ਹੁਣ ਕੈਪਟਨ ਨੂੰ ਬਾਦਲ ਦੇ ਹਲਕੇ ਲੰਬੀ ‘ਚ ਰੈਲੀ ਕਰਨ ਦਾ ਚਾਅ ਚੜ੍ਹਿਆ

ਹੁਣ ਕੈਪਟਨ ਨੂੰ ਬਾਦਲ ਦੇ ਹਲਕੇ ਲੰਬੀ ‘ਚ ਰੈਲੀ ਕਰਨ ਦਾ ਚਾਅ ਚੜ੍ਹਿਆ

ਚੰਡੀਗੜ੍ਹ /ਬਿਊਰੋ ਨਿਊਜ਼ :
ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੇ ਕਬਜ਼ੇ ਵਾਲਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਆਪਸ ਵਿਚ ”ਰੈਲੀ-ਰੈਲੀ” ਖੇਡਣ ਲੱਗੇ ਹੋਏ ਹਨ। ਅਗਲੇ ਦਿਨਾਂ ਵਿਚ ਸਿਆਸੀ ਘਮਸਾਨ ਹੋਰ ਵਧਣ ਦੇ ਆਸਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਅਕਾਲੀਆਂ ਨੂੰ ਜੁਆਬ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਨੂੰ ਚੁਣਿਆ ਹੈ। ਮਤਲਬ ਸਾਫ ਹੈ ਕਿ ਇਕ-ਦੂਜੇ ਨੂੰ ਪਾਸ ਦੇ ਕੇ ਰਾਜਨੀਤੀ ਖੇਡੀ ਜਾਵੇ ਤੇ ਪੰਥ ਤੇ ਪੰਜਾਬ ਜਾਂ ਫਿਰ ਕਿਸੇ ਵੀ ਹੋਰ ਤੀਜੀ ਧਿਰ ਦੇ ਸਵਾਲਾਂ ਨੂੰ ਮਿੱਟੀ-ਘੱਟੇ ਰੋਲਿਆ ਜਾਵੇ। ਅਮਰਿੰਦਰ ਸਿੰਘ ਨੇ ਮਹੀਨੇ ਦੇ ਅਖੀਰ ਵਿਚ ਲੰਬੀ ਵਿਚ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਾਣਬੁੱਝ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਲੋਕਾਂ ਵਿੱਚ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਉਹ ਲੋਕਾਂ ਵਿਚਾਲੇ ਫਿਰਕੂ ਅਫਰਾ -ਤਫਰੀ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਪਿਛਲੀ ਅਕਾਲੀ ਸਰਕਾਰ ਸਮੇਂ ਹੋਈਆਂ ਸਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਦੋਂ ਤੋਂ ਜਨਤਕ ਹੋਈ ਹੈ, ਉਦੋਂ ਤੋਂ ਹੀ ਸਾਬਕਾ ਮੁੱਖ ਮੰਤਰੀ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਲਈ ਯਤਨ ਕਰਦੇ ਆ ਰਹੇ ਹਨ। ਚੋਣਾਂ ਵਿਚ ਧਰਮ ਦੀ ਆੜ ਲੈਣਾ ਉਨ੍ਹਾਂ ਲਈ ਆਮ ਗੱਲ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਆਪਣਾ ਖੁਸ ਚੁੱਕਾ ਅਧਾਰ ਪ੍ਰਾਪਤ ਕਰਨ ਲਈ ਹਰ ਹੱਥਕੰਡਾ ਵਰਤ ਰਿਹਾ ਹੈ। ਇਸ ਲਈ ਸਰਕਾਰ ਬਾਦਲਾਂ ਨੂੰ ਇਸ ਦਾ ਢੁਕਵਾਂ ਜਵਾਬ ਉਨ੍ਹਾਂ ਦੇ ਹਲਕੇ ਵਿੱਚ ਰੈਲੀ ਕਰ ਕੇ ਦੇਵੇਗੀ।
ਇਸੇ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਲੰਬੀ ‘ਚ ਰੈਲੀ ਕਰਨਗੇ, ਅਕਾਲੀ ਦਲ ਵੱਲੋਂ ਉਸੇ ਦਿਨ ਪਟਿਆਲਾ ਵਿਚ ਰੈਲੀ ਕੀਤੀ ਜਾਵੇਗੀ।