ਕਤਰ ਦੀ ਧਰਤੀ ਦੀ ਵਰਤੋਂ ਕਰਕੇ ਦੂਜੇ ਦੇਸ਼ਾਂ ਲਈ ਜਾਸੂਸੀ ਕਰਨ ਦੇ ਦੋਸ਼ 'ਚ 8 ਸਾਬਕਾ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਭਾਰਤ ਲਈ ਇੱਕ ਹੋਰ ਵਿਸ਼ਵ ਵਿਆਪੀ ਨਾਮੋਸ਼ੀ ਅਤੇ ਸ਼ਰਮ ਵਾਲੀ ਘਟਨਾ

ਕਤਰ ਦੀ ਧਰਤੀ ਦੀ ਵਰਤੋਂ ਕਰਕੇ ਦੂਜੇ ਦੇਸ਼ਾਂ ਲਈ ਜਾਸੂਸੀ ਕਰਨ ਦੇ ਦੋਸ਼ 'ਚ 8 ਸਾਬਕਾ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਭਾਰਤ ਲਈ ਇੱਕ ਹੋਰ ਵਿਸ਼ਵ ਵਿਆਪੀ ਨਾਮੋਸ਼ੀ ਅਤੇ ਸ਼ਰਮ ਵਾਲੀ ਘਟਨਾ

ਜਾਸੂਸੀ ਲਈ ਦੋਸ਼ੀਆਂ ਵਿੱਚ ਸ਼ਾਮਿਲ ਕਮਾਂਡਰ ਪੂਰਨੇਂਦੂ ਤਿਵਾੜੀ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਵਿਦੇਸ਼ਾਂ ਵਿੱਚ ਭਾਰਤ ਦਾ ਅਕਸ ਸੰਵਾਰਨ' ਲਈ ਦਿੱਤਾ ਗਿਆ ਸੀ 'ਪ੍ਰਵਾਸੀ ਭਾਰਤੀ ਪੁਰਸਕਾਰ'

ਕੈਨੇਡਾ ਦੀ ਧਰਤੀ 'ਤੇ ਭਾਰਤੀ ਏਜੰਸੀਆਂ ਵੱਲੋਂ ਦਖਲ-ਅੰਦਾਜ਼ੀ ਕਰਦੇ ਹੋਏ, ਕੈਨੇਡਾ ਦੇ ਨਾਗਰਿਕ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਜਿੱਥੇ ਇਸ ਵੇਲੇ ਦੁਨੀਆ ਭਰ 'ਚ ਭਾਰਤੀ ਏਜੰਸੀਆਂ ਨਾਮੋਸ਼ੀ ਝੱਲ ਰਹੀਆਂ ਹਨ, ਉਥੇ ਤਾਜ਼ਾ ਘਟਨਾਵਾਂ ਵਿੱਚ ਭਾਰਤ ਦੇ ਅੱਠ ਸਾਬਕਾ ਜਲ ਥੈਨਾ ਅਧਿਕਾਰੀਆਂ ਨੂੰ, ਕਤਰ ਵਿੱਚ ਇਜਰਾਇਲ ਦੀ ਜਾਸੂਸੀ ਲਈ ਮੌਤ ਦੀ ਸਜ਼ਾ ਸੁਣਾਏ ਜਾਣਾ, ਹੋਰ ਵੀ ਸ਼ਰਮਨਾਕ ਅਤੇ ਦੁਖਦਾਈ ਵਰਤਾਰਾ ਹੈ। ਦਰਅਸਲ ਹੁਣ ਤੱਕ ਭਾਰਤ ਦੇ ਕੈਨੇਡਾ ਵਿੱਚੋਂ ਇੱਕ ਜਾਸੂਸ ਕੱਢੇ ਜਾਣ 'ਤੇ ਹਾਲ-ਦੁਹਾਈ ਮੱਚੀ ਹੋਈ ਹੈ, ਪਰ ਅੱਜ ਅੱਠ ਭਾਰਤੀ ਨਾਗਰਿਕਾਂ ਨੂੰ ਸਜ਼ਾਏ ਮੌਤ ਤੋਂ ਬਾਅਦ, ਇਹ ਡੁੱਬ ਮਰਨ ਵਾਲੀ ਗੱਲ ਹੈ। ਯਕੀਨਨ ਤੌਰ 'ਤੇ ਇਹ ਘਟਨਾਵਾਂ ਕੌਮਾਂਤਰੀ ਪੱਧਰ 'ਤੇ ਭਾਰਤੀ ਸਟੇਟ ਦੇ ਜਾਸੂਸੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਵਾਲੇ ਕਿਰਦਾਰ ਨੂੰ ਜੱਗ ਜ਼ਾਹਿਰ ਕਰਦੀਆਂ ਹਨ। ਬੇਸ਼ੱਕ ਭਾਰਤ ਨੇ ਕਤਰ ਨੂੰ, ਕੈਨੇਡਾ ਵਾਂਗ ਧਮਕੀ ਜਾਂ ਡਰਾਵਾ ਨਹੀਂ ਦਿੱਤਾ, ਪਰ ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਤਰ ਨਾਲ ਇਸ ਮਾਮਲੇ ਵਿੱਚ ਗੱਲਬਾਤ ਕਰ ਰਹੇ ਹਨ।

