ਗੰਨ ਹਿੰਸਾ ਵਿਚ ਅਮਰੀਕਾ ਬਣਿਆ ਸਭ ਤੋਂ ਖਤਰਨਾਕ!

ਗੰਨ ਹਿੰਸਾ ਵਿਚ ਅਮਰੀਕਾ ਬਣਿਆ ਸਭ ਤੋਂ ਖਤਰਨਾਕ!

50 ਸਾਲਾਂ ਦੌਰਾਨ ਡੇਢ ਲੱਖ ਲੋਕਾਂ ਦਾ ਕਤਲ

*ਅਮਰੀਕਨ ਸਬਜ਼ੀਆਂ ਵਾਂਗ ਖਰੀਦ ਰਹੇ ਬੰਦੂਕਾਂ.. 

ਬੀਤੇ ਦਿਨੀ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਸਥਿਤ ਡਲਾਸ ਵਿੱਚ ਇਕ ਬੰਦੂਕਧਾਰੀ ਵੱਲੋਂ ਭੀੜ ਭੜੱਕੇ ਵਾਲੇ ਮਾਲ ਵਿੱਚ ਹੋਈ ਫਾਇਰਿੰਗ ਵਿੱਚ ਮਰਨ ਵਾਲੇ ਨੌਂ ਵਿਅਕਤੀਆਂ ਵਿੱਚ ਇਕ ਭਾਰਤੀ ਇੰਜਨੀਅਰ ਵੀ ਸ਼ਾਮਲ ਹੈ। ‘ਦਿ ਨਿਊਯਾਰਕ ਪੋਸਟ’ ਅਖਬਾਰ ਦੀ ਖਬਰ ਮੁਤਾਬਿਕ ਡਲਾਸ ਵਿੱਚਲੇ ਏਲਨ ਪ੍ਰੀਮੀਅਮ ਆਊਟਲੈਟ ਵਿੱਚ ਜਦੋਂ ਬੰਦੂਕਧਾਰੀ ਮੌਰੀਸਿਉ ਗਾਰਸੀਆ ਨੇ ਫਾਇਰਿੰਗ ਕੀਤੀ, ਉਦੋਂ ਐਸ਼ਵਰਿਆ ਥਾਤੀਕੋਂਡਾ ਆਪਣੀ ਸਹੇਲੀ ਨਾਲ ਖਰੀਦਦਾਰੀ ਕਰ ਰਹੀ ਸੀ। ਇਹ ਘਟਨਾ ਬੀਤੇ ਸ਼ਨਿਚਰਵਾਰ ਨੂੰ ਦੁਪਹਿਰ ਸਾਢੇ ਤਿੰਨ ਵਜੇ ਵਾਪਰੀ ਜਦੋਂ ਮਾਲ ਦੇ ਬਾਹਰ ਖਰੀਦਦਾਰਾਂ ਦੀ ਭੀੜ ਲੱਗੀ ਹੋਈ ਸੀ। ਇਸ ਦੌਰਾਨ ਹੋਈ ਫਾਇਰਿੰਗ ਵਿੱਚ ਅੱਠ ਵਿਅਕਤੀ ਮਾਰੇ ਗਏ ਸਨ ਜਦੋਂ ਕਿ ਪੁਲੀਸ ਅਫਸਰ ਨੇ 33 ਸਾਲਾਂ ਬੰਦੂਕਧਾਰੀ ਨੂੰ ਮੌਕੇ ’ਤੇ ਗੋਲੀ ਮਾਰ ਦਿੱਤੀ ਸੀ।

