ਡੋਡਾ ਕਾਗ਼ਜ਼ ਦਾਖ਼ਲ ਕਰਨ ਦੀ ਮਿਲੀ ਪ੍ਰਵਾਨਗੀ

ਡੋਡਾ ਕਾਗ਼ਜ਼ ਦਾਖ਼ਲ ਕਰਨ ਦੀ ਮਿਲੀ ਪ੍ਰਵਾਨਗੀ

ਫਾਜ਼ਿਲਕਾ/ਬਿਊਰੋ ਨਿਊਜ਼ :
ਭੀਮ ਸੈਨ ਟਾਂਕ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਸ਼ਿਵਲਾਲ ਡੋਡਾ ਨੂੰ ਸਥਾਨਕ ਅਦਾਲਤ ਨੇ 13 ਜਨਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਾਗ਼ਜ਼ ਦਾਖ਼ਲ ਕਰਨ ਸਮੇਂ ਉਸ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਡੋਡਾ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਛਮਣ ਸਿੰਘ ਮੂਹਰੇ ਅਰਜ਼ੀ ਦਾਖ਼ਲ ਕਰ ਕੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੀ ਇਜਾਜ਼ਤ ਮੰਗੀ ਸੀ। ਡੋਡਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਚੋਣ ਲੜਨਾ ਉਸ ਦਾ ਬੁਨਿਆਦੀ ਅਧਿਕਾਰ ਹੈ ਅਤੇ ਉਸ ਨੂੰ ਅਜੇ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।
ਚੰਡੀਗੜ੍ਹ: ਫਾਜ਼ਿਲਕਾ ਜੇਲ੍ਹ ਵਿਚ ਸ਼ਰਾਬ ਕਾਰੋਬਾਰੀ ਅਤੇ ਹੱਤਿਆ ਦੇ ਦੋਸ਼ੀ ਸ਼ਿਵਲਾਲ ਡੋਡਾ ਵੱਲੋਂ ਦਰਬਾਰ ਲਾਏ ਜਾਣ ‘ਤੇ ਪੁਲੀਸ ਨੇ ਦਰਜ ਕੀਤੀ ਗਈ ਐਫਆਈਆਰ ਵਿਚ ਉਸ ਦਾ ਨਾਮ ਵੀ ਸ਼ਾਮਲ ਕਰ ਲਿਆ ਹੈ। ਚੋਣ ਕਮਿਸ਼ਨ ਨੇ ਪੁਲੀਸ ਨੂੰ ਐਫਆਈਆਰ ਸੋਧਣ ਦੀ ਹਦਾਇਤ ਕੀਤੀ ਸੀ।