ਮਨਜਿੰਦਰ ਸਿੰਘ ਸਿਰਸਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ

ਮਨਜਿੰਦਰ ਸਿੰਘ ਸਿਰਸਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ (ਵੈਸਟ) ਤੋਂ ਸਾਬਕਾ ਵਿਧਾਇਕ ਰਹੇ ਸ. ਮਨਜਿੰਦਰ ਸਿੰਘ ਸਿਰਸਾ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਬਾਰੇ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਦੇ ਹੋਏ ਪਾਰਟੀ ਦੇ ਸਕੱਤਰ ਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਇੱਕ ਪੜ੍ਹੇ ਲਿਖੇ, ਸਮਝਦਾਰ ਤੇ ਪਾਰਟੀ ਦੇ ਸੀਨੀਅਰ ਆਗੂ ਹਨ। ਉਨ੍ਹਾਂ ਦੱਸਿਆ ਕਿ ਸ. ਸਿਰਸਾ ਇਸ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਸਿਰਸਾ ਨੇ ਕਿਹਾ ਹੈ ਕਿ ਉਹ ਇਹ ਵੱਡੀ ਜ਼ਿੰਮੇਵਾਰੀ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸੇ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਜਾਇਜ਼ ਵਪਾਰਾਂ ‘ਤੇ ਸਵਾਲ ਕਰਨ ਤੋਂ ਪਹਿਲਾਂ ਕਾਂਗਰਸੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਵਿੱਸ ਬੈਂਕਾਂ ਵਿਚ ਕਰੋੜਾਂ ਰੁਪਏ ਕਿਉਂ ਤੇ ਕਿਵੇਂ ਲਕੋ ਕੇ ਰੱਖੇ ਹੋਏ ਹਨ। ਘੁਟਾਲਿਆਂ ਰਾਹੀਂ ਕੈਪਟਨ ਵੱਲੋਂ ਬਣਾਈ ਦੌਲਤ ਬਾਰੇ ਸਿਰਸਾ ਨੇ ਪੁੱਛਿਆ ਕਿ ਜਦ ਕੈਪਟਨ ਕੋਲ ਆਮਦਨ ਦਾ ਕੋਈ ਸਪਸ਼ਟ ਜ਼ਰੀਆ ਹੀ ਨਹੀਂ ਤਾਂ ਉਸ ਦੇ ਵਿਦੇਸ਼ਾਂ ਵਿਚ ਖਾਤੇ ਕਿਉਂ ਹਨ। ਕੈਪਟਨ ਨੇ ਕਿਉਂ ਜਕਰਾਂਡਾ ਟਰੱਸਟ ਅਤੇ ਸੱਤ ਵਿਦੇਸ਼ੀ ਕੰਪਨੀਆਂ ਬਣਾਈਆਂ ਅਤੇ ਸਵਿਟਜ਼ਰਲੈਂਡ ਵਿਚ ਉਸ ਨੇ ਕਿਉਂ ਆਪਣੀ ਪਤਨੀ ਪ੍ਰਨੀਤ ਕੌਰ ਅਤੇ ਬੇਟੇ ਰਣਇੰਦਰ ਸਿੰਘ ਦੇ ਨਾਂਅ ‘ਤੇ ਖਾਤੇ ਖੁਲ੍ਹਵਾਏ।