ਸਿਆਟਲ ਸਪੋਰਟਸ ਕਲੱਬ ਦੀ ਕਬੱਡੀ ਟੀਮ ਨੇ ਯੂਬਾ ਸਿਟੀ ਕਲੱਬ ਨੂੰ ਹਰਾਇਆ

ਸਿਆਟਲ ਸਪੋਰਟਸ ਕਲੱਬ ਦੀ ਕਬੱਡੀ ਟੀਮ ਨੇ ਯੂਬਾ ਸਿਟੀ ਕਲੱਬ ਨੂੰ ਹਰਾਇਆ

ਕੈਪਸ਼ਨ-ਜੇਤੂ ਕਬੱਡੀ ਟੀਮ ਦੇ ਮੈਂਬਰ ਟਰਾਫੀ ਹਸਲ ਕਰਨ ਬਾਅਦ ਦਰਸ਼ਨ ਸਿੰਘ ਧਾਲੀਵਾਲ ਅਤੇ ਪ੍ਰਧਾਨ ਅਮਰੀਕ ਸਿੰਘ ਅਤੇ ਪਤਵੰਤੇ ਸੱਜਣਾਂ ਨਾਲ।
ਸ਼ਿਕਾਗੋ/ਬਿਊਰੋ ਨਿਊਜ਼ :
ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵੱਲੋਂ ਇੱਥੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਮੇਲਾ ਲਾਇਆ ਗਿਆ। ਇਹ ਕਲੱਬ, ਸ਼ਿਕਾਗੋ ਮਿਡਵੈਸਟ ਦੀ ਸਭ ਤੋਂ ਪੁਰਾਣੀ ਖੇਡ ਸੰਸਥਾ ਹੈ ਜਿਸ ਨੇ ਆਪਣਾ ਪਹਿਲਾ ਖੇਡ ਮੇਲਾ 2002 ਵਿਚ ਲਾਇਆ ਸੀ।
ਇਸ ਮੌਕੇ ਹੋਏ ਕਬੱਡੀ ਮੁਕਾਬਲਿਆਂ ਵਿਚ ਸਿਆਟਲ ਸਪੋਰਟਸ ਕਲੱਬ ਦੀ ਟੀਮ ਯੂਬਾ ਸਿਟੀ ਸਪੋਰਟਸ ਕਲੱਬ ਨੂੰ 23 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ ਜੇਤੂ ਰਹੀ। ਸੁਲਤਾਨ ਬੈਸਟ ਰੇਡਰ ਅਤੇ ਪਾਲਾ ਜਲਾਲਪੁਰੀਆ ਬੈਸਟ ਸਟਾਪਰ ਐਲਾਨੇ ਗਏ। ਕਬੱਡੀ ਦੇ ਪਹਿਲੇ ਇਨਾਮ ਦੇ ਸਪਾਂਸਰ ਮਿਲਵਾਕੀ ਤੋਂ ਉਘੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸਨ ਜਿਨ੍ਹਾਂ ਆਪਣੇ ਪਿਤਾ ਬਾਪੂ ਕਰਤਾਰ ਸਿੰਘ ਦੀ ਯਾਦ ਵਿੱਚ ਇਹ ਇਨਾਮ ਦਿੱਤਾ। ਦੂਜੇ ਇਨਾਮ ਦੇ ਸਪਾਂਸਰ ਇੰਡੀਆਨਾ ਤੋਂ ਘੁਮਾਣ ਭਰਾ-ਹੈਰੀ ਘੁਮਾਣ ਤੇ ਅਮਰਵੀਰ ਘੁਮਾਣ ਸਨ। ਵਾਲੀਬਾਲ ਮੁਕਾਬਲਿਆਂ ਵਿੱਚ ਕੁਲ 5 ਟੀਮਾਂ ਭਿੜੀਆਂ। ਫਾਈਨਲ ਵਿੱਚ ਸ਼ਹੀਦ ਭਗਤ ਸਿੰਘ ਕਲੱਬ-1 ਨੇ ਸ਼ਹੀਦ ਭਗਤ ਸਿੰਘ ਕਲੱਬ-2 ਨੂੰ ਹਰਾ ਕੇ ਟਰਾਫੀ ਜਿੱਤੀ। ਜੇਤੂ ਟੀਮਾਂ ਨੂੰ ਟਰਾਫੀਆਂ ਦਰਸ਼ਨ ਸਿੰਘ ਧਾਲੀਵਾਲ, ਡਾ. ਭੁਪਿੰਦਰ ਸਿੰਘ ਸੈਣੀ ਤੇ ਕਲੱਬ ਦੇ ਚੇਅਰਮੈਨ ਬਲਦੇਵ ਸਿੰਘ ਸੱਲਾਂ ਨੇ ਵੰਡੀਆਂ। ਡੇਅਟਨ (ਓਹਾਇਓ) ਤੋਂ ਆਏ ਅਵਤਾਰ ਸਿੰਘ ਸਪਰਿੰਗਫੀਲਡ ਨੇ ਸਿਰ ਪਰਨੇ ਹੋ ਕੇ ਆਪਣੀ ਕਲਾ ਦੇ ਜੌਹਰ ਦਿਖਾਏ। ਮੇਲੇ ਵਿੱਚ ਗਾਇਕ ਹੰਸ ਰਾਜ ਹੰਸ, ਸਮਾਜ ਸੇਵੀ ਐਸ.ਪੀ. ਸਿੰਘ ਉਬਰਾਏ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ, ਸ਼ਿਕਾਗੋ ਵਿੱਚ ਭਾਰਤੀ ਕੌਂਸਲ ਜਨਰਲ ਨੀਤਾ ਭੂਸ਼ਣ, ਡਾ. ਭੁਪਿੰਦਰ ਸਿੰਘ ਸੈਣੀ, ਮਨਜੀਤ ਸਿੰਘ ਰਾਜਪੁਰ ਭਾਈਆਂ (ਕੈਨੇਡਾ), ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ, ਜਥੇਦਾਰ ਤਾਰਾ ਸਿੰਘ ਸੱਲਾਂ, ਢੀਂਡਸਾ ਭਰਾ-ਅਮਰਜੀਤ ਸਿੰਘ ਤੇ ਲਖਵੀਰ ਸਿੰਘ, ਹਰਵਿੰਦਰ ਸਿੰਘ ਵਾਲੀਆ, ਬਲਦੇਵ ਸਿੰਘ ਸੱਲਾਂ, ਪਾਲ ਖਲੀਲ, ਮਿਸ਼ੀਗਨ ਦੇ ਸਿਆਸੀ ਹਲਕਿਆਂ ਵਿੱਚ ਸਰਗਰਮ ਸੰਨੀ ਧੂੜ, ਜੀ.ਪੀ.ਐਸ. ਖਹਿਰਾ, ਅਟਾਰਨੀ ਜਸਪ੍ਰੀਤ ਸਿੰਘ, ਜਗੀਰ ਸਿੰਘ ਸਬਜ਼ੀ ਮੰਡੀ, ਵਰਿੰਦਰਪਾਲ ਸਿੰਘ ਅਤੇ ਸੁਖਨਿੰਦਰ ਸਿੰਘ ਨੀਟੂ ਵਡਿਆਲ ਸ਼ਾਮਲ ਹੋਏ। ਕਲੱਬ ਦੇ ਚੇਅਰਮੈਨ ਬਲਦੇਵ ਸਿੰਘ ਸੱਲਾਂ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨ ਅਟਾਰਨੀ ਜਸਪ੍ਰੀਤ ਸਿੰਘ ਨੇ ਵਧੀਆ ਮੇਲਾ ਕਰਾਉਣ ਲਈ ਦਰਸ਼ਕਾਂ ਤੇ ਕਲੱਬ ਨੂੰ ਵਧਾਈ ਦਿੱਤੀ।
ਮੇਲੇ ਦਾ ਦੂਜਾ ਹਿੱਸਾ ਗਾਇਕੀ ਦਾ ਖੁੱਲ੍ਹਾ ਅਖਾੜਾ ਸੀ ਜਿਸ ਵਿੱਚ ਪੌਪ ਗਾਇਕਾ ਜੈਸਮੀਨ ਸੈਂਡਲਸ ਤੋਂ ਇਲਾਵਾ ਰੁਪਿੰਦਰ ਹਾਂਡਾ ਤੇ ਸ਼ੈਰੀ ਮਾਨ, ਸਥਾਨਕ ਗਾਇਕ ਤਾਰਾ ਮੁਲਤਾਨੀ, ਜਗਮੀਤ ਸਿੰਘ ਅਤੇ ਸਿਨਸਿਨੈਟੀ (ਓਹਾਇਓ) ਤੋਂ ਪਹੁੰਚੇ ਨਿੰਮਾ ਡੱਲੇਵਾਲ ਨੇ ਗੀਤ ਪੇਸ਼ ਕੀਤੇ। ਮੇਲੇ ਦੇ ਅੰਤ ਵਿੱਚ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ, ਜੋ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਹਾਈਪਾਵਰ ਕੋਰ ਕਮੇਟੀ ਦੇ ਮੈਂਬਰ ਤੇ ਮੀਡੀਆ ਇੰਚਾਰਜ ਵੀ ਹਨ, ਨੇ ਸਭ ਦਾ ਧੰਨਵਾਦ ਕੀਤਾ। ਮੇਲੇ ਨੂੰ ਕਾਮਯਾਬ ਕਰਨ ਲਈ ਪ੍ਰਧਾਨ ਅਮਰੀਕ ਸਿੰਘ ਤੋਂ ਇਲਾਵਾ ਜਸਕਰਨ ਸਿੰਘ ਧਾਲੀਵਾਲ, ਹੈਪੀ ਸਿੰਘ ਹੀਰ, ਨਰਿੰਦਰ ਸਿੰਘ ਸਰਾਂ, ਲਵਦੀਪ ਦੁੱਲਤ, ਹਰਵਿੰਦਰ ਸਿੰਘ ਬਿੱਲਾ, ਅੰਮ੍ਰਿਤਪਾਲ ਸਿੰਘ ਸੰਘਾ, ਗੁਰਮੀਤ ਸਿੰਘ ਭੋਲਾ, ਰਾਜਿੰਦਰ ਸਿੰਘ ਦਿਆਲ, ਲੱਕੀ ਸਹੋਤਾ, ਹਰਦੀਪ ਸਿੰਘ ਗਿੱਲ, ਮਨਮਿੰਦਰ ਸਿੰਘ ਹੀਰ ਅਤੇ ਗੁਰਪ੍ਰੀਤ ਸਿੰਘ ਗਿੱਲ ਨੇ ਦਿਨ ਰਾਤ ਇਕ ਕਰੀ ਰੱਖਿਆ।