ਪਰਿਵਾਰ ਦੇ ਪ੍ਰਤੀਨਿਧ ਨੇ ਡਬਲਯੂਐਫਏਏ ਟੈਲੀਵਿਜ਼ਨ ਸਟੇਸ਼ਨ ਕੋਲ ਪੁਸ਼ਟੀ ਕੀਤੀ ਕਿ ਗੋਲੀਬਾਰੀ ਦੀ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਥਾਤੀਕੋਂਡਾ ਵੀ ਸ਼ਾਮਲ ਸੀ। ਟੀਵੀ ਸਟੇਸ਼ਨ ਦੀ ਰਿਪੋਰਟ ਮੁਤਾਬਿਕ ਉਹ ਇੰਜਨੀਅਰ ਸੀ ਅਤੇ ਟੈਕਸਸ ਵਿੱਚ ਕੰਮ ਕਰਦੀ ਸੀ ਜਦੋਂ ਕਿ ਉਸ ਦਾ ਪਰਿਵਾਰ ਭਾਰਤ ਵਿੱਚ ਰਹਿੰਦਾ ਹੈ। ਉਸ ਦੀ ਸਹੇਲੀ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ, ਜ਼ਖ਼ਮੀ ਹੋ ਗਈ ਸੀ। ਫਿਲਹਾਲ ਹਸਪਤਾਲ ਵਿੱਚ ਉਸ ਦੀ ਹਾਲਤ ਸਥਿਰ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਸਾਲ ਤੋਂ ਮਈ ਦੇ ਦੂਜੇ ਹਫਤੇ ਤੱਕ ਯਾਨੀ ਸਿਰਫ 4 ਮਹੀਨੇ 7 ਦਿਨਾਂ ਦੌਰਾਨ ਅਮਰੀਕਾ ਵਿਚ ਗੋਲੀਬਾਰੀ ਦੀਆਂ 164 ਘਟਨਾਵਾਂ ਹੋ ਚੁੱਕੀਆਂ ਹਨ। ਇਸ ਲਈ ਇਹ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਕਿੰਨਾ ਖਤਰਨਾਕ ਬਣਦਾ ਜਾ ਰਿਹਾ ਹੈ ਅਤੇ ਬੰਦੂਕ ਕਲਚਰ ਨੇ ਅਮਰੀਕਾ ਦਾ ਕੀ ਹਾਲ ਕੀਤਾ ਹੈ ? 

ਪਿਛਲੇ ਮਹੀਨੇ 16 ਅਪ੍ਰੈਲ ਨੂੰ ਅਲਬਾਮਾ ਵਿਚ ਜਨਮਦਿਨ ਦੀ ਪਾਰਟੀ ਦੌਰਾਨ ਇਕ ਵਿਅਕਤੀ ਨੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 28 ਜ਼ਖਮੀ ਹੋ ਗਏ ਸਨ।ਗਨ ਵਾਇਲੈਂਸ ਆਰਕਾਈਵ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਸੰਯੁਕਤ ਰਾਜ ਵਿੱਚ ਸਮੂਹਿਕ ਗੋਲੀਬਾਰੀ ਉਪਰ ਨਜ਼ਰ ਰਖਦੀ ਹੈ। ਇਸ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ 2016 ਤੋਂ ਬਾਅਦ ਇਹ ਸਭ ਤੋਂ ਵੱਡਾ ਅੰਕੜਾ ਹੈ। ਅਮਰੀਕਾ ਵਿੱਚ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਦੇਸ਼ ਦੇ ਕਿਸੇ ਵੀ ਸ਼ਹਿਰ ਤੋਂ ਗੋਲੀਬਾਰੀ ਦੀ ਖ਼ਬਰ ਨਾ ਹੋਵੇ।ਗੰਨ ਵਾਇਲੈਂਸ ਆਰਕਾਈਵ ਦੇ ਅਨੁਸਾਰ, ਸਮੂਹਿਕ ਗੋਲੀਬਾਰੀ ਇੱਕ ਅਜਿਹੀ ਘਟਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸ਼ੂਟਰ ਸਮੇਤ ਚਾਰ ਜਾਂ ਵੱਧ ਲੋਕ ਜ਼ਖਮੀ ਜਾਂ ਮਾਰੇ ਜਾਂਦੇ ਹਨ। ਗਨ ਵਾਇਲੈਂਸ ਆਰਕਾਈਵ ਦੀ ਰਿਪੋਰਟ ਅਨੁਸਾਰ 2023 ਵਿੱਚ ਹੁਣ ਤੱਕ ਬੰਦੂਕ ਹਿੰਸਾ ਨਾਲ ਸਬੰਧਤ 11,521 ਮੌਤਾਂ ਹੋਈਆਂ ਹਨ।ਜੇਕਰ ਸਾਲ 2022 ਦੀ ਗੱਲ ਕਰੀਏ ਤਾਂ ਪਿਛਲੇ ਸਾਲ ਅਮਰੀਕਾ ਵਿੱਚ ਸਮੂਹਿਕ ਗੋਲੀਬਾਰੀ ਦੀਆਂ ਕੁਲ 647 ਘਟਨਾਵਾਂ ਹੋਈਆਂ ਸਨ। ਯਾਨੀ ਹਰ ਮਹੀਨੇ 53 ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ, ਯਾਨੀ ਅਮਰੀਕਾ ਵਿੱਚ ਹਰ ਰੋਜ਼ ਦੋ ਥਾਵਾਂ 'ਤੇ ਸਮੂਹਿਕ ਗੋਲੀਬਾਰੀ ਹੁੰਦੀ ਹੈ। ਪਿਛਲੇ ਸਾਲ ਅਮਰੀਕਾ ਵਿੱਚ ਸਮੂਹਿਕ ਗੋਲੀਬਾਰੀ ਵਿੱਚ ਲਗਭਗ 45,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 6,000 ਤੋਂ ਵੱਧ ਬੱਚੇ ਸਨ।

