ਜੂਨ ’84 ਵਿਚ ਨੁਕਸਾਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਮਿਲੀ ਨਵੀਂ ਦਿੱਖ

ਜੂਨ ’84 ਵਿਚ ਨੁਕਸਾਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਮਿਲੀ ਨਵੀਂ ਦਿੱਖ
ਤੇਜਾ ਸਿੰਘ ਸਮੁੰਦਰੀ ਹਾਲ ਦਾ ਬਾਹਰੀ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਾਕਾ ਨੀਲਾ ਤਾਰਾ ਸਮੇਂ ਜੂਨ 1984 ਵਿੱਚ ਨੁਕਸਾਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਲਗਭਗ 33 ਵਰ੍ਹਿਆਂ ਮਗਰੋਂ ਨਵੀਂ ਦਿੱਖ ਪ੍ਰਾਪਤ ਹੋਈ ਹੈ। ਇਸ ਸਾਕੇ ਤੋਂ ਬਾਅਦ ਪਹਿਲੀ ਵਾਰ ਇਸ ਇਮਾਰਤ ਦੀ ਮੁਰੰਮਤ ਤੇ ਰੰਗ-ਰੋਗਨ ਕੀਤਾ ਗਿਆ ਹੈ ਅਤੇ ਇੱਥੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੂੰ ਸਾਕੇ ਦੀ ਯਾਦ ਵਜੋਂ ਸੰਭਾਲਿਆ ਜਾ ਰਿਹਾ ਹੈ। ਸਾਕਾ ਨੀਲਾ ਤਾਰਾ ਸਮੇਂ ਹਰਿਮੰਦਰ ਸਾਹਿਬ ਸਮੂਹ ਵਿੱਚ ਕਈ ਇਮਾਰਤਾਂ ਫ਼ੌਜੀ ਗੋਲੀਬਾਰੀ ਕਾਰਨ ਨੁਕਸਾਨੀਆਂ ਗਈਆਂ ਸਨ। ਅਕਾਲ ਤਖ਼ਤ ਦੀ ਇਮਾਰਤ ਢਹਿ-ਢੇਰੀ ਹੋ ਗਈ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ ਅੱਗ ਨਾਲ ਸਾੜ ਦਿੱਤੀ ਗਈ ਸੀ ਅਤੇ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਵੀ ਗੋਲੀਆਂ ਲੱਗੀਆਂ ਸਨ। ਇਸੇ ਤਰ੍ਹਾਂ ਗੁਰੂ ਰਾਮਦਾਸ ਸਰਾਂ ਅਤੇ ਗੁਰੂ ਨਾਨਕ ਨਿਵਾਸ ਨੂੰ ਵੀ ਨੁਕਸਾਨ ਪੁੱਜਾ ਸੀ। ਇਨ੍ਹਾਂ ਵਿੱਚ ਸ਼ਾਮਲ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ ਵੀ ਨੁਕਸਾਨੀ ਗਈ ਸੀ। ਇਮਾਰਤ ਦਾ ਉਪਰਲਾ ਹਿੱਸਾ ਸੜ ਗਿਆ ਸੀ ਅਤੇ ਅੰਦਰ ਪਿਆ ਰਿਕਾਰਡ ਵੀ ਸੜ ਕੇ ਸਵਾਹ ਹੋ ਗਿਆ ਸੀ। ਇਮਾਰਤ ‘ਤੇ ਅੱਜ ਵੀ ਵੱਡੀ ਗਿਣਤੀ ਵਿੱਚ ਗੋਲੀਆਂ ਦੇ ਨਿਸ਼ਾਨ ਹਨ। ਇਸ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਾਕਾ ਨੀਲਾ ਤਾਰਾ ਦੇ ਗਵਾਹ ਵਜੋਂ ਸਾਂਭ ਕੇ ਰੱਖਿਆ ਗਿਆ ਸੀ। ਇਸੇ ਨੂੰ ਗਵਾਹ ਬਣਾਉਂਦੇ ਹੋਏ ਸ਼੍ਰੋਮਣੀ ਕਮੇਟੀ ਵਲੋਂ ਦਿੱਲੀ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਇਕ ਹਜ਼ਾਰ ਕਰੋੜ ਰੁਪਏ ਹਰਜਾਨੇ ਦਾ ਕੇਸ ਵੀ ਦਾਇਰ ਕੀਤਾ ਹੋਇਆ ਹੈ। ਇਸ ਕੇਸ ਵਿੱਚ ਸ਼੍ਰੋਮਣੀ ਕਮੇਟੀ ਨੇ 100 ਕਰੋੜ ਰੁਪਏ ਅਗਾਉਂ ਰਕਮ ਵੀ ਜਮ੍ਹਾਂ ਕਰਾਈ ਹੈ ਤੇ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਇਹ ਇਮਾਰਤ ਸ਼੍ਰੋਮਣੀ ਕਮੇਟੀ ਦਾ ਹੈੱਡਕੁਆਰਟਰ ਹੈ, ਜਿਥੇ ਸਮੁੱਚਾ ਦਫ਼ਤਰੀ ਤੇ ਪ੍ਰਸ਼ਾਸਕੀ ਕੰਮ  ਹੁੰਦਾ ਹੈ। ਇਸ ਇਮਾਰਤ ਦੇ ਉਪਰਲੇ ਹਿੱਸੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਹੈ, ਜਿੱਥੇ ‘ਸਿੱਖਾਂ ਦੀ ਸੰਸਦ’ ਦੇ ਹਰ ਸਾਲ ਦੋ ਜਨਰਲ ਇਜਲਾਸ ਸੱਦੇ ਜਾਂਦੇ ਹਨ। ਇਸ ਤੋਂ ਇਲਾਵਾ ਅਹਿਮ ਮੀਟਿੰਗਾਂ ਵੀ ਇਸੇ ਹਾਲ ਵਿੱਚ ਹੀ ਹੁੰਦੀਆਂ ਹਨ। ਇਮਾਰਤ ਦੇ ਬਾਹਰ ਮੁੱਖ ਹਿੱਸੇ ਅਤੇ ਆਲੇ ਦੁਆਲੇ ਦੋਵੇਂ ਪਾਸੇ ਲਗਭਗ ਸੌ ਗੋਲੀਆਂ ਦੇ ਨਿਸ਼ਾਨ ਹਨ, ਜਿਨ੍ਹਾਂ ਵਿਚ ਲਗਭਗ 70 ਨਿਸ਼ਾਨ ਇਮਾਰਤ ਦੇ ਸਾਹਮਣੇ ਹਿੱਸੇ ‘ਤੇ ਹਨ। ਹੁਣ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਇਮਾਰਤ ਦੇ ਬਾਹਰੀ ਹਿੱਸੇ ਨੂੰ ਰੰਗ-ਰੋਗਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਇਨ੍ਹਾਂ ਗੋਲੀਆਂ ਦੇ ਨਿਸ਼ਾਨਾਂ ਨੂੰ ਯਾਦਗਾਰ ਵਜੋਂ ਸੰਭਾਲਣ ਦਾ ਫ਼ੈਸਲਾ ਵੀ ਕੀਤਾ ਗਿਆ ਸੀ। ਇਸੇ ਫ਼ੈਸਲੇ ਤਹਿਤ ਇਸ ਇਮਾਰਤ ਨੂੰ ਰੰਗ ਰੋਗਨ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ। ਰੰਗ-ਰੋਗਨ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਗੋਲੀਆਂ ਵਾਲੇ ਨਿਸ਼ਾਨਾਂ ਦੀ ਸ਼ਨਾਖ਼ਤ ਕਰਕੇ ਇਨ੍ਹਾਂ ਨੂੰ ਸੰਭਾਲਿਆ ਗਿਆ ਸੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦਸਿਆ ਕਿ ਇਮਾਰਤ ਦੇ ਬਾਹਰਲੇ ਹਿੱਸਿਆਂ ਵਿੱਚ ਰੰਗ-ਰੋਗਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਗੋਲੀਆਂ ਦੇ ਨਿਸ਼ਾਨਾਂ ਨੂੰ ਯਾਦਗਾਰ ਵਜੋਂ ਸੰਭਾਲਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਮਾਰਤ ਦਾ ਪਿਛਲਾ ਹਿੱਸਾ ਵੀ ਮੁਰੰਮਤ ਦੀ ਮੰਗ ਕਰ ਰਿਹਾ ਹੈ। ਇਸ ਹਿੱਸੇ ਵਿੱਚ ਦਰਵਾਜ਼ਿਆਂ ਤੇ ਖਿੜਕੀਆਂ ਦੇ ਅੱਗੇ ਬਣੇ ਵਾਧੇ (ਛੱਜੇ) ਖਸਤਾ ਹਾਲਤ ਵਿੱਚ ਹਨ ਤੇ ਟੁੱਟ ਰਹੇ ਹਨ, ਜਿਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਮਾਰਤ ਦੀ ਸਾਂਭ-ਸੰਭਾਲ ਤੋਂ ਪਹਿਲਾਂ ਇਸ ਦੀ ਫੋਟੋਗਰਾਫੀ ਵੀ ਕੀਤੀ ਗਈ ਸੀ ਤਾਂ ਜੋ ਗੋਲੀਆਂ ਦੇ ਨਿਸ਼ਾਨਾਂ ਅਤੇ ਇਸ ਦੇ ਪੁਰਾਤਨ ਰੂਪ ਨੂੰ ਪਹਿਲਾਂ ਵਾਂਗ ਹੀ ਸੰਭਾਲ ਕੇ ਰਖਿਆ ਜਾ ਸਕੇ। ਦੱਸਣਯੋਗ ਹੈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ 1937 ਵਿੱਚ ਉਸਾਰਿਆ ਗਿਆ ਸੀ।