ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸਾਂਭ-ਸੰਭਾਲ ਕਰਦੀ ਪੰਜਾਬੀ ਯੂਨੀਵਰਸਿਟੀ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸਾਂਭ-ਸੰਭਾਲ ਕਰਦੀ ਪੰਜਾਬੀ ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ ਵਿਖੇ ਧਰਮਾਂ ਦੇ ਅਧਿਐਨ ਨਾਲ ਸੰਬੰਧਿਤ ਵਿਭਾਗ

 

 ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਹੈ ਜਿਸ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਵਿਕਾਸ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ। 1962 ਵਿਚ ਪਟਿਆਲਾ ਦੇ ਬਾਰਾਂਦਰੀ ਬਾਗ਼ ਵਿਖੇ ਸਥਾਪਿਤ ਹੋਈ ਇਹ ਸੰਸਥਾ ਪੰਜਾਬ ਦੀ ਸਭ ਤੋਂ ਵਧੇਰੇ ਅਬਾਦੀ ਨੂੰ ਸਿੱਖਿਅਤ ਕਰਨ ਵਿਚ ਯੋਗਦਾਨ ਪਾ ਰਹੀ ਹੈ। ਇੱਥੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਮਾਜ ਦੇ ਹਰ ਖ਼ੇਤਰ ਵਿਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਯੂਨੀਵਰਸਿਟੀ ਦਾ ਸਭ ਤੋਂ ਵਿਲੱਖਣ ਕਾਰਜ ਇਹ ਹੈ ਕਿ ਇਸ ਨੇ ਪੰਜਾਬੀ ਭਾਸ਼ਾ ਵਿਚ ਸਿੱਖਿਆ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਇਹ ਯਤਨ ਕੀਤਾ ਹੈ ਕਿ ਉਚੇਰੀ ਸਿੱਖਿਆ ਵਿਚ ਵੀ ਇਸ ਮਾਧਿਅਮ ਰਾਹੀਂ ਵਿੱਦਿਆ ਪ੍ਰਦਾਨ ਕੀਤੀ ਜਾਵੇ। ਇਸ ਯੂਨੀਵਰਸਿਟੀ ਵਿਖੇ ਜਿਹੜੇ ਵਿਭਾਗ ਸਥਾਪਿਤ ਕੀਤੇ ਗਏ ਉਨ੍ਹਾਂ ਨੇ ਇਸਦੀ ਸਥਾਪਨਾ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਵਿਲੱਖਣ ਕਾਰਜ ਕੀਤੇ ਹਨ। 

ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਜਿਹੜੇ ਵਿਭਾਗ ਸਥਾਪਿਤ ਕੀਤੇ ਗਏ ਉਹਨਾਂ ਵਿਚ ਪੰਜਾਬੀ ਨਾਲ ਸੰਬੰਧਿਤ ਵਿਭਾਗਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਧਰਮ ਅਧਿਐਨ ਵਿਭਾਗ, ਸਿੱਖ ਵਿਸ਼ਵਕੋਸ਼ ਵਿਭਾਗ, ਇਤਿਹਾਸ ਵਿਭਾਗ ਅਜਿਹੇ ਵਿਭਾਗ ਹਨ ਜਿਹੜੇ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਭਾਈਚਾਰਕ ਸਾਂਝ ਨਾਲ ਜੁੜੇ ਹੋਏ ਹਨ। ਧਰਮਾਂ ਦੇ ਅਧਿਐਨ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਪਹਿਲੇ ਤਿੰਨ ਵਿਭਾਗਾਂ ਨੇ ਅਜਿਹੇ ਮਹੱਤਵਪੂਰਨ ਕਾਰਜ ਕੀਤੇ ਹਨ ਜਿਨ੍ਹਾਂ ਨੇ ਪੰਜਾਬੀ ਅਤੇ ਸਿੱਖ ਅਧਿਐਨ ਦੇ ਖ਼ੇਤਰ ਨਾਲ ਜੁੜੇ ਹੋਏ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹਨਾਂ ਵਿਚੋਂ ਪਹਿਲੇ ਦੋ ਵਿਭਾਗ ਯੂਨੀਵਰਸਿਟੀ ਦੇ ਮੁੱਢਲੇ ਸਮੇਂ ਵਿਚ ਹੀ ਸਥਾਪਿਤ ਹੋ ਗਏ ਸਨ। ਇਹ ਦੋ ਅਜਿਹੇ ਵਿਭਾਗ ਹਨ ਜਿਹੜੇ ਕਿ ਭਾਰਤੀ ਯੂਨੀਵਰਸਿਟੀਆਂ ਵਿਖੇ ਅਕਾਦਮਿਕ ਅਧਿਐਨ ਦੀ ਦ੍ਰਿਸ਼ਟੀ ਤੋਂ ਬਿਲਕੁਲ ਨਵੇਂ ਹਨ। 

 ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ 1965 ਵਿਚ ਅਰੰਭ ਕੀਤਾ ਗਿਆ ਸੀ ਅਤੇ 1966 ਵਿਚ ਡਾ. ਤਾਰਨ ਸਿੰਘ ਇਸ ਵਿਭਾਗ ਦੇ ਮੁਖੀ ਬਣੇ ਸਨ ਜਿਨ੍ਹਾਂ ਨੇ 10 ਸਾਲ ਇਸ ਵਿਭਾਗ ਨੂੰ ਸਫ਼ਲਤਾ ਪੂਰਵਕ ਚਲਾਇਆ ਅਤੇ ਮਹੱਤਵਪੂਰਨ ਖੋਜ ਕਾਰਜ ਸੰਪੂਰਨ ਕੀਤੇ। ਇਹਨਾਂ ਦੇ ਯਤਨਾਂ ਸਦਕਾ ਨਾਨਕ ਪ੍ਰਕਾਸ਼ ਪੱਤ੍ਰਿਕਾ ਅਰੰਭ ਹੋਈ ਜਿਹੜੀ ਕਿ ਮੌਜੂਦਾ ਸਮੇਂ ਤੱਕ ਛਿਮਾਹੀ ਰੂਪ ਵਿਚ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਪੱਤ੍ਰਿਕਾ ਵਿਚ ਸਿੱਖ ਅਧਿਐਨ ਦੇ ਵਿਭਿੰਨ ਵਿਸ਼ਿਆਂ ਤੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਭਾਗ ਵੱਲੋਂ ਗੁਰੂ ਨਾਨਕ ਬਾਣੀ ਪ੍ਰਕਾਸ਼ (ਦੋ ਭਾਗ), ਗੁਰੂ ਗ੍ਰੰਥ ਰਤਨਾਵਲੀ, ਗੁਰੂ ਗ੍ਰੰਥ ਵਿਚਾਰ ਕੋਸ਼, ਗੁਰੂ ਗ੍ਰੰਥ ਸੰਕੇਤ ਕੋਸ਼, ਕਰਤਾਰਪੁਰੀ ਬੀੜ ਦੇ ਦਰਸ਼ਨ, ਸ਼ਬਦ ਅਨੁਕ੍ਰਮਣਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ - ਹਿੰਦੀ ਸ਼ਬਦਾਰਥ, ਸ਼ਬਦਾਰਥ ਦਸਮ ਗ੍ਰੰਥ ਸਾਹਿਬ (ਤਿੰਨ ਭਾਗ), ਦਸਮ ਗ੍ਰੰਥ ਤੁਕ-ਤਤਕਰਾ, ਕਬਿੱਤ ਸਵੈਯੇ ਭਾਈ ਗੁਰਦਾਸ ਆਦਿ ਅਨੇਕਾਂ ਖੋਜ ਭਰਪੂਰ ਪੁਸਤਕਾਂ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਸਿੱਖ ਅਧਿਐਨ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਮਿਆਰੀ ਖੋਜ ਸਮੱਗਰੀ ਪ੍ਰਦਾਨ ਕੀਤੀ ਹੈ। ਕਾਨਫ਼ਰੰਸਾਂ ਅਤੇ ਸੈਮੀਨਾਰਾਂ ਤੋਂ ਇਲਾਵਾ ਵਿਭਾਗ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਰਟੀਫਿਕੇਟ ਕੋਰਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੀਐਚ.ਡੀ. ਪੱਧਰ ਤੱਕ ਖੋਜ ਕਰਵਾਈ ਜਾਂਦੀ ਹੈ।

 1966-67 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤੀਜੀ ਸ਼ਤਾਬਦੀ ਮਨਾਉਂਦਿਆਂ ਪੰਜਾਬੀ ਯੂਨੀਵਰਸਿਟੀ ਨੇ ਵਿਭਿੰਨ ਧਰਮਾਂ ਦੇ ਅਧਿਐਨ ਲਈ ਇਕ ਨਵਾਂ ਵਿਭਾਗ ਖੋਲ੍ਹਣ ਦਾ ਫ਼ੈਸਲਾ ਹੋਇਆ ਜਿਸ ਦਾ ਨਾਂ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਰੱਖਿਆ ਗਿਆ। ਇਹ ਵਿਭਾਗ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਨਾਰੰਗ ਅਤੇ ਪ੍ਰੋ. ਹਰਬੰਸ ਸਿੰਘ ਦੇ ਯਤਨਾਂ ਦਾ ਸਿੱਟਾ ਹੈ। ਇਸ ਸਮੇਂ ਦੌਰਾਨ ਡਾ. ਕਿਰਪਾਲ ਸਿੰਘ ਨਾਰੰਗ ਨੇ ਅਮਰੀਕਾ ਦੀਆਂ ਹਾਰਵਰਡ ਅਤੇ ਸਟੈਨਫ਼ੋਰਡ ਯੂਨੀਵਰਸਿਟੀਆਂ ਦੀ ਯਾਤਰਾ ਕੀਤੀ ਸੀ ਅਤੇ ਉੱਥੇ ਇਹਨਾਂ ਦਾ ਮੇਲ ਅਜਿਹੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਹੋਇਆ ਜਿਹੜੀਆਂ ਵਿਭਿੰਨ ਧਰਮਾਂ ਦੇ ਅਧਿਐਨ ਵਿਚ ਕਾਰਜ ਕਰ ਰਹੀਆਂ ਸਨ। ਧਰਮ ਅਧਿਐਨ ਵਿਸ਼ੇ ਦੇ ਅਕਾਦਮਿਕ ਅਧਿਐਨ ਲਈ ਪੈਦਾ ਹੋਈ ਪ੍ਰੇਰਨਾ ਨੇ ਇਹਨਾਂ ਦੇ ਮਨ ਨੂੰ ਦਿਸ਼ਾ ਪ੍ਰਦਾਨ ਕੀਤੀ ਅਤੇ ਭਾਰਤ ਵਾਪਸ ਆ ਕੇ ਇਹਨਾਂ ਨੇ ਆਪਣੇ ਵਿਚਾਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਗੁਰੂ ਗੋਬਿੰਦ ਸਿੰਘ ਫ਼ਾਉਂਡੇਸ਼ਨ ਆਦਿ ਸੰਸਥਾਵਾਂ ਨੂੰ ਲਿਖ ਭੇਜੇ। ਉਹਨਾਂ ਦੇ ਜਵਾਬ ਆਉਣ ਤੇ ਇਹਨਾਂ ਦੇ ਮਨ ਵਿਚ ਇਸ ਵਿਭਾਗ ਦੀ ਸਥਾਪਤੀ ਲਈ ਉਤਸ਼ਾਹ ਪੈਦਾ ਹੋਇਆ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਪੰਜਾਬ ਸਰਕਾਰ ਨੇ ਇਸ ਵਿਭਾਗ ਨੂੰ ਖੋਲ੍ਹਣ ਲਈ ਰਾਸ਼ੀ ਮੁਹੱਈਆ ਕਰਵਾਈ ਅਤੇ ਯੂਨੀਵਰਸਿਟੀ ਦਾ ਇਹ ਵਿਭਾਗ ਧਰਮ ਅਧਿਐਨ ਦੇ ਖ਼ੇਤਰ ਵਿਚ ਭਾਰਤ ਦੇ ਪਹਿਲੇ ਵਿਭਾਗ ਵੱਜੋਂ ਸਾਹਮਣੇ ਆਇਆ। ਦੂਜੇ ਧਰਮਾਂ ਨੂੰ ਸਮਝਣ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਉਦੇਸ਼ ਨਾਲ ਇਹ ਵਿਭਾਗ ਕਾਰਜਸ਼ੀਲ ਹੋਇਆ ਤਾਂ ਧਰਮ ਦਰਸ਼ਨ, ਤੁਲਨਾਤਮਿਕ ਧਰਮ ਅਧਿਐਨ, ਅੰਤਰ-ਧਰਮ ਸੰਵਾਦ, ਧਰਮ ਗ੍ਰੰਥਾਂ ਦੀ ਵਿਆਖਿਆਕਰੀ ਆਦਿ ਵਿਸ਼ਿਆਂ ਤੇ ਖੋਜ ਕਾਰਜ ਅਰੰਭ ਹੋਣ ਲੱਗੇ। ਇਕੋ ਛੱਤ ਹੇਠਾਂ ਵਿਭਿੰਨ ਧਰਮਾਂ ਦਾ ਅਧਿਐਨ ਇਕ ਨਿਵੇਕਲਾ ਯਤਨ ਸੀ ਜਿਹੜਾ ਸਫ਼ਲ ਸਿੱਧ ਹੋਇਆ। 

 ਪ੍ਰੋ. ਹਰਬੰਸ ਸਿੰਘ ਦੀ ਸਿੱਖ ਅਧਿਐਨ ਵਿਚ ਵਿਸ਼ੇਸ਼ ਰੁਚੀ ਸੀ। ਰਜਿਸਟਰਾਰ ਦੀ ਪਦਵੀ ਤੋਂ ਸੇਵਾ ਮੁਕਤ ਹੋਏ ਤਾਂ 1968 ਵਿਚ ਹਾਰਵਰਡ ਯੂਨੀਵਰਸਿਟੀ ਦੇ ਸੱਦੇ ਤੇ ਅਮਰੀਕਾ ਚਲੇ ਗਏ ਜਿੱਥੇ ਇਹਨਾਂ ਨੇ ਪੱਛਮ ਦੇ ਵਿਦਵਾਨਾਂ ਨੂੰ ਸਮਝਣ ਅਤੇ ਉਹਨਾਂ ਨੂੰ ਸਿੱਖ ਧਰਮ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਦਾ ਕਾਰਜ ਕੀਤਾ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਤੇ ਇਹਨਾਂ ਵੱਲੋਂ ਦਿੱਤੇ ਗਏ ਲੈਕਚਰ ਬਹੁਤ ਪ੍ਰਭਾਵਸ਼ਾਲੀ ਸਿੱਧ ਹੋਏ। ਇਸ ਤੋਂ ਬਾਅਦ ਇਹ ਬਰਕਲੇ ਅਤੇ ਹੋਰਨਾਂ ਦੇਸ਼ਾਂ ਦੀਆਂ ਯੂਨੀਵਰਸਿਟੀ ਵਿਖੇ ਵੀ ਸਿੱਖ ਧਰਮ ਨਾਲ ਸੰਬੰਧਿਤ ਲੈਕਚਰ ਦਿੰਦੇ ਰਹੇ ਜਿਸ ਕਰਕੇ ਇਹਨਾਂ ਦੀ ਪੱਛਮ ਦੇ ਉੱਘੇ ਵਿਦਵਾਨਾਂ ਨਾਲ ਅਕਾਦਮਿਕ ਸਾਂਝ ਪੈਦਾ ਹੋ ਗਈ ਅਤੇ ਉਹ ਵਿਦਵਾਨ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵਿਖੇ ਅਕਸਰ ਅਕਾਦਮਿਕ ਯਾਤਰਾ ਕਰਨ ਲਈ ਆ ਜਾਂਦੇ ਸਨ ਜਿਸ ਕਾਰਨ ਇਹ ਵਿਭਾਗ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਗਿਆ ਸੀ।  ਇਹ ਵਿਭਾਗ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਕਾਰਜਸ਼ੀਲ ਹੈ ਜਿਸ ਦੀ ਨੀਂਹ 1967 ਵਿਚ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੇ ਰੱਖੀ ਸੀ। ਜਿਸ ਸਥਾਨ ਤੇ ਇਹ ਨੀਂਹ ਪੱਥਰ ਲੱਗਿਆ ਹੋਇਆ ਹੈ ਉਸ ਦੇ ਸਾਹਮਣੇ ਹੀ ਇਕ ਹੋਰ ਪੱਥਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਿਚੋਂ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋਵਾਲੀਆਂ ਪੰਕਤੀਆਂ ਉਕਰੀਆਂ ਹੋਈਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੀਆਂ ਇਹ ਪੰਕਤੀਆਂ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਣ ਦਾ ਸੰਦੇਸ਼ ਦਿੰਦੀਆਂ ਹਨ ਅਤੇ ਇਹੀ ਇਸ ਵਿਭਾਗ ਦਾ ਪ੍ਰਮੁੱਖ ਸੰਦੇਸ਼ ਵੀ ਮੰਨਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਉਸਾਰੀ ਗਈ ਇਹ ਇਮਾਰਤ ਯੂਨੀਵਰਸਿਟੀ ਦਾ ਚਿੰਨ੍ਹ ਹੈ।

