ਕੈਨੇਡਾ ਬੈਠੇ ਅਰਸ਼ ਡੱਲਾ ਵਲੋਂ ਪੰਜਾਬ ਪੁਲਿਸ ਨੂੰ ਧਮਕੀ ਨਾਜਾਇਜ਼ ਕੇਸ ਪਾਏ ਤਾਂ ਚੁਪ ਨਹੀਂ ਰਹਾਂਗਾ
*ਕਿਹਾ ਕਿ ਫਾਜ਼ਿਲਕਾ, ਗੁਰਦਾਸਪੁਰ ਤੇ ਮੁਹਾਲੀ ਵਿਚ ਇੰਟੈਲੀਜੈਂਸ ਹੈੱਡਕੁਆਰਟਰ ਵਿਚ ਹੋਏ ਬੰਬ ਧਮਾਕਿਆਂ ਨਾਲ ਮੇਰਾ ਕੋਈ ਸੰਬੰਧ ਨਹੀਂ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਪੰਜਾਬ ਪੁਲਿਸ ਨੂੰ ਕੈਨੇਡਾ ਵਿਚ ਬੈਠੇ ਗੈਂਗਸਟਰ ਅਰਸ਼ ਡੱਲਾ ਨੇ ਇੰਟਰਨੈੱਟ ਮੀਡੀਆ ’ਤੇ ਧਮਕੀ ਦਿੱਤੀ ਹੈ। ਇੰਟਰਨੈੱਟ ਮੀਡੀਆ ’ਤੇ ਪਾਈ ਪੋਸਟ ਵਿਚ ਅਰਸ਼ਦੀਪ ਡੱਲਾ ਨੇ ਕਿਹਾ ਕਿ ਮੈਨੂੰ ਜ਼ਬਰਦਸਤੀ ਖਾੜਕੂ ਬਣਾਇਆ ਜਾ ਰਿਹਾ ਹੈ। ਨਾ ਤਾਂ ਮੈਂ ਅੱਜ ਤਕ ਕੋਈ ਧਮਾਕਾ ਕਰਵਾਇਆ ਹੈ ਤੇ ਨਾ ਹੀ ਮੇਰਾ ਕਿਸੇ ਖਾੜਕੂ ਗਤੀਵਿਧੀ ਵਿਚ ਹੱਥ ਹੈ। ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੱਲਾ ਨੇ ਕਿਹਾ ਕਿ ਫਾਜ਼ਿਲਕਾ, ਗੁਰਦਾਸਪੁਰ ਤੇ ਮੁਹਾਲੀ ਵਿਚ ਇੰਟੈਲੀਜੈਂਸ ਹੈੱਡਕੁਆਰਟਰ ਵਿਚ ਹੋਏ ਬੰਬ ਧਮਾਕਿਆਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ।
ਧਿਆਨ ਰਹੇ ਕਿ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਚਾਰ ਖਾੜਕੂਆਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਕਾਰਜਵਾਹਕ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਚਾਰ ਖਾੜਕੂ ਕੈਨੇਡਾ ਸਥਿਤ ਅਰਸ਼ ਡੱਲਾ ਤੇ ਆਸਟ੍ਰੇਲੀਆ ਸਥਿਤ ਗੁਰਜੰਟ ਸਿੰਘ ਨਾਲ ਜੁੜ੍ਹੇ ਹਨ। ਮੁਲਜ਼ਮਾਂ ਦੀ ਪਛਾਣ ਮੋਗਾ ਦੇ ਪ੍ਰੀਤ ਨਗਰ ਨਿਵਾਸੀ ਦੀਪਕ ਸ਼ਰਮਾ, ਫਿਰੋਜ਼ਪੁਰ ਦੇ ਪਿੰਡ ਕੋਟਕਰੋਡ਼ ਕਲਾਂ ਦੇ ਸੰਦੀਪ ਸਿੰਘ, ਦਿੱਲੀ ਦੇ ਨਜ਼ਫਗੜ੍ਹ ਦੇ ਪਿੰਡ ਈਸ਼ਾਪੁਰ ਦੇ ਸਨੀ ਡਾਗਰ ਤੇ ਨਵੀਂ ਦਿੱਲੀ ਦੇ ਗੋਇਲਾ ਖੁਰਦ ਨਿਵਾਸੀ ਵਿਪਨ ਜਾਖਡ਼ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਵਿਚੋਂ ਦੀਪਕ ਤੇ ਸੰਨੀ ਦੇ ਤਾਰ ਅਰਸ਼ਦੀਪ ਡੱਲਾ ਨਾਲ ਜੁੜੇ ਦੱਸੇ ਜਾ ਰਹੇ ਹਨ। ਡੱਲਾ ਨੇ ਪੋਸਟ ਵਿਚ ਲਿਖਿਆ ਹੈ ਕਿ ਮੇਰੇ ਭਰਾ ਦੀਪਕ ਤੇ ਸੰਨੀ ਨੂੰ ਪੰਜਾਬ ਪੁਲਿਸ ਨੇ ਫੜਿਆ ਹੈ। ਉਨ੍ਹਾਂ ਕੋਲੋਂ 9 ਐੱਮਐੱਮ ਪਿਸਤੌਲ ਤੇ 100 ਕਾਰਤੂਸ ਬਰਾਮਦ ਹੋਏ ਸਨ। ਕੋਈ ਬੰਬ ਜਾਂ ਹੈਂਡ ਗ੍ਰਨੇਡ ਨਹੀਂ ਮਿਲਿਆ। ਪੁਲਿਸ ਬਿਨਾਂ ਕਿਸੇ ਵਜ੍ਹਾ ਮੇਰੇ ਭਰਾਵਾਂ ਨੂੰ ਖਾੜਕੂ ਦੱਸ ਰਹੀ ਹੈ।
ਡੱਲਾ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਕੋਈ ਵੀ ਅਫ਼ਸਰ ਸਿੱਧਾ ਫੋਨ ਕਰ ਕੇ ਕਹਿ ਦੇਵੇ ਕਿ ਅਸੀਂ ਨਾਜਾਇਜ਼ ਕਰਨ ਤੋਂ ਨਹੀਂ ਹਟਾਂਗੇ। ਫਿਰ ਮੈਂ ਉਸੇ ਦੇ ਸਟਾਈਲ ਵਿਚ ਜਵਾਬ ਦੇਵਾਂ। ਬਿਨਾਂ ਕਿਸੇ ਵਜ੍ਹਾ ਪਰਚੇ ਦਰਜ ਕਰ ਕੇ ਇਹ ਮਜਬੂਰ ਕਰ ਰਹੇ ਹਨ। ਡੱਲਾ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਬੇਕਸੂਰ ਸੀ ਉਸ ਦਾ ਕਤਲ ਕਰਵਾ ਦਿੱਤਾ। ਕਤਲ ਕਰਨ ਵਾਲੇ ਨੂੰ ਮੰਤਰੀਆਂ ਵਾਂਗ ਮੀਡੀਆ ਵਿਚ ਮਸ਼ਹੂਰ ਕੀਤਾ ਜਾ ਰਿਹਾ ਹੈ। ਜਦੋਂ ਇਨ੍ਹਾਂ ਦਾ ਮਨ ਕਰਦਾ ਹੈ ਤਾਂ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿੰਦੇ।
ਗੈਂਗਸਟਰ ਤੋਂ ਅੱਤਵਾਦੀ ਬਣਿਆ ਅਰਸ਼ ਡੱਲਾ ਮੋਗਾ ਦਾ ਨਿਵਾਸੀ ਹੈ ਤੇ ਹੁਣ ਕੈਨੇਡਾ ਵਿਚ ਰਹਿੰਦਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਗੈਂਗਸਟਰ ਸਰਗਰਮੀਆਂ ਵਿਚ ਸ਼ਾਮਲ ਰਿਹਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਉਸ ਨੂੰ ਕੈਨੇਡਾ ਤੋਂ ਹਵਾਲਗੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਅਰਸ਼ ਡੱਲਾ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਮਈ 2022 ਵਿਚ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
Comments (0)