲਿਪ ਦਾ ਸ਼ੱਕੀ ਹਾਲਾਤ ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਸਿਲਸਿਲੇ ਦੇ ਚਲਦਿਆਂ ਹਾਲਾਤ ਇਹ ਬਣੇ ਕਿ ਆਪਣੇ ਪਿਤਾ ਅਤੇ ਸ਼ਾਸਕ ਰਾਜਾ ਫਿਲਿਪ ਦੀ ਮੌਤ ਤੋਂ ਬਾਅਦ ਸਿਕੰਦਰ ਨੂੰ ਉਸ ਦਾ ਉੱਤਰਾਧਿਕਾਰੀ ਐਲਾਨ ਦਿੱਤਾ ਗਿਆ ਸੀ।

ਜਦੋਂ ਸਿਕੰਦਰ ਸੱਤਾ ਵਿਚ ਆਇਆ ਤਾਂ ਉਸ ਨੇ ਆਪਣੇ ਆਲੇ-ਦੁਆਲੇ ਦੀਆਂ ਵਿਦਰੋਹੀ ਹਾਲਤਾਂ ਨੂੰ ਦੇਖਦਿਆਂ ਆਪਣੇ-ਆਪ ਨੂੰ ਦੁਸ਼ਮਣਾਂ ਦੇ ਵਿਚਕਾਰ ਘਿਰਿਆ ਪਾਇਆ। ਪਹਿਲਾਂ ਤਾਂ ਉਸ ਨੇ ਆਪਣੇ ਧਾੜਵੀ ਰੁਖ਼ ਨਾਲ ਬਾਗ਼ੀਆਂ ਨੂੰ ਦਬਾਇਆ, ਫਿਰ ਫ਼ਾਰਸ ਦੀ ਜਿੱਤ ਦੇ ਚਲਦਿਆਂ ਆਪਣੀ ਰਣਨੀਤੀ ਨੂੰ ਅੱਗੇ ਤੋਰਿਆ। ਉਸ ਨੇ ਫ਼ਾਰਸ ਦੇ ਰਾਜੇ ਡੇਰੀਅਸ ਨੂੰ ਹਰਾਇਆ ਅਤੇ ਇਸ ਖੇਤਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਫ਼ਾਰਸ ਨੂੰ ਜਿੱਤਣ ਵੇਲੇ ਉਸ ਨੇ ਫ਼ਾਰਸ ਦੀ ਫ਼ੌਜ ਉੱਤੇ ਲਗਾਤਾਰ ਤੀਰਾਂ ਦੀ ਬਾਰਿਸ਼ ਕਰਦਿਆਂ ਨਦੀ ਪਾਰ ਕੀਤੀ। ਉਸ ਸਮੇਂ ਉਸ ਕੋਲ 30 ਹਜ਼ਾਰ ਹਥਿਆਰਬੰਦ ਸਿਪਾਹੀ ਅਤੇ 5 ਹਜ਼ਾਰ ਘੋੜ ਸਵਾਰ ਸੈਨਿਕ ਸਨ। ਉਸ ਤੋਂ ਬਾਅਦ ਏਸ਼ੀਆ ਮਾਈਨਰ ਨੂੰ ਜਿੱਤਣ ਦੀ ਇੱਛਾ ਨਾਲ ਉਸ ਨੇ ਰਾਹ 'ਚ ਆਉਂਦੇ ਸ਼ਹਿਰਾਂ ਅਤੇ ਕਿਲ੍ਹਿਆਂ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਬਚਪਨ 'ਚ ਹੋਈ ਭਵਿੱਖਬਾਣੀ ਨੂੰ ਸੱਚ ਬਣਾਉਣ ਲਈ ਆਪਣਾ ਮਨ ਬਣਾਇਆ।