ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤੀ ਚੇਹਰਾ

ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤੀ ਚੇਹਰਾ

 

 ਕੈਪਟਨ ਅਮਰਿੰਦਰ ਸਿੰਘ ਇੱਕ ਬੇਹੱਦ ਚਲਾਕ ਕਿਸਮ ਤੇ ਸਿਆਸਤਦਾਨ ਹਨ

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਇੱਕ ਅਜਿਹੀ ਸਿਆਸੀ ਹਸਤੀ ਹਨ ਜਿਨ੍ਹਾਂ ਨੂੰ ਪੰਜਾਬੀਆਂ ਨੇ ਅਥਾਹ ਪਿਆਰ ਦਿੱਤਾ। ਪੰਜਾਬੀਆਂ ਦੇ ਪਿਆਰ ਤੇ ਸਤਿਕਾਰ ਦੀ ਨਤੀਜਾ ਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਦੋਂ ਕਾਂਗਰਸ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸੀ ਤਾਂ ਪੰਜਾਬੀਆਂ ਨੇ 77 ਸੀਟਾਂ ਦੀ ਸੌਗਾਤ ਉਨ੍ਹਾਂ ਦੀ ਝੋਲੀ ਪਾਈ। ਮਾਰਚ 2017 ਵਿੱਚ ਸੱਤਾ ਹਥਿਆਉਣ ਤੋਂ ਬਾਅਦ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਖਰਾ ਕਿਰਦਾਰ ਦੇਖਣ ਨੂੰ ਮਿਲਿਆ। ਸਾਬਕਾ ਮੁੱਖ ਮੰਤਰੀ ਨੇ ਗੱਦੀ ਛੱਡਣ ਲੱਗਿਆਂ ਇਹ ਰੋਣਾਂ ਰੋਇਆ ਕਿ ਮੈਨੂੰ ਕਾਂਗਰਸ ਨੇ ਜਲੀਲ ਕੀਤਾ ਹੈ। ਪਟਿਆਲਾ ਰਿਆਸਤ ਦੇ ਇਹ ਵਾਰਿਸ ਸ਼ਾਇਦ ਇਹ ਗੱਲ ਭੁੱਲ ਗਏ ਕਿ ਪੰਜਾਬੀਆਂ ਨੇ ਜੋ ਗੱਦੀ 2017 ਵਿੱਚ ਵੋਟਾਂ ਪਾ ਕੇ ਬਖਸ਼ੀ ਸੀ ਉਹ ਘਰੋਂ ਜਾਂ ਫਾਰਮ ਹਾਊਸ ਤੋਂ ਬੈਠ ਕੇ ਸਰਕਾਰ ਚਲਾਉਣ ਲਈ ਦਿੱਤੀ ਸੌਗਾਤ ਨਹੀਂ ਸੀ। ਸਾਢੇ ਸਾਲ ਸਾਲਾਂ ਦੇ ਸਮੇਂ ਦੌਰਾਨ ਪੰਜਾਬ ਦੇ 13000 ਦੇ ਕਰੀਬ ਪਿੰਡਾਂ ਵਿੱਚੋਂ ਕਿੰਨੇ ਪਿੰਡਾਂ ਦਾ ਦੌਰ ਕਰਕੇ ਲੋਕਾਂ ਦਾ ਹਾਲ ਜਾਣਿਆ ਜਾਂ ਜ਼ਮੀਨੀ ਹਾਲਾਤ ਦੀ ਪਡ਼ਚੋਲ ਕੀਤੀ ਸਾਬਕਾ ਮੁੱਖ ਮੰਤਰੀ ਨੂੰ ਜ਼ਲਾਲਤ ਦਾ ਚਿੱਠਾ ਪੇਸ਼ ਕਰਨ ਲੱਗਿਆ ਇਸ ਦਾ ਹਿਸਾਬ ਵੀ ਦੇ ਦੇਣਾ ਚਾਹੀਦਾ ਸੀ। ਦੇਖਿਆ ਜਾਵੇ ਤਾਂ ਕੈਪਟਨ ਨੇ ਸਾਢੇ ਚਾਰ ਸਾਲ ਪੰਜਾਬੀਆਂ ਨੂੰ ਜਲੀਲ ਤੇ ਬੇਇੱਜ਼ਤ ਕੀਤਾ ਹੈ ਜਿਨ੍ਹਾਂ ਭਰੋਸਾ ਕਰਕੇ ਗੱਦੀ ਬਖਸ਼ੀ ਸੀ। ਪ੍ਰਸ਼ਾਸਕੀ ਤੇ ਸਿਆਸੀ ਗਲਿਆਰਿਆਂ ਵਿੱਚ ਇਹ ਪ੍ਰਭਾਵ ਜਾਂਦਾ ਸੀ ਕਿ ਜਿਵੇਂ ਸਾਰਾ ਕੁੱਝ ਵੀ ‘ਆਉਟ ਸੋਰਸ’ ਕੀਤਾ ਹੋਵੇ। ਭਾਵੇਂ ਮੁੱਖ ਮੰਤਰੀ ਦਫ਼ਤਰ ਹੋਵੇ, ਡੀਜੀਪੀ ਦਫ਼ਤਰ ਜਾਂ ਵਿਜੀਲੈਂਸ ਸਭਨਾਂ ਦੀ ਡੋਰ ਕਿਸੇ ਤੀਜੀ ਧਿਰ ਦੇ ਹਵਾਲੇ ਹੋਣ ਦੇ ਚਰਚੇ ਸੱਤਾ ਦੇ ਗਲਿਆਰਿਆਂ ਵਿੱਚ ਆਮ ਸੁਣੀਂਦੇ ਸਨ। ਇਹ ਇੱਕ ਅਜਿਹਾ ਦੌਰ ਹੋ ਨਿੱਬਡ਼ਿਆ ਜਦੋਂ ਉਨ੍ਹਾਂ ’ਤੇ ਦੋਸ਼ ਲੱਗਦੇ ਸਨ ਤੇ ਮੁੱਖ ਮੰਤਰੀ ਨੇ ਤਾਂ ਪੰਜਾਬ ਤੇ ਪੰਜਾਬੀਆਂ ਨੂੰ ਇੱਕ ਤਰ੍ਹਾਂ ਨਾਲ ਬੇਦਖਲ ਹੀ ਕਰ ਦਿੱਤਾ ਸੀ। ਕਾਂਗਰਸ ਅਤੇ ਵਿਰੋਧੀ ਦੱਬਵੀਂ ਸੁਰ ਵਿੱਚ ਭਾਰਤੀ ਜਨਤਾ ਪਾਰਟੀ, ਆਰਐਸਐਸ ਅਤੇ ਕੇਂਦਰ ਸਰਕਾਰ ਨਾਲ ਰਲ਼ੇ ਹੋਣ ਦਾ ਦੋਸ਼ ਲਾਉਂਦੇ ਸਨ। ਕੈਪਟਨ ਅਮਰਿੰਦਰ ਸਿੰਘ ਜੋ ਉਮਰ ਦੇ ਅੱਠਵੇਂ ਦਹਾਕੇ ਵਿੱਚ ਪਹੁੰਚਣ ਲੱਗੇ ਹਨ। ਉਨ੍ਹਾਂ ਨੂੰ ਇੱਕ ਆਲਸੀ ਸਿਆਸਤਦਾਨ ਵਜੋਂ ਵੀ ਜਾਣਿਆ ਜਾਂਦਾ ਹੈ। ਉਮਰ ਦੇ ਇਸ ਪਡ਼ਾਅ ਵਿੱਚ ਕੈਪਟਨ ਨੇ ਸਿਆਸਤ ਦੀ ਨਵੀਂ ਪਾਰੀ ਖੇਡਣ ਦਾ ਐਲਾਨ ਕੀਤਾ ਹੈ। ਮੁਲਕ ਵਿੱਚ ਘੱਟ ਗਿਣਤੀ ਵਿਰੋਧੀ ਹੋਣ ਦਾ ਪ੍ਰਭਾਵ ਛੱਡਣ ਵਾਲੀ ਤੇ ਮੁਲਕ ਨੂੰ ਫਿਰਕੂ ਲੀਹਾਂ ’ਤੇ ਵੱਡਣ ਦੇ ਦੋਸ਼ਾਂ ’ਚ ਘਿਰੀ ਰਹਿਣ ਵਾਲੀ ਭਾਰਤੀ ਜਨਤਾ ਪਾਰਟੀ ਨਾਲ ਉਨ੍ਹਾਂ ਸੰਭਾਵੀ ਸਿਆਸੀ ਗੱਠਜੋਡ਼ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਨੂੰ ਕਾਮਯਾਬੀ ਮਿਲਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਜੋ ਸਿਆਸੀ ਕਮਾਈ ਕੈਪਟਨ ਨੇ ਆਪਣੇ ਰਾਜਸੀ ਸਫਰ ਦੌਰਾਨ ਕੀਤੀ ਸੀ ਉਹ ਇਸ ਇੱਕੋ ਕਦਮ ਨਾਲ ਖੂਹ ਖਾਤੇ ਪੈ ਸਕਦੀ ਹੈ। ਖੈਰ! ਕੈਪਟਨ ਅਮਰਿੰਦਰ ਸਿੰਘ ਇੱਕ ਬੇਹੱਦ ਚਲਾਕ ਕਿਸਮ ਤੇ ਸਿਆਸਤਦਾਨ ਹਨ। ਇਸ ਲਈ ਉਹ ਜੋ ਵੀ ਪੈਂਤਡ਼ਾ ਅਖਤਿਆਰ ਕਰਨਗੇ ਆਪਣੀ ਖਾਨਦਾਨੀ ਪਿਰਤ ਨੂੰ ਨਿਭਾਉਂਦੇ ਹੋਏ ਹੀ ਕਰਨਗੇ। ਇੱਕ ਗੱਲ ਜ਼ਰੂਰ ਹੈ ਕਿ ਇਸ ਸਾਰੇ ਕਾਸੇ ਵਿੱਚੋਂ ਉਹ ਕੁੱਝ ਖੱਟਣ ਭਾਵੇਂ ਨਾ ਭਰ ਕਿਸੇ ਇੱਕ ਖਾਸ ਧਿਰ ਦੀ ਲੁਕਵੀਂ ਸੇਵਾ ਕਰਨ ਦਾ ਸਿਆਸਤ ਜ਼ਰੂਰ ਕਰਦੇ ਦਿਖਾਈ ਦੇ ਰਹੇ ਹਨ।

ਦਵਿੰਦਰ ਪਾਲ ਸਿੰਘ