‘ਆਪ’ ਨੂੰ ਝਟਕਾ-ਉਪ ਰਾਜਪਾਲ ਨੇ ਪਾਰਟੀ ਦਫ਼ਤਰ ਦੀ ਅਲਾਟਮੈਂਟ ਰੱਦ ਕੀਤੀ

‘ਆਪ’ ਨੂੰ ਝਟਕਾ-ਉਪ ਰਾਜਪਾਲ ਨੇ ਪਾਰਟੀ ਦਫ਼ਤਰ ਦੀ ਅਲਾਟਮੈਂਟ ਰੱਦ ਕੀਤੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਵੱਲੋਂ ਰਾਜਧਾਨੀ ਵਿੱਚ ਬਣਾਇਆ ਪਾਰਟੀ ਦਫ਼ਤਰ ਹੁਣ ਬੰਦ ਹੋ ਜਾਵੇਗਾ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਪਾਰਟੀ ਦੇ ਦਫ਼ਤਰ ਦੀ ਅਲਾਟਮੈਂਟ ਰੱਦ ਕਰ ਦਿੱਤੀ। ਸੂਤਰਾਂ ਮੁਤਾਬਕ ਸ਼ੁੰਗਲੂ ਕਮੇਟੀ ਦੀ ਰਿਪੋਰਟ ਵਿੱਚ ‘ਆਪ’ ਦੇ ਇਸ ਦਫ਼ਤਰ ਦੀ ਅਲਾਟਮੈਂਟ ਉਤੇ ਉਂਗਲ ਉਠਾਈ ਗਈ ਸੀ।
ਆਈਟੀਓ ਨੇੜੇ ਦੀਨਦਿਆਲ ਉਪਾਧਿਆਏ ਮਾਰਗ   ਉਪਰ ਸਥਿਤ ਇਸ ਸਰਕਾਰੀ ਮਕਾਨ ਨੂੰ ‘ਆਪ’ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਸੀ। ਇਹ ਜ਼ਮੀਨ ਦਿੱਲੀ ਸਰਕਾਰ ਦੇ ਅਧਿਕਾਰ ਖੇਤਰ ਦੀ ਨਹੀਂ ਹੈ, ਇਸ ਲਈ ਇਸ ਨੂੰ ਕਿਸੇ ਸਿਆਸੀ ਪਾਰਟੀ ਨੂੰ ਦਫ਼ਤਰ ਲਈ ਨਹੀਂ ਦਿੱਤਾ ਜਾ ਸਕਦਾ। ਸ਼ੁੰਗਲੂ ਕਮੇਟੀ ਨੇ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਸਿਆਸੀ ਪਾਰਟੀਆਂ ਨੂੰ ਜ਼ਮੀਨ ਦੇਣ ਦੀ ਨਵੀਂ ਨੀਤੀ ਬਣਾਈ ਹੈ, ਜਿਸ ਤਹਿਤ ਜ਼ਮੀਨ ਲੈਣ ਵਾਲੀਆਂ ਪਾਰਟੀਆਂ ਨੂੰ ਪੰਜ ਸਾਲ ਤੱਕ ਕੋਈ ਇਮਾਰਤ ਜਾਂ ਬੰਗਲਾ ਦਿੱਤਾ ਜਾ ਸਕਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਉਹ ਆਪਣੀ ਅਲਾਟ ਹੋਈ ਜ਼ਮੀਨ ਉਪਰ ਦਫ਼ਤਰ ਬਣਾ ਸਕਦੀਆਂ ਹਨ।
ਰਾਊਜ ਐਵੇਨਿਊ ਦੇ ਇਲਾਕੇ ਵਿੱਚ ਸਥਿਤ ਇਸ ਕੋਠੀ ਦੀ ਅਲਾਟਮੈਂਟ ਰੱਦ ਕਰਨ ਦੀ ਪੁਸ਼ਟੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਨੇ ਪਾਰਟੀ ਹੈੱਡਕੁਆਰਟਰ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦਾ ਇਕ ਵੀ ਵਿਧਾਇਕ ਨਹੀਂ, ਉਸ ਕੋਲ ਇਸੇ ਸੜਕ ਉਪਰ ਦਫ਼ਤਰ ਹੈ, ਜਿਸ ਦੇ ਤਿੰਨ ਵਿਧਾਇਕ (ਭਾਜਪਾ) ਹਨ, ਉਸ ਦਾ ਵੀ ਆਪਣਾ ਦਫ਼ਤਰ ਹੈ ਪਰ ਜੋ ਪਾਰਟੀ ਸਰਕਾਰ ਚਲਾ ਰਹੀ ਹੈ, ਉਸ ਦਾ ਦਿੱਲੀ ਵਿੱਚ ਦਫ਼ਤਰ ਨਹੀਂ ਹੈ।