ਮਾਨਸਿਕ ਸੰਤਾਪ ਕਾਰਣ ਪੰਜਾਬ ਤੋਂ ਕੈਨੇਡਾ ਵਿਚ ਨਵੇਂ ਗਏ ਮੁੰਡਿਆਂ ਦੀਆਂ ਹੋ ਰਹੀਆਂ ਨੇ ਮੌਤਾਂ

ਮਾਨਸਿਕ ਸੰਤਾਪ ਕਾਰਣ ਪੰਜਾਬ ਤੋਂ ਕੈਨੇਡਾ ਵਿਚ ਨਵੇਂ ਗਏ ਮੁੰਡਿਆਂ ਦੀਆਂ ਹੋ ਰਹੀਆਂ ਨੇ ਮੌਤਾਂ

ਕੈਨੇਡਾ ਤੋਂ ਨਿੱਤ ਆ ਰਹੀਆਂ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਬੇਹੱਦ ਮੰਦਭਾਗੀਆਂ ਅਤੇ ਚਿੰਤਾ ਕਰਨ ਵਾਲੀਆਂ ਹਨ।

ਆਪਾਂ ਰੋਜ਼ ਇਕ ਜਾਂ ਦੋ ਨੌਜਵਾਨਾਂ ਦੀ ਕੈਨੇਡਾ ’ਚ ਹੋਈ ਹਾਰਟ ਅਟੈਕ ਨਾਲ ਮੌਤ ਦੀਆਂ ਖ਼ਬਰਾਂ ਪੜ੍ਹਦੇ ਹਾਂ। ਕੀ ਇਹ ਹਾਰਟ ਅਟੈਕ ਹੈ ਜਾਂ ਕੋਈ ਹੋਰ ਕਾਰਨ ਹੈ? ਕੋਈ ਹੋਰ ਕਾਰਨ ਘੋਖਣ ਤੋਂ ਪਹਿਲਾਂ ਇਸ ਨੂੰ ਦਿਲ ਦਾ ਦੌਰਾ ਮੰਨ ਕੇ ਇਨ੍ਹਾਂ ਦੀ ਜਾਂਚ ਕਰੀਏ ਤਾਂ ਕਾਰਨ ਸਾਫ਼ ਹੈ, ਮਾਨਸਿਕ ਤਣਾਅ। ਸਾਰੀ ਦੁਨੀਆ ਵਿਚ ਦਿਲ ਦੇ ਦੌਰੇ ਦੇ ਕਾਰਨਾਂ ਵਿਚ ਜਿੱਥੇ ਨਾੜੀਆਂ ਦੇ ਬਲੌਕ ਹੋਣ, ਖ਼ੂਨ ਗਾੜ੍ਹਾ ਹੋਣ ਅਤੇ ਬਲੱਡ ਪ੍ਰੈਸ਼ਰ ਵਧਣ ਨੂੰ ਪ੍ਰਮੁੱਖ ਸਮਝਿਆ ਜਾਂਦਾ ਹੈ ਉੱਥੇ ਹੀ ਮਾਨਸਿਕ ਤਣਾਅ ਨੂੰ ਵੀ ਇਕ ਅਹਿਮ ਕਾਰਨ ਮੰਨਿਆ ਜਾਂਦਾ ਹੈ। ਇਸ ਨਵੀਂ ਉਮਰ ਦੇ ਨੌਜਵਾਨਾਂ ਨੂੰ ਨਾੜੀਆਂ ਬਲੌਕ ਜਾਂ ਬਲੱਡ ਪ੍ਰੈਸ਼ਰ ਦੀ ਸਰੀਰਕ ਪਰੇਸ਼ਾਨੀ ਤਾਂ ਹੋ ਨਹੀਂ ਸਕਦੀ, ਫਿਰ ਕੀ ਕਾਰਨ ਹੈ?

