ਅਕਾਲੀ ਆਗੂ ਦੇ ਭਰਾ ਨੇ ਗੁਰਦੁਆਰੇ ਦੇ ਗ੍ਰੰਥੀ ਦੀ ਕੀਤੀ ਕੁੱਟਮਾਰ

ਅਕਾਲੀ ਆਗੂ ਦੇ ਭਰਾ ਨੇ ਗੁਰਦੁਆਰੇ ਦੇ ਗ੍ਰੰਥੀ ਦੀ ਕੀਤੀ ਕੁੱਟਮਾਰ

ਕੈਪਸ਼ਨ-ਸੰਗਰੂਰ ਵਿਚ ਗ੍ਰੰਥੀ ਦੀ ਕੁੱਟਮਾਰ ਮਗਰੋਂ ਧਰਨਾ ਦੇ ਰਹੇ ਗ੍ਰੰਥੀਆਂ ਅਤੇ ਦੂਜੀ ਧਿਰ ਦੇ ਸਮਰਥਕਾਂ ਨੂੰ ਲੜਨ ਤੋਂ ਰੋਕਦੀ ਹੋਈ ਪੁਲੀਸ।
ਸੰਗਰੂਰ/ਬਿਊਰੋ ਨਿਊਜ਼ :
ਸ਼ਹਿਰ ਦੇ ਇੱਕ ਅਕਾਲੀ ਆਗੂ ਦੇ ਭਰਾ ਨੇ ਗੁਰਦੁਆਰਾ ਨਾਨਕਪੁਰਾ ਸਾਹਿਬ ਦੇ ਬਜ਼ੁਰਗ ਗ੍ਰੰਥੀ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦਾ ਸ਼ਿਕਾਰ ਹੋਏ ਗ੍ਰੰਥੀ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਰੋਹ ਵਿੱਚ ਆਏ ਗ੍ਰੰਥੀਆਂ ਅਤੇ ਪਰਿਵਾਰਕ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਅਕਾਲੀ ਆਗੂ ਦੀ ਦੁਕਾਨ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਦੋਵੇਂ ਧਿਰਾਂ ਦੇ ਸਮਰਥਕਾਂ ਵਿਚਾਲੇ ਟਕਰਾਅ ਹੁੰਦਾ ਹੁੰਦਾ ਬਚਿਆ। ਮੌਕੇ ‘ਤੇ ਪੁੱਜੀ ਪੁਲੀਸ ਨੇ ਮਾਹੌਲ ਨੂੰ ਹਿੰਸਕ ਹੋਣੋ ਬਚਾਇਆ। ਥਾਣਾ ਸਿਟੀ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਕੁੱਟਮਾਰ ਦਾ ਸ਼ਿਕਾਰ ਹੋਏ ਗ੍ਰੰਥੀ ਦੇ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦਰਸ਼ਨ ਸਿੰਘ (63 ਸਾਲ), ਜੋ ਗੁਰਦੁਆਰਾ ਨਾਨਕਪੁਰਾ ਸਾਹਿਬ ਵਿੱਚ ਪਿਛਲੇ ਕਈ ਸਾਲਾਂ ਤੋਂ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਹਨ, ਸਵੇਰੇ ਗੁਰਦੁਆਰੇ ਵਿੱਚ ਪਾਠ ਕਰ ਰਹੇ ਸਨ। ਇਸ ਮੌਕੇ ਪੁੱਜੀ ਇੱਕ ਮਹਿਲਾ ਸ਼ਰਧਾਲੂ ਨੇ ਉਸ ਦੇ ਪਿਤਾ ਆਖਿਆ ਕਿ ਉਹ ਪਾਠ ਕਰਨਾ ਚਾਹੁੰਦੀ ਹੈ। ਇਸ ‘ਤੇ ਉਸ ਦੇ ਪਿਤਾ ਦੀ ਥਾਂ ‘ਤੇ ਮਹਿਲਾ ਸ਼ਰਧਾਲੂ ਪਾਠ ਕਰਨ ਲੱਗ ਪਈ ਅਤੇ ਉਸ ਦੇ ਪਿਤਾ ਆਪਣੇ ਕਮਰੇ ਵਿੱਚ ਚਲੇ ਗਏ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਦਾ ਭਰਾ ਪ੍ਰੇਮਜੀਤ ਸਿੰਘ ਗੁਰਦੁਆਰੇ ਵਿੱਚ ਪੁੱਜ ਗਿਆ ਅਤੇ ਕਮਰੇ ਵਿੱਚ ਆ ਕੇ ਉਸ ਦੇ ਪਿਤਾ ਨਾਲ ਝਗੜਾ ਕਰਨ ਲੱਗ ਪਿਆ ਕਿ ਉਹ ਖੁਦ ਕਿਉਂ ਨਹੀਂ ਪਾਠ ਕਰ ਰਹੇ। ਉਸ ਦੇ ਪਿਤਾ ਨੇ ਦੱਸਿਆ ਕਿ ਇਹ ਮਹਿਲਾ ਸ਼ਰਧਾਲੂ ਅਕਸਰ ਹੀ ਪਾਠ ਕਰਨ ਲਈ ਗੁਰਦੁਆਰੇ ਆਉਂਦੀ ਹੈ। ਇਸ ‘ਤੇ ਰੋਹ ਵਿੱਚ ਆਏ ਪ੍ਰੇਮਜੀਤ ਸਿੰਘ ਨੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਗ੍ਰੰਥੀ ਰਾਗੀ ਸਭਾ ਦੇ ਆਗੂ ਬਚਿੱਤਰ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਮੌਕੇ ‘ਤੇ ਪੁੱਜ ਕੇ ਉਸ ਦੇ ਪਿਤਾ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਘਟਨਾ ਬਾਰੇ ਜਾਣੂ ਕਰਵਾ ਦਿੱਤਾ ਹੈ ਪ੍ਰੰਤੂ ਡਾਕਟਰਾਂ ਵੱਲੋਂ ਉਸ ਦੇ ਪਿਤਾ ਨੂੰ ਬਿਆਨ ਦੇਣ ਤੋਂ ਅਣਫਿੱਟ ਕਰਾਰ ਦਿੱਤਾ ਗਿਆ ਹੈ।
ਇੰਟਰਨੈਸ਼ਨਲ ਗ੍ਰੰਥੀ ਰਾਗੀ ਸਭਾ ਦੇ ਸੂਬਾ ਆਗੂ ਬਚਿੱਤਰ ਸਿੰਘ ਨੇ ਦੱਸਿਆ ਕਿ ਪ੍ਰੇਮਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਦਾ ਵੱਡਾ ਭਰਾ ਹੈ। ਇਸੇ ਕਾਰਨ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਗ੍ਰੰਥੀ ਦੀ ਕੁੱਟਮਾਰ ਕੀਤੀ ਗਈ ਉਥੇ ਗ੍ਰੰਥੀ ਖ਼ਿਲਾਫ਼ ਹੀ ਪੁਲੀਸ ਥਾਣਾ ਸਿਟੀ ਵਿੱਚ ਸ਼ਿਕਾਇਤ ਕਰ ਦਿੱਤੀ, ਜਿਸ ਕਾਰਨ ਪਰਿਵਾਰ ਅਤੇ ਗ੍ਰੰਥੀਆਂ ਵਿੱਚ ਰੋਹ ਪੈਦਾ ਹੋ ਗਿਆ। ਇਸ ‘ਤੇ ਉਨ੍ਹਾਂ ਨੇ ਸ਼ਹਿਰ ਵਿ’ਚ ਅਕਾਲੀ ਆਗੂ ਦੀ ਦੁਕਾਨ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੰਦਿਆਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਦੋਵਾਂ ਧਿਰਾਂ ਇੱਕ-ਦੂਜੇ ਦੇ ਸਾਹਮਣੇ ਆ ਗਈਆਂ ਅਤੇ ਬਹਿਸਬਾਜ਼ੀ ਸ਼ੁਰੂ ਹੋ ਗਈ। ਐਨ ਮੌਕੇ ‘ਤੇ ਪੁੱਜੀ ਪੁਲੀਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਪੁਲੀਸ ਬਿਨਾਂ ਕਿਸੇ ਪੱਖਪਾਤ ਤੋਂ ਮਾਮਲੇ ਦੀ ਪੜਤਾਲ ਕਰ ਰਹੀ ਹੈ। ਡੀਐਸਪੀ ਸੰਦੀਪ ਵਡੇਰਾ ਦਾ ਕਹਿਣਾ ਹੈ ਕਿ ਪ੍ਰੇਮਜੀਤ ਸਿੰਘ ਵੱਲੋਂ ਗ੍ਰੰਥੀ ਦਰਸ਼ਨ ਸਿੰਘ ਖ਼ਿਲਾਫ਼ ਗੋਲਕ ਚੋਰੀ ਦੇ ਦੋਸ਼ ਹੇਠ ਲਿਖਤੀ ਸ਼ਿਕਾਇਤ ਥਾਣੇ ਦਿੱਤੀ ਗਈ ਹੈ ਅਤੇ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।