ਮੁੰਬਈ ਦੀ ਸੁਰਜੀਤ ਕੌਰ ਨੇ ਹਰਿਮੰਦਰ ਸਾਹਿਬ ਲਈ ਸੋਨੇ ਦਾ ਹਾਰ ਭੇਟ ਕੀਤਾ

ਮੁੰਬਈ ਦੀ ਸੁਰਜੀਤ ਕੌਰ ਨੇ ਹਰਿਮੰਦਰ ਸਾਹਿਬ ਲਈ ਸੋਨੇ ਦਾ ਹਾਰ ਭੇਟ ਕੀਤਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਮੁੰਬਈ ਵਾਸੀ ਬੀਬੀ ਸੁਰਜੀਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਖੰਡੇ ਸਮੇਤ ਸੋਨੇ ਦੇ ਹਾਰ (ਸਿਹਰਾ ਪੱਟੀ) ਦੀ ਸੇਵਾ ਕਰਵਾਈ। ਇਹ ਸੋਨੇ ਦਾ ਹਾਰ ਲਗਭਗ 985 ਗ੍ਰਾਮ ਵਜ਼ਨ ਦਾ ਹੈ ਅਤੇ ਇਸ ਦਾ ਮੁੱਲ ਕਰੀਬ 32 ਲੱਖ ਰੁਪਏ ਹੈ। ਇਹ ਬੀਬੀ ਪਹਿਲਾਂ ਵੀ ਗੁਰੂ ਘਰ ਵਾਸਤੇ ਕਈ ਅਜਿਹੀਆਂ ਵਸਤਾਂ ਭੇਟ ਕਰ ਚੁੱਕੇ ਹਨ।
ਗੁਰੂ ਘਰ ਲਈ ਕੀਤੀ ਭੇਟਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਨੂੰ ਸਿਰੋਪਾ, ਲੋਈ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਦੱਸਿਆ ਕਿ ਬੀਬੀ ਸੁਰਜੀਤ ਕੌਰ ਨੇ ਸੋਨੇ ਦਾ ਇਹ ਹਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਾਂਦੇ ਚੰਦੋਏ ‘ਤੇ ਲਾਉਣ ਵਾਸਤੇ ਤਿਆਰ ਕਰਵਾਇਆ ਹੈ, ਜਿਸ ਦਾ ਵਜ਼ਨ ਲਗਭਗ 985 ਗ੍ਰਾਮ ਹੈ ਅਤੇ ਇਹ 24 ਕੈਰੇਟ ਸੋਨੇ ਵਿੱਚ ਕਰੀਬ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇਸ ਵਿੱਚ ਸੋਨੇ ਦਾ ਖੰਡਾ ਵੀ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਬੀਬੀ ਨੇ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦੇ ਛੱਬੇ ਤੇ ਝਾਲਰਾਂ ਦੀ ਸੇਵਾ ਕਰਵਾਈ ਸੀ, ਜੋ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਚੰਦੋਏ ਦੇ ਨਾਲ ਲੱਗਦੇ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਸੋਨੇ, ਚਾਂਦੀ ਦੀਆਂ ਕਈ ਵਸਤਾਂ ਭੇਟ ਕੀਤੀਆਂ ਹਨ।
ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਉਹ ਗੁਰੂ ਘਰ ਦੀ ਸ਼ਰਧਾਲੂ ਹੈ ਅਤੇ ਹਿੱਸੇ ਆਈ ਸੇਵਾ ਲਈ ਗੁਰੂ ਘਰ ਦਾ ਸ਼ੁਕਰਾਨਾ ਕਰਦੀ ਹੈ। ਇਸ ਮੌਕੇ ਭਾਈ ਸਤਨਾਮ ਸਿੰਘ ਅਰਦਾਸੀਏ ਨੇ ਅਰਦਾਸ ਕੀਤੀ ਅਤੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਬੀਬੀ ਨੂੰ ਸਿਰੋਪਾ ਦਿੱਤਾ।