 

                   

ਤਸਵੀਰ : ਕਤਰ ਵਿੱਚ ਫਾਂਸੀ ਦੀ ਸਜ਼ਾ ਜਾਫਤਾ ਦੋਸ਼ੀ ਕਮਾਂਡਰ ਪੂਰਨੇਂਦੂ ਤਿਵਾੜੀ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਸਰਬ ਉਚ ਸਨਮਾਨ ਪ੍ਰਵਾਸੀ ਭਾਰਤੀ ਪੁਰਸਕਾਰ ਦੇਣ ਸਮੇਂ ਦੀ ਤਸਵੀਰ।

ਅੱਜ ਕੱਲ 'ਖਾਲਿਸਤਾਨੀਫੋਵੀਏ' ਦਾ ਸ਼ਿਕਾਰ ਇੰਡੀਅਨ ਸਟੇਟ ਨੂੰ ਹੁਣ ਸਪਸ਼ਟ ਹੋ ਗਿਆ ਹੈ ਕਿ ਮਾਮਲਾ ਕੇਵਲ ਸਿੱਖਾਂ ਦੇ ਮੁੱਦਿਆਂ ਜਾਂ ਕੈਨੇਡਾ ਵਿੱਚ ਦਖਲ ਅੰਦਾਜ਼ੀ ਆਦਿ ਦਾ ਨਹੀਂ, ਮਾਮਲਾ ਭਾਰਤੀ ਅਧਿਕਾਰੀਆਂ ਅਤੇ ਏਜੰਸੀਆਂ ਦੇ ਕਿਰਦਾਰ ਦਾ ਹੈ, ਜੋ ਹਰ ਥਾਂ ਅਜਿਹਾ ਕੁਝ ਨਾ ਕੁਝ ਕਰਦੀਆਂ ਹਨ। ਕਤਰ ਤੋਂ ਬਾਅਦ ਹੋਰ ਕਿਸ ਦੀ ਵਾਰੀ ਹੋਏਗੀ, ਇਹ ਸਮਾਂ ਦੱਸੇਗਾ, ਪਰ ਹੁਣ ਸਪਸ਼ਟ ਹੈ ਕਿ ਨਾਂ ਤਾਂ ਕਤਰ ਦੀ ਅਦਾਲਤ 'ਖਾਲਿਸਤਾਨੀ ਅਦਾਲਤ' ਹੈ ਅਤੇ ਨਾ ਹੀ ਇਸ ਮਾਮਲੇ ਵਿੱਚ ਸਿੱਖਾਂ ਦੀ ਕੋਈ ਵੀ ਮੁਦਾਖਿਲਤ ਹੈ। ਬੇਸ਼ੱਕ ਕਤਰ ਦੀ ਅਦਾਲਤ ਨੇ 26 ਅਕਤੂਬਰ ਨੂੰ ਅੱਠ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਹੁਣ ਸੁਣਾਈ ਹੈ, ਪਰ 30 ਅਗਸਤ 2022 ਤੋਂ ਇਹ ਦੋਸ਼ੀ ਇਜਰਾਇਲ ਲਈ ਜਾਸੂਸੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਸਨ। ਨਾਮੋਸ਼ੀ ਵਾਲੀ ਗੱਲ ਇਹ ਵੀ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਵਿੱਚ ਇੱਕ 'ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ' ਕਮਾਂਡਰ ਪੂਰਨੇਂਦੂ ਤਿਵਾੜੀ ਵੀ ਸ਼ਾਮਿਲ ਹੈ, ਜਿਸ ਨੂੰ 2019 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਕਤਰ ਵਿੱਚ 'ਭਾਰਤ ਦਾ ਅਕਸ ਸੰਵਾਰਨ' ਲਈ 'ਸਭ ਤੋਂ ਵੱਡਾ ਸਨਮਾਨ ਪ੍ਰਵਾਸੀ ਪੁਰਸਕਾਰ' ਦਿੱਤਾ ਸੀ। ਭਾਰਤ ਦੇ ਸਾਬਕਾ ਜਲ ਥੈਨਾ ਅਧਿਕਾਰੀ ਤਿਵਾੜੀ ਨੇ ਇਹ ਅਕਸ ਕਿੰਨਾ ਕੁ ਸਵਾਰਿਆ ਹੈ, ਇਹ ਅੱਜ ਸਾਹਮਣੇ ਆ ਚੁੱਕਿਆ ਹੈ। ਹੈਰਾਨੀ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਪੋਸਟ, ਦੋਹਾ ਸਥਿਤ ਭਾਰਤੀ ਦੂਤਾਵਾਸ ਦੇ ਵੈਬਸਾਈਟ ਤੇ ਸੋਸ਼ਲ ਮੀਡੀਆ 'ਤੇ ਅੱਜ ਵੀ ਬਰਕਰਾਰ ਹੈ, ਬੇਸ਼ੱਕ ਇਸ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅੱਠ ਭਾਰਤੀ ਨਾਗਰਿਕਾਂ ਨੂੰ ਕਤਰ ਅਦਾਲਤ ਵੱਲੋਂ ਮੌਤ ਦੀ ਸਜ਼ਾ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤੀ ਤੇ ਸਾਬਕਾ ਜਲ ਸੈਨਾ ਦੇ ਅਧਿਕਾਰੀ ਅੱਤਵਾਦੀ ਸਨ, ਜੋ ਕਤਰ ਦੀ ਧਰਤੀ ਦੀ ਵਰਤੋਂ ਕਰਕੇ ਦੂਜੇ ਦੇਸ਼ ਲਈ ਜਾਸੂਸੀ ਕਰਦੇ ਸਨ। ਕਤਰ ਸਰਕਾਰ ਅਨੁਸਾਰ ਇਹ ਸਾਰੀ ਜਾਣਕਾਰੀ ਭਾਰਤ ਅਤੇ ਇਸਰਾਇਲ ਦੋਹਾਂ ਦੇਸ਼ਾਂ ਨੂੰ ਦਿੱਤੀ ਜਾ ਚੁੱਕੀ ਹੈ। ਦੋਸ਼ ਇਹ ਵੀ ਹੈ ਕਿ ਦੋਸ਼ੀ ਵਿਦੇਸ਼ੀ ਸਰਕਾਰਾਂ ਦੇ ਸਰਕਾਰੀ ਫੰਡ, ਰਾਜ-ਪ੍ਰਾਯੋਜਿਤ ਅਤੇ ਰਾਜ-ਸਮਰਪਿਤ ਅੱਤਵਾਦ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

