ਅਣਖ ਖਾਤਰ ਧੀ ਤੇ ਜਵਾਈ ਦਾ ਕਤਲ ਕਰਨ ਵਾਲੇ ਪਰਿਵਾਰ ਦੇ 6 ਜੀਆਂ ਨੂੰ ਫਾਂਸੀ ਦੀ ਸਜ਼ਾ

ਅਣਖ ਖਾਤਰ ਧੀ ਤੇ ਜਵਾਈ ਦਾ ਕਤਲ ਕਰਨ ਵਾਲੇ ਪਰਿਵਾਰ ਦੇ 6 ਜੀਆਂ ਨੂੰ ਫਾਂਸੀ ਦੀ ਸਜ਼ਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਆਪਣੀ ਧੀ ਦੇ ਗੁਆਂਢੀ ਲੜਕੇ ਨਾਲ ਕੀਤੇ ਪ੍ਰੇਮ ਵਿਆਹ ਤੋਂ ਨਾਰਾਜ਼ ਹੋ ਕੇ ਦੋਵਾਂ ਨੂੰ ਅਣਖ ਖਾਤਰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਲੜਕੀ ਦੇ ਭਰਾਵਾਂ ਤੇ ਪਿਤਾ ਸਣੇ ਇਕੋ ਪਰਿਵਾਰ ਦੇ 6 ਮਰਦ ਮੈਂਬਰਾਂ ਨੂੰ ਇਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਪ੍ਰੀਤੀ ਸਾਹਨੀ ਦੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਅਣਖ ਖਾਤਰ ਕੀਤੇ ਕਤਲ ਦੇ ਮਾਮਲੇ ਵਿਚ ਇਕੋ ਪਰਿਵਾਰ ਦੇ ਛੇ ਮੈਂਬਰਾਂ ਨੂੰ ਹੀ ਇਕੋ ਸਜ਼ਾ ਸੁਣਾਈ ਗਈ ਹੈ। ਇਹ ਚਰਚਿਤ ਮਾਮਲਾ 16 ਮਾਰਚ, 2015 ਨੂੰ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਉਕਤ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਤੇ ਉਸ ਦਾ ਪਤੀ ਘਰੋਂ ਦਵਾਈ ਲੈਣ ਲਈ ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਸਨ ਤੇ ਉਨ੍ਹਾਂ ਦਾ ਰਾਹ ਰੋਕ ਕੇ ਬਲੈਰੋ ਗੱਡੀ ਸਵਾਰ 6 ਵਿਅਕਤੀਆਂ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਲੋਪੋਕੇ ਦੀ ਪੁਲੀਸ ਨੇ ਮਨਜੀਤ ਸਿੰਘ ਵਾਸੀ ਪਿੰਡ ਛਿੱਡਣ ਨੇ ਦੱਸਿਆ ਕਿ ਕਤਲ ਹੋਇਆ ਲੜਕਾ ਗੁਰਜੰਟ ਸਿੰਘ ਉਸ ਦਾ ਭਤੀਜਾ ਸੀ, ਜਿਸ ਦੇ ਘਰ ਦੇ ਕੋਲ ਬਹਿਕਾਂ ਨੇੜੇ ਹੀ ਦੋ-ਤਿੰਨ ਕਿਲ੍ਹੇ ਹਟਵੇਂ ਹੀ ਰਹਿੰਦੀ ਇਕ ਲੜਕੀ ਨਾਲ ਉਸ ਦੇ ਭਤੀਜੇ ਦਾ ਪ੍ਰੇਮ ਪੈ ਗਿਆ, ਜਿਸ ਦੀ ਭਿਣਕ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਪਈ ਤਾਂ ਉਨ੍ਹਾਂ ਇਸ ‘ਤੇ ਇਤਰਾਜ਼ ਕੀਤਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੇ ਘਰੋਂ ਭੱਜ ਕੇ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾ ਲਿਆ। ਲੜਕੀ ਦੇ ਮਾਪਿਆਂ ਨੂੰ ਇਸ ਦਾ ਸਖ਼ਤ ਇਤਰਾਜ਼ ਸੀ, ਜਿਸ ਕਾਰਨ ਉਨ੍ਹਾਂ ਵਾਪਰੀ ਘਟਨਾ ਵਾਲੇ ਦਿਨ ਦੋਵਾਂ ਪਤੀ ਪਤਨੀ ਦਾ ਅਣਖ ਖਾਤਰ ਕਤਲ ਕਰ ਦਿੱਤਾ। ਇਸ ਕਤਲ ਲਈ ਬੰਦੂਕਾਂ ਤੋਂ ਇਲਾਵਾ ਦਾਤਰ ਤੇ ਹੋਰ ਹਥਿਆਰਾਂ ਦੀ ਕਥਿਤ ਵਰਤੋਂ ਵੀ ਕੀਤੀ ਗਈ। ਇਸ ਸਬੰਧੀ ਪੁਲੀਸ ਵੱਲੋਂ ਦਲਵਿੰਦਰ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ, ਕਾਰਜ ਸਿੰਘ, ਗੁਰਭੇਜ ਸਿੰਘ ਤੇ ਗੁਰਤੇਜ ਸਿੰਘ ਵਾਸੀਆਂ ਪਿੰਡ ਲਹੌਰੀ ਮੱਲ ਖਿਲਾਫ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਡਿਪਟੀ ਜ਼ਿਲ੍ਹਾ ਅਟਾਰਨੀ ਗੁਰਪ੍ਰੀਤ ਸਿੰਘ ਰਾਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਅਦਾਲਤ ਦੀ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਪ੍ਰੀਤੀ ਸਾਹਨੀ ਨੇ ਬੀਤੇ ਦਿਨੀਂ ਹੀ ਸਾਰੇ ਮੁਜ਼ਰਮਾਂ ਨੂੰ ਦੋਸ਼ੀ ਠਹਿਰਾ ਦਿੱਤਾ ਸੀ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।