ਸਿੱਖ ਕਤਲੇਆਮ : ਹਾਈ ਕੋਰਟ ਵਲੋਂ ਪੰਜ ਕੇਸ ਮੁੜ ਖੋਲ੍ਹਣ ਲਈ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ :
ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿਚ 25 ਸਿੱਖਾਂ ਦੇ ਹੋਏ ਕਤਲੇਆਮ ਨਾਲ ਸਬੰਧਤ ਐਫਆਈਆਰ ਨੰਬਰ 416/84 ਵਿਚ ਸ਼ਾਮਲ 5 ਮਾਮਲਿਆਂ ਦੀ ਮੁੜ ਸੁਣਵਾਈ ਲਈ ਸਾਰੇ ਮੁਲਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਹ ਹੁਕਮ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਨੇ ਦੰਗਿਆਂ ਦੇ ਇਕ ਹੋਰ ਕੇਸ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਨਾਲ ਸਬੰਧਤ ਫ਼ਾਈਲ ਘੋਖਦਿਆਂ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਦੇ ਮੱਦੇਨਜ਼ਰ ਆਪਣੇ ਤੌਰ ‘ਤੇ ਜਾਰੀ ਕੀਤੇ ਹਨ।
ਨਵੰਬਰ 1984 ਵਿਚ ਰਾਜਨਗਰ ਵਿਖੇ 25 ਸਿੱਖਾਂ ਦੇ ਕਤਲ ਸਬੰਧੀ ਵੱਖ-ਵੱਖ ਸ਼ਿਕਾਇਤ ਕਰਨ ਵਾਲਿਆਂ ਵੱਲੋਂ ਦਿੱਲੀ ਕੈਂਟ ਥਾਣੇ ਵਿੱਚ ਐਫਆਈਆਰ ਦਰਜ ਕਰਨ ਲਈ ਅਰਜ਼ੀਆਂ ਦਿੱਤੀਆਂ ਗਈਆਂ ਸੀ। ਇਸ ‘ਤੇ ਉਸ ਵਕਤ ਦਿੱਲੀ ਪੁਲੀਸ ਨੇ ਗੋਲਮੋਲ ਕਾਰਵਾਈ ਕਰਦਿਆਂ ਸਾਰੀਆਂ ਸ਼ਿਕਾਇਤਾਂ ਐਫਆਈਆਰ ਨੰਬਰ 416/84 ਵਿੱਚ ਨੱਥੀ ਕਰ ਦਿੱਤੀਆਂ ਸਨ। ਬਾਅਦ ਵਿਚ ਪੁਲੀਸ ਵੱਲੋਂ ਗਵਾਹਾਂ ਦੇ ਨਾ ਮਿਲਣ ਦਾ ਹਵਾਲਾ ਦੇਣ ‘ਤੇ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਸਾਲ 2000 ਵਿੱਚ ਐਨਡੀਏ ਸਰਕਾਰ ਵੱਲੋਂ ਬਣਾਏ ਨਾਨਾਵਤੀ ਕਮਿਸ਼ਨ ਕੋਲ ਵੀ ਦਿੱਲੀ ਪੁਲੀਸ ਦੀ ਇਸ ਕਾਰਵਾਈ ਬਾਰੇ ਪੀੜਿਤਾਂ ਨੇ ਵਿਰੋਧ ਦਰਜ ਕਰਾਇਆ ਸੀ ਤੇ ਕਮਿਸ਼ਨ ਨੇ ਇਹ ਪੰਜ ਕੇਸ ਮੁੜ ਖੋਲ੍ਹਣ ਦਾ ਆਦੇਸ਼ ਦਿੱਤਾ ਸੀ। ਇਸ ‘ਤੇ ਖੁਸ਼ੀ ਜ਼ਾਹਰ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਇਨ੍ਹਾਂ ਪੰਜਾਂ ਕੇਸਾਂ ਨਾਲ ਸਬੰਧਤ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਸਾਥਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੂਰੀ ਤਾਕਤ ਲਗਾਉਣ ਦੀ ਗੱਲ ਆਖੀ। ਅਦਾਲਤ ਨੇ ਮੁਲਜ਼ਮਾਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਖ਼ਿਲਾਫ਼ ਮਾਮਲੇ ਦੀ ਮੁੜ ਸੁਣਵਾਈ ਕਿਉਂ ਨਾ ਕੀਤੀ ਜਾਵੇ। ਅਦਾਲਤ ਨੇ ਰਿਕਾਰਡ ਨੂੰ ਘੋਖਦਿਆਂ ਪਾਇਆ ਕਿ ਇਨ੍ਹਾਂ ਮਾਮਲਿਆਂ ਵਿਚ ਸ਼ਿਕਾਇਤਕਰਤਾ ਤੇ ਗਵਾਹਾਂ ਦੇ ਬਿਆਨ ਸਹੀ ਢੰਗ ਨਾਲ ਦਰਜ ਨਹੀਂ ਕੀਤੇ ਗਏ ਤੇ ਹੇਠਲੀ ਅਦਾਲਤ ਨੇ ਫ਼ੈਸਲਾ ਬੜੀ ‘ਕਾਹਲੀ’ ਵਿੱਚ ਕਰ ਦਿੱਤਾ।
Comments (0)