ਤਾਂ ਬਚਿਆ ਮਾਨਸਿਕ ਤਣਾਅ। ਇਸ ਨੂੰ ਸਮਝੋ ਕਿ ਜਿਹੜੇ ਬੱਚੇ ਨੇ ਪੜ੍ਹਾਈ ਸਮੇਂ ਬਾਪੂ ਦੇ ਸਿਰ ’ਤੇ ਕਦੇ ਇਹ ਤਕ ਨਹੀਂ ਸੋਚਿਆ ਹੁੰਦਾ ਕਿ ਸਾਡੇ ਘਰ ਦਾ ਰਾਸ਼ਨ, ਮੇਰੇ ਸਕੂਲ ਦੀ ਫੀਸ, ਵਰਦੀਆਂ ਜਾਂ ਦੂਜੇ ਘਰੇਲੂ ਖ਼ਰਚੇ ਕਿਵੇਂ ਚੱਲਦੇ ਹਨ ਤਾਂ ਉਸ ਨੂੰ ਜਦੋਂ ਵਿਦੇਸ਼ ਪਹੁੰਚ ਕੇ ਕਮਰੇ ਦਾ ਕਿਰਾਇਆ, ਬੱਸ ਦਾ ਕਿਰਾਇਆ, ਕਾਲਜ ਦੀ ਫੀਸ, ਰਾਸ਼ਨ ਦਾ ਖ਼ਰਚਾ ਆਦਿ ਆਪ ਕਮਾਉਣਾ ਪੈਂਦਾ ਹੈ ਤਾਂ ਉਹ ਇਹ ਖ਼ਰਚੇ ਜੋਗਾ ਜਦੋਂ ਕਮਾ ਨਹੀਂ ਪਾਉਂਦਾ ਤਾਂ ਉਹ ਦਿਮਾਗ ’ਤੇ ਲੋਡ ਪਾ ਲੈਂਦਾ ਹੈ। ਬਾਕੀ ਇਸ ਦੇ ਨਾਲ-ਨਾਲ ਪੜ੍ਹਾਈ ਵੀ ਕਰਨੀ ਪੈਂਦੀ ਹੈ। ਇੱਥੇ ਜਿਹੜਾ ਘਰੇਲੂ ਖ਼ਰਚਿਆਂ ਅਤੇ ਕੰਮਾਂ-ਕਾਰਾਂ ਦਾ ਬੋਝ ਉਸ ’ਤੇ ਬਾਪੂ ਦੇ ਹੁੰਦਿਆਂ 30 ਸਾਲ ਦੀ ਉਮਰ ਤੋਂ ਬਾਅਦ ਪੈਣਾ ਸੀ, ਉਹ ਕੈਨੇਡਾ ਪੁੱਜ ਕੇ 18-20 ਸਾਲ ਦੀ ਉਮਰ ’ਚ ਹੀ ਪੈ ਜਾਂਦਾ ਹੈ।

