ਬੀਰ ਦਵਿੰਦਰ ਸਿੰਘ ਵੱਲੋਂ ‘ਆਪ’ ਦੀ ਹਮਾਇਤ ਦਾ ਐਲਾਨ

ਬੀਰ ਦਵਿੰਦਰ ਸਿੰਘ ਵੱਲੋਂ ‘ਆਪ’ ਦੀ ਹਮਾਇਤ ਦਾ ਐਲਾਨ

ਕੈਪਸ਼ਨ-ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਬੀਰ ਦਵਿੰਦਰ ਸਿੰਘ।  
ਪਟਿਆਲਾ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ  ਬੀਰ ਦਵਿੰਦਰ ਸਿੰਘ ਨੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਤੇ ਇਸੇ ਦੌਰਾਨ ਅਕਾਲੀ ਦਲ ਦੇ ਕਈ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਬੀਰ ਦਵਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ‘ਤੇ ਗੰਢ-ਤੁਪ ਕਰ ਕੇ ਪੰਜਾਬ ਦਾ ਵੱਡਾ ਨੁਕਸਾਨ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਮੰਗ ਮੁਤਾਬਕ ਕਿਤੇ ਵੀ ਪ੍ਰਚਾਰ ਕਰਨ ਲਈ ਤਿਆਰ ਹਨ।
‘ਆਪ’ ਦੇ ਮੀਤ ਪ੍ਰਧਾਨ ਜੱਸੀ ਜਸਰਾਜ ਅਤੇ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਸਮੇਤ ਮੀਡੀਆ ਨਾਲ ਗੱਲ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੋ ਵੱਡੇ ਅਪਰਾਧਿਕ ਕੇਸਾਂ ਨੂੰ ਖ਼ੁਰਦ ਬੁਰਦ ਕਰਾਉਣ ਲਈ ਇੱਕ ਦੂਜੇ ਨਾਲ ਘਿਉ ਖਿਚੜੀ ਹਨ। ਜਿਵੇਂ ਬਾਦਲ ਪਰਿਵਾਰ ਉੱਤੇ ਚੱਲਦਾ ਕੇਸ ਰੱਦ ਹੋਇਆ, ਉਸੇ ਤਰ੍ਹਾਂ ਅਮਰਿੰਦਰ ਸਿੰਘ ਵਿਰੁੱਧ ਦਰਜ ਕੇਸ ਵੀ ਬਾਦਲਾਂ ਨੇ ਰੱਦ ਕਰ ਕੇ ਆਪਣੀ ਦੋਸਤੀ ਪੱਕੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਉਨ੍ਹਾਂ ਦੀ ਇੱਕ ਹੀ ਮੰਗ ਹੈ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਬਾਦਲਾਂ ਅਤੇ ਅਮਰਿੰਦਰ ਵਿਰੁੱਧ ਰੱਦ ਕੀਤੇ ਕੇਸ ਮੁੜ ਖੋਲ੍ਹੇ ਜਾਣ। ਇਨ੍ਹਾਂ ਦੀ ਜਾਂਚ ਵੀ ਸੀਬੀਆਈ ਤੋਂ ਕਰਵਾਈ ਜਾਵੇ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ (ਯੂਥ) ਸਰਬਜੀਤ ਚੋਪੜਾ, ਟਕਸਾਲੀ ਅਕਾਲੀ ਆਗੂ ਦਵਿੰਦਰ ਬੀਰ ਨੰਦਾ, ਹਰਵਿੰਦਰ ਕੌਰ ਜੇਜੀਆਂ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਸਰਬ ਧਰਮ ਸੰਗਮ ਸੰਸਥਾ ਦੇ ਆਗੂ ਡਾ. ਹਰਪਾਲ ਸਿੰਘ ਪੰਨੂ ਨੇ ਵੀ ਆਪਣੇ 40 ਸਾਥੀਆਂ ਸਮੇਤ ‘ਆਪ’ ਵਿੱਚ ਸ਼ਮੂਲੀਅਤ ਕੀਤੀ।