84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀ

84 ਕਤਲੇਆਮ ਦੀ ਰਾਖ਼ 'ਚੋ ਨਿਕਲ ਕੇ ਕਿਵੇਂ 'ਰਾਜਾ' ਬਣਿਆ ਪਾਲੀ

*ਫਿਰਕੂ ਭੀੜ ਨੇ ਫੈਕਟਰੀ ਫੂਕ ਦਿਤੀ   

*ਸਰਕਾਰ ਨੇ ਡੇਢ ਕਰੋੜ ਦੇ ਨੁਕਸਾਨ ਦੇ ਬਦਲੇ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ 

 *ਹੁਣ 100 ਕਰੋੜ ਤੋਂ ਜ਼ਿਆਦਾ ਰੁਪਏ ਦਾ  ਸਾਲਾਨਾ ਕਾਰੋਬਾਰ ਕਰਦਾ ਏ ਪਾਲੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-1984 ਵਿੱਚ ਜਦੋਂ ਸਿਖ ਕਤਲੇਆਮ ਹੋਇਆ ਤਾਂ ਨਰਿੰਦਰਪਾਲ ਸਿੰਘ ਪਾਲੀ  ਆਪਣੇ ਕਾਰੋਬਾਰ ਦੇ ਮਾਲੇ ਵਿੱਚ ਅਮਰੀਕਾ ਦੇ ਦੌਰੇ 'ਤੇ ਸੀ। 31 ਅਕਤੂਬਰ ਨੂੰ ਉਹ ਹੋਟਲ ਦੇ ਕਮਰੇ 'ਵਿਚ ਸੀ। ਅਚਾਨਕ  ਉਸ ਨੂੰ ਖ਼ਬਰ ਮਿਲੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿਖ ਅੰਗ ਰੱਖਿਅਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। 

ਉਸੇ ਵੇਲੇ ਉਸ ਨੇ ਆਪਣੇ ਪਿਤਾ ਜੀ ਨੂੰ ਫ਼ੋਨ ਕਰ ਕੇ ਸਾਵਧਾਨ ਰਹਿਣ ਲਈ ਆਖਿਆ ਕਿਉਂਕਿ ਉਹ ਆਉਣ ਵਾਲੇ ਖ਼ਤਰੇ ਨੂੰ ਭਾਂਪ ਗਿਆ ਸੀ। ਪਰ ਉਸਦੇ ਪਿਤਾ  ਨੇ  ਇਸਨੂੰ ਇੱਕ ਆਮ ਘਟਨਾ ਹੀ ਸਮਝਿਆ।1 ਨਵੰਬਰ 1984 ਨੂੰ 400 ਬੰਦਿਆਂ ਦੀ ਭੀੜ ਨੇ ਉਸਦੇ ਉੱਤਮ ਨਗਰ ਸਥਿਤ ਘਰ ਅਤੇ ਫ਼ੈਕਟਰੀ ਉੱਤੇ ਧਾਵਾ ਬੋਲ ਦਿੱਤਾ ਅਤੇ ਉਸਨੂੰ ਅੱਗ ਦੇ ਹਵਾਲੇ ਕਰ ਦਿੱਤਾ।ਸਭ ਕੁੱਝ ਸੜ ਕੇ ਸੁਆਹ ਹੋ ਗਿਆ ਅਤੇ ਉਸਦਾ ਪਰਿਵਾਰ ਅਰਸ਼ ਤੋਂ ਫ਼ਰਸ਼ 'ਤੇ ਪਹੁੰਚ ਗਿਆ।  ਪਰਿਵਾਰ ਨੇ ਉਸਨੂੰ ਵਾਪਸ ਨਾ ਪਰਤਣ ਲਈ ਕਿਹਾ।ਆਖ਼ਰਕਾਰ ਨਵੰਬਰ 1984 ਵਿਚ ਜਦੋਂ ਉਹ ਅਮਰੀਕਾ ਤੋਂ ਦੇਸ਼ ਪਰਤਿਆ ਤਾਂ ਸਿੱਧਾ ਫ਼ੈਕਟਰੀ ਪਹੁੰਚਿਆ। ਤਬਾਹੀ ਤੋਂ ਇਲਾਵਾ ਉੱਥੇ ਕੁੱਝ ਵੀ ਨਹੀਂ ਸੀ। ਜਿੱਥੇ ਕਰੀਬ 600 ਕਾਰੀਗਰ ਦਿਨ ਰਾਤ ਕੰਮ ਕਰਦੇ ਸਨ , ਚਹਿਲ ਪਹਿਲ ਰਹਿੰਦੀ ਸੀ ਉੱਥੇ ਹੁਣ ਸੰਨਾਟਾ ਪਸਰਿਆ ਹੋਇਆ ਸੀ। ਫ਼ੈਕਟਰੀ ਦੀ ਛੱਤ ਡਿੱਗ ਚੁੱਕੀ ਸੀ।

