ਪੰਜਾਬ ਦੇ ਨਸ਼ਾ ਸੈਂਟਰਾਂ ‘ਚ ‘ਜੀਭ ਥੱਲੇ ਰੱਖਣ ਵਾਲੀ ਗੋਲੀ’ ਦੀ ਮੰਗ ਅਸਮਾਨੀ ਚੜ੍ਹੀ

ਪੰਜਾਬ ਦੇ ਨਸ਼ਾ ਸੈਂਟਰਾਂ ‘ਚ ‘ਜੀਭ ਥੱਲੇ ਰੱਖਣ ਵਾਲੀ ਗੋਲੀ’ ਦੀ ਮੰਗ ਅਸਮਾਨੀ ਚੜ੍ਹੀ

ਬਠਿੰਡਾ ਦੇ ਡਰੱਗ ਵੇਅਰਹਾਊਸ ਦੀ ਤਸਵੀਰ।

ਬਠਿੰਡਾ/ਬਿਊਰੋ ਨਿਊਜ਼ :

ਪੰਜਾਬ ਵਿਚ ‘ਚਿੱਟੇ’ ਦੇ ਭੰਨੇ ਨਸ਼ੇੜੀ ਹੁਣ ‘ਸਰਕਾਰੀ ਗੋਲੀ’ ‘ਤੇ ਗਿੱਝ ਗਏ ਹਨ ਤਾਂ ਹੀ ਇਕਦਮ ‘ਬਿਪਰੋਨੌਰਫਿਨ’ ਗੋਲੀ ਦੀ ਮੰਗ ਅਸਮਾਨੀ ਜਾ ਚੜ੍ਹੀ ਹੈ। ਗੱਠਜੋੜ ਸਰਕਾਰ ਸਮੇਂ ਨਸ਼ੇੜੀ ‘ਟਰੈਮਾਡੋਲ’ ਦੀ ਚਾਟ ‘ਤੇ ਲੱਗੇ ਸਨ। ਸਿਹਤ ਮਹਿਕਮੇ ਨੇ ਹੁਣ ਡਰੱਗ ਸਟੋਰਾਂ ‘ਚ ‘ਬਿਪਰੋਨੌਰਫਿਨ’ ਦੀ ਖੇਪ ਭੇਜ ਦਿੱਤੀ ਹੈ। ਆਮ ਬੋਲਚਾਲ ਦੀ ਭਾਸ਼ਾ ‘ਚ ਬਿਪਰੋਨੌਰਫਿਨ ਨੂੰ ‘ਜੀਭ ਥੱਲੇ ਰੱਖਣ ਵਾਲੀ ਗੋਲੀ’ ਆਖਦੇ ਹਨ, ਜਿਸ ਦੀ ਸਿਰਫ਼ ਸਰਕਾਰੀ ਸਪਲਾਈ ਹੈ।
ਸਿਹਤ ਵਿਭਾਗ ਦੇ ‘ਓਟ ਸੈਂਟਰਾਂ’ ‘ਚ ਇਹ ਸਰਕਾਰੀ ਗੋਲੀ ਮੁਫ਼ਤ ਖੁਆਈ ਜਾਂਦੀ ਹੈ। ਇਨ੍ਹਾਂ ਸੈਂਟਰਾਂ ਵਿਚ ਮੁਲਾਜ਼ਮ ਖ਼ੁਦ ਨਸ਼ੇੜੀਆਂ ਦੀ ਜੀਭ ਹੇਠਾਂ ਇਸ ਗੋਲੀ ਨੂੰ ਰੱਖਦੇ ਹਨ। ਮਾਝੇ ਵਿਚ ਹੁਣ ਟਰੈਮਾਡੋਲ ਤੇ ਬਿਪਰੋਨੌਰਫਿਨ ਦੀ ਮੰਗ ਕਾਫ਼ੀ ਵਧ ਗਈ ਹੈ।
ਨਸ਼ਾ ਛੁਡਾਊ ਕੇਂਦਰ ਬਠਿੰਡਾ ਦੇ ਡਾ. ਅਰੁਣ ਬਾਂਸਲ ਦਾ ਕਹਿਣਾ ਸੀ ਕਿ ਬਠਿੰਡਾ ਦੇ ਓਟ ਸੈਂਟਰ ‘ਚ ਬਿਪਰੋਨੌਰਫਿਨ ਦੀਆਂ 300 ਗੋਲੀਆਂ ਦੀ ਰੋਜ਼ਾਨਾ ਦੀ ਲਾਗਤ ਹੈ ਜੋ ਨਸ਼ੇੜੀਆਂ ਦੀ ਤੋੜ ਭੰਨਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗੋਲੀ ਨਸ਼ੇੜੀ ਨੂੰ ਘਰ ਲਿਜਾਣ ਵਾਸਤੇ ਨਹੀਂ ਦਿੱਤੀ ਜਾਂਦੀ ਬਲਕਿ ਖ਼ੁਦ ਸਿਹਤ ਮੁਲਾਜ਼ਮ ਆਪਣੀ ਹਾਜ਼ਰੀ ਵਿੱਚ ਨਸ਼ੇੜੀ ਨੂੰ ਦਿੰਦੇ ਹਨ। ਬਠਿੰਡਾ ਜ਼ਿਲ੍ਹੇ ਦੇ ਓਟ ਸੈਂਟਰਾਂ ‘ਚ ਹੁਣ ਤੱਕ 196 ਨਸ਼ੇੜੀ ਰਜਿਸਟਰਡ ਹੋਏ ਹਨ। ਪੰਜਾਬ ‘ਚੋਂ ਸਭ ਤੋਂ ਉੱਪਰ ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹਾ ਹੈ, ਜਿੱਥੇ ਇਨ੍ਹਾਂ ਗੋਲੀਆਂ ਦੀ ਲਾਗਤ ਸਭ ਤੋਂ ਵੱਧ ਹੈ। ਕੈਪਟਨ ਹਕੂਮਤ ਵੱਲੋਂ ਨਸ਼ਿਆਂ ਖ਼ਿਲਾਫ਼ ਕੀਤੀ ਸਖ਼ਤੀ ਮਗਰੋਂ ਇਸ ਸਰਕਾਰੀ ਗੋਲੀ ਦੀ ਮੰਗ ਵਧੀ ਹੈ।
ਸੂਤਰਾਂ ਅਨੁਸਾਰ ਤਰਨ ਤਾਰਨ ਜ਼ਿਲ੍ਹੇ ਦੇ ਓਟ ਸੈਂਟਰਾਂ ਵਿਚ ਰੋਜ਼ਾਨਾ 2500 ਅਤੇ ਅੰਮ੍ਰਿਤਸਰ ‘ਚ ਰੋਜ਼ਾਨਾ 2000 ਗੋਲੀ (ਬਿਪਰੋਨੌਰਫਿਨ) ਦੀ ਲਾਗਤ ਹੈ। ਅੰਮ੍ਰਿਤਸਰ (ਵੇਰਕਾ) ਦੇ ਡਰੱਗ ਵੇਅਰਹਾਊਸ ਨੂੰ ਐਮਰਜੈਂਸੀ ਤੌਰ ‘ਤੇ ਟਰੈਮਾਡੋਲ ਦੀ ਇੱਕ ਲੱਖ ਗੋਲੀ ਬਠਿੰਡਾ ਦੇ ਵੇਅਰਹਾਊਸ ਤੋਂ ਭੇਜੀ ਗਈ ਹੈ। ਸਿਹਤ ਵਿਭਾਗ ਨੇ ਅੰਮ੍ਰਿਤਸਰ ਦੇ ਡਰੱਗ ਵੇਅਰਹਾਊਸ ਨੂੰ ਚਾਰ ਦਿਨ ਪਹਿਲਾਂ ਹੀ ਢਾਈ ਲੱਖ ਬਿਪਰੋਨੌਰਫਿਨ ਗੋਲੀ ਭੇਜੀ ਹੈ, ਜਿਸ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਸ ਤੋਂ ਪਹਿਲਾਂ ਇਹ ਗੋਲੀਆਂ ਪੰਜ ਮਹੀਨੇ ਪਹਿਲਾਂ ਦਿੱਤੀਆਂ ਗਈਆਂ ਸਨ। ਮਾਝੇ-ਦੁਆਬੇ ਦੇ ਕਰੀਬ ਅੱਠ ਜ਼ਿਲ੍ਹਿਆਂ ਨੂੰ ਇਸ ਡਰੱਗ ਵੇਅਰਹਾਊਸ ਤੋਂ ਸਪਲਾਈ ਹੁੰਦੀ ਹੈ।
ਸਰਕਾਰੀ ਸੂਤਰ ਦੱਸਦੇ ਹਨ ਕਿ ਮਾਝੇ ਵਿੱਚ ਬਿਪਰੋਨੌਰਫਿਨ ਤੇ ਟਰੈਮਾਡੋਲ ਦੀ ਮੰਗ ਪੂਰੀ ਕਰਨੀ ਮੁਸ਼ਕਲ ਬਣ ਗਈ ਹੈ। ਸੂਤਰਾਂ ਅਨੁਸਾਰ ਖਰੜ ਦੇ ਡਰੱਗ ਵੇਅਰਹਾਊਸ ਨੂੰ ਵੀ ਬਿਪਰੋਨੌਰਫਿਨ ਦੀਆਂ ਇੱਕ ਲੱਖ ਤੋਂ ਜ਼ਿਆਦਾ ਗੋਲੀਆਂ ਦੀ ਸਪਲਾਈ ਦਿੱਤੀ ਗਈ ਹੈ। ਬਠਿੰਡਾ ਦੇ ਡਰੱਗ ਵੇਅਰਹਾਊਸ ‘ਚ 