ਇਕ ਗੁੱਤ ਕਰਨ ‘ਤੇ ਵਿਦਿਆਰਥਣ ਦੇ ਕੇਸ ਕਤਲ

ਇਕ ਗੁੱਤ ਕਰਨ ‘ਤੇ ਵਿਦਿਆਰਥਣ ਦੇ ਕੇਸ ਕਤਲ

ਹਿੰਦੂ ਸੁਰੱਖਿਆ ਸਮਿਤੀ ਦੇ ਆਗੂ ਸਣੇ ਤਿੰਨ ਖ਼ਿਲਾਫ਼ ਪਰਚਾ
ਦੀਨਾਨਗਰ/ਬਿਊਰੋ ਨਿਊਜ਼ :
ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਤੀਸਰੀ ਜਮਾਤ ਦੀ ਵਿਦਿਆਰਥਣ ਦੇ ਜਬਰੀ ਕੇਸ ਕੱਟਣ ਦੇ ਦੋਸ਼ ਹੇਠ ਦੀਨਾਨਗਰ ਪੁਲੀਸ ਨੇ ਸਕੂਲ ਦੇ ਡਾਇਰੈਕਟਰ ਸੰਜੇ ਮਹਾਜਨ, ਉਸ ਦੇ ਲੜਕੇ ਪਿਯੂਸ਼ ਮਹਾਜਨ ਅਤੇ ਪਤਨੀ ਪ੍ਰਿੰਸੀਪਲ ਰਜਨੀ ਮਹਾਜਨ ਖ਼ਿਲਾਫ਼ ਆਈਪੀਸੀ ਦੀ ਧਾਰਾ 295 ਏ/34 ਅਧੀਨ ਪਰਚਾ ਦਰਜ ਕੀਤਾ ਹੈ। ਸੰਜੇ ਮਹਾਜਨ ਅਖ਼ਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਚੇਅਰਮੈਨ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਦਰ ਪ੍ਰਾਈਡ ਮਾਡਰਨ ਸਕੂਲ ਵਿੱਚ ਪੜ੍ਹਦੀ ਤੀਸਰੀ ਜਮਾਤ ਦੀ ਵਿਦਿਆਰਥਣ ਦੇ ਬੀਤੀ 13 ਦਸੰਬਰ ਨੂੰ ਸਕੂਲ ਦੇ ਡਾਇਰੈਕਟਰ ਤੇ ਉਸ ਦੇ ਲੜਕੇ ਨੇ ਇਸ ਕਰਕੇ ਕੇਸ ਕੱਟ ਦਿੱਤੇ ਕਿਉਂਕਿ ਉਸ ਨੇ ਸਕੂਲ ਦੇ ਨਿਯਮਾਂ ਮੁਤਾਬਕ ਦੋ ਗੁੱਤਾਂ ਦੀ ਬਜਾਏ ਇੱਕ ਗੁੱਤ ਕੀਤੀ ਹੋਈ ਸੀ। ਬੱਚੀ ਦੀ ਮਾਂ ਰਾਜਵੰਤ ਕੌਰ ਮੁਤਾਬਕ ਬੱਚੀ ਸਕੂਲ ਤੋਂ ਲੇਟ ਹੋ ਰਹੀ ਸੀ ਅਤੇ ਜਲਦਬਾਜ਼ੀ ਵਿੱਚ ਉਹ ਇੱਕ ਗੁੱਤ ਕਰਕੇ ਹੀ ਸਕੂਲ ਚਲੀ ਗਈ ਪਰ ਜਦੋਂ ਇਸ ਬਾਰੇ ਸਕੂਲ ਦੇ ਡਾਇਰੈਕਟਰ ਸੰਜੇ ਮਹਾਜਨ ਤੇ ਉਸ ਦੇ ਲੜਕੇ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਨੂੰ ਸਕੂਲ ਨਿਯਮਾਂ ਦੇ ਉਲਟ ਮੰਨਦਿਆਂ ਸਜ਼ਾ ਦੇਣ ਲਈ ਬੱਚੀ ਦੇ ਜਬਰੀ ਵਾਲ ਕੱਟ ਦਿੱਤੇ। ਇਸ ਤੋਂ ਬਾਅਦ ਮਾਮਲਾ ਸਿੱਖ ਜਥੇਬੰਦੀਆਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਪੁਲੀਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਪਰ ਸਿਆਸੀ ਪਹੁੰਚ ਕਾਰਨ ਮਾਮਲਾ ਦਬਾਉਣ ਦੇ ਯਤਨ ਕੀਤੇ ਗਏ। ਇਸ ਦਾ ਵਿਰੋਧ ਕਰਦਿਆਂ ਸਿੱਖ ਜਥੇਬੰਦੀਆਂ ਨੇ ਥਾਣਾ ਚੌਕ ਵਿੱਚ ਧਰਨਾ ਲਾ ਦਿੱਤਾ ਅਤੇ ਚੱਕਾ ਜਾਮ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ।
