ਚੰਨ 'ਤੇ ਇਨਸਾਨਾਂ ਨੂੰ ਭੇਜਣ ਲਈ ਦੋ ਅਰਬਪਤੀਆਂ ਵਿਚਾਲੇ ਦਿਲਚਸਪ ਦੌੜ ਸ਼ੁਰੂ

ਚੰਨ 'ਤੇ ਇਨਸਾਨਾਂ ਨੂੰ ਭੇਜਣ ਲਈ ਦੋ ਅਰਬਪਤੀਆਂ ਵਿਚਾਲੇ ਦਿਲਚਸਪ ਦੌੜ ਸ਼ੁਰੂ

ਐਲੋਨ ਮਸਕ ਤੋਂ ਬਾਅਦ ਹੁਣ ਜੇਫ ਬੇਜੋਸ ਨੂੰ ਮਿਲਿਆ ਨਾਸਾ ਦਾ ਕੰਟਰੈਕਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿੰਗਟਨ-ਐਲੋਨ ਮਸਕ ਦੀ ਕੰਪਨੀ ਸਪੇਸ ਐਕਸ ਤੋਂ ਬਾਅਦ ਹੁਣ ਅਰਬਪਤੀ ਜੈਫ ਬੇਜੋਸ ਦੀ ਕੰਪਨੀ ਬਲੂ ਓਰਿਜਿਨ ਨਾਸਾ ਨੇ ਨਾਲ ਹੀ ਮੂਨ ਕੰਟਰੈਕਟ ਸਾਈਨ ਕੀਤਾ ਹੈ। ਇਸ ਇਕਰਾਰਨਾਮੇ ਦਾ ਨਾਂ 'ਆਰਟੇਮਿਸ-5 ਮਿਸ਼ਨ' ਰੱਖਿਆ ਗਿਆ ਹੈ।ਨਾਸਾ ਦਾ ਐਲੋਨ ਮਸਕ ਦੇ ਸਪੇਸਐਕਸ ਨਾਲ 2025 ਤੱਕ ਚੰਨ 'ਤੇ ਮਨੁੱਖਾਂ ਨੂੰ ਭੇਜਣ ਲਈ 3 ਬਿਲੀਅਨ ਡਾਲਰ ਦਾ ਪਹਿਲਾਂ ਤੋਂ ਹੀ ਇਕਰਾਰਨਾਮਾ ਹੈ। ਇਸ ਦੌਰਾਨ ਨਾਸਾ ਨੇ ਜੈਫ ਬੇਜੋਸ ਦੀ ਕੰਪਨੀ ਬਲੂ ਓਰਿਜਿਨ ਨਾਲ ਵੀ ਅਜਿਹਾ ਹੀ ਇਕਰਾਰਨਾਮਾ ਕੀਤਾ ਹੈ। ਇਸ ਕਰਾਰ ਦਾ ਮੁੱਲ 3.4 ਬਿਲੀਅਨ ਡਾਲਰ ਹੈ।ਇਸਤਰ੍ਹਾਂ ਚੰਨ 'ਤੇ ਇਨਸਾਨਾਂ ਨੂੰ ਭੇਜਣ ਲਈ ਦੋ ਅਰਬਪਤੀਆਂ ਵਿਚਾਲੇ ਦਿਲਚਸਪ ਦੌੜ ਸ਼ੁਰੂ ਹੋ ਗਈ ਹੈ। ਜੈਫ ਬੇਜੋਸ ਨੇ ਇੱਕ ਬਿਆਨ ਵਿੱਚ ਐਲਾਨ ਕੀਤਾ ਕਿ ਉਸਨੇ ਨਾਸਾ ਨਾਲ ਇੱਕ ਮਹੱਤਵਪੂਰਨ ਸਮਝੌਤਾ ਕੀਤਾ ਹੈ, ਜਿਸ ਤਹਿਤ ਉਹ ਮਨੁੱਖਾਂ ਨੂੰ ਚੰਨ 'ਤੇ ਭੇਜਣ ਦੇ ਆਪਣੇ ਟੀਚੇ ਦੇ ਨੇੜੇ ਆ ਗਏ ਹਨ।

ਨਾਸਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੇਜੋਸ ਦੀ ਨਿੱਜੀ ਰਾਕੇਟ ਕੰਪਨੀ ਬਲੂ ਓਰਿਜਿਨ ਨੂੰ ਆਰਟੇਮਿਸ ਪ੍ਰੋਗਰਾਮ ਦੇ ਹਿੱਸੇ ਵਜੋਂ ਇਕਰਾਰਨਾਮਾ ਮਿਲਿਆ ਹੈ। ਇਸ ਦਾ ਮਕਸਦ ਪੁਲਾੜ ਯਾਤਰੀਆਂ ਨੂੰ ਚੰਨ 'ਤੇ ਲਿਜਾਣਾ ਹੈ।ਨਾਸਾ ਦੇ ਇਕ ਅਧਿਕਾਰੀ ਨੇ ਇਕਰਾਰਨਾਮੇ ਬਾਰੇ ਕਿਹਾ ਹੈ ਕਿ ਮਸਕ ਅਤੇ ਸਪੇਸਐਕਸ ਦੀ ਅਗਵਾਈ ਵਿਚ, ਬਲੂ ਓਰਿਜਿਨ ਦੇ ਨਾਲ ਨਾਸਾ ਦਾ ਹੁਣੇ ਜਿਹੇ ਹੋਇਆ ਇਕਰਾਰਨਾਮਾ ਦੋ ਅਰਬਪਤੀਆਂ ਵਿਚਾਲੇ ਮੁਕਾਬਲੇ ਨੂੰ ਤੇਜ਼ ਕਰੇਗਾ। ਨਾਸਾ ਵੱਧ ਤੋਂ ਵੱਧ ਮੁਕਾਬਲਾ ਚਾਹੁੰਦਾ ਹੈ ਤਾਂ ਜੋ ਕੋਈ ਪ੍ਰੋਗਰਾਮ ਫੇਲ ਹੋਣ 'ਤੇ ਵੀ ਉਸ ਦਾ ਬੈਕਅੱਪ ਤਿਆਰ ਰਹੇ।

ਇਕ ਰਿਪੋਰਟ ਮੁਤਾਬਕ ਨਾਸਾ ਨੇ ਬੇਜੋਸ ਦੀ ਕੰਪਨੀ ਤੋਂ ਲੂਨਰ ਲੈਂਡਰ ਦੀ ਮੰਗ ਕੀਤੀ ਹੈ। ਜੋ ਕਿ 50 ਫੁੱਟ ਦੇ ਪੁਲਾੜ ਯਾਨ ਦਾ ਹਿੱਸਾ ਹੋਵੇਗਾ। ਜਿਸ ਨੂੰ ਬਲੂ ਮੂਨ ਕਿਹਾ ਜਾਂਦਾ ਹੈ। ਮਿਸ਼ਨ ਨੂੰ 2029 ਵਿੱਚ ਲਾਂਚ ਕੀਤਾ ਜਾਵੇਗਾ। ਇਸ ਦੇ ਜ਼ਰੀਏ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਾਰਿਆ ਜਾਵੇਗਾ।

ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਜੈਫ ਬੇਜੋਸ ਨੇ ਉਤਸ਼ਾਹਿਤ ਹੋ ਕੇ ਲਿਖਿਆ, "ਅਸੀਂ ਚੰਦਰਮਾ 'ਤੇ ਜਾ ਰਹੇ ਹਾਂ!" ਇਸ ਕੈਪਸ਼ਨ ਦੇ ਨਾਲ ਬਲੂ ਓਰਿਜਿਨ ਦੇ ਪ੍ਰਸਤਾਵਿਤ ਚੰਦਰ ਲੈਂਡਰ ਦੀ ਤਸਵੀਰ ਦਿੱਤੀ ਗਈ ਸੀ, ਜੋ ਬੇਜੋਸ ਦੇ ਚੰਦਰਮਾ 'ਤੇ ਇਕ ਸਥਾਈ ਮਨੁੱਖ ਦੀ ਮੌਜੂਦਗੀ ਸਥਾਪਤ ਕਰਨ ਦੇ ਇਰਾਦੇ ਵੱਲ ਸੰਕੇਤ ਕਰਦਾ ਸੀ।ਅਜਿਹਾ ਮੰਨਿਆ ਜਾਂਦਾ ਹੈ ਕਿ ਮਸਕ ਦੇ ਯਤਨਾਂ ਦੀ ਤੁਲਨਾ ਵਿਚ ਬੇਜੋਸ ਦਾ ਮਿਸ਼ਨ ਜ਼ਿਆਦਾ ਮਹੱਤਵਪੂਰਨ ਹੈ। ਬਲੂ ਓਰਿਜਨ ਦੀ ਟੀਮ ਵਿੱਚ ਕਈ ਵੱਡੀਆਂ ਕੰਪਨੀਆਂ ਸ਼ਾਮਲ ਹਨ। ਇਸ ਵਿੱਚ ਬੋਇੰਗ ਅਤੇ ਲਾਕਹੀਡ ਮਾਰਟਿਨ ਵਰਗੀਆਂ ਮਸ਼ਹੂਰ ਕੰਪਨੀਆਂ ਸ਼ਾਮਲ ਹਨ।ਰਿਪੋਰਟ ਦੇ ਮੁਤਾਬਕ, ਲਾਕਹੀਡ ਪੁਲਾੜ ਯਾਨ ਦੀ ਸਰਵਿਸਿੰਗ ਅਤੇ ਰਿਫਿਊਲਿੰਗ ਦਾ ਕੰਮ ਦੇਖੇਗਾ। ਇਸ ਦੇ ਨਾਲ ਹੀ ਬੋਇੰਗ ਪੁਲਾੜ ਯਾਨ ਵਿਚ ਡੌਕਿੰਗ ਤਕਨੀਕ ਸਥਾਪਿਤ ਕਰੇਗਾ। ਡਰੈਪਰ ਗਾਈਡੈਂਸ, ਨੇਵੀਗੇਸ਼ਨ ਅਤੇ ਸਿਮੂਲੇਟਰ ਤਕਨਾਲੋਜੀ ਲਗਾਏਗਾ। ਐਸਟ੍ਰੋਬੋਟਿਕ ਟੈਕਨਾਲੋਜੀ ਪੇਲੋਡ ਰਿਹਾਇਸ਼ ਨੂੰ ਵੇਖੇਗਾ। ਹਨੀਬੀ ਰੋਬੋਟਿਕਸ ਕਾਰਗੋ ਡਿਲੀਵਰੀ ਸਿਸਟਮ ਸੰਭਾਲੇਗਾ।

ਬਲੂ ਓਰਿਜਿਨ ਦੇ ਆਰਟੇਮਿਸ-5 ਮਿਸ਼ਨ ਦਾ ਉਦੇਸ਼ ਚੰਨ ਦੀ ਸਤ੍ਹਾ 'ਤੇ ਪੁਲਾੜ ਯਾਤਰੀਆਂ ਨੂੰ ਤੈਨਾਤ ਕਰਨਾ ਹੈ, ਚੰਦਰਮਾ ਦੇ ਬਰਫੀਲੇ ਦੱਖਣੀ ਧਰੁਵ ਦੀ ਖੋਜ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਾ ਹੈ।

ਇਸ ਦੇ ਨਾਲ ਹੀ ਸਪੇਸਐਕਸ ਦੇ ਨਾਲ ਆਰਟੇਮਿਸ ਮਿਸ਼ਨ-3 ਅਤੇ 4 ਦੇ ਤਹਿਤ ਦੋ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਲੈ ਜਾਵੇਗਾ। ਇਸ ਵਿੱਚ ਇੱਕ ਔਰਤ ਹੋਵੇਗੀ। ਆਰਟੇਮਿਸ 3 ਅਤੇ ਆਰਟੈਮਿਸ 4 ਦੋਵਾਂ ਲਈ ਮਾਨਵ ਲੈਂਡਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2021 ਵਿੱਚ ਨਾਸਾ ਨੇ ਐਲੋਨ ਮਸਕ ਦੀ ਕੰਪਨੀ ਸਪੇਸ ਐਕਸ ਨਾਲ ਸਮਝੌਤਾ ਕੀਤਾ ਸੀ। ਬੇਜੋਸ ਨੇ ਵੀ ਇਕਰਾਰਨਾਮੇ ਲਈ ਅਪੀਲ ਕੀਤੀ ਸੀ ਪਰ ਅਸਫਲ ਰਿਹਾ ਸੀ। ਇਸ ਤੋਂ ਬਾਅਦ ਜੇਫ ਬੇਜੋਸ ਅਤੇ ਉਨ੍ਹਾਂ ਦੀ ਕੰਪਨੀ ਬਲੂ ਓਰਿਜਿਨ ਨੇ ਵੀ ਕੇਸ ਦਾਇਰ ਕੀਤਾ ਸੀ ਪਰ ਅਦਾਲਤ ਨੇ ਇਸ ਨੂੰ ਰਦ ਕਰ ਦਿੱਤਾ ਸੀ।