ਉਸਦੇ ਪਿਤਾ ਨੇ ਉਸ ਨੂੰ ਹਾਂਪੱਖੀ ਊਰਜਾ ਵਿੱਚ ਬਦਲਿਆ ਅਤੇ ਫਿਰ ਤੋਂ ਜ਼ਿੰਦਗੀ ਸ਼ੁਰੂ ਕੀਤੀ। ਅਸਮਾਨ ਥੱਲ੍ਹੇ ਸੜ੍ਹਕ 'ਵਿਚ ਇੱਕ ਕੁਰਸੀ ਅਤੇ ਮੇਜ਼ ਉੱਤੇ ਮੁੜ ਤੋਂ ਕੰਮ ਸ਼ੁਰੂ ਕੀਤਾ।ਚਾਰ ਸਾਲ ਦੀ ਦਿਨ ਰਾਤ ਮਿਹਨਤ ਤੋਂ ਬਾਅਦ ਪਰਿਵਾਰ ਦੀ ਮਦਦ ਨਾਲ ਉਸਨੇ ਦੋਬਾਰਾ ਆਪਣੀ ਫ਼ੈਕਟਰੀ ਨੂੰ ਖੜ੍ਹਾ ਕਰ ਦਿੱਤਾ।1984 ਵਿਚ ਵਿਚ ਪਾਲੀ ਦੀ ਉਮਰ ਕਰੀਬ 33 ਸਾਲ ਸੀ। 1984 ਦੀ ਤਬਾਹੀ ਨੂੰ ਪਾਲੀ ਜਦੋਂ ਵੀ ਯਾਦ ਕਰਦਾ ਹੈ ਤਾਂ ਉਸ ਦੇ ਪੁਰਾਣੇ ਜ਼ਖਮ ਹਰੇ ਹੋ ਜਾਂਦੇ ਹਨ। ਪਾਲੀ ਮੁਤਾਬਕ ਉਸ ਨੇ ਪੂਰੀ ਫ਼ੈਕਟਰੀ ਦਾ ਬੀਮਾ ਕਰਵਾਇਆ ਸੀ ਪਰ ਕਤਲੇਆਮ ਦੌਰਾਨ ਹੋਏ ਨੁਕਸਾਨ ਦਾ ਵੇਰਵਾ ਦਰਜ ਨਹੀਂ ਸੀ ਇਸ ਕਰਕੇ ਉਸਨੂੰ ਕੰਪਨੀ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ।

ਪਾਲੀ ਮੁਤਾਬਕ ਸਰਕਾਰ ਨੇ ਡੇਢ ਕਰੋੜ ਦੇ ਨੁਕਸਾਨ ਦੇ ਬਦਲੇ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ। ਜਿਸ ਦੇ ਖ਼ਿਲਾਫ਼ ਪਾਲੀ ਹੁਣ ਤੱਕ ਲੜਾਈ ਲੜ ਰਿਹਾ ਹੈ।ਪਾਲੀ ਦਾ ਕੱਪੜਿਆ ਦਾ ਕਾਰੋਬਾਰੀ ਹੈ। ਉੱਤਮ ਨਗਰ ਨੂੰ ਪਾਲੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਨਰਿੰਦਰਪਾਲ ਸਿੰਘ ਪਾਲੀ ਦੱਸਦਾ ਕਿ ਉਸ ਦਾ ਕਾਰੋਬਾਰ 40 ਦੇਸ਼ਾਂ ਤੱਕ ਫੈਲਿਆ ਹੋਇਆ ਅਤੇ ਜੇਕਰ ਛੋਟੇ ਛੋਟੇ ਆਈਲੈਂਡ ਨੂੰ ਜੋੜ ਲਿਆ ਜਾਵੇ ਤਾਂ ਇਹ ਗਿਣਤੀ ਜ਼ਿਆਦਾ ਹੈ।ਪਾਲੀ ਦੱਸਦਾ ਹੈ ਕਿ 100 ਕਰੋੜ ਤੋਂ ਜ਼ਿਆਦਾ ਰੁਪਏ ਦਾ ਉਹ ਸਾਲਾਨਾ ਕਾਰੋਬਾਰ ਕਰਦਾ ਹੈ। ਪਾਲੀ ਦੀ ਫ਼ੈਕਟਰੀ ਵਿਚ ਹਰ ਧਰਮ ਦੇ ਲੋਕ ਕੰਮ ਕਰਦੇ ਹਨ।