ਭਾਜਪਾ ਆਗੂ ਕਮਲ ਸ਼ਰਮਾ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ

ਭਾਜਪਾ ਆਗੂ ਕਮਲ ਸ਼ਰਮਾ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ

ਫ਼ਿਰੋਜ਼ਪੁਰ/ਬਿਊਰੋ ਨਿਊਜ਼ :
ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰਕੇ ਸਟੰਟ ਪਾਇਆ ਗਿਆ ਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਮਲ ਸ਼ਰਮਾ ਆਪਣੇ ਹੀ ਘਰ ਪ੍ਰੀਤ ਨਗਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਨ ਕਿ ਉਨ੍ਹਾਂ ਨੂੰ ਛਾਤੀ ਵਿਚ ਦਰਦ ਉਠਿਆ। ਉਨ੍ਹਾਂ ਨੂੰ ਤੁਰੰਤ ਬਾਗੜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ। ਫ਼ਿਰੋਜ਼ਪੁਰ ਵਿਚ ਆਕਸੀਜਨ ਸਮੇਤ ਆਧੁਨਿਕ ਸਹੂਲਤਾਂ ਨਾਲ ਲੈਸ ਐਾਬੂਲੈਂਸ ਨਾ ਹੋਣ ਕਰਕੇ ਕਮਲ ਸ਼ਰਮਾ ਨੂੰ ਮਜਬੂਰਨ ਸਾਢੇ 3 ਘੰਟੇ ਇਸ ਹਸਪਤਾਲ ਵਿਖੇ ਹੀ ਰੱਖਣਾ ਪਿਆ। ਡੀ.ਐਮ.ਸੀ. ਹਸਪਤਾਲ ਤੋਂ ਡਾਕਟਰੀ ਟੀਮ ਆਉਣ ਮਗਰੋਂ ਹੀ ਉਨ੍ਹਾਂ ਨੂੰ ਲੁਧਿਆਣਾ ਸ਼ਿਫ਼ਟ ਕੀਤਾ ਗਿਆ। ਹੀਰੋ ਹਾਰਟ ਡੀ.ਐਮ.ਸੀ. ਅੰਦਰ ਚੈਕਅੱਪ ਦੌਰਾਨ ਉਨ੍ਹਾਂ ਦੀ ਦਿਲ ਦੀ ਖੱਬੀ ਨਾੜੀ 100 ਫੀਸਦੀ ਬੰਦ ਪਾਈ ਗਈ, ਜਿਸ ਦੌਰਾਨ ਡਾਕਟਰਾਂ ਵੱਲੋਂ ਕੀਤੇ ਗਏ ਕਰੀਬ ਪੌਣੇ ਘੰਟੇ ਦੇ ਆਪ੍ਰੇਸ਼ਨ ਬਾਅਦ ਉਨ੍ਹਾਂ ਦੇ ਸਟੰਟ ਪਾ ਦਿੱਤਾ ਗਿਆ। ਉਨ੍ਹਾਂ ਦੇ ਨਿੱਜੀ ਸਕੱਤਰ ਅੰਕਿਤ ਸ਼ਰਮਾ ਨੇ ਦੱਸਿਆ ਕਿ ਕਮਲ ਸ਼ਰਮਾ ਦੀ ਸਿਹਤ ਹੁਣ ਠੀਕ ਹੈ।