ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸਾਰੀਆਂ ਫੈਡਰੇਸ਼ਨਾਂ ਨੂੰ ਇਕਜੁੱਟ ਹੋਣ ਦੀ ਅਪੀਲ

ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸਾਰੀਆਂ ਫੈਡਰੇਸ਼ਨਾਂ ਨੂੰ ਇਕਜੁੱਟ ਹੋਣ ਦੀ ਅਪੀਲ

*ਪਹਿਲਗਾਮ (ਕਸ਼ਮੀਰ) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਤਿੰਨ ਰੋਜ਼ਾ ਗੁਰਮਤਿ ਗਿਆਨ ਸਿਖਲਾਈ ਕੈਂਪ ਲਗਾਇਆ ਗਿਆ ,ਪ੍ਰਸਿੱਧ ਬੁਧੀਜੀਵੀ ਪਹੁੰਚੇ

ਤਿੰਨ ਰੋਜ਼ਾ ਗੁਰਮਤਿ ਗਿਆਨ ਸਿਖਲਾਈ ਕੈਂਪ

ਪਿਛਲੇ ਦਿਨੀਂ ਸਿੱਖ ਕੌਮ ਦੇ ਹਰਾਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਨੌਜਵਾਨ ਪੀੜ੍ਹੀ ਅੰਦਰ ਸਿੱਖੀ ਸਿਧਾਂਤਾਂ ਸੰਬੰਧੀ ਚੇਤਨਾ ਪੈਦਾ ਕਰਨ ਲਈ ਪਹਿਲਗਾਮ (ਕਸ਼ਮੀਰ) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਤਿੰਨ ਰੋਜ਼ਾ ਗੁਰਮਤਿ ਗਿਆਨ ਸਿਖਲਾਈ ਕੈਂਪ ਲਗਾਇਆ ਗਿਆ। ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖ਼ਾਲਸਾ, ਮੇਜਰ ਸਿੰਘ ਖ਼ਾਲਸਾ ਅਤੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਪੰਜਾਬ ਤੋਂ ਲਗਭਗ ਇਕ ਹਜ਼ਾਰ ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ। ਕੈਂਪ ਦੀ ਆਰੰਭਤਾ ਕੇਸਰੀ ਨਿਸ਼ਾਨ ਸਾਹਿਬ ਨੂੰ ਸਲਾਮੀ ਦੇਣ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਹੋਈ। ਕੈਂਪ ਦੇ ਸਵਾਗਤੀ ਭਾਸ਼ਨ ਦੌਰਾਨ ਕੌਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਫੈੱਡਰੇਸ਼ਨ ਦੇ ਇਤਿਹਾਸ ਅਤੇ ਪ੍ਰਾਪਤੀਆਂ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਂਦਿਆਂ ਸਮਾਗਮ 'ਚ ਪੁੱਜੀਆਂ ਸਿੱਖ ਪੰਥ ਦੀਆਂ ਸਿਰਮੌਰ ਹਸਤੀਆਂ ਦਾ ਸਵਾਗਤ ਕੀਤਾ।

