ਨੋਟਬੰਦੀ ਖ਼ਿਲਾਫ਼ ਵਿਰੋਧੀ ਪਾਰਟੀਆਂ ਦਾ ਦੇਸ਼ ਭਰ ‘ਚ ਪ੍ਰਦਰਸ਼ਨ

ਨੋਟਬੰਦੀ ਖ਼ਿਲਾਫ਼ ਵਿਰੋਧੀ ਪਾਰਟੀਆਂ ਦਾ ਦੇਸ਼ ਭਰ ‘ਚ ਪ੍ਰਦਰਸ਼ਨ

ਕੇਰਲਾ ਤੇ ਤ੍ਰਿਪੁਰਾ ਵਿੱਚ ਮੁਕੰਮਲ ਬੰਦ
ਨਵੀਂ ਦਿੱਲੀ/ਤਿਰੂਵਨੰਤਪੁਰਮ/ਬਿਊਰੋ ਨਿਊਜ਼ :
ਕੇਂਦਰ ਸਰਕਾਰ ਉਤੇ ਗਰੀਬ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਗ਼ੈਰ ਭਾਜਪਾ ਪਾਰਟੀਆਂ ਨੇ ਨੋਟਬੰਦੀ ਵਿਰੁੱਧ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ। ਖੱਬੀਆਂ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਕੇਰਲਾ ਤੇ ਤ੍ਰਿਪੁਰਾ ਵਿੱਚ ਬੰਦ ਕਾਰਨ ਆਮ ਜੀਵਨ ਪ੍ਰਭਾਵਤ ਹੋਇਆ।
ਵਿਰੋਧੀ ਪਾਰਟੀਆਂ ਨੇ ਇਸ ਫੈਸਲੇ ਵਿਰੁੱਧ ‘ਜਨ ਆਕ੍ਰੋਸ਼ ਦਿਵਸ’ ਮਨਾਇਆ, ਜਦੋਂ ਕਿ ਖੱਬੀਆਂ ਪਾਰਟੀਆਂ ਨੇ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਸੀ। ਜੇਡੀ(ਯੂ) ਅਤੇ ਬੀਜੇਡੀ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਨਹੀਂ ਹੋਈਆਂ। ਤਾਮਿਲਨਾਡੂ ਵਿੱਚ ਡੀਐਮਕੇ ਦੀ ਅਗਵਾਈ ਵਿੱਚ ਜਦੋਂ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਸੈਂਕੜੇ ਵਰਕਰਾਂ ਨੇ ਪ੍ਰਦਰਸ਼ਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਡੀਐਮਕੇ ਦੇ ਖ਼ਜ਼ਾਨਚੀ ਐਮਕੇ ਸਟਾਲਿਨ, ਸੀਪੀਐਮ ਦੇ ਸੂਬਾਈ ਸਕੱਤਰ ਜੀ ਰਾਮਾਕ੍ਰਿਸ਼ਨਨ ਅਤੇ ਸੀਪੀਆਈ ਦੇ ਸੂਬਾਈ ਸਕੱਤਰ ਆਰ ਮੁਤਰਾਸਨ ਨੂੰ ਆਪਣੀਆਂ ਪਾਰਟੀਆਂ ਦੇ ਸੈਂਕੜੇ ਵਰਕਰਾਂ ਨਾਲ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਵੱਖ ਵੱਖ ਥਾਈਂ ਕੇਂਦਰ ਸਰਕਾਰ ਦੇ ਦਫ਼ਤਰਾਂ ਤੇ ਕੌਮੀਕ੍ਰਿਤ ਬੈਂਕਾਂ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਕੌਮੀ ਰਾਜਧਾਨੀ ਵਿੱਚ ਪ੍ਰਦਰਸ਼ਨ ਦੌਰਾਨ ਸੱਤ ਖੱਬੀਆਂ ਪਾਰਟੀਆਂ ਨੇ ਨੋਟਬੰਦੀ ਨੂੰ ਗਰੀਬ ਵਿਰੋਧੀ ਤੇ ਕਾਰਪੋਰੇਟ ਪੱਖੀ ਦੱਸਿਆ ਅਤੇ ਮੰਗ ਕੀਤੀ ਜਦੋਂ ਤੱਕ ਨਵੇਂ ਨੋਟ ਮੁਹੱਈਆ ਨਹੀਂ ਹੋ ਜਾਂਦੇ, ਉਦੋਂ ਤੱਕ ਪੁਰਾਣੇ ਨੋਟ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ।
ਗਵਾਲੀਅਰ ਵਿੱਚ ਪ੍ਰਦਰਸ਼ਨ ਦੌਰਾਨ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਮਗਰੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੇਰਲਾ ਵਿੱਚ ਸੱਤਾਧਾਰੀ ਐਲਡੀਐਫ ਦੀ ਹਮਾਇਤ ਵਾਲੇ ਬੰਦ ਨੂੰ ਮੁਕੰਮਲ ਹੁੰਗਾਰਾ ਮਿਲਿਆ। ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ।
ਕਰਨਾਟਕ ਵਿੱਚ ਸੱਤਾਧਾਰੀ ਕਾਂਗਰਸ ਨੇ ਪ੍ਰਦਰਸ਼ਨਾਂ ਤੇ ਰੈਲੀਆਂ ਸਹਾਰੇ ਨੋਟਬੰਦੀ ਦਾ ਵਿਰੋਧ ਕੀਤਾ। ਪੱਛਮੀ ਬੰਗਾਲ ਵਿੱਚ ਖੱਬੀਆਂ ਪਾਰਟੀਆਂ ਦੇ ਬੰਦ ਦੇ ਸੱਦੇ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਟਰਾਮ ਅਤੇ ਹੋਰ ਵਾਹਨ ਆਮ ਵਾਂਗ ਚੱਲੇ, ਜਦੋਂ ਕਿ ਦੁਕਾਨਾਂ ਤੇ ਬਾਜ਼ਾਰ ਵੀ ਖੁੱਲ੍ਹੇ ਰਹੇ।
ਖੱਬੀਆਂ ਪਾਰਟੀਆਂ ਦੇ ਸ਼ਾਸਨ ਵਾਲੇ ਤ੍ਰਿਪੁਰਾ ਵਿੱਚ ਸਕੂਲ, ਕਾਲਜ ਤੇ ਦੁਕਾਨਾਂ ਬੰਦ ਰਹਿਣ ਕਾਰਨ ਆਮ ਜੀਵਨ ਪ੍ਰਭਾਵਤ ਹੋਇਆ। ਮਹਾਰਾਸ਼ਟਰ ਵਿੱਚ ਕਾਂਗਰਸ ਤੇ ਐਨਸੀਪੀ ਨੇ ਪ੍ਰਦਰਸ਼ਨ ਕੀਤੇ। ਬਿਹਾਰ ਵਿੱਚ ਹੁੰਗਾਰਾ ਰਲਵਾਂ-ਮਿਲਵਾਂ ਰਿਹਾ। ਇਸ ਦੌਰਾਨ ਭਾਜਪਾ ਨੇ ਦੇਸ਼ ਵਿਆਪੀ ਹੜਤਾਲ ਤੇ ਪ੍ਰਦਰਸ਼ਨ ਦੇ ਸੱਦੇ ਨੂੰ ਅਸਫ਼ਲ ਕਰਾਰ ਦਿੱਤਾ।