ਅਮਰੀਕਾ ਵਿਚ ਡੇਢ ਸੌ ਫੁੱਟ ਉੱਚੀ ਚਟਾਨ ਤੋਂ ਡਿੱਗ ਕੇ ਔਰਤ ਦੀ ਹੋਈ ਮੌਤ
ਵਾਟਰਫਾਲ ਦਾ ਨਜ਼ਾਰਾ ਵੇਖਣ ਲਈ ਜਾਂਦੇ ਹਨ ਇਸ ਪਹਾੜੀ 'ਤੇ ਲੋਕ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਵਿਚ ਬਲਿਊ ਰਿਜ਼ ਪਾਰਕਵੇਅ ਉਪਰ ਇਕ ਉੱਚੀ ਚਟਾਨ ਤੋਂ ਡਿੱਗ ਕੇ ਇਕ 61 ਸਾਲਾ ਸੈਲਾਨੀ ਔਰਤ ਦੀ ਮੌਤ ਹੋ ਜਾਣ ਦੀ ਰਿਪੋਰਟ ਹੈ। ਇਹ ਉਹ ਜਗਾ ਹੈ ਜਿਥੇ ਸੈਲਾਨੀ ਨਾਲ ਲੱਗਦੇ ਗਲਾਸਮਾਈਨ ਵਾਟਰਫਾਲ ਦਾ ਨਜ਼ਾਰਾ ਵੇਖਣ ਜਾਂਦੇ ਹਨ। ਨੈਸ਼ਨਲ ਪਾਰਕ ਸਰਵਿਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ ਉਪਰੰਤ ਬਚਾਅ ਟੀਮ ਨੇ ਇਕ ਮੋਟੇ ਅੰਦਾਜੇ ਅਨੁਸਾਰ ਚਟਾਨ ਤੋਂ 150 ਫੁੱਟ ਹੇਠਾਂ ਔਰਤ ਦੀ ਮ੍ਰਿਤਕ ਦੇਹ ਨੂੰ ਬਰਾਮਦ ਕਰ ਲਿਆ। ਮ੍ਰਿਤਕ ਔਰਤ ਦੀ ਪਛਾਣ ਨੈਨਸੀ ਸੈਂਪਸਨ ਵਜੋਂ ਹੋਈ ਹੈ ਜੋ ਗਰੀਰ, ਦੱਖਣੀ ਕੈਰੋਲੀਨਾ ਦੀ ਵਸਨੀਕ ਹੈ। ਰੀਮਸ ਕਰੀਕ ਫਾਇਰ ਵਿਭਾਗ ਅਨੁਸਾਰ ਔਰਤ ਦੀ ਮੌਤ ਉਸ ਦੇ ਜ਼ਖਮਾਂ ਕਾਰਨ ਹੋਈ ਹੈ ਤੇ ਜਿਸ ਸਮੇ ਉਹ ਪਹਾੜੀ ਉਪਰੋਂ ਡਿੱਗੀ ਉਸ ਦੇ ਨਾਲ ਪਰਿਵਾਰ ਦਾ ਇਕ ਹੋਰ ਮੈਂਬਰ ਵੀ ਮੌਜੂਦ ਸੀ ਜੋ ਔਰਤ ਦੇ ਹੇਠਾਂ ਡਿੱਗਣ ਉਪਰੰਤ ਬੁਰੀ ਤਰਾਂ ਘਬਰਾ ਗਿਆ ।
Comments (0)