ਕਾਫ਼ੀ ਸਮੇਂ ਬਾਅਦ ਸਿਕੰਦਰ ਸਿਡਨਸ ਨਾਂਅ ਦੀ ਨਦੀ ਦੇ ਕਿਨਾਰੇ ਪਹੁੰਚਿਆ। ਉਥੇ ਠੰਢੇ ਪਾਣੀ ਵਿਚ ਦਾਖ਼ਲ ਹੋਣ 'ਤੇ ਉਹ ਬੁਖਾਰ ਨਾਲ ਪੀੜਤ ਹੋ ਗਿਆ। ਇਸੇ ਦੌਰਾਨ ਸਿਕੰਦਰ ਦੀ ਹੱਤਿਆ ਦੀਆਂ ਕਈ ਸਾਜਿਸ਼ਾਂ ਹੋਈਆਂ, ਜਿਨ੍ਹਾਂ ਨੂੰ ਉਹ ਆਪਣੀ ਚੁਕੰਨੀ ਤੇ ਤਿੱਖੀ ਬੁੱਧੀ ਨਾਲ ਤਾਰ-ਤਾਰ ਕਰਦਾ ਰਿਹਾ। ਦਲੇਰ ਸਿਕੰਦਰ ਨੇ ਫਿਰ ਲਗਾਤਾਰ ਜਿੱਤਾਂ ਦੀ ਡਗਰ 'ਤੇ ਤੁਰਦਿਆਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕਈ ਖ਼ੇਤਰਾਂ ਨੂੰ ਸਰ ਕਰ ਕੇ ਉਨ੍ਹਾਂ ਦਾ ਸ਼ਾਸਕ ਬਣਦਾ ਗਿਆ। ਫ਼ਾਰਸ ਨੂੰ ਜਿੱਤਣ ਤੋਂ ਬਾਅਦ ਉਹ ਸੀਰੀਆ ਵੱਲ ਤੁਰ ਪਿਆ। ਮਿਸਰ ਅਤੇ ਸੀਰੀਆ ਦੋਵੇਂ ਸਿਕੰਦਰ ਦੀ ਜਿੱਤ ਦਾ ਨਿਸ਼ਾਨਾ ਸਨ। ਇਨ੍ਹਾਂ ਦੇਸ਼ਾਂ ਨੂੰ ਜਿੱਤਣ ਲਈ ਸਿਕੰਦਰ ਨੂੰ ਸਮਾਂ ਤਾਂ ਵੱਧ ਲੱਗਾ ਪਰ ਉਸ ਦੀ ਤਾਕਤ ਅੱਗੇ ਇਨ੍ਹਾਂ ਦੇਸ਼ਾਂ ਦੇ ਮੁਖੀਆਂ ਨੂੰ ਆਖ਼ਰ ਈਨ ਮੰਨਣ ਲਈ ਮਜਬੂਰ ਹੋਣਾ ਪਿਆ। ਉਸ ਨੇ ਬੇਬੀਲੋਨੀਆ ਅਤੇ ਸੂਸਾ ਨੂੰ ਜਿੱਤ ਲਿਆ। ਸੌਗਡਿਅਨ ਰਾਕ ਦੀ ਜਿੱਤ 'ਤੇ ਉਹ ਰੁਖ਼ਸਾਨਾ ਨਾਂਅ ਦੀ ਸੁੰਦਰੀ ਤੋਂ ਪ੍ਰਭਾਵਿਤ ਹੋਇਆ ਅਤੇ ਉਸ ਨਾਲ ਵਿਆਹ ਕਰਵਾ ਲਿਆ।ਸਿਕੰਦਰ ਦੇ ਮਨ ਵਿਚ ਭਾਰਤ ਦੀ ਬੇਮਿਸਾਲ ਦੌਲਤ ਅਤੇ ਸ਼ਾਨ ਪ੍ਰਤੀ ਖਿੱਚ ਅਤੇ ਲਾਲਚ ਦੀ ਭਾਵਨਾ ਸੀ। ਇਸ ਲਈ, 327 ਬੀ.ਸੀ. ਵਿਚ ਕਾਬੁਲ ਨੂੰ ਜਿੱਤਣ ਤੋਂ ਬਾਅਦ ਉਸ ਨੇ ਭਾਰਤ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ। ਆਪਣੇ ਦੋ ਮੁੱਖ ਜਰਨੈਲਾਂ ਦੀ ਅਗਵਾਈ ਵਿਚ ਫ਼ੌਜ ਨੂੰ ਉਸ ਨੇ ਪੂਰਬ ਵੱਲ ਸਿੰਧ ਨਦੀ ਨੂੰ ਜਿੱਤਣ ਲਈ ਭੇਜਿਆ ਅਤੇ ਖ਼ੁਦ ਕਾਬੁਲ ਦੇ ਉੱਤਰੀ ਪਹਾੜੀ ਰਾਜ ਵੱਲ ਚਲਾ ਗਿਆ। ਆਸਾਮ ਦੇ ਰਾਜ ਉੱਤੇ ਜਿੱਤ ਪ੍ਰਾਪਤ ਕਰਦਿਆਂ, ਉਸ ਨੇ 40 ਹਜ਼ਾਰ ਬੰਦਿਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ 2 ਲੱਖ 30 ਹਜ਼ਾਰ ਬਲਦਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਸ ਨੇ ਹੋਰ ਪਹਾੜੀ ਰਾਜਾਂ ਜਿਵੇਂ ਨਿਸਾ ਅਤੇ ਅਸ਼ਵਾਕਯਾਂ ਨੂੰ ਵੀ ਜਿੱਤਿਆ।ਜਦੋਂ ਉਹ 326 ਬੀ.ਸੀ. ਵਿਚ ਸਿੰਧ ਨਦੀ ਪਾਰ ਕਰਕੇ ਤਕਸ਼ਿਲਾ ਪਹੁੰਚਿਆ ਤਾਂ ਰਾਜਾ ਅੰਭੀ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਬਿਨਾਂ ਮੁਕਾਬਲਾ ਉਸ ਦੀ ਅਧੀਨਗੀ ਨੂੰ ਸਵੀਕਾਰ ਕਰ ਲਿਆ। ਜਦੋਂ ਸਿਕੰਦਰ ਨੇ ਰਾਜਾ ਪੋਰਸ ਦੇ ਰਾਜ ਉੱਤੇ ਹਮਲਾ ਕੀਤਾ ਤਾਂ ਪੋਰਸ ਨੇ ਉਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਪੋਰਸ ਨਾਲ ਦੋਸਤੀ ਦੀ ਸੰਧੀ ਕਰ ਕੇ ਸਿਕੰਦਰ ਨੇ ਗਲੋਗਨੀਕਾਈ ਗਣਰਾਜ ਦੇ 37 ਸ਼ਹਿਰ ਜਿੱਤੇ। ਇਸ ਦੌਰਾਨ ਉਸ ਨੂੰ ਹਿੰਦੂਕੁਸ਼ ਪਰਬਤ ਦੇ ਪੂਰਬ ਵੱਲ ਜਿੱਤੇ ਗਏ ਭਾਰਤੀ ਪ੍ਰਦੇਸ਼ਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਗਿਆ, ਜਿਸ ਨੂੰ ਉਸ ਨੇ ਦਬਾ ਦਿੱਤਾ। ਚਨਾਬ ਨਦੀ ਨੂੰ ਪਾਰ ਕਰਦਿਆਂ ਸਿਕੰਦਰ ਨੇ ਗੈਂਡਰਿਸ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਫਿਰ ਉਸ ਨੇ ਪੋਰਸ ਦੀ ਸਹਾਇਤਾ ਨਾਲ ਰਾਵੀ ਨਦੀ ਪਾਰ ਕੀਤੀ।

