ਪਰਾਈ ਧਰਤੀ ’ਤੇ ਬੇਗਾਨੇ ਹੋਣ ਦਾ ਅਹਿਸਾਸ

ਪਰਾਈ ਧਰਤੀ ’ਤੇ ਬੇਗਾਨੇ ਹੋਣ ਦਾ ਅਹਿਸਾਸ

ਆਪਣੀ ਉਮਰ ਦੇ ਪੰਜ-ਛੇ ਦਹਾਕੇ ਪੰਜਾਬ ਵਿਚ ਗੁਜ਼ਾਰਨ ਤੋਂ ਬਾਅਦ

ਆਪਣੀ ਉਮਰ ਦੇ ਪੰਜ-ਛੇ ਦਹਾਕੇ ਪੰਜਾਬ ਵਿਚ ਗੁਜ਼ਾਰਨ ਤੋਂ ਬਾਅਦ ਜਦ ਮਾਪਿਆਂ ਨੂੰ ਵਿਦੇਸ਼ਾਂ ਵਿਚ ਪੀਆਰ ਹੋ ਗਏ ਬੱਚਿਆਂ ਕੋਲ ਜਾ ਕੇ ਰਹਿਣਾ ਪੈਂਦਾ ਹੈ ਤਾਂ ਪਰਾਈ ਧਰਤੀ ਤੇ ਬੇਗਾਨਗੀ ਦਾ ਅਹਿਸਾਸ ਜੰਮਣ ਭੋਇੰ ਨਾਲ ਰਿਸ਼ਤੇ ਦੀ ਗਵਾਹੀ ਭਰਦਾ ਹੈ। ਕਾਰਨ ਆਰਥਿਕ ਹੋ ਸਕਦੇ ਹਨ ਤੇ ਸਮਾਜਿਕ ਵੀ ਪਰ ਇਸ ਬੇਗਾਨਗੀ ਦੀ ਵਿਆਪਕਤਾ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।ਕੁਝ ਉਦਾਹਰਣਾਂ ਨਾਲ ਗੱਲ ਦੀ ਪ੍ਰੋੜ੍ਹਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਯੂਨੀਵਰਸਿਟੀ ਤੋਂ ਉਪ-ਕੁਲਪਤੀ ਸੇਵਾ ਮੁਕਤ ਹੋਇਆ ਬਾਪ ਆਪਣੇ ਕੈਨੇਡਾ ਰਹਿੰਦੇ ਪੁੱਤ ਕੋਲ ਗਿਆ। ਪੁੱਤਰ ਨੇ ਕਿਹਾ, “ਪਾਪਾ! ਜਿੰਨੀ ਕੁ ਪੈਨਸ਼ਨ ਤੁਹਾਨੂੰ ਮਿਲਦੀ ਹੈ ਇਸ ਨਾਲ ਇੱਥੇ ਤੁਹਾਡਾ ਵਧੀਆ ਗੁਜ਼ਾਰਾ ਹੋ ਜਾਣਾ। ਤੁਸੀਂ ਵਾਪਸ ਜਾ ਕੇ ਕੀ ਕਰਨਾ?” ਪਿਉ ਨੇ ਸੁਣਿਆ, ਵਿਚਾਰਿਆ ਤੇ ਠਰੰਮੇ ਨਾਲ ਜਵਾਬ ਦਿੱਤਾ, “ਪੁੱਤਰ, ਜਿਸ ਪੈਨਸ਼ਨ ਨਾਲ ਮੇਰਾ ਇੱਥੇ ਗੁਜ਼ਾਰਾ ਹੋਣਾ, ਉਸ ਨਾਲ ਮੇਰੀ ਉੱਥੇ ਪੰਜਾਬ ਵਿਚ ਬਾਦਸ਼ਾਹਤ ਹੈ। ਮੈਂ ਆਪਣੇ ਦੇਸ਼ ਦੀ ਬਾਦਸ਼ਾਹਤ ਛੱਡ ਕੇ ਤੇਰੇ ਸਹੇੜੇ ਦੇਸ਼ ਵਿਚ ਗੁਜ਼ਾਰਾ ਕਰਨ ਕਿਉਂ ਆਵਾਂ?”