ਪੰਜਾਬ ’ਚ ਤਾਂ ਸਕੂਲੇ ਪੜ੍ਹਨ ਕਾਰਨ ਉਸ ਦੇ ਦਿਮਾਗ ਨੂੰ ਪੜ੍ਹਾਈ ਤੋਂ ਬਿਨਾਂ ਹੋਰ ਕੋਈ ਬੋਝ ਸਹਿਣ ਦੀ ਆਦਤ ਹੀ ਨਹੀਂ ਸੀ ਹੁੰਦੀ ਪਰ ਬੇਗਾਨੇ ਮੁਲਕ ਵਿਚ ਪੁੱਜ ਕੇ ਉਸ ਸਿਰ ਕਾਫ਼ੀ ਸਾਰੇ ਬੋਝ ਪੈ ਜਾਂਦੇ ਹਨ ਜਿਸ ਦਾ ਨਤੀਜਾ ਦਿਲ ਦਾ ਦੌਰਾ ਜਾਂ ਦਿਮਾਗ ਦੀ ਨਾੜ ਫਟਣਾ ਹੁੰਦਾ ਹੈ ਜਿਸ ਨਾਲ ਅਚਾਨਕ ਮੌਤ ਹੁੰਦੀ ਹੈ ਅਤੇ ਇਸ ਨੂੰ ਵੀ ਦਿਲ ਦਾ ਦੌਰਾ ਹੀ ਸਮਝ ਲਿਆ ਜਾਂਦਾ ਹੈ। ਪਰ ਕਦੇ ਨੋਟ ਕੀਤਾ ਕਿ ਪੜ੍ਹਾਈ ਲਈ ਕੁੜੀਆਂ ਵੀ ਬਾਹਰ ਗਈਆਂ ਹਨ, ਉਨ੍ਹਾਂ ਨੂੰ ਕਿਉਂ ਨਹੀਂ ਪੈ ਰਹੇ ਦਿਲ ਦੇ ਦੌਰੇ? ਤਾਂ ਧਿਆਨ ਦੇਵੋ। ਪੰਜਾਬ ਵਿਚ ਵੀ ਜੋ ਮੌਤਾਂ ਦਿਲ ਦੇ ਦੌਰੇ ਨਾਲ ਹੁੰਦੀਆਂ ਨੇ, ਉਹ ਬੀਬੀਆਂ ਦੇ ਮੁਕਾਬਲੇ ਬੰਦਿਆਂ ਦੀਆਂ ਹੀ ਹੁੰਦੀਆਂ ਹਨ। ਕਾਰਨ ਬੀਬੀਆਂ ਆਪਣੇ ਮਨ ਦੀ ਭੜਾਸ ਆਪਣੀਆਂ ਧੀਆਂ, ਮਾਵਾਂ, ਮਾਸੀਆਂ, ਦਰਾਣੀਆਂ-ਜਠਾਣੀਆਂ ਨਾਲ ਕੱਢ ਲੈਂਦੀਆਂ ਜਾਂ ਰੋ ਪੈਂਦੀਆਂ ਹਨ। ਬੰਦਾ ਰੋਂਦਾ ਨਹੀਂ ਅਤੇ ਕਿਸੇ ਨੂੰ ਬਹੁਤਾ ਦੁੱਖ ਦੱਸਦਾ ਵੀ ਨਹੀਂ। ਇਸੇ ਤਰ੍ਹਾਂ ਬਾਹਰ ਗਈਆਂ ਕੁੜੀਆਂ ਜਾਂ ਤਾਂ ਰੋਜ਼ਾਨਾ ਦੀਆਂ ਟੈਨਸ਼ਨਾ ਤੋਂ ਤੰਗ ਆ ਕੇ ਰੋ ਲੈਂਦੀਆਂ ਹਨ ਜਾਂ ਆਪਣੀ ਮਾਂ ਨਾਲ ਗੱਲ ਕਰ ਕੇ ਦੁੱਖ ਵੰਡ ਲੈਂਦੀਆਂ ਹਨ ਪਰ ਮੁੰਡੇ ਸਭ ਕੁਝ ਅੰਦਰ ਹੀ ਰੱਖਦੇ ਨੇ। ਦੂਜਾ ਕਾਰਨ ਆਮ ਪਰਿਵਾਰਾਂ ਦੀਆਂ ਕੁੜੀਆਂ ਚੰਗੀ ਜਾਇਦਾਦ ਵਾਲੇ ਮੁੰਡੇ ਨਾਲ ਵਿਆਹ ਕੇ ਭੇਜੀਆਂ ਜਾਂਦੀਆਂ ਹਨ ਜਾਂ ਜੋ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਆ, ਉਹ ਭੇਜਦੇ ਆ ਕੁੜੀਆਂ ਨੂੰ ਕੈਨੇਡਾ। ਇਸ ਲਈ ਉਨ੍ਹਾਂ ਨੂੰ ਫੀਸ ਆਦਿ ਦੀ ਟੈਨਸ਼ਨ ਘੱਟ ਹੁੰਦੀ ਹੈ। ਮੁੰਡੇ ਨੂੰ ਜਿੱਥੇ ਵਿਦੇਸ਼ ’ਚ ਲੋੜਾਂ ਪੂਰੀਆਂ ਕਰਨ ਲਈ ਪੈਸੇ ਕਮਾਉਣ ਦਾ ਬੋਝ ਹੁੰਦਾ ਹੈ, ਓਥੇ ਹੀ ਬਾਹਰ ਭੇਜਣ ਲਈ ਚੁੱਕੇ ਕਰਜ਼ੇ ਦਾ ਤਣਾਅ ਉਸ ਦੇ ਜਹਾਜ਼ ਚੜ੍ਹਨ ਸਮੇਂ ਨਾਲ ਹੀ ਚੜ੍ਹ ਕੇ ਵਿਦੇਸ਼ ਪਹੁੰਚ ਜਾਂਦਾ ਹੈ।