ਸਿਕੰਦਰ ਭਾਰਤ ਦੇ ਸਰਹੱਦੀ ਰਾਜਾਂ ਨੂੰ ਕਬਜ਼ੇ 'ਚ ਲੈਣਾ ਚਾਹੁੰਦਾ ਸੀ ਪਰ ਬਿਆਸ ਨਦੀ ਪਾਰ ਕਰਨ ਤੋਂ ਪਹਿਲਾਂ ਉਸ ਨੂੰ ਸੈਨਿਕਾਂ ਦੀ ਵੱਡੀ ਬਗ਼ਾਵਤ ਦਾ ਸਾਹਮਣਾ ਕਰਨਾ ਪਿਆ। ਉਸ ਦੇ ਸਿਪਾਹੀ ਲਗਾਤਾਰ ਲੜਦੇ-ਲੜਦੇ ਬਹੁਤ ਥੱਕ ਗਏ ਸਨ। ਸਿਪਾਹੀਆਂ ਨੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਮਜਬੂਰ ਕੀਤਾ। ਇਸ ਤਰ੍ਹਾਂ ਸਿਕੰਦਰ ਨੇ ਉੱਤਰ-ਪੱਛਮੀ ਭਾਰਤ ਨੂੰ ਆਸਾਨੀ ਨਾਲ ਜਿੱਤ ਲਿਆ ਸੀ ਕਿਉਂਕਿ ਉਸ ਸਮੇਂ ਇਥੇ ਰਾਜਨੀਤਕ ਏਕਤਾ ਦੀ ਬੜੀ ਘਾਟ ਸੀ। ਰਾਜਿਆਂ ਵਿਚ ਆਪਸੀ ਦੁਸ਼ਮਣੀ ਸੀ। ਉੱਤਰ-ਪੱਛਮ ਦੇ ਰਾਜਿਆਂ ਨੇ ਪੂਰਬੀ ਭਾਰਤ ਦੇ ਵਿਸ਼ਾਲ ਨੰਦ ਰਾਜ ਦੇ ਸ਼ਾਸਕ ਦੀ ਮਦਦ ਨਹੀਂ ਕੀਤੀ। ਸਿਕੰਦਰ ਦੀ ਫ਼ੌਜ ਦੇ ਸਾਹਮਣੇ ਭਾਰਤੀ ਫ਼ੌਜ ਕਮਜ਼ੋਰ ਸਾਬਤ ਹੋਈ। ਸਿਕੰਦਰ 19 ਮਹੀਨੇ ਭਾਰਤ ਵਿਚ ਰਿਹਾ। ਉਹ ਤੂਫ਼ਾਨ ਵਾਂਗ ਆਇਆ ਅਤੇ ਤੂਫ਼ਾਨ ਵਾਂਗ ਚਲਿਆ ਗਿਆ।ਫਿਰ ਸਿਕੰਦਰ ਬੇਬੀਲੋਨ ਸ਼ਹਿਰ 'ਚ ਬੁਖ਼ਾਰ ਦੀ ਜਕੜ 'ਚ ਆ ਗਿਆ। ਸਰੀਰਕ ਕਮਜ਼ੋਰੀ ਦੀ ਹਾਲਤ 'ਚ ਸਿਕੰਦਰ ਦੀਆਂ ਅੱਖਾਂ 'ਤੇ ਚੜ੍ਹੀ 'ਮੈਂ ਮੇਰੀ' ਦੀ ਪੱਟੀ ਲੱਥ ਚੁੱਕੀ ਸੀ ਤੇ ਧਨ-ਦੌਲਤਾਂ ਦੇ ਭੰਡਾਰ ਉਸ ਨੂੰ ਡੰਗਦੇ ਨਜ਼ਰ ਆ ਰਹੇ ਸਨ। ਉਸ ਨੂੰ ਸਾਰਾ ਕੁਝ ਬੇਅਰਥ ਹੋਣ ਦਾ ਅਹਿਸਾਸ ਹੋ ਚੁੱਕਾ ਸੀ। ਦੱਸਿਆ ਜਾਂਦਾ ਹੈ ਕਿ ਸਿਕੰਦਰ ਨੇ ਦਮ ਤੋੜਨ ਤੋਂ ਪਹਿਲਾਂ ਇਹ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਹੋਣ ਵਾਲੀ ਅੰਤਿਮ ਯਾਤਰਾ 'ਚ ਉਸ ਦੇ ਹੱਥਾਂ ਨੂੰ ਕੱਫਣ ਤੋਂ ਬਾਹਰ ਰੱਖਿਆ ਜਾਵੇ। ਉਸ ਦੇ ਕਹਿਣ ਦਾ ਮਤਲਬ ਸੀ ਕਿ ਲੋਕ ਜਾਣ ਸਕਣ ਕਿ ਉਹ ਮੌਤ ਤੋਂ ਬਾਅਦ ਕੁਝ ਵੀ ਨਾਲ ਨਹੀਂ ਲੈ ਕੇ ਜਾ ਰਿਹਾ।

 

 

-