ਬਿਹਾਰ ਵਿਚ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਖਸਤਾ
ਕੈਪਸ਼ਨ-ਪਿੰਡ ਬਾੜ ਦੇ ਇਤਿਹਾਸਕ ਗੁਰਦੁਆਰੇ ਵਿੱਚ ਸੇਵਾ ਕਰਦੀ ਬੀਬੀ ਕੁਲਵੰਤ ਕੌਰ ਡਾ. ਪਰਮਵੀਰ ਸਿੰਘ ਨਾਲ ਗੁਰਦੁਆਰੇ ਦੀ ਮਾੜੀ ਹਾਲਤ ਬਾਰੇ ਗੱਲ ਕਰਦੀ ਹੋਈ।
ਪਟਿਆਲਾ/ਬਿਊਰੋ ਨਿਊਜ਼ :
ਬਿਹਾਰ ਵਿੱਚ ਪਟਨਾ ਦੇ ਨੇੜੇ-ਤੇੜੇ ਬਣੇ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਬਹੁਤ ਖ਼ਸਤਾ ਹੈ। ਭਾਰਤ ਤੋਂ ਬਾਹਰ ਦੇ ਇਤਿਹਾਸਕ ਗੁਰਦੁਆਰਿਆਂ ਦੀ ਮਾੜੀ ਹਾਲਤ ਬਾਰੇ ਸਿੱਖ ਵਿਦਵਾਨਾਂ ਵੱਲੋਂ ਬੜਾ ਦੁੱਖ ਪ੍ਰਗਟ ਕੀਤਾ ਜਾਂਦਾ ਹੈ ਪ੍ਰੰਤੂ ਭਾਰਤ ਵਿੱਚ ਹੀ 1984 ਤੋਂ ਬਾਅਦ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਕਾਫ਼ੀ ਖਸਤਾ ਹੈ।
ਇਹ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਦੇ ਸਿੱਖ ਇਨਸਾਈਕਲੋਪੀਡੀਆ ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਵੱਲੋਂ ਇਨ੍ਹਾਂ ਗੁਰਦੁਆਰਿਆਂ ਦੀ ਹਾਲਤ ਨਿੱਜੀ ਤੌਰ ‘ਤੇ ਵੇਖ ਕੇ ਪ੍ਰਾਜੈਕਟ ਕਿਤਾਬੀ ਰੂਪ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇਤਿਹਾਸਕ ਗੁਰਦੁਆਰਿਆਂ ਦੀ ਹਾਲਤ ਦਾ ਵਰਨਣ ਸਬੂਤਾਂ ਸਮੇਤ ਕਰਦਿਆਂ ਡਾ. ਪਰਮਵੀਰ ਸਿੰਘ ਨੇ ਦੱਸਿਆ ਕਿ ਪਟਨਾ ਸਾਹਿਬ ਤੋਂ 70 ਕਿਲੋਮੀਟਰ ਦੂਰ ਪਿੰਡ ਬਾੜ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਕ ਗੁਰਦੁਆਰੇ ਹਨ। ਇੱਥੇ ਗੁਰੂ ਸਾਹਿਬ ਬਨਾਰਸ ਤੋਂ ਹੁੰਦੇ ਹੋਏ ਆਏ ਸਨ, ਉਸ ਸਥਾਨ ‘ਤੇ ਚਾਚਾ ਫੱਗੂ ਮੱਲ ਗੁਰਦੁਆਰਾ, ਗੁਰਦੁਆਰਾ ਟਕਸਾਲ ਸੰਗਤ, ਗੁਰਦੁਆਰਾ ਗੁਰੂ ਕਾ ਬਾਗ਼ ਮੌਜੂਦ ਹਨ। ਗੁਰਦੁਆਰਾ ਗੁਰੂ ਕਾ ਬਾਗ਼ ਦੇ ਨਾਮ ‘ਤੇ 52 ਵਿੱਘੇ ਜ਼ਮੀਨ ਹੈ, ਜਿਸ ‘ਤੇ ਨਾਜਾਇਜ਼ ਕਬਜ਼ੇ ਹਨ ਤੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਇੱਥੇ ਗ੍ਰੰਥੀ ਸਿੰਘ ਸੇਵਾ ਕਰਦਾ ਸੀ ਪਰ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਕੁਲਵੰਤ ਕੌਰ ਸੇਵਾ ਕਰਦੀ ਹੈ, ਜਿਸ ਨੂੰ ਪਹਿਲਾਂ ਪਟਨਾ ਸਾਹਿਬ ਕਮੇਟੀ ਵੱਲੋਂ 3000 ਰੁਪਏ ਮਹੀਨਾ ਮਿਲਦੇ ਸਨ ਪਰ ਹੁਣ ਘਟਾ ਕੇ 1000 ਰੁਪਏ ਮਹੀਨਾ ਕਰ ਦਿੱਤੇ ਗਏ ਹਨ। ਬੀਬੀ ਗ਼ੁਰਬਤ ਵਿੱਚ ਦਿਨ ਕੱਟ ਰਹੀ ਹੈ।
ਇਸੇ ਤਰ੍ਹਾਂ ਗਯਾ ਵਿੱਚ ਫਲਗੂ ਨਦੀ ਦੇ ਕੰਢੇ ‘ਤੇ ਗੁਰਦੁਆਰਾ ਸਥਿਤ ਹੈ। ਇੱਥੇ ਪੁਰਾਤਨ ਬੀੜ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਮੋਹਰ ਪਈ ਹੈ। ਪਟਨਾ ਸਾਹਿਬ ਤੋਂ 110 ਕਿਲੋਮੀਟਰ ਦੂਰਾ ਗੁਰੂ ਨਾਨਕ ਸ਼ੀਤਲ ਕੁੰਡ ਗੁਰਦੁਆਰਾ ਹੈ। ਇੱਥੇ ਇੱਕ ਸੇਵਾਮੁਕਤ ਫ਼ੌਜੀ ਸੇਵਾ ਕਰ ਰਿਹਾ ਹੈ। ਪਟਨਾ ਸਾਹਿਬ ਤੋਂ 180 ਕਿਲੋਮੀਟਰ ਦੂਰ ਮੁੰਗੇਰ ਪਿੰਡ ਵਿੱਚ ਗੁਰਦੁਆਰਾ ਪੱਕੀ ਸੰਗਤ ਬਣਿਆ ਹੋਇਆ ਹੈ, ਜਿੱਥੇ ਗੁਰੂ ਨਾਨਕ ਦੇਵ ਅਤੇ ਗੁਰੂ ਤੇਗ਼ ਬਹਾਦਰ ਜੀ ਆਏ ਸਨ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਦਾਸੀ ਮਹੰਤਾਂ ਕੋਲ ਹੈ।
1984 ਵਿੱਚ ਇੱਥੋਂ ਸਿੱਖ ਚਲੇ ਗਏ ਸਨ, ਹੁਣ ਸਿੱਖਾਂ ਦੀ ਅਬਾਦੀ ਬਹੁਤ ਘੱਟ ਹੈ। ਗੁਰੂ ਘਰ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਹਨ, ਜਿਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਡਾ. ਪਰਮਵੀਰ ਨੇ ਦੱਸਿਆ ਕਿ ਇਨ੍ਹਾਂ ਗੁਰੂ ਘਰਾਂ ਦੀ ਹਾਲਤ ਬਹੁਤ ਖਸਤਾ ਹੈ, ਜਿੱਥੇ ਗੁਰੂ ਨਾਨਕ ਦੇਵ ਤੇ ਗੁਰੂ ਤੇਗ ਬਹਾਦਰ ਹੋਰਾਂ ਦੀਆਂ ਨਿਸ਼ਾਨੀਆਂ ਹਨ।
Comments (0)