ਭਾਰਤ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਦੋਸ਼ ਕਤਰ ਦੇ ਅਧਿਕਾਰੀਆਂ ਦੁਆਰਾ ਜਨਤਕ ਨਹੀਂ ਕੀਤੇ ਗਏ ਸਨ, ਹਾਲਾਂਕਿ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ਤੋਂ ਬਾਅਦ ਇਹ ਸਜ਼ਾ ਸੁਣਾਈ ਹੈ। ਹੁਣ ਤੱਕ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਅੱਠ ਸਾਬਕਾ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ 'ਤੇ ਕਤਰ ਦੀਆਂ ਆਧੁਨਿਕ ਪਣਡੁੱਬੀਆਂ 'ਤੇ ਇਸਰਾਇਲ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਦਰਅਸਲ ਇਹਨਾਂ ਪਣਡੁੱਬੀਆਂ ਨੂੰ ਕਥਿਤ ਤੌਰ 'ਤੇ ਉੱਚੀ ਸਟੀਲ ਸਮਰੱਥਾ ਲਈ ਵਿਸ਼ੇਸ਼ ਸਮੱਗਰੀ ਨਾਲ ਲੇਪਿਆ ਜਾਂਦਾ ਹੈ। ਦੋਸ਼ੀ ਇਹਨਾਂ ਪਣਡੁੱਬੀਆਂ ਦੀ ਵਰਤੋਂ ਕਤਰ ਵਿੱਚ ਜਸੂਸੀ ਅਤੇ ਅੱਤਵਾਦੀ ਗਤੀਵਿਧੀਆਂ ਲਈ ਕਰਦੇ ਸਨ। ਅਦਾਲਤ ਵੱਲੋਂ ਸਜ਼ਾ ਸੁਣਾਏ ਗਏ ਵਿਅਕਤੀਆਂ ਦੀ ਪਛਾਣ 'ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ' ਕਮਾਂਡਰ ਪੂਰਨੇਂਦੂ ਤਿਵਾੜੀ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਨਵਤੇਜ ਸਿੰਘ ਗਿੱਲ, ਕਮਾਂਡਰ ਅਮਿਤ ਨਾਗਪਾਲ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗੁਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ ਅਤੇ ਮਲਾਹ ਰਾਗੇਸ਼ ਵਜੋਂ ਹੋਈ ਹੈ। ਸਜ਼ਾ ਸੁਣਾਏ ਗਏ ਭਾਰਤੀ ਜਲ ਸੈਨਾ ਦੇ ਇਨ੍ਹਾਂ ਸਾਬਕਾ ਅਧਿਕਾਰੀਆਂ ਨੂੰ ਅਗਸਤ 2022 ਤੋਂ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਅੱਤਵਾਦ ਵਿੱਚ ਭਾਰਤ ਦੇ ਇਹਨਾਂ ਨਾਗਰਿਕਾਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਦੇ ਹੋਏ, ਕਤਰ ਨੇ ਇਹਨਾ ਨੂੰ ਜਾਸੂਸੀ ਤੋਂ ਇਲਾਵਾ ਵਿਦੇਸ਼ੀ ਸਰਕਾਰਾਂ ਦੀ ਰਾਜ-ਪ੍ਰਾਯੋਜਿਤ ਅਤੇ ਰਾਜ-ਸਮਰਪਿਤ ਅੱਤਵਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ।

ਇਹ ਭਾਰਤੀ ਨਾਗਰਿਕ 'ਅਲ ਦਾਹਰਾ ਗਲੋਬਲ ਟੈਕਨਾਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼' ਲਈ ਕਵਰ ਹੇਠ ਕੰਮ ਕਰ ਰਹੇ ਸਨ, ਜੋ ਇੱਕ ਓਮਾਨ ਏਅਰ ਫੋਰਸ ਅਧਿਕਾਰੀ ਦੀ ਮਲਕੀਅਤ ਵਾਲੀ ਇੱਕ ਨਿੱਜੀ ਫਰਮ ਹੈ ਤੇ ਜੋ ਕਤਰ ਦੀਆਂ ਹਥਿਆਰਬੰਦ ਬਲਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਸੀ। ਕਤਰ ਸਰਕਾਰ ਦਾ ਕਹਿਣਾ ਹੈ ਕਿ ਦੋਸ਼ੀ ਕਤਰ ਦੀਆਂ ਸੁਰੱਖਿਆ ਏਜੰਸੀਆਂ ਦੀ ਸਿੱਧੇ ਤੌਰ 'ਤੇ 'ਜਾਸੂਸੀ' ਕਰ ਰਹੇ ਸਨ, ਜਦ ਕਿ ਕਹਿਣ ਨੂੰ ਇਹ ਕਤਰ ਦੇ ਹਥਿਆਰਬੰਦ ਬਲਾਂ ਅਤੇ ਸੁਰੱਖਿਆ ਦਸਤਿਆਂ ਨੂੰ 'ਸਿਖਲਾਈ' ਦੇ ਰਹੇ ਸਨ। ਇਨ੍ਹਾਂ ਅਧਿਕਾਰੀਆਂ ਦੀਆਂ ਗਤੀਵਿਧੀਆਂ ਨੇ ਕਤਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ, ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਸੀ।

