ਲਾਹੌਰ ਤੇ ਫ਼ੈਸਲਾਬਾਦ ਵਿਚ ਗੂੰਜੇ ‘ਭਗਤ ਸਿੰਘ ਜ਼ਿੰਦਾਬਾਦ’ ਦੇ ਨਾਅਰੇ

ਲਾਹੌਰ ਤੇ ਫ਼ੈਸਲਾਬਾਦ ਵਿਚ ਗੂੰਜੇ ‘ਭਗਤ ਸਿੰਘ ਜ਼ਿੰਦਾਬਾਦ’ ਦੇ ਨਾਅਰੇ

ਲਾਹੌਰ/ਬਿਊਰੋ ਨਿਊਜ਼ :
ਲਾਹੌਰ ਵਿਚ ਦਿਆਲ ਸਿੰਘ ਰਿਸਰਚ ਤੇ ਕਲਚਰਲ ਫ਼ੋਰਮ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ‘ਇਨਕਲਾਬ ਜ਼ਿੰਦਾਬਾਦ-ਸ਼ਹੀਦ ਸਰਦਾਰ ਭਗਤ ਸਿੰਘ’ ਪ੍ਰੋਗਰਾਮ ਕਰਵਾਇਆ ਗਿਆ। ਦਿਆਲ ਸਿੰਘ ਕਲਚਰਲ ਫ਼ੋਰਮ ਹਾਲ ਵਿਚ ਕਰਵਾਏ ਗਏ ਉਪਰੋਕਤ ਸਮਾਰੋਹ ਵਿਚ ਪਾਕਿ ਮੰਤਰੀ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਇਮਰਾਨ ਖ਼ਾਂ, ਸੋਹੇਲ ਅਹਿਮਦ ਰਜ਼ਾ ਤੇ ਇਹਸਾਨ ਨਦੀਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਾਕਿ ਦੀ ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵਕਤ ਭਗਤ ਸਿੰਘ ਸ਼ਹੀਦ ਹੋਏ ਉਸ ਵਕਤ ਉਹ ਭਾਰਤੀ ਸਨ ਪਰ ਕਿਉਂਕਿ ਜਿਸ ਪਿੰਡ ਵਿਚ ਉਨ੍ਹਾਂ ਦਾ ਜਨਮ ਹੋਇਆ, ਜਿੱਥੇ ਉਨ੍ਹਾਂ ਪ੍ਰਾਇਮਰੀ, ਹਾਈ ਸਕੂਲ ਤੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ, ਜਿੱਥੇ ਉਨ੍ਹਾਂ ਜੇਲ੍ਹ ਦੀ ਸਜ਼ਾ ਭੋਗੀ ਤੇ ਜਿੱਥੇ ਉਨ੍ਹਾਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਉਹ ਸਾਰੇ ਸਥਾਨ ਹੁਣ ਪਾਕਿਸਤਾਨ ਵਿਚ ਹਨ, ਇਸ ਲਈ ਸ਼ਹੀਦ ਭਗਤ ਸਿੰਘ ‘ਤੇ ਪਾਕਿਸਤਾਨੀਆਂ ਦਾ ਹੱਕ ਕੁਝ ਵਧੇਰੇ ਹੈ। ਉਧਰ ਲਾਹੌਰ ਤੋਂ ਛਪਦੇ ਉਰਦੂ ਅਖ਼ਬਾਰ ਅਵਾਮੀ ਮੁਹੱਬਤ ਦੇ ਮੁੱਖ ਦਫ਼ਤਰ ਵਿਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਮੁੱਖ ਸੰਪਾਦਕ ਇਕਬਾਲ ਖੋਖਰ, ਦੀਨ ਨਿਊਜ਼ ਦੇ ਜਨਰਲ ਮੈਨੇਜਰ ਸਾਇਰਲ ਥਾਮਸ ਸਹਿਤ ਰਾਸ਼ਿਦ ਲਾਲਾ, ਹਾਜੀ ਆਰਫ਼, ਫ਼ਕੀਰ ਹੁਸੈਨ, ਜ਼ਬੈਰ ਗੁਲਜ਼ਾਰ, ਸੁਨਿਲ ਕੁਮਾਰ ਅਤੇ ਰਿਆਜ਼ ਭੱਟੀ ਨੇ ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਦਾ ਕੌਮੀ ਸ਼ਹੀਦ ਦੱਸਿਆ।