 ਜਰਨਲ ਆਫ਼ ਰਿਲਿਜੀਅਸ ਸਟਡੀਜ਼ ਤੋਂ ਇਲਾਵਾ ਇਸ ਵਿਭਾਗ ਨੇ ਸਭ ਤੋਂ ਪਹਿਲਾਂ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ, ਇਸਾਈ ਧਰਮ, ਇਸਲਾਮ, ਅਤੇ ਸਿੱਖ ਧਰਮ ਤੇ ਪੁਸਤਕਾਂ ਤਿਆਰ ਕੀਤੀਆਂ ਜਿਨ੍ਹਾਂ ਨੇ ਇਹਨਾਂ ਧਰਮਾਂ ਦੇ ਧਰਮ ਗ੍ਰੰਥਾਂ, ਪਰੰਪਰਾਵਾਂ, ਸਿਧਾਂਤਾਂ ਅਤੇ ਰੀਤੀ ਰਿਵਾਜਾਂ ਨੂੰ ਸਮਝਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਇਸ ਵਿਭਾਗ ਵਿਖੇ ਕਾਰਜ ਕਰਨ ਵਾਲੇ ਅਧਿਆਪਕਾਂ ਨੇ ਧਰਮ ਅਧਿਐਨ ਅਤੇ ਸਿੱਖ ਧਰਮ ਨਾਲ ਸੰਬੰਧਿਤ ਵਿਭਿੰਨ ਵਿਸ਼ਿਆਂ ਤੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਪੁਸਤਕਾਂ ਤਿਆਰ ਕਰਕੇ ਭਾਰਤ ਵਿਖੇ ਧਰਮਾਂ ਦੇ ਅਧਿਐਨ ਦੀ ਖੋਜ ਲਈ ਰਾਹ ਖੋਲ੍ਹਿਆ। ਚਾਰ ਭਾਗਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨੁਵਾਦ ਅਤੇ ਚਾਰ ਭਾਗਾਂ ਵਿਚ ਦ ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਇਸ ਵਿਭਾਗ ਦੀ ਵਡਮੁੱਲੀ ਦੇਣ ਹਨ ਜਿਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿਚ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰਨ ਵਾਲਿਆਂ ਅਤੇ ਖੋਜਾਰਥੀਆਂ ਲਈ ਮਹੱਤਵਪੂਰਨ ਖੋਜ ਸਮੱਗਰੀ ਮੁਹੱਈਆ ਕਰਵਾਈ ਹੈ। ਮੌਜੂਦਾ ਸਮੇਂ ਵਿਚ ਗੁਰੂ ਗੋਬਿੰਦ ਸਿੰਘ ਚੇਅਰ ਤੋਂ ਇਲਾਵਾ ਇਸ ਵਿਭਾਗ ਵਿਖੇ ਧਰਮ ਅਧਿਐਨ ਅਤੇ ਸਿੱਖ ਅਧਿਐਨ ਦੇ ਵਿਸ਼ਿਆਂ ਵਿਚ ਪੋਸਟ ਗ੍ਰੈਜੂਏਟ ਅਤੇ ਪੀਐਚ.ਡੀ. ਪੱਧਰ ਦੀ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਹੈ। ਕਾਨਫ਼ਰੰਸਾਂ, ਗੋਸ਼ਟੀਆਂ, ਸੈਮੀਨਾਰਾਂ ਅਤੇ ਵਰਕਸ਼ਾਪਾਂ ਰਾਹੀਂ ਵਿਦਿਆਰਥੀਆਂ ਨੂੰ ਧਰਮ ਅਧਿਐਨ ਅਤੇ ਸਿੱਖ ਅਧਿਐਨ ਵਿਚ ਪੈਦਾ ਹੋ ਰਹੇ ਨਵੇਂ ਰੁਝਾਨਾਂ ਬਾਰੇ ਚੇਤਨਾ ਪੈਦਾ ਕੀਤੀ ਜਾਂਦੀ ਹੈ।  