ਹਾਲਾਤ ਬੇਕਾਬੂ ਹੁੰਦੇ ਦੇਖ ਪੁਲੀਸ ਨੇ ਮੌਕੇ ‘ਤੇ ਹੀ ਉਕਤ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਦੌਰਾਨ ਧਰਨਾਕਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜ ਗਏ। ਏਐਸਆਈ ਨਰੇਸ਼ ਕੁਮਾਰ ਨੇ ਐਸਐਚਓ ਅਤੇ ਏਐਸਪੀ ਦੀ ਗ਼ੈਰਹਾਜ਼ਰੀ ਦਾ ਹਵਾਲਾ ਦਿੰਦਿਆਂ ਭਰੋਸਾ ਦਿੱਤਾ ਕਿ ਸੀਨੀਅਰ ਅਧਿਕਾਰੀਆਂ ਦੇ ਵੀਆਈਪੀ ਡਿਊਟੀ ਤੋਂ ਪਰਤਦਿਆਂ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਬਾਅਦ ਵਿੱਚ ਐਫ਼ਆਈਆਰ ਦੀ ਕਾਪੀ ਦਿੱਤੇ ਜਾਣ ‘ਤੇ ਧਰਨਾਕਾਰੀ ਮੰਨ ਗਏ ਅਤੇ ਸੰਘਰਸ਼ ਨੂੰ ਮੁਲਤਵੀ ਕਰਦਿਆਂ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਪੰਥ ਅਕਾਲੀ ਗੁਰੂ ਨਾਨਕ ਦਲ (ਮੜੀਆਂ ਵਾਲਾ) ਦੇ ਨਿਹੰਗ ਮਨਦੀਪ ਸਿੰਘ, ਗੁਰਮੁੱਖ ਸਿੰਘ, ਅਜੇਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੋਲਾ ਸਿੰਘ, ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੁਲੀਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕੀਤੀ ਤਾਂ ਉਹ ਦੁਬਾਰਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਅੰਮ੍ਰਿਤਸਰ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਦਰ  ਪ੍ਰਾਈਡ ਸਕੂਲ, ਦੀਨਾਨਗਰ ਦੇ ਡਾਇਰੈਕਟਰ ਅਤੇ ਉਸ ਦੇ ਪੁੱਤਰ ਵੱਲੋਂ ਤੀਜੀ ਜਮਾਤ ਵਿਚ ਪੜ੍ਹਦੀ ਬੱਚੀ ਦੇ ਕੇਸ ਕਤਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।  ਪ੍ਰੋ. ਬਡੂੰਗਰ ਨੇ ਕਿਹਾ ਕਿ ਕਿਸੇ ਬੱਚੀ ਦੇ ਜਬਰੀ ਕੇਸ ਕਤਲ ਕਰਨਾ ਕੋਈ ਛੋਟਾ ਅਪਰਾਧ ਨਹੀਂ ਸਗੋਂ ਸ਼ਰਮਸਾਰ ਕਰਨ ਵਾਲੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਗਈ ਗਲਤੀ ਮੁਆਫ਼ੀ ਯੋਗ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।