ਹੁਣ ਆਉਂਦੇ ਹਾਂ ਮੌਤਾਂ ਦੇ ਦੂਸਰੇ ਵੱਡੇ ਕਾਰਨ ਵੱਲ ਜਿਸ ਨੂੰ ਦਿਲ ਦੇ ਦੌਰੇ ਦੇ ਨਾਂ ਹੇਠ ਛੁਪਾਇਆ ਜਾਂਦਾ ਹੈ। ਉਹ ਹੈ ਨਸ਼ਾ ਅਤੇ ਇਹ ਹੁਣ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਕਿ ਕੈਨੇਡਾ ਵਿਚ ਨਸ਼ਾ ਬਹੁਤ ਆਮ ਹੋ ਗਿਆ ਹੈ। ਨੌਜਵਾਨ ਪਹਿਲਾਂ ਕਾਲਜ ਜਾਂਦੇ ਨੇ। ਫਿਰ ਕੰਮ ’ਤੇ ਜਾਂਦੇ ਹਨ। ਕਈ ਵਾਰ ਕੰਮ ਅਤੇ ਕਾਲਜ ਕਾਫ਼ੀ ਦੂਰ ਹੋਣ ਕਰਕੇ ਘਰੇ ਜਾ ਕੇ ਆਰਾਮ ਕਰਨ ਦਾ ਸਮਾਂ ਵੀ ਨਹੀਂ ਮਿਲਦਾ ਅਤੇ ਵੱਧ ਪੈਸੇ ਕਮਾਉਣ ਦੇ ਚੱਕਰ ’ਚ ਡਬਲ-ਟਿ੍ਰਪਲ ਸ਼ਿਫਟਾਂ ਵੀ ਕਰਦੇ ਹਨ। ਇਸ ਸਭ ਨਾਲ ਉਨ੍ਹਾਂ ਦਾ ਸਰੀਰ ਥੱਕ ਜਾਂਦਾ ਹੈ ਜਿਸ ਤੋਂ ਬਚਣ ਲਈ ਉਹ ਦੋਸਤਾਂ ਦੇ ਕਹਿਣ ’ਤੇ ਥੋੜ੍ਹਾ-ਥੋੜ੍ਹਾ ਨਸ਼ਾ ਲੈਣ ਲੱਗ ਜਾਂਦੇ ਹਨ। ਇਹ ਸੋਚ ਕਿ ਜਦੋਂ ਗੱਡੀ ਲੀਹ ’ਤੇ ਆ ਗਈ ਤਾਂ ਛੱਡ ਦੇਵਾਂਗੇ। ਪਰ ਜਿਹੜੀ ਗੱਡੀ ਦੇ ਟਾਇਰ ਪਾਟੇ ਹੋਣ ਤੇ ਪੱਥਰਾਂ ’ਚ ਫਸੀ ਹੋਵੇ, ਉਸ ਦੇ ਲੀਹ ’ਤੇ ਆਉਣ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ। ਨਸ਼ਾ ਇਸ ਲਈ ਵੀ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ਕਿਉਂਕਿ ਕੁੜੀਆਂ ਦੀਆਂ ਮੌਤਾਂ ਨਹੀਂ ਹੋ ਰਹੀਆਂ। ਵਜ੍ਹਾ ਇਹ ਹੈ ਕਿ ਕੁੜੀਆਂ ਓਵਰ ਟਾਈਮ ਜ਼ਿਆਦਾ ਨਹੀਂ ਕਰਦੀਆਂ। ਇਸ ਲਈ ਨਸ਼ਾ ਵੀ ਨਹੀਂ ਕਰਦੀਆਂ।

ਸੋ ਕੁੱਲ-ਮਿਲਾ ਕੇ ਇਹ ਕੈਨੇਡਾ ਵਿਚ ਨਵੇਂ ਗਏ ਮੁੰਡਿਆਂ ਦੀਆਂ ਮੌਤਾਂ ਦੀ ਔਸਤ ਪੰਜਾਬ ’ਚ ਨਸ਼ਿਆਂ ਕਾਰਨ ਮਰਨ ਵਾਲੇ ਮੁੰਡਿਆਂ ਦੇ ਬਰਾਬਰ ਹੋਣੀ ਹੋਰ ਵੀ ਜ਼ਿਆਦਾ ਚਿੰਤਾ ਕਰਨ ਵਾਲੀ ਗੱਲ ਹੈ ਕਿਉਂਕਿ ਪੰਜਾਬ ’ਚ ਨੌਜਵਾਨ ਮੁੰਡਿਆਂ ਦੀ ਗਿਣਤੀ 80 ਲੱਖ ਦੇ ਲਗਪਗ ਹੈ ਜਦਕਿ ਕੈਨੇਡਾ ਗਏ ਮੁੰਡਿਆਂ ਦੀ ਗਿਣਤੀ 8 ਲੱਖ ਵੀ ਨਹੀਂ ਹੋਣੀ। ਬਾਕੀ ਅੱਜ-ਕੱਲ੍ਹ ਬਹੁਤੇ ਪਰਿਵਾਰਾਂ ’ਚ ਬੱਚਾ ਇਕਲੌਤਾ ਹੀ ਹੁੰਦਾ ਹੈ ਅਤੇ ਜਦੋਂ ਚੜ੍ਹਦੀ ਉਮਰੇ ਉਹ ਚਲਿਆ ਜਾਵੇ ਤਾਂ ਬਚਦੇ ਮਾਂ-ਬਾਪ ਵੀ ਨਹੀਂ।