ਫੈਡਰੇਸ਼ਨ ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖ਼ਾਲਸਾ ਵਲੋਂ ਨੌਜਵਾਨਾਂ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਸੁਚੇਤ ਕਰਦਿਆਂ ਫੈੱਡਰੇਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਜਵੱਦੀ ਟਕਸਾਲ ਦੇ ਮੁਖੀ ਸੰਤ ਅਮੀਰ ਸਿੰਘ ਵਲੋਂ ਗੁਰਮਤਿ ਦੇ ਮੁੱਢਲੇ ਸਿਧਾਂਤਾਂ ਤੋਂ ਜਾਣੂ ਕਰਵਾਉਂਦਿਆਂ ਪਤਿਤ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਸਾਂਭਣ 'ਤੇ ਜ਼ੋਰ ਦਿੱਤਾ। ਜਿਸ ਦੇ ਲਈ ਸਿੱਖ ਰਹਿਤ ਮਰਿਆਦਾ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਬੱਚਿਆਂ ਅੰਦਰ ਪੈਦਾ ਕਰਨ ਦੀ ਅਪੀਲ ਕੀਤੀ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਫੈੱਡਰੇਸ਼ਨ ਵਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ 1984 ਦੇ ਘੱਲੂਘਾਰੇ ਤੋਂ ਬਾਅਦ ਸਰਕਾਰਾਂ ਤੇ ਅਕਾਲੀ ਲੀਡਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਫੈੱਡਰੇਸ਼ਨ ਦਾ ਢਹਿੰਦੀਆਂ ਕਲਾਂ ਵੱਲ ਜਾਣਾ ਚਿੰਤਾ ਦਾ ਵਿਸ਼ਾ ਦੱਸਿਆ। ਉਨ੍ਹਾਂ ਫੈੱਡਰੇਸ਼ਨ ਸਾਹਮਣੇ ਆ ਰਹੀਆਂ ਚਣੌਤੀਆਂ 'ਤੇ ਕਾਬੂ ਪਾਉਣ ਲਈ ਨੌਜਵਾਨ ਪੀੜ੍ਹੀ ਨੂੰ ਆਪਣੇ ਦ੍ਰਿੜ ਇਰਾਦੇ ਦੇ ਨਾਲ ਇਸ ਨੂੰ ਚੜ੍ਹਦੀਆਂ ਕਲਾਂ ਵੱਲ ਲੈ ਜਾਣ ਲਈ ਨੌਜਵਾਨਾਂ ਨੂੰ ਦਸਤਾਰ, ਗੁਫ਼ਤਾਰ, ਰਫ਼ਤਾਰ ਅਤੇ ਕਿਰਦਾਰ ਨੂੰ ਚੰਗਾ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰੋ. ਹਰਪਾਲ ਸਿੰਘ ਪੰਨੂੰ ਨੇ  ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੇ ਨਾਲ-ਨਾਲ ਸਿੱਖ ਇਤਿਹਾਸ, ਧਰਮ ਤੇ ਰਾਜਨੀਤੀ ਵਰਗੇ ਵਿਸ਼ਿਆਂ ਦਾ ਅਧਿਐਨ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਬੌਧਿਕ ਅਤੇ ਆਤਮਿਕ ਤੌਰ 'ਤੇ ਉੱਚ ਮੰਡਲੀ ਉਡਾਰੀਆਂ ਲਾਉਣ ਵਾਲੇ ਨੌਜਵਾਨ ਹੀ ਕੌਮ ਨੂੰ ਸਹੀ ਸੇਧ ਦੇ ਸਕਦੇ ਹਨ। ਡਾ. ਪਿਆਰਾ ਲਾਲ ਗਰਗ ਨੇ ਗੁਰਬਾਣੀ ਨੇ ਹਵਾਲਿਆਂ ਨਾਲ ਸਿੱਖ ਕੌਮ ਨੂੰ ਵਰਤਮਾਨ ਦੌਰ 'ਵਿਚ ਆ ਰਹੀਆਂ ਮੁਸ਼ਕਲਾਂ ਤੋਂ ਨਿਕਲਣ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ। ਡਾ. ਹਰਭਜਨ ਸਿੰਘ ਦੇਹਰਾਦੂਨ ਵਲੋਂ ਫੈੱਡਰੇਸ਼ਨ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਿੱਖ ਕੌਮ ਦੀ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਵਲੋਂ ਨਵੇਂ ਸਿਰਿਓਂ ਪ੍ਰਭਾਸ਼ਿਤ ਕੀਤੇ ਗਏ ਪੰਥ ਦੀਆਂ ਵਿਲੱਖਣਤਾਵਾਂ ਨੂੰ ਨਾ ਤਾਂ ਖ਼ੁਦ ਸਮਝਿਆ ਤੇ ਨਾ ਹੀ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾ ਸਕੇ। ਸਿੱਖ ਪੰਥ ਦੀ ਵਰਤਮਾਨ ਸਥਿਤੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਵਰਤਮਾਨ ਗੁਲਾਮੀ ਤੋਂ ਮੁਕਤ ਹੋਣ ਲਈ ਚਿੰਤਨ ਤੇ ਚਿੰਤਤ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਸਾਰੀਆਂ ਫੈੱਡਰੇਸ਼ਨਾਂ ਨੂੰ ਇਕਮੁੱਠ ਹੋਣ ਦੀ ਅਪੀਲ ਕੀਤੀ। ਇਤਿਹਾਸਕਾਰ ਪ੍ਰੋ. ਸੁਖਦਿਆਲ ਸਿੰਘ ਨੇ ਧਰਮ, ਸਾਹਿਤ ਅਤੇ ਫ਼ਲਸਫ਼ੇ ਦੇ ਅੰਤਰੀਵ ਸੰਬੰਧਾਂ ਦੀ ਗੱਲ ਕਰਦਿਆਂ ਸਿੱਖ ਸੰਗਠਨਾਂ ਅੰਦਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਕਿਸੇ ਕੌਮ ਨੂੰ ਛੁਟਿਆਉਣ ਲਈ ਉਸਦੇ ਅੰਦਰ ਬੇਦਿਲੀ ਫੈਲਾਉਂਦੀਆਂ ਹਨ ਜਿਸ ਨਾਲ਼ ਕੌਮ ਅੰਦਰ ਪਾਟੋਧਾੜ ਫੈਲਦੀ ਹੈ। ਪ੍ਰੋ. ਜਗਦੀਸ਼ ਸਿੰਘ ਮੁਕੇਰੀਆਂ ਨੇ ਸਮੁੱਚੀ ਸਿੱਖ ਜੀਵਨ ਸ਼ੈਲੀ ਵਿਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀਆਂ ਅਸ਼ੁੱਧਤਾਵਾ ਨੂੰ ਠੀਕ ਕਰਨ ਲਈ ਵਿਸਮਾਦੀ ਦਸ਼ਾ ਠੀਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੈਂਪ ਦੇ ਸੰਪੂਰਨਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਫੈੱਡਰੇਸ਼ਨ ਉਦੇਸ਼ਾਂ 'ਤੇ ਚਾਨਣਾ ਪਾਉਦਿਆਂ ਸਿੱਖ ਕੌਮ ਦੀ ਮਾੜੀ ਰਾਜਨੀਤਕ ਹਾਲਤ 'ਤੇ ਚਿੰਤਾ ਪ੍ਰਗਟ ਕੀਤੀ। ਸਿੱਖ ਕੌਮ ਨੂੰ ਚੜ੍ਹਦੀਆਂ ਕਲਾਂ ਵੱਲ ਲੈ ਜਾਣ ਲਈ ਉਨ੍ਹਾਂ ਸਾਰੀਆਂ ਫੈੱਡਰੇਸ਼ਨਾਂ ਨੂੰ ਧੜੇਬੰਦੀਆਂ ਖ਼ਤਮ ਕਰ ਕੇ ਇਕਠੇ ਹੋਣ ਅਤੇ ਕੇਂਦਰ ਸਰਕਾਰ ਤੇ ਸਿੱਖ ਵਿਰੋਧੀ ਤਾਕਤਾਂ ਵਲੋਂ ਸੋਸ਼ਲ ਮੀਡੀਏ ਰਾਹੀਂ ਸਿਰਜੇ ਜਾ ਰਹੇ ਸਿੱਖ ਵਿਰੋਧੀ ਬਿਰਤਾਂਤ ਨੂੰ ਠੱਲ੍ਹ ਪਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਕੈਂਪ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਵਿੰਦਰ ਸਿੰਘ, ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜਰ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਜਗਜੀਤ ਸਿੰਘ ਦਰਦੀ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਤੇਜਿੰਦਰ ਪਾਲ ਸਿੰਘ ਟਿੰਮਾ ਨੇ ਵੀ ਸੰਬੋਧਨ ਕੀਤਾ। ਕੈਂਪ ਦੀ ਸਮਾਪਤੀ ਮੌਕੇ ਕੈਂਪ 'ਵਿਚ ਪੁੱਜੀਆਂ ਪ੍ਰਮੁੱਖ ਹਸਤੀਆਂ ਨੂੰ ਫੈੱਡਰੇਸ਼ਨ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਕੈਂਪ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ।

 

ਵਿਸ਼ੇਸ਼ ਰਿਪੋਟ :ਸੁਖਮੰਦਰ ਸਿੰਘ ਬਰਾੜ