ਭਗਵਾ ਨੀਤੀ ਤਹਿਤ ਅਰਸ਼ਦੀਪ ਦੇ ਬਹਾਨੇ ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ : ਜਸਵੀਰ ਸਿੰਘ ਗੜ੍ਹੀ

ਭਗਵਾ ਨੀਤੀ ਤਹਿਤ ਅਰਸ਼ਦੀਪ ਦੇ ਬਹਾਨੇ ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ : ਜਸਵੀਰ ਸਿੰਘ ਗੜ੍ਹੀ
ਜਸਵੀਰ ਸਿੰਘ ਗੜ੍ਹੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਦਾ ਸਮਰਥਨ ਕਰਦੇ ਹੋਏ ਉਸ ਵਿਰੁੱਧ ਸੋਸ਼ਲ ਮੀਡੀਆ ਉਤੇ ਕੂੜ ਪ੍ਰਚਾਰ ਕਰਨ ਵਾਲੇ ਭਗਵਿਆਂ ਨੂੰ ਕਰੜੇ ਹੱਥੀਂ ਲਿਆ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਜਿੱਤ ਤੇ ਹਾਰ ਖਿਡਾਰੀਆਂ ਵੱਲੋਂ ਖੇਡੀ ਗਈ ਚੰਗੀ ਖੇਡ ਦਾ ਨਤੀਜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਖਿਡਾਰੀ ਤੋਂ ਕੈਚ ਸੁੱਟਣ ਤੋਂ ਬਾਅਦ ਉਸ ਨੂੰ ਦੇਸ਼ ਵਿਰੋਧੀ, ਅੱਤਵਾਦੀ ਜਾਂ ਖ਼ਾਲਸਤਾਨੀ ਕਹਿਣਾ ਨਾਗਪੁਰ ਦੇ ਇਸ਼ਾਰਿਆਂ ਤੇ ਭਗਵਾ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਦੀ ਭਗਵਾ ਨੀਤੀ ਦੇ ਤਹਿਤ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦਿਨੋਂ ਦਿਨ ਘੱਟ ਗਿਣਤੀਆਂ, ਛੋਟੀਆਂ ਜਾਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵਾ ਨੀਤੀ ਤਹਿਤ ਇਸਾਈਆਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਸਿੱਖਾਂ ਉਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਜੇਕਰ ਕਿਸੇ ਘੱਟ ਗਿਣਤੀ ਜਾਂ ਨੀਵੀਂ ਜਾਤ ਦੇ ਖਿਡਾਰੀ ਤੋਂ ਕੈਚ ਸੁੱਟ ਜਾਵੇ ਤਾਂ ਉਸ ਨੂੰ ਦੇਸ਼ ਵਿਰੋਧੀ, ਖਾਲਿਸਤਾਨੀ, ਅੱਤਵਾਦੀ ਜਾਂ ਪਾਕਿਸਤਾਨੀ ਦੱਸਿਆ ਜਾਂਦਾ ਹੈ। ਜੇਕਰ ਬਹੁਗਿਣਤੀ ਨਾਲ ਸਬੰਧ ਖਿਡਾਰੀ ਤੋਂ ਕੈਚ ਸੁੱਟ ਜਾਵੇ ਤਾਂ ਉਸ ਨੂੰ ਖਿਡਾਰੀ ਦੀ ਆਊਟ ਆਫ ਫਾਰਮ ਕਿਹਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕੁਝ ਮੀਡੀਆ ਅਦਾਰੇ ਵੀ ਭਗਵਾ ਨੀਤੀ ਉਤੇ ਚਲਦੇ ਹੋਏ ਇਸ ਨੂੰ ਬੇਲੋੜਾ ਮੁੱਦਾ ਬਣਾ ਰਹੇ ਹਨ। ਬਹੁਜਨ ਸਮਾਜ ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਡ ਨੂੰ ਖੇਡ ਦੀ ਭਾਵਨਾ ਨਾਲ ਹੀ ਦੇਖਣਾ ਚਾਹੀਦਾ ਹੈ, ਨਾ ਕਿ ਕਿਸੇ ਨਫਰਤ ਦੀ ਭਾਵਨਾ ਨਾਲ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਬਹੁ ਗਿਣਤੀਆਂ ਨਾਲ ਲੜਾਉਣ ਦੀ ਨੀਤੀ ਦਾ ਸਖਤ ਵਿਰੋਧ ਕਰਦੀ ਹੋਈ ਲੋਕਾਂ ਨੂੰ ਆਪਸੀ ਸਾਂਝ ਲਈ ਇਕਜੁੱਟ ਕਰੇਗੀ।