ਤਖ਼ਤ ਹਜ਼ੂਰ ਸਾਹਿਬ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਸ਼ੁਰੂ

ਤਖ਼ਤ ਹਜ਼ੂਰ ਸਾਹਿਬ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਸ਼ੁਰੂ

ਕੈਪਸ਼ਨ-ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਸ਼ੁਰੂ ਕੀਤੇ ਜਾਣ ਦਾ ਦ੍ਰਿਸ਼।  
ਅੰਮ੍ਰਿਤਸਰ/ਬਿਊਰੋ ਨਿਊਜ਼ :
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਇਮਾਰਤ ਦੇ ਮੁੱਖ ਹਿੱਸੇ ‘ਤੇ ਸੋਨਾ ਚੜ੍ਹਾਉਣ ਦੀ ਸੇਵਾ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ ਅਤੇ ਅਰਦਾਸ ਨਾਲ ਕੀਤੀ ਗਈ। ਇਹ ਸੇਵਾ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪੀ ਗਈ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਤਾਰਾ ਸਿੰਘ ਨੇ ਆਖਿਆ ਕਿ ਇਮਾਰਤ ਦੇ ਮੁੱਖ ਹਿੱਸੇ ‘ਤੇ ਸੋਨਾ ਚੜ੍ਹਾਉਣ ਦੀ ਇਹ ਸੇਵਾ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਸ਼ੁਰੂ ਕੀਤੀ ਗਈ ਹੈ। ਗੁਰਦੁਆਰੇ ਦੀ ਮੁੱਖ ਇਮਾਰਤ ‘ਤੇ ਬਣੇ ਮੁੱਖ ਗੁੰਬਦ ਨੂੰ ਛੱਡ ਕੇ ਬਾਕੀ ਸਾਰੇ ਗੁੰਬਦਾਂ ‘ਤੇ ਸੋਨਾ ਚੜ੍ਹਾਇਆ ਜਾਵੇਗਾ। ਇਮਾਰਤ ਦੇ ਕੁਝ ਹਿੱਸੇ ‘ਤੇ ਵੀ ਸੋਨਾ ਚੜ੍ਹਾਇਆ ਜਾਵੇਗਾ। ਇਸ ਸੇਵਾ ਨੂੰ ਲਗਭਗ ਡੇਢ ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਬਿਹਾਰ ਸਰਕਾਰ ਵੱਲੋਂ ਸੁਚੱਜੇ ਢੰਗ ਨਾਲ ਮਨਾਉਣ ਸਬੰਧੀ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਦੀ ਅਧਿਕਾਰੀ ਹਰਜੋਤ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਨ੍ਹਾਂ ਦੋਵਾਂ ਦਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ 12 ਮਾਰਚ ਨੂੰ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਬਿਹਾਰ ਦੇ ਮੁੱਖ ਮੰਤਰੀ ਨੂੰ ਮਨਜ਼ੂਰੀ ਲੈਣ ਲਈ ਪੱਤਰ ਵੀ ਭੇਜਿਆ ਗਿਆ ਹੈ, ਜਿਸ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। 17 ਮਈ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਇਕ ਵਿਸ਼ੇਸ਼ ਰੇਲ ਯਾਤਰਾ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਜਗਨ ਨਾਥ ਪੁਰੀ ਦੇ ਦਰਸ਼ਨਾਂ ਲਈ ਰਵਾਨਾ ਹੋਵੇਗੀ। ਇਹ ਯਾਤਰਾ ਦਸਮ ਪਾਤਸ਼ਾਹ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। 21 ਡੱਬਿਆਂ ਵਾਲੀ ਰੇਲ ਗੱਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਜਾਵੇਗਾ। ਸੇਵਾ ਦੀ ਸ਼ੁਰੂਆਤ ਵੇਲੇ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਆਖਿਆ ਕਿ ਉਹ ਇਸ ਸੇਵਾ ਨੂੰ ਗੁਰੂ ਘਰ ਦਾ ਆਦੇਸ਼ ਸਮਝ ਕੇ ਪੂਰਾ ਕਰਨਗੇ।