ਪੁੱਤਰ ਕੋਲ ਇਸ ਗੱਲ ਦਾ ਜਵਾਬ ਕੋਈ ਨਹੀਂ ਪਰ ਮਾਪਿਆਂ ਕੋਲ ਅਜੇ ਸਵਾਲ ਬਹੁਤ ਹਨ। ਚਾਰ ਦਹਾਕੇ ਪਹਿਲਾਂ ਕੈਨੇਡਾ ਆਏ ਲੋਕਾਂ ਦੀ ਅਗਲੀ ਪੀੜ੍ਹੀ ਕੋਲ ਧਨ-ਦੌਲਤ ਬਹੁਤ ਹੈ। ਜੇਕਰ ਉਨ੍ਹਾਂ ਨੂੰ ਕੋਈ ਮਾੜੀ ਲਤ ਨਹੀਂ ਹੈ ਤਾਂ ਸੁਖੀ ਜੀਵਨ ਵੀ ਬਿਤਾ ਰਹੇ ਹਨ ਪਰ ਚਾਰ ਦਹਾਕੇ ਪਹਿਲਾਂ ਆਏ ਮਾਪਿਆਂ ਕੋਲ ਪਿੰਡ ਵਾਲੀ ਬਹੁ-ਮੰਜ਼ਿਲੀ ਕੋਠੀ ਦਾ ਝੋਰਾ ਹੈ। ਖੰਡਰ ਹੋ ਰਹੀ ਕੋਠੀ ਦੇ ਮੱਥੇ ਤੇ ਸੇਲ ਦਾ ਫੱਟਾ ਲਟਕਦਾ ਹੈ। ਉਸ ਕੋਠੀ ਦੇ ਮਾਲਕ ਇੱਥੇ ਕੈਨੇਡਾ ਵਿਚ ਖੰਡਰ ਹੋ ਰਹੀ ਦੇਹ ਦਾ ਸੰਤਾਪ ਭੋਗ ਰਿਹਾ ਹੈ। ਸਾਡਾ ਇਕ ਦੋਸਤ ਪਤਨੀ ਸਮੇਤ ਆਸਟ੍ਰੇਲੀਆ ਪੀਆਰ ਹੋ ਗਏ ਬੇਟੇ ਕੋਲ ਗਿਆ।ਕੁਝ ਮਹੀਨੇ ਤਾਂ ਸੁੱਖੀਂ-ਸਾਂਦੀ ਬੀਤ ਗਏ। ਫਿਰ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਵਾਪਸ ਪੰਜਾਬ ਭੇਜ ਦੇ ਪਰ ਬੇਟੇ ਨੇ ਕਹਿਣਾ ਕਿ ਤੁਸੀਂ ਉੱਥੇ ਜਾ ਕੇ ਕੀ ਕਰਨਾ? ਪਰ ਮਾਪਿਆਂ ਦੀ ਜ਼ਿੱਦ ਅੱਗੇ ਬੇਟਾ ਹਾਰ ਗਿਆ ਤੇ ਸਾਡਾ ਦੋਸਤ ਵਾਪਸ ਪੰਜਾਬ ਆ ਗਿਆ। ਮੈਨੂੰ ਯਾਦ ਹੈ ਕਿ ਜਿਸ ਦਿਨ ਬੇਟੇ ਨੇ ਆਸਟ੍ਰੇਲੀਆ ਵਿਚੋਂ ਫੋਨ ਕਰ ਕੇ ਆਪਣੇ ਬਾਪ ਨਾਲ ਪੀਆਰ ਮਿਲਣ ਦੀ ਖ਼ਬਰ ਸਾਂਝੀ ਕੀਤੀ ਸੀ, ਉਦੋਂ ਭਾਰਤ ਵਿਚ ਅਜੇ ਦਿਨ ਚੜਿ੍ਹਆ ਸੀ। ਪਿਓ ਨੇ ਪਟਿਆਲਾ ਪੈੱਗ ਨੂੰ ਦੋ ਨਾਲ ਗੁਣਾ ਕਰ ਕੇ ਇਕੋ ਵਾਰ ਅੰਦਰ ਸੁੱਟ ਲਿਆ ਸੀ। ਚਾਅ ਦਾ ਇਹ ਛਿਣ ਹੁਣ ਪੁਰਾਣੀ ਗੱਲ ਹੋ ਗਈ ਹੈ। ਹੁਣ ਮਾਪੇ ਉਸ ਪੀਆਰ ਪੁੱਤ ਕੋਲ ਕੁਝ ਮਹੀਨੇ ਰਹਿ ਕੇ ਵਾਪਸ ਪਰਤੇ ਹਨ। ਇੱਥੇ ਰਹਿੰਦੀ ਬੇਟੀ ਮਿਲਣ ਆਈ ਤਾਂ ਮਾਂ-ਪਿਉ ਦੀਆਂ ਧੁਆਂਖੀਆਂ ਸ਼ਕਲਾਂ ਵੇਖ ਫ਼ਿਕਰ ਜ਼ਾਹਰ ਕਰਦਾ ਸਵਾਲ ਕੀਤਾ। ਪਿਉ ਨੇ ਕਿਹਾ ਕਿ ਸਾਡੀਆਂ ਸ਼ਕਲਾਂ ਦਾ ਫ਼ਿਕਰ ਨਾ ਕਰ ਤੂੰ। ਇਹ ਲੈ ਸਾਡੇ ਪਾਸਪੋਰਟ। ਇਨ੍ਹਾਂ ਨੂੰ ਪਾੜ ਦੇ ਜਾਂ ਅੱਗ ਵਿਚ ਸਾੜ ਦੇ। ਅਸੀਂ ਦੁਬਾਰਾ ਆਸਟ੍ਰੇਲੀਆ ਨਹੀਂ ਜਾਣਾ। ਸ਼ਕਲਾਂ ਸਾਡੀਆਂ ਆਪੇ ਠੀਕ ਹੋ ਜਾਣੀਆਂ।

ਗੱਲ ਕੱਲੇ ਕੈਨੇਡਾ ਦੀ ਨਹੀਂ ਹੈ। ਗੱਲ ਤਾਂ ਵਿਦਿਆਰਥੀ ਵੀਜ਼ੇ ਤੇ ਪ੍ਰਦੇਸ਼ ਗਏ ਬੱਚਿਆਂ ਦੀ ਹੈ। ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਦੁਨੀਆ ਦੇ ਕੁਝ ਹੋਰ ਦੇਸ਼ ਵੀ ਹਨ ਜਿੱਥੇ ਭਾਰਤੀ ਵਿਦਿਆਰਥੀ ਗਏ ਹਨ। ਯੂਕਰੇਨ-ਰੂਸ ਜੰਗ ਨੇ ਤਾਂ ਦੱਸ ਦਿੱਤਾ ਹੈ ਕਿ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿਚ ਭਾਰਤੀ ਵਿਦਿਆਰਥੀ ਰਹਿ ਰਹੇ ਹਨ।ਇਹ ਗੱਲ ਵੱਖਰੀ ਹੈ ਕਿ ਉਹ ਦੇਸ਼ ਪੱਕੀ ਰਿਹਾਇਸ਼ ਦੀ ਆਗਿਆ ਦਿੰਦਾ ਸਰਟੀਫਿਕੇਟ ਨਹੀਂ ਦਿੰਦੇ। ਸਮੱਸਿਆ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦ ਪੀਆਰ ਪ੍ਰਾਪਤ ਕਰ ਲੈਣ ਤੋਂ ਬਾਅਦ ਬੱਚੇ ਮਾਪਿਆਂ ਨੂੰ ਆਪਣੇ ਕੋਲ ਬੁਲਾਉਂਦੇ ਹਨ। ਆਸਟ੍ਰੇਲੀਆ ਵਿਚ ਆਪਣੇ ਬੇਟੇ ਕੋਲ ਗਏ ਸਾਡੇ ਮਿੱਤਰ ਦੀ ਕਹਾਣੀ ਤੁਸਾਂ ਪੜ੍ਹ ਲਈ ਹੈ। ਮੇਰੇ ਪੁੱਛਣ ਤੇ ਕਹਿਣ ਲੱਗਾ, ‘‘ਨਾ ਉੱਥੇ ਕੋਈ ਪੈਲੀ-ਬੰਨਾ, ਨਾ ਕੋਈ ਗਲ਼ੀ-ਗਵਾਂਢ ਜਿੱਥੇ ਤੁਰੇ ਜਾਂਦਿਆਂ ਨੂੰ ਤੁਹਾਨੂੰ ਕੋਈ ਵਾਜ ਮਾਰ ਬੁਲਾ ਲਵੇ। ਘਰੋਂ ਬਾਹਰ ਨਿਕਲੋ ਤਾਂ ਤੁਹਾਡੀ ਬੋਲੀ ਵਿਚ ਗੱਲ ਕਰਨ ਵਾਲਾ ਵੀ ਤੁਹਾਨੂੰ ਕੋਈ ਨਾ ਮਿਲੇ। ਨਾ ਕੋਈ ਯਾਰ-ਬੇਲੀ, ਨਾ ਰਿਸ਼ਤੇਦਾਰ, ਨਾ ਦੁਸ਼ਮਣ ਕੋਈ। ਕੀ ਕਰਨਾ ਓਥੇ ਰਹਿ ਕੇ?’’ ਪਾਰਕ ਵਿਚ ਤੁਰੇ ਜਾ ਰਹੇ ਸੱਜਣ ਨੂੰ ਕਾਹਲੇ ਕਦਮੀਂ ਤੁਰ ਮਿਲਿਆ ਤਾਂ ਗੱਲਾਂ ਚੱਲ ਪਈਆਂ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਪੁੱਛਿਆ, ‘‘ਦਿਲ ਲੱਗਾ ਇੱਥੇ?’’ ਮੇਰੇ ਵੱਲ ਉਸ ਨੇ ਗ਼ੌਰ ਨਾਲ ਵੇਖਿਆ ਤੇ ਕਹਿਣ ਲੱਗਾ, ‘‘ਥੋੜ੍ਹੇ ਸਮੇਂ ਲਈ ਆਓ ਤਾਂ ਠੀਕ ਹੈ।ਫਿਰ ਭੈਣ ਦੇ ਘਰ ਭਾਈ ਤੇ ਸਹੁਰੇ ਘਰ ਜਵਾਈ ਵਾਲੀ ਫੀਲਿੰਗ ਆਉਣ ਲੱਗਦੀ ਹੈ।’’ ਥੋੜ੍ਹੀ ਦੇਰ ਚੁੱਪ ਰਿਹਾ। ਸ਼ਾਇਦ ਅਗਲੇ ਵਾਕ ਲਈ ਸ਼ਬਦਾਂ ਦਾ ਜੁਗਾੜ ਕਰ ਰਿਹਾ ਹੋਵੇ। ਕਹਿਣ ਲੱਗਾ, ‘‘ਕੈਨੇਡਾ ਉਦਾਸ ਮੁਲਕ ਹੈ। ਘਰਾਂ ਮੂਹਰੇ ਬੰਦੇ ਨਹੀਂ ਓਦਰੀਆਂ ਜਿਹੀਆਂ ਕਾਰਾਂ ਦਿਸਦੀਆਂ ਹਨ। ਕਿਸੇ ਘਰੋਂ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਆਉਂਦੀ, ਕਿਸੇ ਬਜ਼ੁਰਗ ਦੇ ਖੰਘਣ ਦੀ ਆਵਾਜ਼ ਨਹੀਂ ਆਉਂਦੀ। ਜ਼ਿੰਦਗੀ ਧੜਕਦੀ ਹੈ ਪਰ ਕਿਤੇ, ਨਜ਼ਰ ਨਹੀਂ ਆਉਂਦੀ।’’ ਮੈਂ ਹੈਰਾਨ ਹੁੰਦਾ ਹਾਂ ਕਿ ਪ੍ਰਦੇਸ਼ ਵਿਚ ਸਾਡੇ ਬੱਚਿਆਂ ਦੁਆਰਾ ਬਣਾਏ, ਖ਼ਰੀਦੇ ਘਰ ਸਾਨੂੰ ਆਪਣੇ ਕਿਉਂ ਨਹੀਂ ਲੱਗਦੇ?

