ਅਕਾਲੀ ਦਲ ਨੇ ਆਖ਼ਰ ਪੰਜਾਬ ਵਿਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਤਸਲੀਮ ਕਰ ਲਿਆ ਹੈ-ਮਨਪ੍ਰੀਤ ਬਾਦਲ

ਅਕਾਲੀ ਦਲ ਨੇ ਆਖ਼ਰ ਪੰਜਾਬ ਵਿਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਤਸਲੀਮ ਕਰ ਲਿਆ ਹੈ-ਮਨਪ੍ਰੀਤ ਬਾਦਲ

ਬਠਿੰਡਾ/ਬਿਊਰੋ ਨਿਊਜ਼ :
ਸੀਨੀਅਰ ਕਾਂਗਰਸੀ ਆਗੂ ਅਤੇ ਪਾਰਟੀ ਦੇ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਾਰੀ ਆਪਣੇ ਚੋਣ ਮੈਨੀਫੈਸਟੋ ‘ਨਸ਼ਿਆਂ ਵਿਰੁੱਧ ਜੰਗ’ ਵਿੱਢੇ ਜਾਣ ਦਾ ਐਲਾਨ ਕਰ ਕੇ ਆਖ਼ਰ ਇਹ ਮੰਨ ਲਿਆ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ।
ਇਥੇ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਹੋਣ ਤੋਂ ਲਗਾਤਾਰ ਇਨਕਾਰ ਕਰ ਰਹੇ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ੨੦੦੪ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਵਿਚ ਇਹ ਕਿਹਾ ਗਿਆ ਸੀ ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕਰ ਕੇ ਇਸ ਸਮੱਸਿਆ ਨੂੰ ਪ੍ਰਵਾਨ ਕੀਤਾ ਹੈ ਬਲਕਿ ਸੁਖ਼ਬੀਰ ਸਿੰਘ ਬਾਦਲ ਦੇ ਮੂੰਹ ਉੱਤੇ ਕਰਾਰੀ ਚਪੇੜ ਵੀ ਹੈ। ਅਕਾਲੀ ਦਲ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਨਸ਼ਿਆਂ ਦੀ ਲੱਤ ਵਿਚ ਉਲਝੇ ਵਿਅਕਤੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਵਾਲੇ ਪਰਿਵਾਰ ਨੂੰ ੨ ਲੱਖ ਰੁਪਏ ਦੀ ਸਹਾਇਤਾ ਦੀ ਦੇਣ ਦਾ ਐਲਾਨ ਕਰਨਾ ਵੀ ਇਹ ਮੰਨਣਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ।
ਅਕਾਲੀ ਦਲ ਵਲੋਂ ਵਿਦੇਸ਼ਾਂ ਵਿਚ ਇੱਕ ਲੱਖ ਏਕੜ ਜ਼ਮੀਨ ਖ਼ਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ ਉਥੇ ਵਸਾਉਣ ਦੇ ਵਾਅਦੇ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਕਿਤੇ ਇਹ ਪ੍ਰੋਗਰਾਮ ਵੀ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਜਾਇਦਾਦ ਵਿਚ ਹੋਰ ਵਾਧਾ ਕਰਨ ਦਾ ਸਬੱਬ ਤਾਂ ਨਹੀਂ ਬਣ ਜਾਵੇਗਾ ਕਿਉਂਕਿ ਉਸ ਨੇ ਹਮੇਸ਼ਾ ਹੀ ਸਰਕਾਰੀ ਸਾਧਨਾਂ ਰਾਹੀਂ ਆਪਣੇ ਵਪਾਰਕ ਹਿੱਤਾਂ ਦਾ ਪਸਾਰ ਕੀਤਾ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਖ਼ਰਚੇ ਉੱਤੇ ਘੱਟੋ ਘੱਟ ੫੦ ਫੀਸਦ ਮੁਨਾਫ਼ਾ ਯਕੀਨੀ ਬਨਾਉਣ ਦੇ ਵਾਅਦੇ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਚਾਲ ਹੈ ਕਿਉਂਕਿ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਦੀ ਮੋਦੀ ਸਰਕਾਰ ਸਵਾਮੀਨਾਥਨ ਰਿਪੋਰਟ ਨੂੰ ਪਹਿਲਾਂ ਹੀ ਰੱਦ ਕਰ ਚੁੱਕੀ ਹੈ।
ਰੋਜ਼ਗਾਰ ਪੈਦਾ ਕਰਨ ਦੇ ਮਾਮਲੇ ਸਬੰਧੀ ਅਕਾਲੀ ਦਲ ਵਲੋਂ ੨੫ ਲੱਖ ਨੌਕਰੀਆਂ ਪੈਦਾ ਕਰਨ ਦੇ ਕੀਤੇ ਗਏ ਵਾਅਦੇ ਸਬੰਧੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪਹਿਲਾਂ ਹੀ Àੈਲਾਨ ਕੀਤਾ ਹੋਇਆ ਹੈ ਅਤੇ ਅਕਾਲੀ ਦਲ ਨੇ ਸਿਰਫ਼ ਉਹਨਾਂ ਦੀ ਪਾਰਟੀ ਦੀ ਨਕਲ ਹੀ ਮਾਰੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ ਜਦੋਂ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਅਕਾਲੀ ਦਲ ਨੇ ਸਿਰਫ਼ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕੀਤੀ ਹੈ।
ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਨੇ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਵਿਚ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਹੈ, ”ਪੰਜਾਬ ਕੋਲ ਇੱਕ ਵੀ ਬੂੰਦ ਫਾਲਤੂ ਪਾਣੀ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਸੂਬੇ ਦਾ ਪੰਜਾਬ ਦੇ ਦਰਿਆਵਾਂ-ਰਾਵੀ, ਬਿਆਸ ਅਤੇ ਸਤਲੁਜ-ਦੇ ਪਾਣੀਆਂ ਉੱਤੇ ਕੋਈ ਹੱਕ ਹੈ” ਜਦੋਂ ਕਿ ਸੂਬੇ ਦੇ ਦਰਿਆਵਾਂ ਦਾ ੭੦ ਫੀਸਦੀ ਪਾਣੀ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪਹਿਲਾਂ ਹੀ ਜਾ ਰਿਹਾ ਹੈ। ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਮੈਨੀਫੈਸਟੋ ਵਿਚ ਹੁਣ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਸ਼ਾਂਤਮਈ ਤਰੀਕਿਆਂ ਨਾਲ ਜੱਦੋਜਹਿਦ ਕਰਦਾ ਰਹਿਣ ਦਾ ਵਾਅਦਾ ਕਰਨ ਵਾਲੇ ਅਕਾਲੀ ਦਲ ਨੇ ਇਹ ਮਸਲੇ ਉਸ ਵੇਲੇ ਹੱਲ ਕਿਉਂ ਨਹੀਂ ਕਰਵਾਏ ਜਦੋਂ ਉਹ ਵਾਜਪਾਈ ਸਰਕਾਰ ਵਿਚ ਲਗਾਤਾਰ ਸੱਤ ਸਾਲ ਭਾਈਵਲ ਰਿਹਾ ਸੀ। ਉਹਨਾਂ ਕਿਹਾ ਕਿ ਉਸ ਵੇਲੇ ਹਰਿਆਣਾ ਤੇ ਰਾਜਸਥਾਨ ਵਿਚ ਵੀ ਭਾਰਤੀ ਜਨਤਾ ਪਾਰਟੀ ਦੀਆਂ ਹੀ ਸਰਕਾਰਾਂ ਸਨ।