‘ਆਪ’ ਉਮੀਦਵਾਰ ਕੁਲਤਾਰ ਸਿੰਘ ਖ਼ਿਲਾਫ਼ ਕੇਸ ਦਰਜ

‘ਆਪ’ ਉਮੀਦਵਾਰ ਕੁਲਤਾਰ ਸਿੰਘ ਖ਼ਿਲਾਫ਼ ਕੇਸ ਦਰਜ

ਕੋਟਕਪੂਰਾ/ਬਿਊਰੋ ਨਿਊਜ਼ :
ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਸਰਕਾਰੀ ਕਰਮਚਾਰੀਆਂ ਨੂੰ ਧਮਕਾਉਣ, ਡਿਊਟੀ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਸਾਮਾਨ ਚੋਰੀ ਕਰਨ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੇਸ ਸਥਾਨਕ ਨਗਰ ਕੌਂਸਲ ਕਰਮਚਾਰੀ ਮਨਮੋਹਨ ਚਾਵਲਾ, ਗੁਰਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਅਮਨ ਸ਼ਰਮਾ, ਜਸਦੀਪ ਸਿੰਘ ਕਲਰਕ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਥਾਣੇ ਵਿੱਚ ਦਿੱਤੀ ਸ਼ਿਕਾਇਤ ਅਨੁਸਾਰ 7 ਦਸੰਬਰ ਨੂੰ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਕਰਮਚਾਰੀਆਂ ਦੀ ਟੀਮ ਸ਼ਹਿਰ ਵਿਚ ਲੱਗੇ ਸਿਆਸੀ ਪਾਰਟੀਆਂ ਦੇ ਹੋਰਡਿੰਗ ਅਤੇ ਬੈਨਰ ਉਤਾਰਨ ਲਈ ਘੁੰਮ ਰਹੀ ਸੀ। ਇਸ ਦੌਰਾਨ ਜਦੋਂ ਮੋਗਾ ਰੋਡ ਉਪਰ ਹੋਰਡਿੰਗ ਉਤਾਰੇ ਜਾ ਰਹੇ ਸਨ ਤਾਂ ਹਲਕੇ ਤੋਂ ‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਆਪਣੇ ਕੁਝ ਸਾਥੀਆਂ ਸਮੇਤ ਉਥੇ ਪਹੁੰਚ ਗਏ ਅਤੇ ਕੌਂਸਲ ਕਰਮਚਾਰੀਆਂ ਨੂੰ ਪਾਰਟੀ ਦੇ ਹੋਰਡਿੰਗ ਉਤਾਰਨ ਤੋਂ ਰੋਕਦਿਆਂ ਟਰਾਲੀ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਮਗਰੋਂ ਕਾਰਜ ਸਾਧਕ ਅਫਸਰ ਨੇ ਸਾਰੇ ਸਟਾਫ ਨੂੰ ਟਰਾਲੀ ਉਥੇ ਛੱਡ ਕੇ ਤੁਰੰਤ ਕੌਂਸਲ ਦਫਤਰ ਪਹੁੰਚਣ ਲਈ ਕਿਹਾ। ਉਪਰੰਤ ਕੁਲਤਾਰ ਸਿੰਘ ਨੇ ਆਪਣੇ 50 ਦੇ ਕਰੀਬ ਸਾਥੀਆਂ ਨਾਲ ਕੌਂਸਲ ਦਫ਼ਤਰ ਪਹੁੰਚ ਕੇ ਹੰਗਾਮਾ ਕੀਤਾ ਤੇ ਕਾਰਜ ਸਾਧਕ ਅਫਸਰ ਅਤੇ ਹੋਰ ਕਰਮਚਾਰੀਆਂ ਨੂੰ ਜਾਨੋਂ ਮਾਰਨ ਤੇ ਪੈਨਸ਼ਨਾਂ ਤੱਕ ਬੰਦ ਕਰਵਾਉਣ ਦੀ ਧਮਕੀ ਦਿੱਤੀ। ਕੁਲਤਾਰ ਸਿੰਘ ਨੇ ਕੌਂਸਲ ਅਧਿਕਾਰੀਆਂ ਦੀ ਕਾਰਵਾਈ ‘ਤੇ ਉਂਗਲ ਚੁਕਦਿਆਂ ਦੋਸ਼ ਲਾਏ ਸਨ ਕਿ ਹੋਰਡਿੰਗ ਉਤਾਰਨ ਮੌਕੇ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ।