ਡੀਜੀਪੀ ਵੱਲੋਂ ਐਮਐਲਏ ਦਾ ਫੋਨ ਨਾ ਚੁੱਕਣ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੁੱਜਾ

ਡੀਜੀਪੀ ਵੱਲੋਂ ਐਮਐਲਏ ਦਾ ਫੋਨ ਨਾ ਚੁੱਕਣ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੁੱਜਾ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਵਿਰੁੱਧ ਕੀਤੀ ਸ਼ਿਕਾਇਤ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਹੈ ਅਤੇ ਕਮੇਟੀ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਰਹੀ ਹੈ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਸ੍ਰੀ ਬੈਂਸ ਨੂੰ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਪੱਤਰ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਸ੍ਰੀ ਬੈਂਸ ਨੇ ਪੁਲੀਸ ਮੁਖੀ ਸੁਰੇਸ਼ ਅਰੋੜਾ ਵੱਲੋਂ ਉਨ੍ਹਾਂ ਦਾ ਫੋਨ ਨਾ ਚੁੱਕਣ ਦੇ ਦੋਸ਼ ਲਾ ਕੇ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਨੂੰ ਡੀਜੀਪੀ ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ ਸੀ। ਇਸ ਤਹਿਤ ਸਪੀਕਰ ਨੇ ਇਹ ਮਾਮਲਾ ਨਿਰੀਖਣ ਅਤੇ ਜਾਂਚ ਪੜਤਾਲ ਕਰਕੇ ਰਿਪੋਰਟ ਪੇਸ਼ ਕਰਨ ਲਈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪਿਆ ਹੈ। ਸ੍ਰੀ ਬੈਂਸ ਵੱਲੋਂ ਸਪੀਕਰ ਨੂੰ ਕੀਤੀ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਹੈ ਕਿ ਪੰਜਾਬ ਵਿੱਚ ਰੇਤ ਮਾਫੀਆ ਵੱਲੋਂ ਅੰਨ੍ਹੇਵਾਹ ਕੀਤੀ ਜਾ ਰਹੀ ਗੈਰ-ਕਾਨੂੰਨੀ ਮਾਈਨਿੰਗ ਸਿਖਰ ਉੱਤੇ ਹੈ। ਵਿਧਾਇਕ ਨੇ ਦੋਸ਼ ਲਾਇਆ ਹੈ ਕਿ ਜਿਹੜੇ ਕੁਝ ਲੋਕ ਸਰਕਾਰ ਨੂੰ ਮਾਲੀਆ ਦੇ ਕੇ ਕਾਨੂੰਨੀ ਢੰਗ ਨਾਲ ਰੇਤ ਦਾ ਕੰਮ ਕਰਦੇ ਹਨ, ਪੁਲੀਸ ਅਫਸਰ ਉਨ੍ਹਾਂ ਨੂੰ ਵੀ ਤੰਗ-ਪ੍ਰੇਸ਼ਾਨ ਕਰਦੇ ਹਨ। ਸ੍ਰੀ ਬੈਂਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ 11 ਅਪਰੈਲ ਨੂੰ ਪੁਲੀਸ ਅਫਸਰਾਂ ਵੱਲੋਂ ਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ ਵੀ ਰਿਸ਼ਵਤ ਲੈਣ ਦੀ ਜਾਣਕਾਰੀ ਦੇਣ ਲਈ ਡੀਜੀਪੀ ਦਫਤਰ ਦੇ ਸਰਕਾਰੀ ਫੋਨ ਉਪਰ ਗੱਲ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਸ੍ਰੀ ਅਰੋੜਾ ਨੇ ਉਨ੍ਹਾਂ ਦੀ ਗੱਲ ਸੁਣਨੀ ਵਾਜਬ ਨਹੀਂ ਸਮਝੀ। ਸ੍ਰੀ ਬੈਂਸ ਨੇ ਦੋਸ਼ ਲਾਇਆ ਕਿ ਪੁਲੀਸ ਜ਼ਿਲ੍ਹਾ ਜਗਰਾਓਂ ਦੇ ਅਧੀਨ ਪੈਂਦੇ ਥਾਣਾ ਸਿੱਧਵਾਂ ਬੇਟ ਵਿੱਚ ਤਾਇਨਾਤ ਇੱਕ ਏਐੱਸਆਈ ਵੱਲੋਂ ਸਰਕਾਰੀ ਪਰਚੀ ਕੱਟ ਕੇ ਕਾਨੂੰਨੀ ਤੌਰ ਉੱਤੇ ਮਾਈਨਿੰਗ ਕਰਦੇ  ਲੋਕਾਂ ਕੋਲੋਂ ਐੱਫਆਰਆਈ ਦਰਜ ਕਰਨ ਦਾ ਦਬਕਾ ਮਾਰ ਕੇ ਕਥਿਤ ਤੌਰ ਉੱਤੇ 60 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਸ੍ਰੀ ਬੈਂਸ ਨੇ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਕਿ ਜਿਹੜੇ ਮਾਈਨਿੰਗ ਦਾ ਕੰਮ ਕਰਦੇ ਲੋਕਾਂ ਨੇ ਪੁਲੀਸ ਨੂੰ ਰਿਸ਼ਵਤ ਨਹੀਂ ਦਿੱਤੀ ਸੀ, ਪੁਲੀਸ ਨੇ ਉਨ੍ਹਾਂ ਵਿਰੁੱਧ ਝੂਠੀ ਐੱਫਆਰਆਈ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ। ਸ੍ਰੀ ਬੈਂਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪੁਲੀਸ ਵੱਲੋਂ 60 ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਆਡੀਓ ਵੀ ਮੌਜੂਦ ਹੈ ਅਤੇ ਉਨ੍ਹਾਂ ਪੀੜਤ ਲੋਕਾਂ ਸਮੇਤ ਐੱਸਐੱਸਪੀ ਜਗਰਾਓਂ ਨੂੰ ਮਿਲਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ। ਸ੍ਰੀ ਬੈਂਸ ਨੇ ਦੋਸ਼ ਲਾਇਆ ਕਿ ਜਦੋਂ ਐਸਐਸਪੀ ਜਗਰਾਓਂ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਇਹ ਮਾਮਲਾ ਡੀਜੀਪੀ ਸ੍ਰੀ ਅਰੋੜਾ ਦੇ ਧਿਆਨ ਵਿੱਚ ਲਿਆਕੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ। ਸ੍ਰੀ ਬੈਂਸ ਨੇ ਦੱਸਿਆ ਕਿ ਉਨ੍ਹਾਂ ਡੀਜੀਪੀ ਦੇ ਮੋਬਾਈਲ ਫੋਨ ਉਪਰ ਚੱਲਦੇ ਵੱਟਸਐਪ ਉਪਰ ਸ਼ਿਕਾਇਤ ‘ਤੇ ਆਡੀਓ ਕਲਿਪ ਵੀ ਭੇਜੀ ਸੀ। ਇਸ ਤੋਂ ਇਲਾਵਾ ਐੱਸਐੱਮਐੱਸ ਰਾਹੀਂ ਵੀ ਇਹ ਮਾਮਲਾ ਪੁਲੀਸ ਮੁਖੀ ਦੇ ਧਿਆਨ ਵਿੱਚ ਲਿਆ ਕੇ ਸਮਾਂ ਮੰਗਿਆ ਸੀ। ਸ੍ਰੀ ਬੈਂਸ ਨੇ ਸਪੀਕਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਇਸ ਦੇ ਬਾਵਜੂਦ ਡੀਜੀਪੀ ਨੇ ਕੋਈ ਹੁੰਗਾਰਾ ਨਹੀਂ ਦਿੱਤਾ ਸੀ।