ਅਮਰੀਕਾ ਦੇ ਮਾਊਈ ਟਾਪੂ 'ਤੇ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋ ਸਕਦੀ ਹੈ ਦੁੱਗਣੀ- ਗਵਰਨਰ
* ਹੁਣ ਤੱਕ 101 ਮੌਤਾਂ ਦੀ ਹੋਈ ਪੁਸ਼ਟੀ, ਕੇਵਲ ਤੀਸਰੇ ਹਿੱਸੇ ਵਿਚੋਂ ਹੀ ਲਾਸ਼ਾਂ ਲੱਭਣ ਦਾ ਕੰਮ ਹੋਇਆ ਮੁਕੰਮਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਹਵਾਈ ਸੂਬੇ ਦੇ ਟਾਪੂ ਮਾਊਈ 'ਤੇ ਜੰਗਲ ਨੂੰ ਲੱਗੀ ਅੱਗ ਤੋਂ ਪ੍ਰਭਾਵਿਤ ਇਕ ਤਿਹਾਈ ਹਿੱਸੇ ਵਿਚੋਂ ਹੀ ਲਾਸ਼ਾਂ ਲੱਭਣ ਦਾ ਕੰਮ ਮੁਕੰਮਲ ਹੋਇਆ ਹੈ ਤੇ ਬਾਕੀ ਦੋ ਤਿਹਾਈ ਹਿੱਸੇ ਵਿਚੋਂ ਅਜੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾਣੀ ਹੈ। ਹੁਣ ਤੱਕ 101 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਵਾਈ ਦੇ ਗਵਰਨਰ ਜੋਸ਼ ਗਰੀਨ ਨੇ ਕਿਹਾ ਹੈ ਕਿ ਅਗਲੇ 10 ਦਿਨਾਂ ਵਿਚ ਸਮੁੱਚੇ ਸੜੇ ਖੇਤਰ ਵਿਚ ਲਾਪਤਾ ਲੋਕਾਂ ਨੂੰ ਲੱਭਣ ਦਾ ਕੰਮ ਮੁਕੰਮਲ ਹੋ ਸਕਦਾ ਹੈ ਤੇ ਮੌਤਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਗਵਰਨਰ ਨੇ ਕਿਹਾ ਹੈ ਕਿ ਇਹ ਤਰਾਸਦੀ ਕਲਪਨਾ ਤੋਂ ਬਾਹਰ ਹੈ ਜੋ ਪਿਛਲੇ ਹਫਤੇ ਸ਼ੁਰੂ ਹੋਈ ਸੀ। ਉਨਾਂ ਕਿਹਾ ਕਿ ਅੱਗ ਤੋਂ ਸਭ ਤੋਂ ਵਧ ਪ੍ਰਭਾਵਿਤ ਪੱਛਮੀ ਮਾਊਈ ਦੇ ਲਾਹੈਨਾ ਖੇਤਰ ਵਿਚੋਂ ਜਿਆਦਾਤਰ ਲਾਸ਼ਾਂ ਖੁਲੀਆਂ ਥਾਵਾਂ, ਕਾਰਾਂ ਤੇ ਪਾਣੀ ਵਿਚੋਂ ਮਿਲੀਆਂ ਹਨ। ਉਨਾਂ ਕਿਹਾ ਕਿ ਲਾਸ਼ਾਂ ਲੱਭਣ ਲਈ ਹੋਰ ਟੀਮਾਂ ਤੇ ਸੂਹੀਆ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਗਰੀਨ ਨੇ ਇਹ ਵੀ ਕਿਹਾ ਕਿ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਸਥਿੱਤੀ ਸਪਸ਼ਟ ਨਹੀਂ ਹੈ ਕਿਉਂਕਿ ਬਹੁਤ ਸਾਰੇ ਲੋਕ ਆਪਣਾ ਘਰ ਬਾਰ ਸਭ ਕੁੱਝ ਛੱਡੇ ਕੇ ਦੌੜ ਗਏ ਸਨ ਤੇ ਹੋ ਸਕਦਾ ਹੈ ਕਿ ਉਨਾਂ ਦੇ ਫੋਨ ਵੀ ਅੱਗ ਦੀ ਭੇਟਾ ਹੋ ਚੁੱਕੇ ਹੋਣ ਇਸ ਲਈ ਉਨਾਂ ਨਾਲ ਸੰਪਰਕ ਕਰਨਾ ਸੰਭਵ ਨਹੀਂ ਹੈ। ਮਾਊਈ ਦੇ ਪੁਲਿਸ ਮੁੱਖੀ ਜੌਹਨ ਪੈਲਟੀਅਰ ਨੇ ਆਸ ਪ੍ਰਗਟਾਈ ਹੈ ਕਿ ਇਸ ਹਫਤੇ ਦੇ ਅੰਤ ਤੱਕ 85 ਤੋਂ 90% ਤੱਕ ਸੜੇ ਖੇਤਰ ਵਿਚ ਮ੍ਰਿਤਕਾਂ ਦੀ ਭਾਲ ਦਾ ਕੰਮ ਮੁਕੰਮਲ ਹੋ ਜਾਵੇਗਾ।
Comments (0)