4 ਜੁਲਾਈ ਨੂੰ 1.20 ਲੱਖ ਬਿਪਰੋਨੌਰਫਿਨ ਗੋਲੀ ਪੁੱਜ ਗਈ ਹੈ, ਜਿਸ ਦੀ ਮੰਗ ਹੱਥੋਂ ਹੱਥੀਂ ਆ ਰਹੀ ਹੈ। ਹਾਲਾਂਕਿ ਪਿਛਲੇ ਮਹੀਨੇ ਹੀ ਇਸ ਡਰੱਗ ਵੇਅਰਹਾਊਸ ਨੂੰ 1.20 ਲੱਖ ਬਿਪਰੋਨੌਰਫਿਨ ਗੋਲੀ ਮਿਲੀ ਸੀ, ਜੋ ਖ਼ਤਮ ਹੋਣ ਕਿਨਾਰੇ ਹੈ। ਸੂਤਰ ਦੱਸਦੇ ਹਨ ਕਿ ਹਰ ਜ਼ਿਲ੍ਹੇ ਵੱਲੋਂ ਹੁਣ ਬਿਪਰੋਨੌਰਫਿਕ ਦੀ 25 ਤੋਂ 30 ਹਜ਼ਾਰ ਗੋਲੀ ਦੀ ਮੰਗ ਕੀਤੀ ਗਈ ਹੈ ਪਰ ਕਿਸੇ ਵੀ ਜ਼ਿਲ੍ਹੇ ਨੂੰ 10 ਹਜ਼ਾਰ ਗੋਲੀ ਤੋਂ ਵੱਧ ਨਹੀਂ ਦਿੱਤੀ ਜਾ ਰਹੀ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਸਬ ਡਿਵੀਜ਼ਨ ਪੱਧਰ ‘ਤੇ ‘ਓਟ ਸੈਂਟਰ’ ਖੋਲ੍ਹੇ ਜਾ ਰਹੇ ਹਨ, ਜਿੱਥੇ ਮਰੀਜ਼ਾਂ ਨੂੰ ਰੋਜ਼ਾਨਾ ਸਟਾਫ਼ ਦੀ ਹਾਜ਼ਰੀ ਵਿੱਚ ਨਸ਼ਾ ਛੱਡਣ ਵਾਸਤੇ ਦਵਾਈ ਦਿੱਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਬਹੁਤੇ ਨਸ਼ੇੜੀ ਹੁਣ ਇਸ ਗੋਲੀ ‘ਤੇ ਲੱਗ ਗਏ ਹਨ। ਪਤਾ ਲੱਗਾ ਹੈ ਕਿ ਸਿਹਤ ਵਿਭਾਗ ਵੱਲੋਂ ਹੁਣ ਵੱਡੀ ਮਾਤਰਾ ਵਿਚ ਬਿਪਰੋਨੌਰਫਿਨ ਦੀ ਖ਼ਰੀਦ ਕੀਤੀ ਜਾ ਰਹੀ ਹੈ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਸਹਾਇਕ ਡਾਇਰੈਕਟਰ (ਖ਼ਰੀਦ) ਡਾ. ਜਸਕਿਰਨ ਕੌਰ ਦਾ ਕਹਿਣਾ ਸੀ ਕਿ ਹੁਣ ‘ਓਟ ਸੈਂਟਰਾਂ’ ਵਿੱਚ ਮਰੀਜ਼ਾਂ ਦੀ ਗਿਣਤੀ ਵਧੀ ਹੈ, ਜਿਸ ਕਰਕੇ ਦਵਾਈ ਦੀ ਮੰਗ ਦੇ ਹਿਸਾਬ ਨਾਲ ਰੈਗੂਲਰ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੈਮਾਡੋਲ ਦੀ ਸਪਲਾਈ ਵੀ ਦਿੱਤੀ ਜਾ ਰਹੀ ਹੈ। ਕਿਸੇ ਦਵਾਈ ਦੀ ਜੋ ਮੰਗ ਆਉਂਦੀ ਹੈ, ਉਸ ਦੇ ਹਿਸਾਬ ਨਾਲ ਸਪਲਾਈ ਦੇ ਦਿੱਤੀ ਜਾਂਦੀ ਹੈ।