ਸੈਮੀਨਾਰ ਰਿਪੋਰਟ-ਪੰਜਾਬ ਨੂੰ ਜੰਗ ਦਾ ਮੈਦਾਨ ਨਹੀਂ ਬਣਾਉਣ ਦਿਆਂਗੇ : ਪੰਥਕ ਫ਼ਰੰਟ

ਸੈਮੀਨਾਰ ਰਿਪੋਰਟ-ਪੰਜਾਬ ਨੂੰ ਜੰਗ ਦਾ ਮੈਦਾਨ ਨਹੀਂ ਬਣਾਉਣ ਦਿਆਂਗੇ : ਪੰਥਕ ਫ਼ਰੰਟ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਬਣਾਏ ਪੰਥਕ ਫਰੰਟ ਨੇ ਇੱਥੇ ‘ਭਾਰਤ-ਪਾਕਿਸਤਾਨ ਸਬੰਧ ਤੇ ਜੰਗ ਨਹੀਂ ਅਮਨ’ ਵਿਸ਼ੇ ‘ਤੇ ਕਰਵਾਈ ਸੂਬਾਈ ਚਰਚਾ ਦੌਰਾਨ ਐਲਾਨ ਕੀਤਾ ਕਿ ਦਿੱਲੀ ਅਤੇ ਇਸਲਾਮਾਬਾਦ ਨੂੰ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵੱਖ-ਵੱਖ ਵਰਗਾਂ ਨਾਲ ਸਬੰਧਤ ਬੁੱਧੀਜੀਵੀਆਂ ਨੇ ਚਰਚਾ ਦੌਰਾਨ ਸਿੱਟਾ ਕੱਢਿਆ ਕਿ 1962, 1965, 1971 ਅਤੇ ਕਾਰਗਿਲ ਦੀਆਂ ਜੰਗਾਂ ਨਾਲ ਵੀ ਕਸ਼ਮੀਰ ਦੀ ਸਮੱਸਿਆ ਹੱਲ ਨਹੀਂ ਹੋਈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਕਿਸੇ ਵੀ ਸਮੱਸਿਆ ਦਾ ਹੱਲ ਜੰਗ ਨਹੀਂ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੰਗ ਲੱਗਣ ਦੀ ਆੜ ਹੇਠ ਪੰਜਾਬ ਦੇ 987 ਪਿੰਡਾਂ ਦੇ ਲੋਕਾਂ ਨੂੰ ਬੇਘਰ ਕਰਨ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਫ਼ੈਸਲਾ ਚੋਣਾਂ ਨੂੰ ਟਾਲਣ ਦੀ ਇੱਕ ਚਾਲ ਸੀ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਸ੍ਰੀ ਬਾਦਲ ਨੇ 10 ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਸਪਸ਼ਟੀਕਰਨ ਨਾ ਦਿੱਤਾ ਤਾਂ ਉਹ ਸੁਪਰੀਮ ਕੋਰਟ ਜਾਣਗੇ। ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਕੋਲ ਪਹੁੰਚ ਕਰਨ ਸਮੇਤ ਯੂਐਨਓ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਅੰਬੈਸੀ ਰਾਹੀਂ ਜੰਗ ਦੀ ਥਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੇ ਮੈਮੋਰੰਡਮ ਦਿੱਤੇ ਜਾਣਗੇ। ਉਨ੍ਹਾਂ ਹਰੇਕ ਉਜਾੜੇ ਪਰਿਵਾਰ ਨੂੰ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
ਪੰਥਕ ਧਿਰਾਂ ਨੇ ਮੰਨਿਆ ਕਿ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਕੇ ਉਨ੍ਹਾਂ ਵੱਡੀ ਗਲਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਨਕਸਲੀ, ਆਸਾਮ, ਨਾਗਾ, ਮਿਜ਼ੋ ਅਤੇ ਸਿੱਖ ਲਹਿਰਾਂ ਨੂੰ ਰਾਜਸੀ ਸਮੱਸਿਆਵਾਂ ਮੰਨ ਕੇ ਇਨ੍ਹਾਂ ਦਾ ਰਾਜਸੀ ਹੱਲ ਹੀ ਕੱਢਣਾ ਬਣਦਾ ਹੈ। ਇਸ ਮੌਕੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਥਕ ਧਿਰਾਂ ਦੇ ਆਗੂ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ  ਬਠਿੰਡਾ, ਡਾ. ਭਗਵਾਨ ਸਿੰਘ, ਬੀਬੀ ਪ੍ਰੀਤਮ ਕੌਰ, ਪ੍ਰੋ. ਮਹਿੰਦਰਪਾਲ ਸਿੰਘ, ਇਮਾਨ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੋਪਾਲ ਸਿੰਘ ਸਿੱਧੂ, ਬੀਬੀ ਪ੍ਰੀਤਮ ਕੌਰ ਤੇ ਗੁਰਦਰਸ਼ਨ ਸਿੰਘ ਢਿੱਲੋਂ ਤੋਂ ਇਲਾਵਾ ਡੈਮੋਕਰੇਟਿਕ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ, ਦਲਿਤ ਕ੍ਰਾਂਤੀ ਦਲ ਦੇ ਲਾਭ ਸਿੰਘ ਸੁਲਹਾਣੀ, ਕਿਸ਼ਨ ਚੰਦ ਆਹੂਜਾ, ਡਾ. ਪਿਆਰੇ ਲਾਲ ਗਰਗ, ਅਨਵਰ ਅਹਿਮਦ ਮਸੀਹ ਅਤੇ ਕੁਲਬੀਰ ਸਿੰਘ ਨੇ ਵਿਚਾਰ ਰੱਖੇ।