ਪੰਜਾਬ ਵਿਚ ਬਣਾਏ ਸਾਡੇ ਘਰ ਸਾਡੇ ਮੋਢਿਆਂ ਤੋਂ ਕਿਉਂ ਨਹੀਂ ਲਹਿੰਦੇ? ਆਪਣੇ ਘਰ ਦੀ ਕੀ ਪਰਿਭਾਸ਼ਾ ਹੈ? ਉਹ ਕਿਹੜਾ ਅਹਿਸਾਸ ਹੈ ਜੋ ਘਰ ਨੂੰ ਘਰ ਬਣਾਉਂਦਾ ਹੈ? ਅਸੀਂ ਘਰ ਦੇ ਅਹਿਸਾਸ ਵਿਚ ਭਿੱਜੇ ਘਰ ਦੇ ਬੂਹੇ ਤੇ ਜਿੰਦਰਾ ਲਟਕਾ ਕੇ ਜਹਾਜ਼ ਵਿਚ ਸਵਾਰ ਹੋਣ ਦਾ ਹੀਆ ਕਿੰਜ ਕਰ ਲੈਂਦੇ ਹਾਂ? ਸਵਾਲ ਬੜੇ ਹਨ। ਕਿਸੇ ਜਾਣਕਾਰ ਔਰਤ ਨੇ ਦੱਸਿਆ ਕਿ ਕਰੋੜ ਰੁਪਈਆ ਲਾ ਕੇ ਕੋਠੀ ਪਾਈ ਸੀ। ਹੁਣ ਉਸ ਦੀ ਸਾਂਭ-ਸੰਭਾਲ ਲਈ ਮਹੀਨੇ ਦਾ ਵੀਹ ਹਜ਼ਾਰ ਰੁਪਈਆ ਖ਼ਰਚ ਰਹੇ ਹਾਂ।ਵਾਪਸ ਜਾ ਕੇ ਉਸ ਕੋਠੀ ਵਿਚ ਵਸਣਾ ਵੀ ਹੈ ਜਾਂ ਨਹੀਂ, ਕੁਝ ਪਤਾ ਨਹੀਂ। ਬਹੁਤ ਸਾਰੇ ਮਾਪਿਆਂ ਨਾਲ ਗੱਲ ਕਰ ਕੇ ਪਤਾ ਲੱਗਾ ਹੈ ਕਿ ਮਾਪੇ ਬੱਚਿਆਂ ਕੋਲ ਪ੍ਰਾਹੁਣਿਆਂ ਵਾਂਗ ਆਉਣਾ ਚਾਹੁੰਦੇ ਹਨ। ਉਹ ਪੰਜਾਬ ਵਿਚ ਵਧੀਆ ਜ਼ਿੰਦਗੀ ਬਿਤਾ ਰਹੇ ਹਨ। ਉਸ ਜ਼ਿੰਦਗੀ ਅਤੇ ਪੰਜਾਬ ਨੂੰ ਤਿਆਗ ਕੇ ਕੈਨੇਡਾ ਦਾ ਵਸਨੀਕ ਬਣਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ। ਇਹ ਇਕ ਸਮਝੌਤਾ ਜਾਂ ਕਹਿ ਲਵੋ ਕਿ ਫ਼ੈਸਲਾ ਹੈ ਮਾਪਿਆਂ ਦਾ। ਇਸ ਫ਼ੈਸਲੇ ਤੋਂ ਵੱਖਰਾ ਕੋਈ ਵੀ ਬਦਲ ਉਨ੍ਹਾਂ ਦੀ ਅੱਖ ਵਿਚ ਰੜਕਣਾ ਹੀ ਰੜਕਣਾ ਹੈ।

 

ਮਲਵਿੰਦਰ