ਅਮਰੀਕਾ ਵਿਚ ਕੈਲੀਫੋਰਨੀਆ ਸਮੇਤ ਹੋਰ ਥਾਵਾਂ 'ਤੇ ਪ੍ਰਦਰਸ਼ਨ, ਇਨਸਾਫ ਦੀ ਮੰਗ

ਅਮਰੀਕਾ ਵਿਚ ਕੈਲੀਫੋਰਨੀਆ ਸਮੇਤ ਹੋਰ ਥਾਵਾਂ 'ਤੇ ਪ੍ਰਦਰਸ਼ਨ, ਇਨਸਾਫ ਦੀ ਮੰਗ
ਕੈਪਸ਼ਨ ਐਟਲਾਂਟਾ, ਜਾਰਜੀਆ ਵਿਚ ਪੁਲਿਸ ਖਿਲਾਫ ਕੀਤੇ ਗਏ ਪ੍ਰਦਰਸ਼ਨ ਦਾ ਦ੍ਰਿਸ਼

-ਪੁਲਿਸ ਵੱਲੋਂ ਕਾਲੇ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਮਾਮਲਾ-

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਮੈਮਫਿਸ ਪੁਲਿਸ ਵਿਭਾਗ ਦੇ ਅਫਸਰਾਂ ਵੱਲੋਂ ਇਕ ਟਰੈਫਿਕ ਸਟਾਪ 'ਤੇ ਟਾਇਰ ਨਿਕੋਲਸ ਨਾਮੀ ਕਾਲੇ ਵਿਅਕਤੀ ਨਾਲ ਹੋਈ ਤਕਰਾਰ ਉਪਰੰਤ ਉਸ ਦੀ ਕੀਤੀ ਗਈ ਬੇਦਰਦੀ ਨਾਲ ਕੁੱਟਮਾਰ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਕੈਲੀਫੋਰਨੀਆ ਰਾਜ ਸਮੇਤ ਹੋਰ ਥਾਵਾਂ 'ਤੇ ਲੋਕਾਂ ਨੇ ਪ੍ਰਦਰਸ਼ਨ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਲੋਕਾਂ ਵੱਲੋਂ ਸਨਫਰਾਂਸਿਸਕੋ, ਲਾਸ ਏਂਜਲਸ, ਬਾਲਟੀਮੋਰ, ਬੋਸਟਨ, ਐਟਲਾਂਟਾ, ਪੋਰਟਲੈਂਡ ਤੇ ਨਿਊਯਾਰਕ ਵਿਖੇ ਜੋਰਦਾਰ ਪ੍ਰਦਰਸ਼ਨ ਕਰਨ ਦੀਆਂ ਖਬਰਾਂ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ ਤੇ ਪੁਲਿਸ ਦੀ ਧੱਕੇਸ਼ਾਹੀ ਖਤਮ ਕਰਨ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਲੋਕਾਂ ਦੀ ਰੱਖਿਆ ਕਰਨ ਦੀ ਚੁੱਕੀ ਸਹੁੰ ਦੀ ਪਾਲਣਾ ਕਰਨ ਵਿਚ ਨਾਕਾਮ ਰਹੀ ਹੈ। ਹਾਲਾਂ ਕਿ ਨਿਕੋਲਸ ਦੀ ਕੁੱਟਮਾਰ 7 ਜਨਵਰੀ ਨੂੰ ਹੋਈ ਸੀ ਤੇ ਉਸ ਦੀ ਮੌਤ 3 ਦਿਨਾਂ ਬਾਅਦ 10 ਜਨਵਰੀ ਨੂੰ ਹੋਈ ਸੀ ਪਰੰਤੂ ਕੁੱਟਮਾਰ ਦੀ ਵੀਡੀਓ ਬੀਤੇ ਦਿਨ ਜਾਰੀ ਕੀਤੀ ਗਈ ਜਿਸ ਉਪਰੰਤ ਲੋਕਾਂ ਵਿਚ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ ਤੇ ਉਹ ਸੜਕਾਂ ਉਪਰ ਉਤਰ ਆਏ ਹਨ। ਵੀਡੀਓ ਵਿਚ  ਪੁਲਿਸ ਅਫਸਰ ਨਿਕੋਲਸ ਨੂੰ ਡਾਗਾਂ ਨਾਲ ਕੁੱਟਦੇ ਹੋਏੇ ਨਜਰ ਆ ਰਹੇ ਹਨ। ਉਸ ਦੇ ਘਸੁੰਨ ਤੇ ਠੁੱਡੇ ਮਾਰੇ ਜਾ ਰਹੇ ਹਨ। ਨਿਕੋਲਸ ਦੇ ਹੱਥ ਪਿੱਛੇ ਬੰਨੇ ਹੋਏ ਨਜਰ ਆ ਰਹੇ ਹਨ ਤੇ ਇਸ ਦੇ ਬਾਵਜੂਦ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। 23 ਮਿੰਟ ਬਾਅਦ ਜਮੀਨ ਉਪਰ ਡਿੱਗੇ ਪਏ ਨਿਕੋਲਸ ਨੂੰ ਸਟਰੈਚਰ 'ਤੇ ਪਾ ਕੇ ਹਸਪਤਾਲ ਲਿਜਾਇਆ ਗਿਆ। ਇਥੇ ਜਿਕਰਯੋਗ ਹੈ ਕਿ ਕੁੱਟਮਾਰ ਦੀ ਇਸ ਘਟਨਾ ਵਿਚ ਸ਼ਾਮਿਲ 5 ਪੁਲਿਸ ਅਫਸਰਾਂ ਨੂੰ ਬਰਖਾਸਤ ਕਰਕੇ ਉਨਾਂ ਵਿਰੁੱਧ ਹੱਤਿਆ ਤੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੈਮਫਿਸ ਪੁਲਿਸ ਵਿਭਾਗ ਭੰਗ ਕਰ ਦਿੱਤਾ ਗਿਆ ਹੈ।