ਦੋਹਾ (ਕਤਰ) ਵਿੱਚ ਇਹਨਾਂ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਜਾਣਕਾਰੀ 25 ਅਕਤੂਬਰ 2022 ਨੂੰ ਇੱਕ ਮਹਿਲਾ ਡਾਕਟਰ ਮੀਤੂ ਭਾਰਗਵ ਦੁਆਰਾ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ ਸੀ। ਸਿਆਸੀ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਏਜੰਟਾਂ ਰਾਹੀਂ ਜਸੂਸੀ ਕਰਨ ਦੇ ਮਾਮਲੇ ਵਿੱਚ ਭਾਰਤ ਲਈ ਇਹ ਇੱਕ ਹੋਰ ਵਿਸ਼ਵਵਿਆਪੀ ਨਾਮੋਸ਼ੀ ਅਤੇ ਸ਼ਰਮ ਵਾਲੀ ਗੱਲ ਹੈ ਕਿ ਉਹ ਅੱਤਵਾਦ ਨੂੰ ਸਪਾਂਸਰ, ਸਮਰਥਨ ਅਤੇ ਫੰਡਿੰਗ ਕਰਕੇ ਦੂਜੇ ਦੇਸ਼ਾਂ ਵਿੱਚ ਹਿੰਸਾ ਭੜਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੇਲੇ ਚਾਹੇ ਭਾਰਤ ਕੈਨੇਡਾ ਨਾਲ ਇੱਕ ਕਨੇਡੀਅਨ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿੱਚ ਉਲਝਿਆ ਹੋਇਆ ਹੈ, ਪਰ ਦੂਜੇ ਪਾਸੇ 'ਇਸਰਾਇਲ-ਫਲਸਤੀਨ ਜੰਗ' ਵਿੱਚ ਵੀ ਦੋਹਰੇ ਮਾਪਦੰਡ ਅਪਨਾ ਰਿਹਾ ਹੈ। ਇਕ ਪਾਸੇ ਇਸਰਾਈਲ ਨਾਲ ਜੰਗੀ ਅਤੇ ਜਾਸੂਸੀ ਸਮਗਰੀ ਦੀ ਸਾਂਝ, ਦੂਜੇ ਪਾਸੇ ਫਲਸਤੀਨ ਨੂੰ ਰਾਹਤ ਸਮਗਰੀ ਭੇਜਣਾ। ਇਸ ਸਥਿਤੀ ਨੂੰ ਵੇਖਦੇ ਹੋਏ 'ਉਸਤਾਦ ਸ਼ਾਇਰ ਉਲਫਤ ਬਾਜਵਾ ਸਾਹਿਬ' ਦੇ ਇਹ ਸ਼ਬਦ ਗੌਰ ਕਰਨ ਵਾਲੇ ਹਨ :

"ਨਜ਼ਰ ਰਮਜ਼ਨ ਮਿਲਾਉਂਦੇ ਹੋ, ਕਦੇ ਏਧਰ ਕਦੇ ਓਧਰ।

ਵਫ਼ਾ ਆਪਣੀ ਜਤਾਉਂਦੇ ਹੋ, ਕਦੇ ਏਧਰ ਕਦੇ ਓਧਰ।

ਕਿਸੇ ਦਿਨ ਡਾਂਗ ਖੜ੍ਹਕੇਗੀ, ਕਿਸੇ ਦਿਨ ਖੂਨ ਡੁੱਲੇਗਾ

ਜੋ ਲਾਉਂਦੇ ਹੋ ਬੁਝਾਉਂਦੇ ਹੋ, ਕਦੇ ਇਧਰ ਕਦੇ ਉਧਰ।"

ਉਸਤਾਦ ਸ਼ਾਇਰ ਉਲਫ਼ਤ ਬਾਜਵਾ

(ਮਿਲਖਾ ਸਿੰਘ ਬਾਜਵਾ)

 

(ਡਾ. ਗੁਰਵਿੰਦਰ ਸਿੰਘ)