ਸਵਿਸ ਰਿਸਰਚ ਪ੍ਰੋਜੈਕਟ ਸਮਾਲ ਆਰਮਜ਼ ਸਰਵੇ ਦੀ ਰਿਪੋਰਟ ਅਨੁਸਾਰ ਅਮਰੀਕਾ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਬੰਦੂਕਾਂ ਦੀ ਗਿਣਤੀ ਨਾਗਰਿਕਾਂ ਦੀ ਗਿਣਤੀ ਤੋਂ ਵੱਧ ਹੈ। ਸਾਲ 2021 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਹਰ 100 ਅਮਰੀਕੀਆਂ ਕੋਲ 120 ਬੰਦੂਕਾਂ ਹਨ। ਜਦੋਂ ਕਿ 2011 ਦੌਰਾਨ ਇਹ ਅੰਕੜਾ 88 ਸੀ, ਜਿਸ ਦਾ ਮਤਲਬ ਇਹ ਹੈ ਕਿ ਅਮਰੀਕਾ ਵਿਚ ਬੰਦੂਕਾਂ ਦਾ ਕਾਰੋਬਾਰ ਜਾਰੀ ਹੈ, ਜਦਕਿ ਬਿਡੇਨ ਪ੍ਰਸ਼ਾਸਨ ਨੇ ਪਿਛਲੇ ਸਾਲ ਇਕ ਕਾਨੂੰਨ ਵੀ ਬਣਾਇਆ ਸੀ।

ਰਿਪੋਰਟ ਵਿੱਚ ਅਮਰੀਕਾ ਦੇ ਬੰਦੂਕ ਸੱਭਿਆਚਾਰ ਬਾਰੇ ਕੁਝ ਬਹੁਤ ਹੀ ਡਰਾਉਣੀਆਂ ਗੱਲਾਂ ਕਹੀਆਂ ਗਈਆਂ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2022 ਦੌਰਾਨ ਅਮਰੀਕਾ ਵਿੱਚ 45 ਫੀਸਦੀ ਨਾਗਰਿਕਾਂ ਕੋਲ ਬੰਦੂਕ ਹੈ। ਯਾਨੀ ਜਿਸ ਸਮਾਜ ਵਿੱਚ 45 ਫੀਸਦੀ ਲੋਕਾਂ ਦੇ ਹੱਥਾਂ ਵਿੱਚ ਬੰਦੂਕ ਹੋਵੇ, ਉਹ ਸਮਾਜ ਕਿੰਨਾ ਖ਼ਤਰਨਾਕ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਕਿਸ ਸਮੇਂ ਵਿਅਕਤੀ ਦੇ ਮਨ ਵਿੱਚ ਕੀ ਆਵੇਗਾ, ਉਸ ਨੂੰ ਕੌਣ ਸਮਝ ਸਕੇਗਾ।50 ਸਾਲ ਪਹਿਲਾਂ ਲਗਭਗ 37 ਪ੍ਰਤੀਸ਼ਤ ਅਮਰੀਕੀਆਂ ਕੋਲ ਬੰਦੂਕਾਂ ਸਨ। 

ਅਮਰੀਕਾ ਦੀ ਆਬਾਦੀ 330 ਮਿਲੀਅਨ ਹੈ ਅਤੇ ਲੋਕਾਂ ਕੋਲ 400 ਮਿਲੀਅਨ ਬੰਦੂਕਾਂ ਹਨ। 1968 ਤੋਂ 2017 ਤੱਕ ਦੇ 50 ਸਾਲਾਂ ਵਿੱਚ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ 15 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਮਰੀਕਾ ਵਿਚ ਗੋਲੀਬਾਰੀ ਦੀ ਹਰ ਮਹੀਨੇ ਘਟਨਾਵਾਂ ਤੋਂ ਬਾਅਦ ਸਮੂਹਿਕ ਗੰਨ ਕੰਟਰੋਲ ਦਾ ਮੁੱਦਾ ਸਿਆਸਤ ਅਤੇ ਮੀਡੀਆ ਵਿਚ ਉਛਲਦਾ ਹੈ ਪਰ ਇਸ ਦਾ ਹੁਣ ਤੱਕ ਕੋਈ ਫਾਇਦਾ ਨਜ਼ਰ ਨਹੀਂ ਆਇਆ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਅਮਰੀਕਾ ਦੇਸ਼ ਵਿੱਚ ਕਦੋਂ, ਕਿਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ, ਕੋਈ ਨਹੀਂ ਜਾਣਦਾ।ਫੋਰਡਸ ਲਾਅ ਸੈਂਟਰ ਦੀ ਇੱਕ ਰਿਪੋਰਟ ਦੇ ਅਨੁਸਾਰ, ਉੱਚ ਆਮਦਨੀ ਵਾਲੇ ਦੇਸ਼ਾਂ ਦੇ ਮੁਕਾਬਲੇ ਇੱਥੇ ਨਾਗਰਿਕਾਂ ਦੀ ਬੰਦੂਕ ਨਾਲ ਹੱਤਿਆ ਨਾਲ ਮਰਨ ਦੀ ਸੰਭਾਵਨਾ 25 ਗੁਣਾ ਵੱਧ ਹੈ, ਜਿਸ ਨਾਲ ਅਮਰੀਕਾ ਸਭ ਤੋਂ ਖਤਰਨਾਕ ਵਿਕਸਤ ਦੇਸ਼ ਬਣ ਗਿਆ ਹੈ।ਅਮਰੀਕੀ ਲੋਕਾਂ ਲਈ, ਬੰਦੂਕ ਰੱਖਣਾ ਇੱਕ ਨਸ਼ੇ ਵਾਂਗ ਹੈ। ਇਸ ਲਈ ਇਸ ਅਫੀਮ ਨੂੰ ਅਮਰੀਕੀ ਸਮਾਜ ਵਿੱਚੋਂ ਕੱਢਣਾ ਬੇਹੱਦ ਔਖਾ ਹੈ।ਇੱਥੇ ਪੈਦਾ ਹੋਇਆ ਗੰਨ ਸੱਭਿਆਚਾਰ, ਬੰਦੂਕ ਕੰਪਨੀਆਂ ਦੀ ਮਜ਼ਬੂਤ ਲਾਬੀ ਅਤੇ ਸਿਆਸਤ ਇਸ ਲਈ ਜ਼ਿੰਮੇਵਾਰ ਹਨ।ਅਮਰੀਕਾ ਦੇ ਦਰਜਨਾਂ ਰਾਸ਼ਟਰਪਤੀਆਂ ਨੇ ਗੰਨ ਸੱਭਿਆਚਾਰ ਦੀ ਵਕਾਲਤ ਕੀਤੀ ਹੈ। ਰਾਸ਼ਟਰਪਤੀਆਂ ਨੇ ਸਖ਼ਤ ਬੰਦੂਕ ਕਾਨੂੰਨ ਬਣਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹਨ। ਪਿਛਲੇ ਸਾਲ, ਜਦੋਂ ਰਾਸ਼ਟਰਪਤੀ ਜੋਅ ਬਿਡੇਨ ਨੇ ਬੰਦੂਕਾਂ ਨੂੰ ਜਨਤਾ ਦੀ ਪਹੁੰਚ ਤੋਂ ਦੂਰ ਰੱਖਣ ਲਈ ਕਾਨੂੰਨ ਬਣਾਉਣਾ ਸ਼ੁਰੂ ਕੀਤਾ, ਤਾਂ ਬੰਦੂਕ ਦੀ ਲਾਬੀ ਦੁਆਰਾ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਸੀ। ਹਾਲਾਂਕਿ ਬਿਡੇਨ ਪ੍ਰਸ਼ਾਸਨ ਕਾਨੂੰਨ ਬਣਾਉਣ ਵਿੱਚ ਸਫਲ ਰਿਹਾ, ਪਰ ਲੋਕਾਂ ਬੰਦੂਕਾਂ ਵਲ ਰੁਝਾਨ ਨਹੀਂ ਘਟਿਆ ਤੇ ਨਾ ਹੀ ਬੰਦੂਕ ਹਿੰਸਾ ਕਾਰਣ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ।

