ਚਮਕੌਰ ਦੀ ਗੜ੍ਹੀ ਦਾ ਮਹਾਨ ਸ਼ਹੀਦ ਭਾਈ ਸੰਗਤ ਸਿੰਘ
ਪਿਆਰੇ ਸਿੱਖ ਹੋਣ ਦਾ ਮਾਣ
ਸੂਰਜ ਅਸਤ ਹੋਣ ਨਾਲ ਜਦੋਂ ਚਮਕੌਰ ਦੀ ਜੰਗ ਬੰਦ ਹੋਈ ਤਾਂ ਗੜ੍ਹੀ ਵਿਚ ਗਿਣਤੀ ਦੇ 11 ਸਿੰਘ ਰਹਿ ਗਏ ਸਨ ਜਿਨ੍ਹਾਂ ਵਿਚ ਸ਼ਹੀਦ ਪਿਤਾ ਦਾ ਸਪੁੱਤਰ ਅਤੇ ਸ਼ਹੀਦ ਸਪੁੱਤਰਾਂ ਦਾ ਬਾਪ ਜੰਗ ਵਿਚ ਜੂਝਣ ਲਈ ਤਿਆਰ-ਬਰ-ਤਿਆਰ ਸੀ। ਪਰ ਗੜ੍ਹੀ ਵਿਚਲੇ ਸਿੰਘਾਂ ਦੇ ਬੇਨਤੀ ਕਰਨ ’ਤੇ ਗੁਰੂ ਸਾਹਿਬ ਜੀ ਨੇ ਗੜ੍ਹੀ ਛੱਡ ਜਾਣ ਦਾ ਪੰਜਾਂ ਪਿਆਰਿਆਂ ਦਾ ਇਹ ਫੈਸਲਾ ਪ੍ਰਵਾਨ ਕਰ ਲਿਆ, ਕਿਉਂਕਿ ਸਿੰਘ ਇਹ ਸਮਝਦੇ ਸਨ ਕਿ ਜੇਕਰ ਗੁਰੂ ਸਾਹਿਬ ਜੀ ਦੀ ਸਰੀਰਿਕ ਹੋਂਦ ਕਾਇਮ ਰਹੀ ਤਾਂ ਇਹ ਬਿਖੜੇ ਸਮੇਂ ਲਈ ਮੁੜ ਤੋਂ ਸਿੱਖ ਕੌਮ ਸੰਗਠਿਤ ਕਰ ਲੈਣਗੇ। ਇਸ ਲਈ ਸਿੰਘਾਂ ਅਨੁਸਾਰ ਗੁਰੂ ਸਾਹਿਬ ਜੀ ਦੀ ਬੇਵਕਤ ਸ਼ਹਾਦਤ ਕੌਮ ਲਈ ਬਹੁਤ ਦੁਖਦਾਇਕ ਹੋਵੇਗੀ, ਸੋ ਗੜ੍ਹੀ ਵਿਚਲੇ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ 1756 ਬਿਕ੍ਰਮੀ ਦੀ ਵਿਸਾਖੀ ’ਤੇ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਾਉਣ ਸਮੇਂ ਖਾਲਸੇ ਨੂੰ ਬਖਸ਼ੀ ਵਡਿਆਈ ਤਹਿਤ ਨਿਮਰਤਾ ਸਹਿਤ ਮੁਖਾਤਿਬ ਹੋ ਕੇ ਚਮਕੌਰ ਦੀ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ, ਤਾਂ ਪੰਥ ਦੇ ਵਾਲੀ ਨੇ ਪੰਜਾਂ ਸਿੰਘਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ। ਗੁਰੂ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਐਸੀ ਵਡਿਆਈ ਬਖਸ਼ਿਸ਼ ਕਰ ਕੇ ਇਕ ਅਲੌਕਿਕ ਇਤਿਹਾਸ ਸਿਰਜ ਦਿੱਤਾ ਕਿ ਆਪਣੇ ਬਚਪਨ ਦੇ ਸਾਥੀ ਹਮਸ਼ਕਲ ਅਤੇ ਹਮਉਮਰ ਭਾਈ ਸੰਗਤ ਸਿੰਘ ਜੋ ਹਰ ਵਕਤ ਨਿਮਾਣੇ ਹੋ ਕੇ ਗੁਰੂ-ਘਰ ਦੀ ਸੇਵਾ ਵਿਚ ਰਹਿੰਦੇ ਸਨ, ਨੂੰ ਪਿਆਰੇ ਸਿੱਖ ਹੋਣ ਦਾ ਮਾਣ ਬਖਸ਼ਿਸ਼ ਕਰ ਕੇ ਹਿੱਕ ਨਾਲ ਲਾਇਆ ਅਤੇ ਆਪਣੀ ਜਿਗਾ ਕਲਗੀ, ਭਾਈ ਸੰਗਤ ਸਿੰਘ ਦੇ ਸੀਸ ’ਤੇ ਸਜਾਈ ਅਤੇ ਆਪਣੇ ਸ਼ਸ਼ਤਰ-ਬਸਤਰ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਅਤੇ ਥਾਪੜਾ ਦਿੱਤਾ। ਜਿਸਦਾ ਜਿਕਰ ਗੁਰਬਿਲਾਸ ਪਾਤਸ਼ਾਹੀ 10 ਦੇ ਕਰਤਾ ਭਾਈ ਕੁਇਰ ਸਿੰਘ ਨੇ ਇੰਝ ਕੀਤਾ ਹੈ:-
ਜੋਤ ਦਈ ਤਿਹ ਕੋ ਅਪਨੀ ਪੁਨਿ ਦੀ ਕਲਗੀ ਔ ਜਿਗਾ ਸੁਖਦਾਨੀ,
ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾ ਬਪੁ ਹੈ ਕਰਿ ਸ੍ਰੀ ਗੁਰ ਸਾਨੀ।
ਭਾਈ ਸੰਗਤ ਸਿੰਘ ਜੀ, ਤੁਸੀਂ ਮੇਰੇ ਮਗਰੋਂ ਮੇਰੀ ਪੌਸ਼ਾਕ ਵਿਚ ਮੇਰੇ ਮੋਰਚੇ ਵਾਲੇ ਆਸਣ ’ਤੇ ਬੈਠਣਾ ਤੇ ਦਿਨ ਚੜ੍ਹੇ ਜਦੋਂ ਮੁਗ਼ਲ ਫੌਜਾਂ ਗੜ੍ਹੀ ’ਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਮੁਕਾਬਲਾ ਕਰਨਾ, ਜਿਊਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾ ਅਤੇ ਮੈਦਾਨੇ ਜੰਗ ਵਿਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ। ਜੰਗ ਬਾਬਤ ਆਪ ਜੀ ਦਾ ਫੈਸਲਾ ਜ਼ਫ਼ਰਨਾਮੇ ਦੇ ਸ਼ੇਅਰ 22 ਵਿਚ ਇਸ ਤਰ੍ਹਾਂ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।
ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਕੋਲੋਂ ਪੰਜ ਮੀਲ ਉੱਤਰ-ਪੱਛਮ ਵੱਲ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦੀ ਜੋ ਸਤਲੁਜ ਦਰਿਆ ਦੇ ਕੰਢੇ ’ਤੇ ਸੀ, ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਮ ਦਾ ਨਗਰ ਵਸਾਇਆ ਸੀ ਅਤੇ ਜਿਸ ਦੀ ਨੀਂਹ ਰੱਖਣ ਦਾ ਸ਼ੁਭ ਕਾਰਜ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਸੰਪੂਰਨ ਕੀਤਾ ਸੀ। ਮਾਖੋਵਾਲ ਦਾ ਨਾਮ ਪਹਿਲਾਂ ਚੱਕ ਨਾਨਕੀ ਅਤੇ ਬਾਅਦ ਵਿਚ ਅਨੰਦਪੁਰ ਸਾਹਿਬ ਪ੍ਰਸਿੱਧ ਹੋਇਆ ਜਿਸ ਦੀ ਨੀਂਹ ਰੱਖਣ ਲਈ ਟੱਕ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਲਗਾਇਆ। ਇਥੇ ਹੀ ਭਾਈ ਰਣੀਆ ਜੀ ਅਤੇ ਬੀਬੀ ਅਮਰੋ ਜੀ ਨੇ ਗੁਰੂ ਸਾਹਿਬ ਦੀ ਸੇਵਾ ਵਿਚ ਆਪਣਾ ਜੀਵਨ ਲਗਾਇਆ। ਇਥੋਂ ਬੀਬੀ ਅਮਰੋ ਜੀ ਅਤੇ ਭਾਈ ਰਣੀਆ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਧਰਮ ਪ੍ਰਚਾਰ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਹਿਨੁਮਾਈ ਹੇਠ ਅਰੰਭ ਕੀਤੀ, ਜਿਸ ਵਿਚ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ, ਦੀਵਾਨ ਦੁਰਗਾ ਮੱਲ, ਦੁਰਗਾ ਦਾਸ ਆਦਿ ਮਹਾਂਪੁਰਸ਼ਾਂ ਦੇ ਨਾਲ-ਨਾਲ ਬੀਬੀ ਅਮਰੋ ਜੀ ਅਤੇ ਭਾਈ ਰਣੀਆ ਜੀ ਵੀ ਗੁਰੂ-ਘਰ ਦੇ ਟਹਿਲੀਏ ਸੇਵਾਦਾਰ ਵਜੋਂ ਸ਼ਾਮਲ ਸਨ। ਪ੍ਰਚਾਰ ਵਜੋਂ ਮਾਲਵੇ ਦੇਸ਼ ਦੇ ਬਾਂਗਰ ਇਲਾਕੇ ਮਥਰਾ, ਕੁਰੂਕਸ਼ੇਤਰ, ਆਗਰਾ, ਕਾਨ੍ਹਪੁਰ, ਅਲਾਹਾਬਾਦ ਆਦਿਕ ਅਨੇਕਾਂ ਤੀਰਥਾਂ ਦੀ ਯਾਤਰਾ ਕਰਦੇ ਹੋਏ ਪਟਨੇ ਸ਼ਹਿਰ (ਬਿਹਾਰ) ਵਿਖੇ ਪੁੱਜੇ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪਰਵਾਰ ਅਤੇ ਗੁਰੂ ਦੀ ਸੰਗਤ ਜਿਸ ਵਿਚ ਭਾਈ ਰਣੀਆ ਜੀ ਅਤੇ ਬੀਬੀ ਅਮਰੋ ਜੀ ਵੀ ਸ਼ਾਮਲ ਸਨ, ਨੂੰ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੌਂਪ ਕੇ ਢਾਕੇ-ਅਸਾਮ ਦੇਸ਼ ਦੇ ਦੌਰੇ ’ਤੇ ਚਲੇ ਗਏ ਸਨ। ਪਟਨੇ ਵਿਖੇ ਹੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸਦਕਾ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ 23 ਪੋਹ 1723 ਬਿਕ੍ਰਮੀ ਤੋਂ ਚਾਰ ਮਹੀਨੇ ਬਾਅਦ ਬੀਬੀ ਅਮਰੋ ਜੀ ਦੀ ਕੁੱਖੋਂ ਭਈ ਰਣੀਆ ਜੀ ਦੇ ਘਰ ਬਾਬਾ ਸੰਗਤ ਸਿੰਘ ਦਾ ਜਨਮ 28 ਵੈਸਾਖ 1724 ਬਿਕ੍ਰਮੀ ਨੂੰ ਹੋਇਆ। ਮਾਤਾ-ਪਿਤਾ ਨੇ ਜਨਮ ਤੋਂ ਹੀ ਆਪ ਜੀ ਦਾ ਨਾਮ ਸੰਗਤਾ ਰੱਖਿਆ।
“ਗਿਆਨੀ ਗੁਰਬਖਸ਼ ਸਿੰਘ ਜੀ ਆਪਣੀ ਪੁਸਤਕ ‘ਕਲਗੀ ਭਾਈ ਸੰਗਤ ਸਿੰਘ ਨੂੰ ਹੀ’ ਵਿਚ ਲਿਖਦੇ ਹਨ ਕਿ ਬਾਬਾ ਸੰਗਤ ਸਿੰਘ ਦੇ ਵੱਡ-ਵਡੇਰੇ ਪੁਰਾਣੇ ਜ਼ਮਾਨੇ ਦੇ ਜਲੰਧਰ ਸੂਬੇ ਦੇ ਪਿੰਡ ਖੇੜੀ (ਫਗਵਾੜੇ ਦੇ ਲਾਗੇ) ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੇ ਵੱਡ-ਵਡੇਰੇ ਪਹਿਲਾਂ ਬੰਗੇ ਰਹਿੰਦੇ ਸਨ ਜਿਸ ਕਰਕੇ ਖੇੜੀ ਦੇ ਵਸਨੀਕ ਆਪ ਨੂੰ ਬੰਗੇਸਰ ਦੀ ਅੱਲ ਨਾਲ ਪੁਕਾਰਦੇ ਸਨ।”
ਇਤਿਹਾਸ ਨੂੰ ਵਾਚਣ ਉਪਰੰਤ ਪਤਾ ਲੱਗਦਾ ਹੈ ਕਿ, “ਖੇੜੀ ਸਪਰੋੜ ਦੀ ਇਕ ਦਿਲਕੰਬਾਊ ਕਹਾਣੀ ਨੂੰ ਬੜੇ ਜਿਗਰੇ ਨਾਲ ਹੀ ਸੁਣਿਆ ਜਾ ਸਕਦਾ ਹੈ। ਲਾਗੇ-ਲਾਗੇ ਦੇ ਪਿੰਡਾਂ ਤੋਂ ਵੀ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਖਾਲਸਾ ਪੰਥ ਦੀ ਸਾਜਨਾ ਸਮੇਂ ਅਨੰਦਪੁਰ ਸਾਹਿਬ ਵਿਖੇ ਇਸੇ ਪਿੰਡ ਦੇ ਭਾਈ ਰਣੀਆ ਜੀ, ਭਾਈ ਜੋਧਾ ਜੀ ਜੋ ਹੀਰ ਗੋਤ ਦੇ ਰਾਮਦਾਸੀਏ ਗੁਰਸਿੱਖ ਸਨ, ਤੇ ਭਾਈ ਭਾਨੂੰ ਜੀ ਦੇ ਸਪੁੱਤਰ ਸਨ, ਦੇ ਪਰਵਾਰਾਂ ਨੇ ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਖਾਲਸਾ ਪੰਥ ਨਾਲ ਆਪਣਾ ਗੂੜ੍ਹਾ ਸਬੰਧ ਜੋੜ ਲਿਆ ਸੀ, ਜਿਸ ਦੇ ਵਿਰੋਧ ਵਿਚ ਆ ਕੇ ਔਰੰਗਜ਼ੇਬ ਹਕੂਮਤ ਨੇ ਇਕ ਖਾਸ ਫਤਵਾ ਜਾਰੀ ਕੀਤਾ ਕਿ ਇਨ੍ਹਾਂ ਦੀ ਜਾਇਦਾਦ ਜਬਤ ਕਰਕੇ ਇਨ੍ਹਾਂ ਨੂੰ ਬਾਗੀ ਕਰਾਰ ਦੇ ਦਿੱਤਾ ਜਾਵੇ ਅਤੇ ਹਕੂਮਤ ਦੇ ਸਪੁਰਦ ਨਾ ਕਰਨ ਦੀ ਸੂਰਤ ਵਿਚ ਪਿੰਡ ਖੇੜੀ ਤਹਿਸ-ਨਹਿਸ ਕਰਨ ਦਾ ਹੁਕਮ ਦਿੱਤਾ ਸੀ, ਇਸ ਤਰ੍ਹਾਂ ਖੇੜੀ ਪਿੰਡ ਜੋ ਜ਼ਾਲਮ ਹਕੂਮਤ ਨੇ ਬੇਰਹਿਮੀ ਦਾ ਸ਼ਿਕਾਰ ਬਣਾ ਕੇ ਉਜਾੜ ਦਿੱਤਾ ਗਿਆ, ਜੋ ਅੱਜ ਵੀ ਥੇਹ ਦੀ ਸ਼ਕਲ ਵਿਚ ਦੇਖਿਆ ਜਾ ਸਕਦਾ ਹੈ।” ਬਾਬਾ ਸੰਗਤ ਸਿੰਘ ਜੀ ਦੇ ਖਾਨਦਾਨ ਦੇ ਜੋ ਪਰਵਾਰ ਥੇਹ ਜੋ ਪਿੰਡ ਖੇੜੀ ਤੋਂ ਉਜੜ-ਪੁਜੜ ਕੇ ਆਏ ਸਨ ਉਨ੍ਹਾਂ ਵਿਚ ਅੱਜ ਵੀ ਪਿੰਡ ਰੁੜਕਾ ਖੁਰਦ, ਖੋਥੜਾਂ, ਜੰਡਾਲੀ, ਚੱਕ ਗੁਰੂ ਆਦਿਕ ਪਿੰਡਾਂ ਵਿਚ ਬਾਬਾ ਜੀ ਦੇ ਖਾਨਦਾਨ ਨਾਲ ਸਬੰਧਿਤ ਬਹੁਤ ਸਾਰੇ ਗੁਰਸਿੱਖ ਪਰਵਾਰ ਗੁਰੂ-ਪੰਥ ਦੀ ਸੇਵਾ ਵਿਚ ਹਨ। ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿਚ ਜੰਡੂ ਸਿੰਘਾ (ਜਲੰਧਰ ਸ਼ਹਿਰ) ਇਲਾਕੇ ਦੇ ਭਾਈ ਬੁੱਧਾ ਜੀ ਅਤੇ ਭਾਈ ਸੁੱਧਾ ਜੀ ਰਾਮਦਾਸੀਏ ਸਿੱਖਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿਚ ਰਹਿ ਕੇ ਗੁਰੂ ਸਾਹਿਬ ਦੁਆਰਾ ਲੜੀਆਂ ਗਈਆਂ ਚੌਹਾਂ ਜੰਗਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਵੈਰੀਆਂ ਨੂੰ ਕਰਾਰੇ ਹੱਥ ਦਿਖਾਏ, ਉਥੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਬਣ ਹਿਰਦੇ ਵਿਚ ਇਤਿਹਾਸ ਸਮੋਈ ਬੈਠੀਆਂ ਰਾਮਦਾਸੀਏ ਸਿੱਖਾਂ ਅਤੇ ਸਿੱਖ ਬੀਬੀਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਵੀ ਇਤਿਹਾਸ ਆਪਣੀ ਛਾਤੀ ਵਿਚ ਸਮੋਈ ਬੈਠਾ ਹੈ।
ਭਾਈ ਰਤਨ ਸਿੰਘ ਭੰਗੂ ਲਿਖਦੇ ਹਨ ਕਿ “ਵੱਡੇ ਘੱਲੂਘਾਰੇ ਸਮੇਂ ਹੋਰ ਬਿਰਾਦਰੀਆਂ ਦੇ ਨਾਲ-ਨਾਲ ਹਜ਼ਾਰਾਂ ਰਾਮਦਾਸੀਏ ਸਿੰਘਾਂ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਲਿਖਦੇ ਹਨ ਕਿ “ਸਿੱਖ ਰਾਜ ਸਥਾਪਤ ਕਰਨ ਵਿਚ ਰਾਮਦਾਸੀਏ ਸਿੰਘਾਂ ਦਾ ਵਿਸ਼ੇਸ਼ ਯੋਗਦਾਨ ਹੈ।” ਇਤਿਹਾਸ ਦੇ ਪੱਤਰੇ ਵਾਚਣ ਉਪਰੰਤ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਰਾਮਦਾਸੀਏ ਸਿੱਖਾਂ ਦਾ ਇਤਿਹਾਸ ਕਿਸ ਤਰ੍ਹਾਂ ਕੁਰਬਾਨੀਆਂ ਨਾਲ ਲਬਰੇਜ਼ ਹੋਇਆ ਪਿਆ ਹੈ, ਇਨ੍ਹਾਂ ਵਿੱਚੋਂ ਹੀ ਸਨ ਕੌਮ ਦੇ ਅਮੋਲ ਰਤਨ ਬਾਬਾ ਸੰਗਤ ਸਿੰਘ ਜੀ, ਜਿਨ੍ਹਾਂ ਨੇ ਆਪਣਾ ਜੀਵਨ ਮੁੱਢ ਤੋਂ ਲੈ ਕੇ ਅੰਤ ਤਕ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਰਹਿ ਕੇ ਗੁਜ਼ਾਰਿਆ। ਛੋਟੀ ਉਮਰ ਵਿਚ ਆਪ ਪਟਨੇ ਸ਼ਹਿਰ ਵਿਚ ਸ੍ਰੀ (ਗੁਰੂ) ਗੋਬਿੰਦ ਰਾਏ ਜੀ ਨਾਲ ਹੱਸ ਖੇਡ ਤੇ ਬਾਲ-ਲੀਲ੍ਹਾ ਦੀਆਂ ਖੇਡਾਂ ਦੇ ਨਾਲ-ਨਾਲ ਹੀ ਗੁਰੂ ਸਾਹਿਬ ਦੀ ਸ਼ਰਨ ਵਿਚ ਰਹਿ ਕੇ ਭਾਈ ਸੰਗਤੇ ਨੇ ਸ਼ਸ਼ਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀ ਦੌੜ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਅਤੇ ਫਿਰ ਆਪ ਗੁਰੂ ਸਾਹਿਬ ਜੀ ਨਾਲ ਅਨੰਦਪੁਰ ਸਾਹਿਬ ਆ ਗਏ।
ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੇ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵਾਂ ਨੂੰ ਖ਼ਤਮ ਕਰਦਿਆਂ ਹੋਇਆਂ, ਹਜ਼ਾਰਾਂ ਸੰਗਤਾਂ ਸਮੇਤ 1 ਵੈਸਾਖ 1756 ਬਿਕ੍ਰਮੀ ਨੂੰ ਗੁਰੂ ਸਾਹਿਬ ਜੀ ਤੋਂ ਭਾਈ ਸੰਗਤੇ ਨੇ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਸੰਗਤੇ ਤੋਂ ਭਾਈ ਸੰਗਤ ਸਿੰਘ ਬਣੇ, ਜਿਨ੍ਹਾਂ ਵਿਚ ਆਪ ਦੇ ਚਾਚੇ ਭਾਈ ਜੋਧਾ ਜੀ ਅਤੇ ਪਿਤਾ ਭਾਈ ਰਣੀਆ ਜੀ, ਆਪ ਦੇ ਸਾਥੀ ਭਾਈ ਮਦਨ ਸਿੰਘ, ਭਾਈ ਕਾਠਾ, ਭਾਈ ਰਾਮ ਸਿੰਘ ਅਤੇ ਬੀਬੀਆਂ ਵਿਚ ਬੀਬੀ ਦੀਪ ਕੌਰ ਸ਼ਾਮਲ ਸਨ, ਬੀਬੀ ਦੀਪ ਕੌਰ ਉਹ ਬਹਾਦਰ ਸਿੰਘਣੀ ਸੀ ਜਿਸ ਨੇ ਮੁਗ਼ਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਗੁਰੂ ਸਾਹਿਬ ਦੀ ਬਹਾਦਰ ਅਤੇ ਪਿਆਰੀ ਪੁੱਤਰੀ ਹੋਣ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਚਮਕੌਰ ਦੀ ਜੰਗ ਤੋਂ ਪਹਿਲਾਂ ਬਾਬਾ ਸੰਗਤ ਸਿੰਘ ਨੇ ਬਸੀ ਕਲਾਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਪੰਡਤਾਣੀ ਛੁਡਾਉਣ, ਭੰਗਾਣੀ ਦਾ ਯੁੱਧ, ਅਗੰਮਪੁਰੇ ਦੀ ਲੜਾਈ, ਸਰਸਾ ਦੀ ਜੰਗ ਵਿਚ ਵੀ ਸੂਰਬੀਰਤਾ ਦਾ ਸਬੂਤ ਦਿੱਤਾ ਸੀ ਅਤੇ ਫਿਰ ਗੁਰੂ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਮਾਲਵੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਸੀ ਜਿਸ ਕਰਕੇ ਗੁਰੂ ਸਾਹਿਬ ਜੀ ਨੂੰ ਬਾਬਾ ਸੰਗਤ ਸਿੰਘ ਦੀ ਵਫਾਦਾਰੀ ਅਤੇ ਸੂਰਬੀਰਤਾ ’ਤੇ ਪੂਰਨ ਵਿਸ਼ਵਾਸ ਸੀ, ਫਲਸਰੂਪ ਭਾਈ ਸੰਗਤ ਸਿੰਘ ਤਿਆਰ-ਬਰ-ਤਿਆਰ ਪੂਰਨ ਖਾਲਸਾ ਸਨ ਜਿਸ ਕਰਕੇ ਗੁਰੂ ਸਾਹਿਬ ਦੀ ਚੋਣ ਰੂਪੀ ਬਖਸ਼ਿਸ਼ ਸੰਗਤ ਸਿੰਘ ਦੀ ਝੋਲੀ ਪਈ। 9 ਪੋਹ 1761 ਬਿਕ੍ਰਮੀ ਦੀ ਸਵੇਰ ਨੂੰ ਜਦੋਂ ਮੁਗ਼ਲ ਫੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾਇਆ ਤਾਂ ਬਾਬਾ ਸੰਗਤ ਸਿੰਘ ਜੀ ਦੁਆਰਾ ਪਹਿਨੀ ਹੋਈ ਗੁਰੂ ਸਾਹਿਬ ਜੀ ਵਾਲੀ ਪੌਸ਼ਾਕ ਅਤੇ ਕਲਗੀ ਨੇ ਬਾਰ-ਬਾਰ ਮੁਗ਼ਲਾਂ ਨੂੰ ਗੁਰੂ ਸਾਹਿਬ ਜੀ ਦਾ ਭੁਲੇਖਾ ਪਾਇਆ। ਬਾਬਾ ਸੰਗਤ ਸਿੰਘ ਨੂੰ ਮੁਗ਼ਲ ਫੌਜਾਂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਤੀਰਾਂ ਦੀ ਬੁਛਾੜ ਕਰਦੀਆਂ ਰਹੀਆਂ। ਉਧਰ ਬਾਬਾ ਜੀ ਨੇ ਡਟ ਕੇ ਮੁਗ਼ਲਾਂ ਦਾ ਮੁਕਾਬਲਾ ਕੀਤਾ ਅਤੇ ਕ੍ਰਿਪਾਨ, ਤੀਰਾਂ ਅਤੇ ਨੇਜ਼ਿਆਂ ਦੀ ਵਰਤੋਂ ਕਰ ਕੇ ਮੁਗ਼ਲਾਂ ਦੇ ਆਹੂ ਲਾਹ ਛੱਡੇ। ਜ਼ਖ਼ਮੀ ਹੋਏ ਵੀ ਬਾਬਾ ਸੰਗਤ ਸਿੰਘ ਅੰਤ ਸਮੇਂ ਤਕ ਗੁਰੂ ਫਤਹਿ ਦੇ ਜੈਕਾਰੇ ਗਜਾਉਂਦੇ ਰਹੇ ਅਤੇ ਗੁਰੂ ਸਾਹਿਬ ਦੁਆਰਾ ਦਿੱਤੇ ਹੁਕਮਾਂ ’ਤੇ ਇੰਨ-ਬਿੰਨ ਪੂਰੇ ਉਤਰੇ। ਜ਼ਾਲਮਾਂ ਵਿਰੁੱਧ ਯੁੱਧ ਲਈ ਗੁਰੂ ਸਾਹਿਬ ਜੀ ਦੇ ਫਲਸਫੇ ’ਤੇ ਚਲਦਿਆਂ ਹੋਇਆਂ ਦੁਸ਼ਮਣਾਂ ਨਾਲ ਚਮਕੌਰ ਦੀ ਅਦੁੱਤੀ ਜੰਗ ਲੜ ਕੇ ਗੁਰੂ-ਆਸ਼ੇ ਨੂੰ ਸਰਅੰਜਾਮ ਦੇ ਕੇ ਅੰਤ 9 ਪੋਹ 1761 ਬਿਕ੍ਰਮੀ ਨੂੰ ਸ਼ਹਾਦਤ ਦਾ ਜਾਮ ਪੀ ਗਏ।
ਤਰਲੋਚਨ ਸਿੰਘ
Comments (0)