ਗੁਰੂ ਗ੍ਰੰਥ ਸਾਹਿਬ  ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਕੇ ਜਾਣ ਬਾਰੇ  ਵਿਧੀ-ਵਿਧਾਨ ਬਣਾਉਣ ਦੀ ਲੋੜ

ਗੁਰੂ ਗ੍ਰੰਥ ਸਾਹਿਬ  ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਕੇ ਜਾਣ ਬਾਰੇ  ਵਿਧੀ-ਵਿਧਾਨ ਬਣਾਉਣ ਦੀ ਲੋੜ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ..

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਸੰਬੰਧੀ ਪਿਛਲੇ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਸਿੱਖ ਰਹਿਤ ਮਰਯਾਦਾ ਵਿਚ ਸ੍ਰੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸੁਖ ਆਸਨ ਕਰਨ ਤੱਕ ਦੀ ਮਰਯਾਦਾ ਦੱਸੀ ਗਈ ਹੈ ਤਾਂ ਕਿ ਹਰ ਇਕ ਸਿੱਖ ਸ਼ਰਧਾ ਅਤੇ ਸਤਿਕਾਰ ਸਹਿਤ ਆਪਣੇ ਇਸ਼ਟ ਦੇ ਦਰਸ਼ਨ ਕਰ ਸਕੇ ਅਤੇ ਰੋਜ਼ਾਨਾ ਜੀਵਨ ਦਾ ਕਾਰ-ਵਿਹਾਰ ਸ਼ੁਰੂ ਕਰਨ ਤੋਂ ਪਹਿਲਾਂ ਅਗਵਾਈ ਪ੍ਰਾਪਤ ਕਰ ਸਕੇ। ਜਿਹੜੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਉਲਟ ਹਨ, ਨਾ ਸਿਰਫ਼ ਉਨ੍ਹਾਂ ਕੰਮਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਜਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਨਾ ਕਰਨ ਦਾ ਆਦੇਸ਼ ਕੀਤਾ ਗਿਆ ਹੈ। ਬਲਕਿ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਗ੍ਰਹਿਣ ਕੀਤਾ ਹੈ, ਉਸ ਨੂੰ ਜੀਵਨ ਵਿਚ ਧਾਰਨ ਕਰਨ ਦਾ ਯਤਨ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਬਾਹਰ ਲੈ ਕੇ ਜਾਣ ਦਾ ਵੀ ਇਕ ਵਿਧੀ-ਵਿਧਾਨ ਹੈ, ਜਿਸ ਦਾ ਮਰਯਾਦਾ ਪੂਰਵਕ ਪਾਲਣ ਕੀਤਾ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਰੱਖਣ ਵਾਲਿਆਂ ਦੇ ਮਨ ਨੂੰ ਉਸ ਸਮੇਂ ਠੇਸ ਪੁੱਜਦੀ ਹੈ ਜਦੋਂ ਬੇਅਦਬੀ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੇ ਆਮ ਲੋਕਾਂ ਦੇ ਮਨ 'ਤੇ ਗਹਿਰਾ ਪ੍ਰਭਾਵ ਪਾਇਆ ਹੈ ਅਤੇ ਉਹ ਸੋਚਣ ਲਈ ਮਜਬੂਰ ਹੋ ਗਏ ਸਨ ਕਿ ਪੰਜਾਬ ਵਿਚ ਅਜਿਹੀ ਘਟਨਾ ਵਾਪਰਨੀ ਮੰਦਭਾਗੀ ਹੀ ਨਹੀਂ ਬਲਕਿ ਇੱਥੋਂ ਦੇ ਲੋਕਾਂ ਵਿਚ ਵਸੇ ਹੋਏ ਸਰਬੱਤ ਦੇ ਸਤਿਕਾਰ ਅਤੇ ਭਲੇ ਵਾਲੇ ਸੱਭਿਆਚਾਰ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ। ਇਸ ਤੋਂ ਬਾਅਦ ਹੋਰਨਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਹੋਈਆਂ ਘਟਨਾਵਾਂ ਨੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਜਿਹੜੀਆਂ ਸਰਕਾਰਾਂ ਦੇ ਰਾਜ ਦੌਰਾਨ ਇਹ ਬੇਅਦਬੀਆਂ ਹੋਈਆਂ ਹਨ, ਉਨ੍ਹਾਂ ਦੀ ਹਾਲਤ ਤੋਂ ਆਮ ਲੋਕ ਭਲੀ-ਭਾਂਤ ਵਾਕਫ਼ ਹਨ।

ਪਿਛਲੇ ਕੁਝ ਦਿਨਾਂ ਤੋਂ ਅਜਨਾਲਾ ਵਿਖੇ ਵਾਪਰੀ ਘਟਨਾ ਨੇ ਸਰਕਾਰਾਂ ਅਤੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਇਸ ਘਟਨਾ ਦੇ ਕੇਂਦਰ ਵਿਚ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਅਜਨਾਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਤਾਂ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ? ਸਮੁੱਚੇ ਦੇਸ਼ ਦੇ ਮੀਡੀਆ ਨੇ ਆਮ ਲੋਕਾਂ 'ਚ ਇਸ ਘਟਨਾ ਦਾ ਅਜਿਹਾ ਪ੍ਰਚਾਰ ਕੀਤਾ ਹੈ ਕਿ ਸਿੱਖਾਂ ਦੁਆਰਾ ਕੋਰੋਨਾ ਦੇ ਸਮੇਂ ਦੌਰਾਨ ਕੀਤੀ ਸੇਵਾ ਅੱਖੋਂ ਓਹਲੇ ਹੋ ਗਈ ਹੈ। ਦੂਜੇ ਪਾਸੇ ਇਸ ਘਟਨਾ ਦੇ ਸਮਰਥਕ ਇਹ ਦਲੀਲ ਦੇ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਓਟ-ਆਸਰਾ ਹੈ। ਜੰਗਾਂ-ਯੁੱਧਾਂ ਸਮੇਂ ਸਿੱਖ ਫ਼ੌਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਨਾਲ ਲੈ ਕੇ ਜਾਂਦੀਆਂ ਸਨ। ਵੱਡੇ ਘੱਲੂਘਾਰੇ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਨੁਕਸਾਨ ਪੁੱਜਾ ਸੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸਿੱਖ ਗੁਰੂ ਤੋਂ ਕਦੇ ਵੀ ਦੂਰ ਨਹੀਂ ਹੋਏ ਅਤੇ ਹਰ ਵੇਲੇ ਉਹ ਗੁਰੂ ਨੂੰ ਆਪਣੇ ਨਾਲ ਰੱਖਦੇ ਸਨ। ਦੂਜੀ ਵਿਸ਼ਵ ਜੰਗ ਮੌਕੇ ਅੰਗਰੇਜ਼ਾਂ ਨੇ ਸਿੱਖ ਸਿਪਾਹੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ-ਛੋਟੇ ਸਰੂਪ ਤਿਆਰ ਕਰਵਾ ਕੇ ਦਿੱਤੇ ਸਨ ਤਾਂ ਕਿ ਸਿੱਖ ਆਪਣੇ ਧਰਮ ਨਾਲ ਜੁੜੇ ਰਹਿਣ।