ਗੰਨ ਕੰਪਨੀਆਂ ਦੀ ਸਿਆਸਤ ਵਿਚ ਘੁਸਪੈਠ

ਗੰਨ ਕੰਪਨੀਆਂ ਦੀ ਅਮਰੀਕਾ ਦੀ ਰਾਜਨੀਤੀ ਵਿੱਚ ਡੂੰਘੀ ਸ਼ਮੂਲੀਅਤ ਹੈ। 2019 ਦੀ ਇੱਕ ਰਿਪੋਰਟ ਦੇ ਅਨੁਸਾਰ, ਅਮਰੀਕਾ ਵਿੱਚ 63,000 ਲਾਇਸੰਸਸ਼ੁਦਾ ਬੰਦੂਕ ਡੀਲਰ ਸਨ, ਜਿਨ੍ਹਾਂ ਨੇ ਉਸ ਸਾਲ ਅਮਰੀਕੀ ਨਾਗਰਿਕਾਂ ਨੂੰ 83,000 ਕਰੋੜ ਰੁਪਏ ਦੀਆਂ ਬੰਦੂਕਾਂ ਵੇਚੀਆਂ ਸਨ। ਜ਼ਾਹਿਰ ਹੈ ਕਿ ਇਹ ਬੰਦੂਕ ਬਣਾਉਣ ਵਾਲੀਆਂ ਕੰਪਨੀਆਂ ਰਾਜਨੀਤੀ ਵਿੱਚ ਪੈਸੇ ਦੇ ਵਹਾਅ ਨੂੰ ਬਣਾਈ ਰੱਖਣ ਵਿੱਚ ਸਹਾਈ ਸਿੱਧ ਹੁੰਦੀਆਂ ਹਨ।ਤੁਹਾਨੂੰ ਦੱਸ ਦੇਈਏ ਕਿ 15 ਦਸੰਬਰ 1791 ਦੌਰਾਨ ਅਮਰੀਕਾ ਵਿੱਚ ਸੰਵਿਧਾਨ ਦੀ ਦੂਜੀ ਸੋਧ ਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਅਜਿਹਾ ਬੰਦੂਕ ਦੀ ਲਾਬੀ ਕਾਰਨ ਕੀਤਾ ਗਿਆ ਸੀ, ਜਿਸ ਕਾਰਨ ਪੂਰਾ ਅਮਰੀਕਾ ਖਮਿਆਜ਼ਾ ਭੁਗਤ ਰਿਹਾ ਹੈ ਤੇ ਕੋਈ ਵੀ ਕੋਈ ਵੀ ਸਨਕੀ ਤਾਬੜਤੋੜ ਫਾਇਰਿੰਗ ਕਰਕੇ ਕਈ ਲੋਕਾਂ ਦੀ ਜਾਨ ਲੈ ਲੈਂਦਾ ਹੈ।