ਇਸ ਲਈ ਹਾਲੇ ਵੀ ਇਸ ਵਰਤਾਰੇ ਨੂੰ ਸਮਝੋ ਅਤੇ ਬੱਚਿਆਂ ਨੂੰ ਹੋ ਸਕੇ ਤਾਂ ਆਪਣੇ ਕੋਲ ਰੱਖ ਕੇ ਪੜ੍ਹਾਓ ਅਤੇ ਇੱਥੇ ਹੀ ਕੋਈ ਨੌਕਰੀ ਦਿਵਾਓ ਜਾਂ ਕਾਰੋਬਾਰ ’ਚ ਸੈੱਟ ਕਰੋ। ਜੇਕਰ ਫਿਰ ਵੀ ਕੋਈ ਬੱਚਾ ਵਿਦੇਸ਼ ਜਾਣਾ ਚਾਹੇ ਤਾਂ ਉਸ ਨੂੰ ਉੱਚ ਪੜ੍ਹਾਈ ਕਰਵਾ ਕੇ ਭੇਜੋ। ਉਦੋਂ ਤਕ ਉਸ ਦਾ ਦਿਮਾਗ ਦੁਨੀਆਦਾਰੀ ਨੂੰ ਸਮਝਣ ਲਈ ਵਿਕਸਤ ਹੋ ਚੁੱਕਿਆ ਹੋਵੇਗਾ ਜਿਸ ਨਾਲ ਮਾਨਸਿਕ ਤਣਾਅ ਘੱਟ ਹੋਵੇਗਾ। ਬਾਕੀ ਇਕ ਗੱਲ ਨੋਟ ਕਰਿਓ, ਇਹ ਮੌਤਾਂ ਦੀ ਖ਼ਬਰ ਕੈਨੇਡਾ ਤੋਂ ਹੀ ਆਉਂਦੀ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਜਰਮਨ ਆਦਿ ਤੋਂ ਨਹੀਂ ਆਉਂਦੀ।

ਇਸ ਦਾ ਕਾਰਨ ਇਨ੍ਹਾਂ ਦੇਸ਼ਾਂ ਵਿਚ ਹਾਲੇ ਕੰਮ ਸੌਖਾ ਮਿਲ ਰਿਹਾ ਹੈ ਕੈਨੇਡਾ ਨਾਲੋਂ ਅਤੇ ਪ੍ਰਤੀ ਘੰਟਾ ਡਾਲਰ ਵੀ ਜ਼ਿਆਦਾ ਬਣਦੇ ਹਨ। ਇਸ ਕਾਰਨ ਜੀਵਨ ਥੋੜ੍ਹਾ ਸੌਖਾ ਹੋਣ ਕਾਰਨ ਮਾਨਸਿਕ ਦਬਾਅ ਅਤੇ ਨਸ਼ੇ ਤੋਂ ਬਚ ਜਾਂਦੇ ਨੇ ਨੌਜਵਾਨ। ਪਰ ਜੋ ਕਾਰਨ ਮੈਂ ਉੱਪਰ ਲਿਖੇ ਨੇ ਉਨ੍ਹਾਂ ਨੂੰ ਜ਼ਰੂਰ ਸਮਝੋ। ਇਕੱਲੇ-ਕਹਿਰੇ ਬੱਚਿਆਂ ਨੂੰ ਕੈਨੇਡਾ ਭੇਜਣ ਮਗਰੋਂ ਜੇ ਉਕਤ ਬਿਪਤਾ ਸਿਰ ’ਤੇ ਪੈ ਜਾਵੇ ਤਾਂ ਸਿਰਫ਼ ਪਛਤਾਵਾ ਹੀ ਬਚਦਾ ਹੈ। ਇਸ ਲਈ ਆਪਣੇ ਬੱਚਿਆਂ ਨਾਲ ਰੋਜ਼ਾਨਾ ਫੋਨ ’ਤੇ ਗੱਲ ਕਰੋ ਅਤੇ ਉਨ੍ਹਾਂ ਦੀਆਂ ਨਿੱਕੀਆਂ-ਵੱਡੀਆਂ ਸਾਰੀਆਂ ਤਕਲੀਫ਼ਾਂ ਸੁਣੋ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਸਮਝਾਓ ਕਿ ਜ਼ਿੰਦਗੀ ਵਿਚ ਸੰਘਰਸ਼ ਚੱਲਦੇ ਹੀ ਰਹਿੰਦੇ ਹਨ। ਘਬਰਾਉਣ ਦੀ ਲੋੜ ਨਹੀਂ।

 

ਰੁਪਿੰਦਰ ਸਿੰਘ ਗਿੱਲ