 ਗੁਰੂ ਗੋਬਿੰਦ ਸਿੰਘ ਭਵਨ ਵਿਖੇ ਹੀ ਸਿੱਖ ਵਿਸ਼ਵਕੋਸ਼ ਵਿਭਾਗ ਕਾਰਜਸ਼ੀਲ ਹੈ। ਪਹਿਲਾਂ ਇਹ ਵਿਭਾਗ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਇਕ ਸੈਲ ਵੱਜੋਂ ਪ੍ਰੋ. ਹਰਬੰਸ ਸਿੰਘ ਅਧੀਨ ਕਾਰਜਸ਼ੀਲ ਸੀ ਜਿਸ ਵਿਚ ਦ ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਦੀ ਤਿਆਰੀ ਦਾ ਕਾਰਜ ਚੱਲ ਰਿਹਾ ਸੀ। 30 ਮਈ 1998 ਨੂੰ ਪ੍ਰੋ. ਹਰਬੰਸ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਉਹਨਾਂ ਅਧੀਨ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਚੱਲ ਰਹੇ ਸੈਲ ਨੂੰ ਵਿਭਾਗ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ। ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਜੋਧ ਸਿੰਘ, ਡਾ. ਧਰਮ ਸਿੰਘ ਇਸ ਵਿਭਾਗ ਦੇ ਮੁੱਖ ਸੰਪਾਦਕ ਵੱਜੋਂ ਕਾਰਜਸ਼ੀਲ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਭਾਰਤ ਦੇ ਵਿਭਿੰਨ ਭਾਗਾਂ ਵਿਖੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਕਰਾਉਣ ਵਿਚ ਵੀ ਇਸ ਵਿਭਾਗ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪ੍ਰੋ. ਹਰਬੰਸ ਸਿੰਘ ਦੁਆਰਾ ਚਾਰ ਭਾਗਾਂ ਵਿਚ ਤਿਆਰ ਕੀਤੇ ਗਏ ਦ ਐਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਨੂੰ ਸਿੱਖ ਧਰਮ ਵਿਸ਼ਵਕੋਸ਼ ਸਿਰਲੇਖ ਅਧੀਨ ਚਾਰ ਭਾਗਾਂ ਵਿਚ ਹੀ ਪੰਜਾਬੀ ਰੂਪਾਂਤਰਣ ਦਾ ਕਾਰਜ ਸੌਂਪਿਆ ਗਿਆ ਸੀ ਜਿਸਦੇ ਤਿੰਨ ਭਾਗ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਚੌਥੇ ਭਾਗ ਦੀ ਤਿਆਰੀ ਦਾ ਕਾਰਜ ਚੱਲ ਰਿਹਾ ਹੈ। ਵਿਭਾਗ ਵੱਲੋਂ ਹਰ ਸਾਲ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਅਤੇ ਕਰਨਲ ਹਰਪ੍ਰਤਾਪ ਸਿੰਘ ਮੈਮੋਰੀਅਲ ਲੈਕਚਰਾਂ ਤੋਂ ਇਲਾਵਾ ਕਾਨਫ਼ਰੰਸਾਂ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ। ਸੀਮਿਤ ਫੈਕਲਟੀ ਵੱਲੋਂ ਆਪਣੇ ਪੱਧਰ ਤੇ ਵੀ ਖੋਜ ਕਾਰਜ ਕੀਤੇ ਜਾ ਰਹੇ ਹਨ।  ਇਹ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਛਾਣ ਹਨ ਅਤੇ ਇਹਨਾਂ ਵਿਭਾਗਾਂ ਰਾਹੀਂ ਜਿਹੜੇ ਖੋਜ ਕਾਰਜ ਸਾਹਮਣੇ ਆਏ ਹਨ ਉਹਨਾਂ ਨੇ ਮਿਆਰੀ ਖੋਜ ਸਮੱਗਰੀ ਪੈਦਾ ਕਰਨ ਦੇ ਨਾਲ-ਨਾਲ ਧਰਮਾਂ ਦੇ ਅਕਾਦਮਿਕ ਅਧਿਐਨ ਵਿਚ ਵਿਸ਼ੇਸ਼ ਰੁਚੀ ਪੈਦਾ ਕੀਤੀ ਹੈ। 

 

      ਡਾ. ਪਰਮਵੀਰ ਸਿੰਘ

     ਸਿੱਖ ਵਿਸ਼ਵਕੋਸ਼ ਵਿਭਾਗ

     ਪੰਜਾਬੀ ਯੂਨੀਵਰਸਿਟੀ, ਪਟਿਆਲਾ