ਨੋਟਬੰਦੀ ਨੇ ਲਈ ਲੁਧਿਆਣਾ ਦੇ ਬਲਬੀਰ ਸਿੰਘ ਦੀ ਜਾਨ

ਨੋਟਬੰਦੀ ਨੇ ਲਈ ਲੁਧਿਆਣਾ ਦੇ ਬਲਬੀਰ ਸਿੰਘ ਦੀ ਜਾਨ

ਲੁਧਿਆਣਾ/ਬਿਊਰੋ ਨਿਊਜ਼ :
ਇਥੇ ਬਸਤੀ ਜੋਧੇਵਾਲ ਦੇ ਇਲਾਕੇ ਨਿਊ ਕੁਲਦੀਪ ਨਗਰ ਵਿਚ ਇਲਾਜ ਲਈ ਬੈਂਕ ਤੋਂ ਪੈਸੇ ਨਾ ਮਿਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਬਲਬੀਰ ਸਿੰਘ (52) ਵਜੋਂ ਹੋਈ ਹੈ। ਉਹ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਬਲਬੀਰ ਸਿੰਘ ਦੇ ਦੋਸਤ ਪਰਾਗ ਬਿੱਲਾ ਨੇ ਦੱਸਿਆ ਕਿ ਬਲਬੀਰ ਦੀ ਹਫਤੇ ਦੇ ਸ਼ੁਰੂ ਵਿਚ ਤਬੀਅਤ ਖਰਾਬ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਡਾਕਟਰ ਪਾਸ ਜਦੋਂ ਬਲਬੀਰ ਨੂੰ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਦਿਲ ਦੀ ਬਿਮਾਰੀ ਬਾਰੇ ਦੱਸਿਆ ਤੇ ਸੀ.ਐਮ.ਸੀ. ਲਿਜਾਉਣ ਲਈ ਕਿਹਾ। ਉਸ ਦੱਸਿਆ ਕਿ ਜਦੋਂ ਉਹ ਸੀ.ਐਮ.ਸੀ. ਹਸਪਤਾਲ ਗਏ ਤਾਂ ਉਥੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਬਲਬੀਰ ਦੀ ਪਤਨੀ ਨੇ ਹਸਪਤਾਲ ਦੇ ਡਾਕਟਰ ਨੂੰ ਨੀਲਾ ਕਾਰਡ ਦਿਖਾਇਆ, ਪਰ ਉਨ੍ਹਾਂ ਨੀਲੇ ਕਾਰਡ ‘ਤੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਬਲਬੀਰ ਦੀ ਪਤਨੀ ਬਲਜੀਤ ਕੌਰ ਬੈਂਕ ਤੋਂ ਪੈਸੇ ਕਢਵਾਉਣ ਗਈ ਤਾਂ ਉਥੇ ਭੀੜ ਹੋਣ ਕਾਰਨ ਉਹ ਪੈਸੇ ਨਹੀਂ ਕਢਵਾ ਸਕੀ। ਉਸ ਦੱਸਿਆ ਕਿ ਲਗਾਤਾਰ ਦੋ ਦਿਨ ਉਸ ਦਾ ਪਤੀ ਤੇ ਲੜਕੇ ਬੈਂਕਾਂ ਵਿਚ ਧੱਕੇ ਖਾਂਦੇ ਰਹੇ, ਪਰ ਕਿਸੇ ਬੈਂਕ ਅਧਿਕਾਰੀ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਉਸ ਦੱਸਿਆ ਕਿ ਜਦੋਂ ਉਹ ਨੀਲਾ ਕਾਰਡ ਲੈ ਕੇ ਘੁਮਾਰ ਮੰਡੀ ਸਥਿਤ ਹਸਪਤਾਲ ਗਏ ਤਾਂ ਉਥੇ ਵੀ ਪੈਸੇ ਨਾ ਹੋਣ ਕਾਰਨ ਬਲਬੀਰ ਦਾ ਇਲਾਜ ਨਹੀਂ ਕੀਤਾ ਗਿਆ ਤੇ ਉਸ ਨੂੰ ਦਿਆਨੰਦ ਹਸਪਤਾਲ ਭੇਜ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਬਿੱਲਾ ਨੇ ਦੱਸਿਆ ਕਿ ਬਲਬੀਰ ਦੇ ਖਾਤੇ ਵਿਚ 50 ਹਜਾਰ, ਉਸ ਦੀ ਪਤਨੀ ਦੇ ਖਾਤੇ ਵਿਚ 2 ਹਜ਼ਾਰ ਤੇ ਕੁਝ ਰਕਮ ਬਲਬੀਰ ਦੇ ਲੜਕੇ ਪਵਨ ਦੇ ਖਾਤੇ ਵਿਚ ਸੀ, ਪਰ ਕਿਸੇ ਵੀ ਬੈਂਕ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਤੇ ਜਿਹੜੇ ਕੁਝ ਪੈਸੇ ਘਰ ਪਏ ਸਨ ਉਹ 500 ਤੇ 1000 ਰੁਪਏ ਦੇ ਨੋਟ ਸਨ ਜੋ ਹਸਪਤਾਲ ਵਾਲੇ ਨਹੀਂ ਲੈ ਰਹੇ ਸਨ। ਉਸ ਨੇ ਦੱਸਿਆ ਕਿ ਕੁਝ ਦੋਸਤਾਂ ਤੋਂ ਪੈਸੇ ਮੰਗ ਕੇ ਬਲਬੀਰ ਦਾ ਇਲਾਜ ਕੀਤਾ, ਪਰ ਇਸ ਨੋਟਬੰਦੀ ਕਾਰਨ ਉਹ ਬਲਬੀਰ ਨੂੰ ਬਚਾ ਨਹੀਂ ਸਕੇ।