ਉਕਤ ਸਮੂਹ ਘਟਨਾਵਾਂ ਵਿਸ਼ਲੇਸ਼ਣ ਦੀ ਮੰਗ ਕਰਦੀਆਂ ਹਨ ਕਿ, ਕੀ ਹਮਲਾਵਰ ਹੋਣ ਸਮੇਂ ਯੁੱਧ ਦੇ ਮੈਦਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਨ੍ਹਾਂ ਦੇ ਨਾਲ ਸੀ ਜਾਂ ਜਦੋਂ ਦੁਸ਼ਮਣ ਨੇ ਉਨ੍ਹਾਂ 'ਤੇ ਹਮਲਾ ਕੀਤਾ ਤਾਂ ਉਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਨੁਕਸਾਨ ਪੁੱਜਿਆ ਸੀ? ਜਾਂ ਸਿੱਖ ਫ਼ੌਜਾਂ ਦੁਆਰਾ ਜੰਗ ਦੇ ਮੈਦਾਨ ਵਿਚ ਜਾਣ ਸਮੇਂ ਕਿਹੜੇ ਚਿੰਨ੍ਹ ਉਨ੍ਹਾਂ ਦੇ ਨਾਲ ਹੁੰਦੇ ਹਨ, ਜਿਹੜੇ ਉਨ੍ਹਾਂ ਨੂੰ ਹਰ ਵੇਲੇ ਗੁਰੂ ਨਾਲ ਜੋੜਨ ਅਤੇ ਉਨ੍ਹਾਂ ਦੁਆਰਾ ਦਰਸਾਏ ਮਾਰਗ 'ਤੇ ਲਿਜਾਣ ਲਈ ਪ੍ਰੇਰਿਤ ਕਰਦੇ ਹਨ? ਜਾਂ ਗੁਰਦੁਆਰਾ ਸੁਧਾਰ ਲਹਿਰ ਸਮੇਂ ਲੱਗਣ ਵਾਲੇ ਅਕਾਲੀ ਮੋਰਚਿਆਂ ਅਤੇ ਪੰਜਾਬੀ ਸੂਬੇ ਮੋਰਚੇ ਵੇਲੇ ਸਿੱਖਾਂ ਨੇ ਕਿਸ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪ੍ਰਾਪਤ ਕੀਤੀ ਸੀ? ਹਰ ਇਕ ਘਟਨਾ ਦਾ ਬਿਰਤਾਂਤ ਵਿਸ਼ਲੇਸ਼ਣ ਕਰਨ ਵਾਲੇ ਦੀ ਦ੍ਰਿਸ਼ਟੀ 'ਤੇ ਵੀ ਨਿਰਭਰ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਤਾਂ ਕੋਈ ਵੀ ਇਨਕਾਰੀ ਨਹੀਂ ਹੈ ਪਰ ਜਦੋਂ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਧਰਮ ਦੀ ਵਰਤੋਂ ਹੋਣ ਲੱਗ ਪਵੇ ਤਾਂ ਨਤੀਜੇ ਬਹੁਤੇ ਸਾਰਥਕ ਨਹੀਂ ਨਿਕਲ ਸਕਦੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਓਟ-ਆਸਰਾ ਹਨ ਅਤੇ ਸਿੱਖ ਕਦੇ ਵੀ ਇਸ ਤੋਂ ਦੂਰ ਨਹੀਂ ਜਾ ਸਕਦੇ ਪਰ ਜਦੋਂ ਧਰਮ ਗ੍ਰੰਥ ਨਾਲ ਜੁੜੀਆਂ ਹੋਈਆਂ ਘਟਨਾਵਾਂ ਨੂੰ ਇਸ ਤਰ੍ਹਾਂ ਮੀਡੀਆ ਵਿਚ ਦੇਖਿਆ ਜਾਂਦਾ ਹੈ ਤਾਂ ਹਰ ਸਿੱਖ ਦਾ ਹਿਰਦਾ ਦੁਖੀ ਹੁੰਦਾ ਹੈ। ਸਿੱਖਾਂ ਦੇ ਸਰਕਾਰ ਨਾਲ ਮੋਰਚੇ ਲੱਗੇ ਰਹਿੰਦੇ ਹਨ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ ਸਮੇਂ ਵੀ ਮੁੱਖ ਸਟੇਜ ਅਤੇ ਸਰਕਾਰ ਦੀਆਂ ਰੋਕਾਂ ਦੇ ਵਿਚਕਾਰ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਹੋਏ ਮੋਰਚੇ ਵਿਖੇ ਵੀ ਸਿੱਖਾਂ ਨੇ ਆਪਣੇ ਧਰਮ ਗ੍ਰੰਥ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਿੱਖਾਂ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਅਤੇ ਚੜ੍ਹਦੀਕਲਾ ਵਿਚ ਰਹਿਣ ਦੀ ਭਾਵਨਾ ਪੈਦਾ ਕਰਦਾ ਹੈ। ਸੰਕਟ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿਆਸੀ ਬਿਆਨਬਾਜ਼ੀ ਆਰੰਭ ਹੋ ਜਾਂਦੀ ਹੈ ਅਤੇ ਇਸ ਗੱਲ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਕਿ ਦਿੱਤੇ ਜਾਣ ਵਾਲੇ ਬਿਆਨ ਧਰਮ ਗ੍ਰੰਥ ਦੀ ਭਾਵਨਾ ਨਾਲ ਮੇਲ ਨਹੀਂ ਖਾਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਜੀ ਜਾਂ ਸਿਆਸੀ ਮਨੋਰਥਾਂ ਲਈ ਵਰਤੇ ਜਾਣ ਤੋਂ ਦੂਰ ਰੱਖਣਾ ਅਤੇ ਇਸ ਦੀ ਸ਼ਰਨ ਵਿਚ ਆ ਕੇ ਬਿਨਾਂ ਭੇਦ-ਭਾਵ ਤੋਂ ਗੁਰਮੁਖਾਂ ਵਾਂਗ ਵਿਚਾਰ ਕਰਨੀ ਹੀ ਇਸ ਦਾ ਸਭ ਤੋਂ ਵੱਡਾ ਸਤਿਕਾਰ ਹੈ:

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥

(ਅੰਗ :1185)

 

ਡਾਕਟਰ ਪਰਮਵੀਰ ਸਿੰਘ

-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